ਜਾਤਾਂ ਵਾਲੇ ਰਿਸ਼ਤੇ-ਨਾਤੇ

3
529

A A A

ਨਹੀਓਂ ਲੱਭਣੇ ਗੁਰੂ ਦੇ ਸਿੱਖ-ਸੂਰਮੇ, ਘਰ ਘਰ ਜਾਤਾਂ ਵਾਲੇ ਸਿੱਖ ਜੰਮਦੇ।

ਇਕ ਵੱਡੀ ਸਮੱਸਿਆ ਜਿਹੜੀ ਸਿੱਖੀ ਦੇ ਪ੍ਰਚਾਰ ਨੂੰ ਬਹੁਤ ਵੱਡੀ ਢਾਹ ਲਾ ਰਹੀ ਪਰ ਸਿੱਖ-ਪ੍ਰਚਾਰਕਾਂ ਦਾ ਇਸ ਵੱਲ ਕੋਈ ਧਿਆਨ ਨਹੀਂ ਹੈ।

ਅੱਜ ਦੇ ਵਿਗਿਆਪਨ ਯੁੱਗ ਵਿਚ, ਹਰ ਮਾਤਾ-ਪਿਤਾ ਆਪਣੇ ਬੱਚਿਆਂ ਦੇ ਰਿਸ਼ਤੇ-ਨਾਤੇ ਹੁਣ ਅਖ਼ਬਾਰਾਂ, ਰਸਾਲਿਆਂ ਅਤੇ ਮੈਟਰੀਮੋਨੀਅਲ ਸਾਈਟਾਂ ਰਾਹੀਂ, ਆਪਈਆਂ ਆਪਣੀਆਂ ਜਾਤ-ਬਰਾਦਰੀਆਂ ਵਿਚੋਂ ਆਪ ਲੱਭਣ ਲੱਗ ਪਏ ਹਨ। ਜਿਸ ਕਾਰਣ ਬਿਚੋਲਿਆਂ ਦੀ ਬਿਚੋਲਗਿਰੀ ਲਗ-ਭਗ ਖ਼ਤਮ ਹੁੰਦੀ ਜਾ ਰਹੀ ਹੈ।

5-6 ਸਾਲ ਪੁਰਾਣੀ ਗੱਲ ਹੈ। ਮੈਂ ਆਪਣੇ ਬੱਚੇ ਦੇ ਰਿਸ਼ਤੇ-ਨਾਤੇ ਦੇ ਸਬੰਧ ਵਿਚ ਟ੍ਰਿਬਿਊਨ ਅਖ਼ਬਾਰ ਦੇ ਦਫ਼ਤਰ, ਚੰਡੀਗੜ੍ਹ ਇਸ਼ਤਿਹਾਰ ਦੇਣ ਚਲਾ ਗਿਆ। ਦਫ਼ਤਰ ਵਿਚ ਇਕ ਸਰਦਾਰ ਜੀ ਬੈਠੇ ਸਨ। ਮੈਂ ਜਾ ਕੇ ਉਨ੍ਹਾਂ ਨੂੰ ਰਿਸ਼ਤੇ-ਨਾਤੇ ਦੇ ਸਬੰਧ ਵਿਚ ਮੈਟਰ ਦੇ ਕੇ ਇਸ਼ਤਿਹਾਰ ਛਾਪਣ ਲਈ ਬੇਨਤੀ ਕੀਤੀ। ਸਰਦਾਰ ਜੀ ਨੇ ਇਸ਼ਤਿਹਾਰ ਦੇਖ ਕੇ, ਮੈਂਨੂੰ ਕਿਹਾ ਕਿ ਕਿਹੜੇ ਕਾਲਮ ਵਿਚ ਇਸ਼ਤਿਹਾਰ ਲਾਉਣਾ ਹੈ? ਉਨ੍ਹਾਂ ਦੀ ਗੱਲ ਸੁਣ ਕੇ ਮੈਂ ਸਮਝਿਆ ਕਿ ਸ਼ਾਇਦ ਅਖ਼ਬਾਰ ਵਿਚ ਹਿੰਦੂਆਂ, ਮੁਸਲਮਾਨਾਂ, ਸਿੱਖਾਂ ਜਾਂ ਇਸਾਈਆਂ ਲਈ ਵੱਖਰੇ-ਵੱਖਰੇ ਕਾਲਮਾਂ ਵਿਚ ਇਸ਼ਤਿਹਾਰ ਛਪਦੇ ਹੋਣਗੇ। ਇਹ ਸੋਚ ਕੇ ਮੈਂ ਸਰਦਾਰ ਜੀ ਨੂੰ ਕਿਹਾ ਕਿ ਸਿੱਖਾਂ ਵਾਲੇ ਕਾਲਮ ਵਿਚ ਲਾ ਦਿਉ। ਸਰਦਾਰ ਜੀ ਨੇ ਮੈਂਨੂੰ ਫਿਰ ਕਿਹਾ ਕਿ ਇਹ ਦੱਸੋ, ਕਿਹੜੀ ਜਾਤ-ਬਰਾਦਰੀ ਵਾਲੇ ਕਾਲਮ ਵਿਚ  ਇਸ਼ਤਿਹਾਰ ਲਾਉਣਾ ਹੈ? ਮੈਂ ਉਨ੍ਹਾਂ ਨੂੰ ਕਿਹਾ, “ਸਿੱਖ ਦੀ ਕੋਈ ਜਾਤ ਨਹੀਂ ਹੁੰਦੀ। ਇਸ ਲਈ ਮੇਰੀ ਵੀ ਕੋਈ ਜਾਤ ਨਹੀਂ ਹੈ। ਜੇਕਰ ਤੁਸੀਂ ਮੇਰੀ ਕੋਈ ਜਾਤ ਲਿਖਣੀ ਹੀ ਚਾਹੁੰਦੇ ਹੋ ਤਾਂ ਮੈਂਨੂੰ ਦੇਖ ਲਉ, ਜਿਹੜੀ ਜਾਤ ਤੁਹਾਨੂੰ ਨਜ਼ਰ ਆ ਰਹੀ ਹੈ, ਉਸ ਕਾਲਮ ਵਿਚ ਮੇਰਾ ਇਸ਼ਤਿਹਾਰ ਲਾ ਦਿਉ।“

ਸਰਦਾਰ ਜੀ ਮੇਰੀਆਂ ਗੱਲਾਂ ਤੋਂ ਬਹੁਤ ਪ੍ਰਭਾਵਿਤ ਹੋਏ ਅਤੇ ਮੈਂਨੂੰ ਕਹਿਣ ਲੱਗੇ ਕਿ ਤੁਸੀਂ ਪਹਿਲੇ ਆਦਮੀ ਹੋ ਜਿਹੜੇ ਜਾਤ-ਪਾਤ ਨੂੰ ਨਹੀਂ ਮੰਨਦੇ। ਮੈਂਨੂੰ ਕਈ ਸਾਲ ਹੋ ਗਏ ਹਨ, ਰਿਸ਼ਤੇ-ਨਾਤਿਆਂ ਦੇ ਸਬੰਧ ਵਿਚ ਇਸ਼ਤਿਹਾਰ ਬੁੱਕ ਕਰਦੇ ਪਰ ਜਿੰਨੇ ਵੀ ਸਿੱਖ ਮੇਰੇ ਕੋਲ ਆਉਂਦੇ ਹਨ, ਉਹ ਸਾਰੇ ਆਪਣੀ ਆਪਣੀ ਜਾਤ-ਬਰਾਦਰੀ ਵਿਚ ਇਸ਼ਤਿਹਾਰ ਲਾਉਣ ਲਈ ਕਹਿੰਦੇ ਹਨ। ਹੋਰ ਤਾਂ ਹੋਰ ਸਿੱਖ-ਕੌਮ ਦੇ ਵੱਡੇ ਵੱਡੇ ਜੱਥੇਦਾਰ, ਕੀਰਤਨੀਏ, ਪ੍ਰਚਾਰਕ ਅਤੇ ਹੋਰ ਸਿੱਖ ਜਿਨ੍ਹਾਂ ਨੇ ਅੰਮ੍ਰਿਤ ਛਕਿਆ ਹੁੰਦਾ ਹੈ, ਉਹ ਵੀ ਇਹੋ ਕਹਿੰਦੇ ਹਨ ਕਿ ਸਾਡਾ ਇਸ਼ਤਿਹਾਰ ਫਲਾਣੀ ਜਾਤ-ਬਰਾਦਰੀ ਵਾਲੇ ਕਾਲਮ ਵਿਚ ਹੀ ਲਾਇਓ। ਸਰਦਾਰ ਜੀ ਨੇ ਕਿਹਾ ਕਿ ਮੈਂ ਮੰਨਦਾ ਹਾਂ ਕਿ ਸਿੱਖ ਦੀ ਕੋਈ ਜਾਤ ਨਹੀਂ ਹੁੰਦੀ ਪਰ ਕੀ ਕਰੀਏ ਜਿਵੇਂ ਲੋਕ ਆਪਣੀ ਜਾਤ-ਬਰਾਦਰੀ ਵਿਚ ਇਸ਼ਤਿਹਾਰ ਲਾਉਣ ਲਈ ਦੇਂਦੇ ਹਨ, ਸਾਨੂੰ ਉਹ ਲਾਉਣੇ ਪੈਂਦੇ ਹਨ। ਪਰ ਅਸੀਂ ਕਿਸੇ ਦੇ ਇਸ਼ਤਿਹਾਰ ਵਿਚ ਕੁੱਝ ਨਹੀਂ ਬਦਲ ਸਕਦੇ। ਮੈਂ ਸਰਦਾਰ ਜੀ ਦੀਆਂ ਗੱਲਾਂ ਨਾਲ ਸਹਿਮਤੀ ਪ੍ਰਗਟਾਉਂਦੇ ਹੋਏ ਕਿਹਾ ਕਿ ਅਖ਼ਬਾਰ ਦਾ ਆਪਣਾ ਕੋਈ ਕਸੂਰ ਨਹੀਂ ਹੈ ਜਿਵੇਂ ਕੋਈ ਆਪਣਾ ਇਸ਼ਤਿਹਾਰ ਦੇਂਦਾ ਹੈ ਉਹ ਤੁਸੀਂ ਛਾਪਣਾ ਹੀ ਛਾਪਣਾ ਹੁੰਦਾ ਹੈ।

ਰਿਸ਼ਤੇ-ਨਾਤਿਆਂ ਦੇ ਸਬੰਧ ਵਿਚ ਇਸ਼ਤਿਹਾਰ ਛਾਪਣਾ ਕੇਵਲ ਇਕ ਅਖ਼ਬਾਰ ਦਾ ਕੰਮ ਨਹੀਂ ਹੈ। ਲਗ-ਭਗ ਸਾਰੀਆਂ ਅਖ਼ਬਾਰਾਂ ਵਿਚ ਜਾਤ-ਬਰਾਦਰੀਆਂ ਦੇ ਨਾਂ ਹੇਠ ਅਜਿਹੇ ਇਸ਼ਤਿਹਾਰ ਛਪਦੇ ਰਹਿੰਦੇ ਹਨ। ਇਸ ਤੋਂ ਇਲਾਵਾ ਅੱਜ ਕੱਲ ਅਣਗਿਣਤ ਮੈਟਰੀਮੋਟੀਅਲ ਸਾਈਟਾਂ ਵੀ ਬਹੁਤ ਸਰਗਰਮ ਹਨ, ਜਿਨ੍ਹਾਂ ਵਿਚ ਅਨੇਕਾਂ ਜਾਤ-ਬਰਾਦਰੀਆਂ ਵਾਲੇ ਰਿਸ਼ਤੇ-ਨਾਤਿਆਂ ਦੇ ਸਬੰਧ ਵਿਚ ਪ੍ਰੋਫਾਈਲਾਂ ਰਜਿਸਟਰਡ ਹੁੰਦੀਆਂ ਹਨ। ਸਿੱਖਾਂ ਵਿਚ ਦੋ ਪ੍ਰਸਿੱਧ ਅਖ਼ਬਾਰਾਂ ‘ਟ੍ਰਿਬਿਊਨ’ ਅਤੇ ‘ਅਜੀਤ’ ਹਨ, ਜਿਨ੍ਹਾਂ ਵਿਚ ਸਿੱਖ ਆਪਣੀ ਆਪਣੀ ਜਾਤ-ਬਰਾਦਰੀ ਦੇ ਨਾਂ ਹੇਠ ਰਿਸ਼ਤੇ-ਨਾਤਿਆਂ ਦੇ ਸਬੰਧ ਵਿਚ ਸਭ ਤੋਂ ਜ਼ਿਆਦਾ ਇਸ਼ਤਿਹਾਰ ਛਾਪਣ ਲਈ ਦੇਂਦੇ ਹਨ। ਅਖ਼ਬਾਰਾਂ ਵਿਚ ਅਣਗਿਣਤ ਜਾਤਾਂ ਵਾਲੇ ਇਸ਼ਤਿਹਾਰ ਦੇਖ ਕੇ ਲਗਦਾ ਹੈ ਕਿ ਅੱਜ ਸਮੁੱਚੀ ਸਿੱਖ-ਕੌਮ ਅਨੇਕਾਂ ਜਾਤ-ਬਰਾਦਰੀਆਂ ਵਿਚ ਬਿਖਰ ਕੇ ਖੇਰੂੰ-ਖੇਰੂੰ ਹੋ ਚੁੱਕੀ ਹੈ। ਇਨ੍ਹਾਂ ਇਸ਼ਤਿਹਾਰਾਂ ਵਿਚ ਇਕ ਵੀ ਗੁਰ ਦਾ ਸਿੱਖ ਖੁਰਦਬੀਨ ਲਾ ਕੇ ਨਜ਼ਰ ਨਹੀਂ ਆਉਂਦਾ।

ਅੱਜ ਜਿਹੜੇ ਸਿੱਖ ਕਹਿੰਦੇ ਹਨ ਕਿ ਸਿੱਖ-ਧਰਮ ਵਿਚ ਜਾਤ-ਪਾਤ ਵਾਲੀ ਕੋਈ ਵੱਡੀ ਸਮੱਸਿਆ ਨਹੀਂ ਹੈ। ਰਿਸ਼ਤੇ-ਨਾਤਿਆਂ ਦੇ ਸਬੰਧ ਵਿਚ ਅਖ਼ਬਾਰਾਂ ਵਿਚ ਛਪੇ ਹੋਏ ਇਸ਼ਤਿਹਾਰ, ਇਸ ਗੱਲ ਦਾ ਪ੍ਰਤੱਖ ਸਬੂਤ ਅਤੇ ਗਵਾਹ ਹਨ ਕਿ ਜਾਤ-ਪਾਤ ਸਿੱਖ-ਕੌਮ ਦੀ ਪਹਿਲੀ ਅਤੇ ਵੱਡੀ ਸਮੱਸਿਆ ਹੈ। ਇਹ ਕੌੜਾ ਸੱਚ ਸਾਨੂੰ ਕਬੂਲ ਕਰ ਲੈਣਾ ਚਾਹੀਦਾ ਹੈ ਕਿ ਅੱਜ ਸਮੁੱਚੀ ਸਿੱਖ-ਕੌਮ ਜਾਤੀਵੰਡ ਦੀ ਪੰਜਾਬੀ ਵਿਚ ਬੁਰੀ ਤਰ੍ਹਾਂ ਫੱਸ ਚੁੱਕੀ ਹੈ। ਇਸ ਸਚਾਈ ਤੋਂ ਅਸੀਂ ਮੁਨਕਰ ਨਹੀਂ ਹੋ ਸਕਦੇ।

ਸ਼ਨੀਵਾਰ, ਐਤਵਾਰ ਦਾ ਟ੍ਰਿਬਿਊਨ ਅਤੇ ਐਤਵਾਰ ਦਾ ਅਜੀਤ ਅਖ਼ਬਾਰਾਂ ਦੇ ਕਈ ਪੰਨੇ ਰਿਸ਼ਤੇ-ਨਾਤਿਆਂ ਦੇ ਸਿਰਲੇਖ ਹੇਠ, ਅਨੇਕਾਂ ਜਾਤ-ਬਰਾਦਰੀਆਂ ਵਾਲੇ ਸਿੱਖਾਂ ਨਾਲ ਭਰੇ ਹੁੰਦੇ ਹਨ।ਸਾਨੂੰ ਇਕ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਜਾਤੀਵੰਡ ਹਿੰਦੂਮਤ ਦਾ ਬੁਨਿਆਦੀ ਸਿਧਾਂਤ ਹੈ। ਜਿਸ ਦੀ ਪਾਲਣਾ ਕਰਨਾ ਹਰ ਇਕ ਹਿੰਦੂ ਦਾ ਪਰਮ-ਧਰਮ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਜਾਤੀਵੰਡ ਦੀ ਭਰਪੂਰ ਖੰਡਨਾ ਕਰਦੀ ਹੈ। ਪਰ ਦੇਖਿਆ ਗਿਆ ਹੈ ਕਿ ਸਿੱਖ ਆਪਣੇ ਗੁਰੂ ਦੇ ਗੁਰਬਾਣੀ ਹੁਕਮਾਂ ਦੀ ਪ੍ਰਵਾਹ ਨਾ ਕਰਦੇ ਹੋਏ, ਹਿੰਦੂਮਤ ਦੀ ਜਾਤੀਵੰਡ ਨੂੰ ਖੁਸ਼ੀ ਨਾਲ ਅਪਨਾਈ ਬੈਠੇ ਹਨ। ਦੋ ਧਰਮਾਂ ਹਿੰਦੂ ਅਤੇ ਸਿੱਖ ਦੀ ਮਿਲਾਵਟੀ ਵਿਚਾਰਧਾਰਾ ਤੋਂ ਬਣੇ ਇਹ ਨਵੀਂ ਕਿਸਮ ਦੇ ਸਿੱਖ ਅਖ਼ਬਾਰਾਂ ਵਿਚ ਆਮ ਦੇਖ ਸਕਦੇ ਹਾਂ। ਜਿਵੇਂ ਕਿ:-

ਬ੍ਰਾਹਮਣ ਸਿੱਖ, ਖੱਤਰੀ ਸਿੱਖ, ਟਾਂਕ ਕਸ਼ੱਤਰੀ ਸਿੱਖ, ਛੀਂਬਾ ਟਾਂਕ ਕਸ਼ਤਰੀ ਸਿੱਖ, ਅਰੋੜਾ ਸਿੱਖ, ਬੇਦੀ ਸਿੱਖ, ਕੱਸ਼ਅਪ ਸਿੱਖ, ਰਾਜਪੂਤ ਸਿੱਖ, ਲੁਬਾਣੇ ਸਿੱਖ, ਕਮੋਅ ਸਿੱਖ, ਕੰਬੋਜ ਸਿੱਖ, ਰਾਮਗੜੀਏ ਸਿੱਖ, ਵਾਲੀਏ ਸਿੱਖ, ਆਹਲੂਵਾਲੀਏ ਸਿੱਖ, ਸੈਣੀ ਸਿੱਖ, ਜੱਟ ਸੈਣੀ ਸਿੱਖ, ਜੱਟ ਸਿੱਖ, ਬਾਣੀਏ ਸਿੱਖ, ਮਹਾਸ਼ਾ ਸਿੱਖ,  ਸੁਨਿਆਰ ਸਿੱਖ, ਲੋਹਾਰ ਸਿੱਖ, ਧੀਮਾਨ ਸਿੱਖ, ਤਰਖਾਣ ਸਿੱਖ, ਛੀਂਬੇ ਸਿੱਖ, ਨਾਈ ਸਿੱਖ, ਜੁਲਾਹੇ ਸਿੱਖ, ਮਜ਼ਬੀ ਸਿੱਖ, ਰਾਮਦਾਸੀਏ ਸਿੱਖ, ਝਿਊਰ ਸਿੱਖ, ਮਹਿਰੇ ਸਿੱਖ, ਰਾਏ ਸਿੱਖ, ਗੁੱਜਰ ਸਿੱਖ, ਪਰਜਾਪਤ ਸਿੱਖ, ਘੁਮਿਆਰ ਸਿੱਖ, ਬਾਜੀਗਰ ਸਿੱਖ, ਵਣਜਾਰੇ ਸਿੱਖ, ਧੋਬੀ ਸਿੱਖ, ਗਡਰੀਏ ਸਿੱਖ, ਤੇਲੀ ਸਿੱਖ, ਆਦਿ ਧਰਮੀ ਸਿੱਖ ਆਦਿ।

ਰਿਸ਼ਤੇ-ਨਾਤਿਆਂ ਦੇ ਸਬੰਧ ਵਿਚ ਅਖ਼ਬਾਰਾਂ ਵਿਚ ਛਪਣ ਵਾਲੀਆਂ ਸਿੱਖਾਂ ਦੀਆਂ ਇਹ ਕਿਸਮਾਂ, ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਵਿਚ ਕਿਧਰੇ ਨਹੀਂ ਮਿਲਦੀਆਂ। ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਵਿਚ ‘ਗੁਰਸਿਖ’ ਜਾਂ ‘ਸਿਖ’ ਸ਼ਬਦ ਮਿਲਦੇ ਹਨ। ਗੁਰਬਾਣੀ ਵਿਚ  ਗੁਰਸਿਖ ਜਾਂ ਸਿਖ, ਉਨ੍ਹਾਂ  ਮਨੁੱਖਾਂ ਨੂੰ ਕਿਹਾ ਗਿਆ ਹੈ, ਜਿਹੜੇ ਗੁਰੂ ਦੀ ਸਿੱਖਿਆ ਅਨੁਸਾਰ ਚਲਦੇ ਹਨ। ਕੀ ਅੱਜ ਦੇ ਸਿੱਖਾਂ ਨੂੰ ਗੁਰਸਿੱਖ (ਭਾਵ ਗੁਰੂ ਦੇ ਸਿੱਖ) ਬਣਨਾ ਪਸੰਦ ਨਹੀਂ ਹੈ? ਕੀ ਸਿੱਖ ਸ਼ਬਦ ਦੀ ਮਹਾਨਤਾ ਘੱਟ ਹੈ? ਕੀ ‘ਸਿੱਖ’ ਸ਼ਬਦ ਅਧੂਰਾ ਹੈ?  ਕੀ ‘ਸਿੱਖ’ ਸ਼ਬਦ ਨਾਲ ਆਪਣੀਆਂ ਜਾਤ-ਬਰਾਦਰੀਆਂ ਲਾਉਣ ਵਾਲੇ, ਗੁਰੂ ਸਾਹਿਬ ਨਾਲੋਂ ਜ਼ਿਆਦਾ ਸਿਆਣੇ ਹਨ? ਕੀ ਸਿੱਖਾਂ ਨੇ ਦੋ ਧਰਮਾਂ ਦੀ ਵਿਚਾਰਧਾਰਾ ਨੂੰ ਅਪਨਾ ਕੇ, ਦੋਗ਼ਲੇ ਸਿੱਖ ਬਣ ਕੇ ਆਪਣੇ ਪਤਨ ਦਾ ਰਾਹ ਅਖ਼ਤਿਆਰ ਕਰ ਲਿਆ ਹੈ?

(ਨੋਟ: ਰਾਮਗੜ੍ਹੀਆ ਅਤੇ ਆਹਲੂਵਾਲੀਆ ਕੋਈ ਜਾਤ ਨਹੀਂ ਹੈ। ਪਰ ਇਸ ਨੂੰ ਅਗਿਆਨਤਾਵਸ ਸਿੱਖਾਂ ਨੇ ਜਾਤ ਦੇ ਰੂਪ ਵਿਚ ਮੰਨਿਆ ਅਤੇ ਪਰਚਾਰਿਆ। ਸਿੱਖ-ਇਤਿਹਾਸ ਵਿਚ ਦੋ ਜੱਸਾ ਸਿੰਘ ਹੋਏ ਹਨ ਜੋ ਇਕੋ ਨਾਮ ਹੋਣ ਕਰਕੇ, ਦੋਨੋਂ ਸਿੱਖ-ਇਤਿਹਾਸ ਵਿਚ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਅਤੇ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਕਰਕੇ ਪ੍ਰਸਿੱਧ ਹੋਏ)।

ਅਸਲ ਵਿਚ ਸੰਮਤ 1803 ਵਿਚ ਖ਼ਾਲਸੇ ਨੇ ਅੰਮ੍ਰਿਤਸਰ ਵਿਖੇ ‘ਰਾਮਗੜ੍ਹ’ ਨਾਂ  ਦਾ ਕਿਲ੍ਹਾ ਬਣਾਇਆ ਸੀ। ਲਾਹੌਰ ਦੇ ਪਿੰਡ ਸੈਦਬੇਗ ਪਿੰਡ ਵਿਚ ਤਰਖਾਣ ਜਾਤੀ ਨਾਲ ਸਬੰਧਤ ਭਗਵਾਨ ਸਿੰਘ ਦੇ ਘਰ ਜੱਸਾ ਸਿੰਘ ਦਾ ਜਨਮ ਹੋਇਆ ਸੀ। ਸਰਦਾਰ ਜੱਸਾ ਸਿੰਘ ਸਿੱਖ-ਕੌਮ ਦਾ ਸੂਰਬੀਰ ਜੋਧਾ ਹੋਇਆ ਸੀ। ਜਿਸ ਕਰਕੇ ਖ਼ਾਲਸੇ ਨੇ ਇਹ ਰਾਮਗੜ੍ਹ ਦਾ ਕਿਲ੍ਹਾ ਸਰਦਾਰ ਜੱਸਾ ਸਿੰਘ ਦੇ ਸਪੁਰਦ ਕਰ ਦਿੱਤਾ ਸੀ। ਰਾਮਗੜ੍ਹ ਦਾ ਕਿਲ੍ਹਾ ਸਰਦਾਰ ਜੱਸਾ ਸਿੰਘ ਦੇ ਸਪੁਰਦ ਹੋਣ ਕਰਕੇ, ਉਸ ਦਾ ਨਾਂ ਜੱਸਾ ਸਿੰਘ ਰਾਮਗੜ੍ਹੀਆ ਕਰਕੇ ਪ੍ਰਸਿੱਧ ਹੋ ਗਿਆ ਸੀ। ਰਾਮਗੜ੍ਹੀਆ ਮਿਸਲ ਵੀ ਸਰਦਾਰ ਜੱਸਾ ਸਿੰਘ ਨੂੰ ਰਾਮਗੜ੍ਹੀਆ ਕਹਿਣ ਕਰਕੇ ਹੀ ਹੋਂਦ ਵਿਚ ਆਈ ਸੀ।

ਤਰਖਾਣ ਜਾਤੀ ਨਾਲ ਸਬੰਧਤ ਜਿਹੜੇ ਸਿੱਖ ਆਪਣੇ ਆਪ ਨੂੰ ਰਾਮਗੜ੍ਹੀਆ ਲਿਖਦੇ ਹਨ, ਉਨ੍ਹਾਂ ਨੂੰ ਇਕ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਰਾਮਗੜ੍ਹੀਆ ਕਿਸੇ ਜਾਤ ਦਾ ਨਾਂ ਨਹੀਂ ਹੈ। ਜਿਹੜੇ ਆਪਣੇ ਆਪ ਨੂੰ ਰਾਮਗੜ੍ਹੀਆ ਲਿਖਦੇ ਹਨ, ਕੀ ਸਰਦਾਰ ਜੱਸਾ ਸਿੰਘ ਵਾਂਗ ਰਾਮਗੜ੍ਹ ਦਾ ਕਿਲ੍ਹਾ, ਉਨ੍ਹਾਂ ਨੂੰ ਵੀ ਸਪੁਰਦ ਕੀਤਾ ਗਿਆ ਸੀ? ਕੀ ਰਾਮਗੜ੍ਹੀਆ ਮਿਸਲ ਬਨਾਉਣ ਵਿਚ ਵੀ ਉਨ੍ਹਾਂ ਦਾ ਯੋਗਦਾਨ ਸੀ? ਕੀ ਸਰਦਾਰ ਜੱਸਾ ਸਿੰਘ ਨੂੰ ਰਾਮਗੜ੍ਹੀਆਂ ਕਹਿਣ ਤੋਂ ਪਹਿਲਾਂ ਵੀ ਸਾਰੇ ਤਰਖਾਣ ਆਪਣੇ ਆਪ ਨੂੰ ਰਾਮਗੜ੍ਹੀਆ ਲਿਖਦੇ ਸਨ? ਜਵਾਬ ਨਾਂਹ ਵਿਚ ਹੈ। ਜੇਕਰ ਕਿਸੇ ਦੇ ਪ੍ਰਵਾਰ ਵਿਚੋਂ ਕੋਈ ਵਿਅਕਤੀ ਡਾਕਟਰ ਜਾਂ ਵਕੀਲ ਬਣ ਜਾਵੇ ਤਾਂ ਉਹ ਸਾਰਾ ਪ੍ਰਵਾਰ ਡਾਕਟਰ ਜਾਂ ਵਕੀਲ ਨਹੀਂ ਅਖਵਾ ਸਕਦਾ ਅਤੇ ਅਤੇ ਨਾ ਹੀ ਉਸ ਪ੍ਰਵਾਰ ਦੀ ਅਗਲੀ ਪੀੜ੍ਹੀ ਆਪਣੇ ਆਪ ਨੂੰ ਡਾਕਟਰ ਜਾਂ ਵਕੀਲ ਅਖਵਾ ਸਕਦੀ ਹੈ। ਫਿਰ ਦੱਸੋ, ਸਰਦਾਰ ਜੱਸਾ ਸਿੰਘ ਰਾਮਗੜ੍ਹੀਆਂ ਤੋਂ ਇਲਾਵਾ ਹੋਰ ਕੋਈ ਮਨੁੱਖ ਰਾਮਗੜ੍ਹੀਆ ਕਿਵੇਂ ਬਣ ਸਕਦਾ ਹੈ?

ਦੂਜਾ ‘ਆਹਲੂ’ ਸ਼ਬਦ ਲਾਹੌਰ ਦੇ ਇਕ ਪਿੰਡ ਦਾ ਨਾਂ ਹੈ। ਜਿੱਥੇ ਜੱਸਾ ਸਿੰਘ ਦਾ ਜਨਮ ਹੋਇਆ ਸੀ। ਇਹ ਜੱਸਾ ਸਿੰਘ ਵੀ ਸਿੱਖ-ਕੌਮ ਦਾ ਸੂਰਬੀਰ ਜੋਧਾ ਹੋਇਆ ਸੀ। ਜਿਸ ਨੇ ਆਹਲੂਵਾਲੀਆ ਮਿਸਲ ਬਣਾਈ ਸੀ। ਆਹਲੂਵਾਲੀਆ ਮਿਸਲ ਕਰਕੇ ਹੀ ਉਹ ਸਿੱਖ-ਇਤਿਹਾਸ ਵਿਚ ਸਰਦਾਰ ਜੱਸਾ ਆਹਲੂਵਾਲੀਆ ਦੇ ਨਾਂ ਨਾਲ ਪ੍ਰਸਿੱਧ ਹੋਇਆ ਸੀ।

ਜਿਹੜੇ ਸਿੱਖ ਆਪਣੇ ਆਪ ਨੂੰ ਆਹਲੂਵਾਲੀਆ ਲਿਖਦੇ ਹਨ, ਉਨ੍ਹਾਂ ਨੂੰ ਇਕ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਆਹਲੂਵਾਲੀਆ ਕੋਈ ਜਾਤ ਨਹੀਂ ਹੈ। ‘ਆਹਲੂ’ ਇਕ ਪਿੰਡ ਦਾ ਨਾਂ ਹੈ। ‘ਆਹਲੂ’ ਪਿੰਡ ਦੇ ਜੰਮਪਲ ਨੂੰ ਆਹਲੂਵਾਲੀਆ  ਕਿਹਾ ਜਾਂਦਾ ਹੈ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਜਿਹੜੇ ਆਪਣੇ ਆਪ ਨੂੰ ਆਹਲੂਵਾਲੀਆ ਲਿਖਦੇ ਹਨ, ਕੀ ਉਹ ਸਾਰੇ ਲਾਹੌਰ ਦੇ ਪਿੰਡ ‘ਆਹਲੂ’ ਵਿਖੇ ਪੈਦਾ ਹੋਏ ਸਨ? ਇਸ ਤੋਂ ਇਲਾਵਾ ਕੀ ਉਨ੍ਹਾਂ ਨੇ ਵੀ ਆਹਲੂਵਾਲੀਆ ਮਿਸਲ ਬਨਾਉਣ ਸਮੇਂ ਆਪਣਾ ਯੋਗਦਾਨ ਪਾਇਆ ਸੀ? ਜਵਾਬ ਨਾਂਹ ਵਿਚ ਹੈ। ਜਿਹੜੇ ਪਾਕਿਸਤਾਨ ਤੋਂ ਭਾਰਤ ਵਿਚ ਆਏ ਸਨ, ਹੁਣ ਉਹ ਸਾਰੇ ਆਪਣੇ ਆਪ ਨੂੰ ਭਾਰਤੀ ਮੰਨਦੇ ਹਨ ਨਾ ਕਿ ਪਾਕਿਸਤਾਨੀ। ਜਿਹੜੇ ਭਾਰਤ ਵਿਚ ਜੰਮੇ ਹਨ, ਉਹ ਲਾਹੌਰ ਦੇ ਪਿੰਡ ‘ਆਹਲੂ’ ਨੂੰ ਆਪਣਾ ਜਨਮ ਸਥਾਨ ਮੰਨ ਹੀ ਨਹੀਂ ਸਕਦੇ ਅਤੇ ਨਾ ਹੀ ਆਪਣੇ ਆਪ ਨੂੰ ਆਹਲੂਵਾਲੀਆ ਅਖਵਾ ਸਕਦਾ ਹੈ।  ਜੇਕਰ ਕਿਸੇ ਭਾਰਤੀ ਦਾ ਬੱਚਾ ਇੰਗਲੈਂਡ ਵਿਚ ਪੈਦਾ ਹੁੰਦਾ ਹੈ ਤਾਂ ਪੈਦਾ ਹੋਇਆ ਬੱਚਾ ਆਪਣੇ ਆਪ ਨੂੰ ਭਾਰਤੀ ਨਹੀਂ ਸਗੋਂ ਇੰਗਲੈਂਡ ਦਾ ਜੰਮਪਲ ਮੰਨਦਾ ਹੋਇਆ ਉਥੋਂ ਦੀ ਨਾਗਰਿਕਤਾ ਮੰਗਦਾ ਹੈ।

ਜਾਤ-ਬਰਾਦਰੀਆਂ ਵਾਲੇ ਸਿੱਖਾਂ ਨੇ ਆਪਣੇ ਆਪਣੇ ਇਸ਼ਤਿਹਾਰਾਂ ਵਿਚ ਅਜੀਬ ਅਜੀਬ ਸ਼ਰਤਾਂ ਅਤੇ ਅਜੀਬ ਗੱਲਾਂ ਲਿਖੀਆਂ ਹੁੰਦੀਆਂ ਹਨ। ਜਿਨ੍ਹਾਂ ਨੂੰ ਪੜ੍ਹ ਕੇ ਬਹੁਤ ਹੀ ਹੈਰਾਨੀ ਹੁੰਦੀ ਹੈ। ਜਿਵੇਂ ਕਿ:

(1)      ਜਾਤ-ਬਰਾਦਰੀਆਂ ਵਿਚੋਂ ਸਭ ਤੋਂ ਜ਼ਿਆਦਾ ਜੱਟਾਂ ਦੇ ਇਸ਼ਤਿਹਾਰ ਹੁੰਦੇ ਹਨ।ਇਹ ਖੇਤੀਬਾੜੀ ਕਰਨ ਵਾਲੇ ਲੋਕ ਹਨ। ਜ਼ਮੀਨ ਤੋਂ ਬਿਨਾਂ ਖੇਤੀ ਨਹੀਂ ਹੋ ਸਕਦੀ। ਜਿਸ ਕੋਲ ਜ਼ਮੀਨ ਨਹੀਂ ਹੁੰਦੀ,ਉਸ ਨੂੰ ਇਹ ਜੱਟ ਨਹੀਂ ਸਮਝਦੇ। ਇਸੇ ਕਰਕੇ ਇਸ਼ਤਿਹਾਰਾਂ ਵਿਚ ਇਕ ਸ਼ਰਤ ਲਾਈ ਹੁੰਦੀ ਹੈ ਕਿ ਲੜਕਾ ਲੈਂਡ-ਲੌਰਡ ਹੋਣਾ ਚਾਹੀਦਾ ਹੈ।ਐਨੀ ਏਕੜ ਜ਼ਮੀਨ ਹੋਣੀ ਚਾਹੀਦੀ ਹੈ।ਜਿਸ ਕੋਲ ਜ਼ਮੀਨ ਨਹੀਂ ਉਹ ਸੰਪਰਕ ਨਾ ਕਰਨ। ਇਸ ਸ਼ਰਤ ਤੋਂ ਇਹ ਪ੍ਰਤੀਤ ਹੁੰਦਾ ਹੈ ਕਿ ਸ਼ਾਇਦ ਖੇਤੀਬਾੜੀ ਕਰਨ ਵਾਲੇ ਲੜਕੇ ਨੂੰ ਤਰਜੀਹ ਦਿੱਤੀ ਗਈ ਹੋਵੇ । ਪਰ ਦੇਖਿਆ ਜਾਂਦਾ ਹੈ ਕਿ ਲੜਕੇ ਨਾਲੋਂ ਲੜਕੇ ਦੀ ਜ਼ਮੀਨ-ਜਾਇਦਾਦ ਨੂੰ ਦੇਖ ਕੇ ਹੀ ਰਿਸ਼ਤਾ ਤੈਅ ਹੁੰਦਾ ਹੈ।

ਛੋਟੀ ਉਮਰੇ ਪਿੰਡਾਂ ਵਿਚ ਐਸੇ ਵਿਅਕਤੀਆਂ ਨੂੰ ਦੇਖਿਆ ਕਰਦੇ ਸੀ ਜਿਹੜੇ ਇਕੱਲੇ ਰਹਿੰਦੇ ਸਨ। ਇਹ ਸਮਝ ਲੈਂਦੇ ਸੀ ਕਿ ਸ਼ਾਇਦ ਉਸ ਦੀ ਘਰ ਵਾਲੀ ਮਰ ਗਈ ਹੋਣੀ ਹੈ। ਬਹੁਤ ਸਾਰੇ ਸਿੱਖਾਂ ਦੀਆਂ ਰਿਸ਼ਤੇਦਾਰੀਆਂ ਵਿਚ ਅੱਜ ਕੱਲ ਵੀ ਐਸੇ ਬਜ਼ੁਰਗ ਮਿਲ ਜਾਣਗੇ, ਜਿਹੜੇ ਹੁਣ ਵੀ ਇਕੱਲੇ ਰਹਿੰਦੇ ਹਨ। ਜਦੋਂ ਕਦੇ ਘਰ ਵਾਲਿਆਂ ਨੂੰ ਪੁੱਛਣਾ ਕਿ ਫਲਾਣੇ ਨੇ ਆਪਣਾ ਵਿਆਹ ਨਹੀਂ ਸੀ ਕਰਵਾਇਆ ਜਾਂ ਫਲਾਣੇ ਦਾ ਕੋਈ ਬੱਚਾ ਨਹੀਂ ਸੀ ਤਾਂ ਸਾਨੂੰ ਇਹੀ ਦੱਸਿਆ ਜਾਂਦਾ ਸੀ ਕਿ ਉਸ ਨੇ ਆਪਣਾ ਵਿਆਹ ਨਹੀਂ ਸੀ ਕਰਵਾਇਆ। ਪਰ ਜਦੋਂ ਵਿਆਹ ਨਾ ਕਰਾਉਣ ਵਾਲੀ ਗੱਲ ਦੇ ਅਸਲੀ ਕਾਰਣਾਂ ਨੂੰ ਲੱਭਿਆ ਤਾਂ ਇਕ ਗੱਲ ਸਾਹਮਣੇ ਆਈ ਕਿ ਜ਼ਮੀਨ ਦੀ ਵੰਡ ਨੂੰ ਰੋਕਣ ਲਈ, ਇਕ ਪ੍ਰਵਾਰ ਦੇ ਸਾਰੇ ਭਰਾਵਾਂ ਦੇ ਵਿਆਹ ਨਹੀਂ ਕੀਤੇ ਜਾਂਦੇ ਸਨ। ਸਾਰੇ ਭਰਾਵਾਂ ਦੇ ਵਿਆਹ ਹੋਣ ਨਾਲ ਇਕ ਪ੍ਰਵਾਰ  ਵਿਚ ਬੱਚਿਆਂ ਦਾ ਵਾਧਾ ਹੋਣਾ ਸੁਭਾਵਿਕ ਹੁੰਦਾ ਹੈ। ਬੱਚਿਆਂ ਦੇ ਵਾਧੇ ਕਾਰਣ ਜ਼ਮੀਨ ਦੇ ਅਨੇਕਾਂ ਹਿੱਸੇ ਹੋਣ ਦਾ ਡਰ ਹਰ ਵੇਲੇ ਬਣਿਆ ਰਹਿੰਦਾ ਸੀ।

ਵਿਆਹ ਕਰਾਉਣ ਦਾ ਹਰ ਇਕ ਮਨੁੱਖ ਨੂੰ ਬਹੁਤ ਚਾਅ ਹੁੰਦਾ ਹੈ। ਇਹ ਇਕ ਕੁਦਰਤੀ ਨਿਯਮ ਵੀ ਹੈ। ਮੰਦ-ਬੁੱਧੀ ਦਾ ਵਿਅਕਤੀ ਵੀ ਵਿਆਹ ਲਈ ਝੱਟ ਹਾਮੀ ਭਰ ਦੇਂਦਾ ਹੈ। ਜ਼ਮੀਨਾਂ ਵਾਲੇ ਘਰਾਂ ਵਿਚ ਸਾਰੇ ਭਰਾਵਾਂ ਦਾ ਵਿਆਹ ਕਰਨਾ ਹੈ ਜਾਂ ਨਹੀਂ, ਇਸ ਪਿੱਛੇ ਭਾਬੀਆਂ ਦਾ ਬਹੁਤ ਵੱਡਾ ਰੋਲ ਹੁੰਦਾ ਸੀ। ਭਾਬੀਆਂ ਦੇ ਲਾਰਿਆਂ ਅਤੇ ਉਸ ਦੀ ਗ਼ੁਲਾਮੀ ਕਰਦਿਆਂ ਦਿਉਰਾਂ ਦੀ ਵਿਆਹ ਵਾਲੀ ਉਮਰ ਨਿਕਲ ਜਾਂਦੀ। ਜਦੋਂ ਵਿਆਹ ਵਾਲੀ ਉਮਰ ਨਿਕਲ ਜਾਂਦੀ ਸੀ ਤਾਂ ਕੋਈ ਵੀ ਲੜਕੀ ਵਾਲਾ ਵਿਆਹ ਕਰਨ ਦੀ ਹਾਮੀ ਹੀ ਨਹੀਂ ਸੀ ਭਰਦਾ। ਹਾਰ ਕੇ ਛੜਾ ਦਿਉਰ ਸਾਰੀ ਉਮਰ ਖੇਤੀਬਾੜੀ ਕਰਨ ਜਾਂ ਆਪਣੇ ਭਤੀਜੇ ਅਤੇ ਭਤੀਜੀਆਂ ਦੀਆਂ ਮੰਗਾਂ ਪੂਰੀਆਂ ਕਰਨ ਵਿਚ ਆਪਣੀ ਰਹਿੰਦੀ ਉਮਰ ਗੁਜ਼ਾਰ ਦੇਂਦਾ ਸੀ। ਕੇਵਲ ਦਿਉਰ ਹੀ ਨਹੀਂ ਕਈ ਵਾਰੀ ਜੇਠ ਵੀ ਛੜੇ  ਰਹਿ ਜਾਂਦੇ ਸਨ। ਪੰਜਾਬੀ ਦਾ ਮਸ਼ਹੂਰ ਗਾਣਾ: ਛੜੇ ਜੇਠ ਨੂੰ ਲੱਸੀ ਨਹੀਂ ਪਿਆਉਣੀ, ਦਿਉਰ ਭਾਵੇਂ ਮੱਝ ਚੁੰਘ ਜੇ।

ਖੇਤੀਬਾੜੀ ਕਰਨ ਵਾਲੇ ਅਕਸਰ ਅਨਪੜ੍ਹ ਹੋਣ ਕਰਕੇ ਦਿਨ-ਰਾਤ ਖੇਤੀ ਵਿਚ ਹੀ ਸਾਰੀ ਉਮਰ ਗੁਜ਼ਾਰ ਦੇਂਦੇ ਸਨ ਪਰ ਜਿਹੜੇ ਭਰਾ ਫ਼ੌਜ ਵਿਚ ਭਰਤੀ ਹੋ ਜਾਂਦੇ ਅਤੇ ਫ਼ੌਜ ਦੀ ਨੌਕਰੀ ਪੂਰੀ ਹੋਣ ਉਪਰੰਤ ਆਪਣੇ ਨਾਲ ਯੂ. ਪੀ. ਜਾਂ ਬਿਹਾਰ ਤੋਂ ਔਰਤਾਂ ਲਿਆ ਕੇ ਆਪਣੇ ਘਰ ਵਸਾ ਲੈਂਦੇ। ਇਸ ਤੋਂ ਇਲਾਵਾ ਜਿਹੜੇ ਭਰਾ ਪੜ੍ਹ-ਲਿਖ ਕੇ ਸ਼ਹਿਰਾਂ ਵਿਚ ਨੌਕਰੀ ਕਰਨ ਚਲੇ ਜਾਂਦੇ, ਉਨ੍ਹਾਂ ਨੇ ਵੀ ਆਪਣੇ ਵਿਆਹ ਕਰਵਾ ਕੇ, ਆਪਣਾ ਗ੍ਰਿਹਸਥੀ ਜੀਵਨ ਸ਼ੁਰੂ ਕਰ ਲੈਂਦੇ।

ਇਹ ਗੱਲ ਪੱਕੀ ਸੀ ਕਿ ਜਿਸ ਜੱਟ ਪ੍ਰਵਾਰ ਕੋਲ ਜ਼ਮੀਨ ਨਹੀਂ ਹੁੰਦੀ ਸੀ, ਉਸ ਪ੍ਰਵਾਰ ਦੇ ਲੜਕਿਆਂ ਦਾ ਕੋਈ ਵੀ ਵਿਆਹ ਨਹੀਂ ਸੀ ਕਰਦਾ। ਅੱਜ ਦੇ ਸਮੇਂ ਵੀ ਇਹ ਗੱਲ ਪ੍ਰਚਲਤ ਹੈ। ਮੈਂ ਇਕ ਅਜਿਹੇ ਪ੍ਰਵਾਰ ਨੂੰ ਜਾਣਦਾ ਹਾਂ ਜਿਨ੍ਹਾਂ ਕੋਲ ਜ਼ਮੀਨ ਨਾ ਮਾਤਰ ਸੀ। ਬਾਹਰ ਜਾਣ ਕਰਕੇ, ਵੱਡੇ ਲੜਕੇ ਦਾ ਵਿਆਹ ਹੋ ਗਿਆ ਬਾਕੀ 4-5 ਵੱਡੀਆਂ ਵੱਡੀਆਂ ਉਮਰਾਂ ਦੇ ਛੜੇ ਹੀ ਬੈਠੇ ਸਨ। ਆਖ਼ਰ ਇਕ ਲੜਕੇ ਦਾ ਵਿਆਹ ਚੰਡੀਗੜ੍ਹ ਦੀ ਇਕ ਕਲੋਨੀ  ਵਿਚ ਸਮਾਜ ਦੇ ਨੀਚ ਸਮਝੇ ਜਾਂਦੇ ਪ੍ਰਵਾਰ ਦੀ ਲੜਕੀ ਨਾਲ ਕੀਤਾ ਗਿਆ। ਬਰਾਤ ਵਿਚ ਮੈਂ ਆਪ ਵੀ ਗਿਆ ਸੀ। ਇਹ ਰਿਸ਼ਤਾ ਜਾਤ-ਪਾਤ ਨੂੰ ਨਾ ਮੰਨਣ ਕਰਕੇ ਨਹੀਂ ਸੀ ਕਰਵਾਇਆ ਸਗੋਂ ਉਸ ਜੱਟ ਪ੍ਰਵਾਰ ਦੀ ਇਕ ਮਜ਼ਬੂਰੀ ਸੀ। ਇਹ ਸਮੱਸਿਆ ਅੱਜ ਅਨੇਕਾਂ ਜੱਟ ਪ੍ਰਵਾਰਾਂ ਦੀ ਹੈ।

ਪੰਜਾਬ ਦੇ ਪਿੰਡਾਂ ਵਿਚ ਯੂ. ਪੀ. ਅਤੇ ਬਿਹਾਰ ਦੇ ਭਈਏ ਜਿਹੜੇ ਪਿਛਲੇ 30-40 ਸਾਲ ਤੋਂ ਰਹਿ ਰਹੇ ਹਨ, ਉਨ੍ਹਾਂ ਦੇ ਬੱਚੇ ਪੰਜਾਬੀ ਸਿੱਖ ਗਏ ਹਨ ਅਤੇ ਪੰਜਾਬੀ ਸਭਿਆਚਾਰ ਵਿਚ ਢਲ ਗਏ ਹਨ। ਕਈਆਂ ਨੇ ਦਾੜ੍ਹੀ-ਕੇਸ ਰੱਖ ਕੇ ਅੰਮ੍ਰਿਤ (ਪਾਹੁਲ)ਛਕ ਲਿਆ ਹੈ  ਅਤੇ ਕਈਆਂ ਨੇ ਆਪਣੀਆਂ ਲੜਕੀਆਂ ਦੇ ਰਿਸ਼ਤੇ ਜੱਟਾਂ ਪ੍ਰਵਾਰਾਂ ਵਿਚ ਵੀ ਕਰ ਦਿੱਤੇ ਹਨ। ਅੱਜ ਦੇ ਸਮੇਂ ਹਰ ਘਰ ਵਿਚ ਇਕ ਇਕ ਲੜਕਾ ਹੈ, ਉਹ ਵੀ ਵਿਦੇਸ਼ਾਂ ਵਿਚ ਚਲਾ ਗਿਆ । ਪਿੱਛੇ ਰਹਿ ਗਏ ਬਜ਼ਰਗ ਇਕੱਲੇ। ਖੇਤੀ ਦਾ ਸਾਰਾ ਕੰਮ ਭਈਆਂ ਦੇ ਸਿਰ ਤੇ ਹੋ ਰਿਹਾ ਹੈ। ਅਖ਼ਬਾਰਾਂ ਵਿਚ ਅਕਸਰ ਪੜ੍ਹਿਆ ਜਾਂਦਾ ਹੈ ਕਿ ਨੌਕਰਾਂ ਨੇ ਬਜ਼ੁਰਗਾਂ ਨੂੰ ਮਾਰ ਦਿੱਤਾ ਹੈ। ਬਜ਼ੁਰਗਾਂ ਨੇ ਆਖ਼ਰ ਇਕ ਦਿਨ ਆਪਣੀ ਉਮਰ ਭੋਗ ਕੇ ਮਰ ਜਾਣਾ ਹੈ। ਬਜ਼ੁਰਗਾਂ ਦੇ ਮਰਨ ਪਿੱਛੋਂ ਜ਼ਮੀਨਾਂ ਸੱਖਣੀਆਂ ਰਹਿ ਜਾਣੀਆਂ ਹਨ। ਜੇ ਕਰ ਇਹ ਸਿਲਸਿਲਾ ਜਾਰੀ ਰਿਹਾ ਤਾਂ ਆਉਣ ਵਾਲੇ ਸਮੇਂ ਵਿਚ ਜ਼ਮੀਨਾਂ ਤੇ ਕਬਜ਼ਾ ਕਿਸੇ ਹੋਰ ਦਾ ਹੋ ਜਾਣਾ ਹੈ। ਜੱਟ ਆਪਣੀਆਂ ਜ਼ਮੀਨਾਂ ਤੋਂ ਵਾਂਝੇ ਹੁੰਦੇ ਜਾ ਰਹੇ ਹਨ। ਇਕ ਪਾਸੇ ਜ਼ਮੀਨ ਰਹਿਤ ਜੱਟਾਂ ਦੀ ਗਿਣਤੀ ਦਿਨੋ-ਦਿਨ ਵਧਦੀ ਜਾ ਰਹੀ ਹੈ ਅਤੇ ਦੂਜੇ ਪਾਸੇ ਬੇਰੋਜ਼ਗਾਰੀ ਵੀ ਵਧਦੀ ਜਾ ਰਹੀ ਹੈ। ਇਕ ਬਹੁਤ ਵੱਡੀ ਸਮੱਸਿਆ ਪੈਦਾ ਹੁੰਦੀ ਨਜ਼ਰ ਆ ਰਹੀ ਹੈ।

(2)    ਕਈ ਇਸਤਿਹਾਰਾਂ ਵਿਚ ਲਿਖਿਆ ਹੁੰਦਾ ਹੈ: ਜੱਟ ਸਿੱਖ ਅੰਮ੍ਰਿਤਧਾਰੀ, ਰਾਮਗੜ੍ਹੀਆ ਸਿੱਖ ਅੰਮ੍ਰਿਤਧਾਰੀ, ਟਾਂਕ ਸ਼ਤਰੀ ਸਿੱਖ ਅੰਮ੍ਰਿਤਧਾਰੀ, ਰਾਮਦਾਸੀਆ ਸਿੱਖ ਅੰਮ੍ਰਿਤਧਾਰੀ, ਮਜ਼ਬੀ ਸਿੱਖ ਅੰਮ੍ਰਿਤਧਾਰੀ ਆਦਿ। ਜੇਕਰ ਅੰਮ੍ਰਿਤਧਾਰੀ ਬਣ ਕੇ ਵੀ ਜਾਤ-ਬਰਾਦਰੀਆਂ ਖ਼ਤਮ ਨਹੀਂ ਹੋਈਆਂ ਤਾਂ ਅੰਮ੍ਰਿਤ ਛਕਣ ਦਾ ਪਖੰਡ ਕਿਉਂ?

(3)   ਇਸ਼ਤਿਹਾਰਾਂ ਵਿਚ  ਜਾਤ-ਬਰਾਦਰੀਆਂ ਦੇ ਨਾਲ ਗੋਤ ਲਿਖਣ ਦਾ ਰਿਵਾਜ ਵੀ ਵਧਦਾ ਜਾ ਰਿਹਾ ਹੈ। ਜਿਵੇਂ ਸੇਖੋਂ, ਗਿੱਲ, ਮਾਂਗਟ, ਚਾਹਲ, ਬਰਾੜ, ਦਲੇਏ, ਧਾਲੀਵਾਲ, ਦਿਓਲ, ਸੋਮਲ, ਵਿਰਕ, ਵੜੈਚ, ਟਿਵਾਣਾ, ਸਿੱਧੂ, ਸੰਧੂ, ਖਹਿਰਾ, ਚੀਮਾ, ਭੁੱਲਰ; ਜੌਹਲ, ਸਰਾਂ, ਢਿਲੋਂ, ਢੀਂਡਸਾਂ ਚੀਮਾਂ ਆਦਿ । ਇਨ੍ਹਾਂ ਵਿਚੋਂ ਕਈ ਗੋਤ ਮੁਸਲਮਾਨਾਂ ਦੇ ਵੀ ਮਿਲਦੇ ਹਨ।

(4)   ਇਸ਼ਤਿਹਾਰਾਂ ਵਿਚ ਵੈਸ਼ਨੂੰ ਸਿੱਖ ਵੀ ਪੜ੍ਹੇ ਜਾ ਸਕਦੇ ਹਨ। ਜਿਵੇਂ ਜੱਟ ਸਿੱਖ ਵੈਸ਼ਨੂੰ, ਰਾਮਗੜ੍ਹੀਆ ਸਿੱਖ ਵੈਸ਼ਨੂੰ, ਸੈਣੀ ਸਿੱਖ ਵੈਸ਼ਨੂੰ, ਰਾਮਦਾਸੀਆ ਸਿੱਖ ਵੈਸ਼ਨੂੰ, ਮਜ਼ਬੀ ਸਿੱਖ ਵੈਸ਼ਨੂੰ ਆਦਿ। ਵੈਸ਼ਨੂੰ ਕਿਸ ਨੂੰ ਕਿਹਾ ਜਾਂਦਾ ਹੈ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੁੰਦੀ।  ਵੈਸ਼ਨੂੰ ਦੇ ਅਰਥ ਆਪਣੇ ਆਪ ਸ਼ਾਕਾਹਾਰੀ ਘੜ ਕੇ, ਸ਼ਾਕਾਹਾਰੀ ਉਸ ਮਨੁੱਖ ਨੂੰ ਸਮਝ ਲਿਆ ਜਾਂਦਾ ਹੈ, ਜਿਹੜਾ ਖਾਂਦਾ-ਪੀਂਦਾ ਨਾ ਹੋਵੇ । ਅਸਲ ਵਿਚ ਵਿਸ਼ਨੂੰ ਤੋਂ ਵੈਸ਼ਨੂੰ ਬਣਿਆ ਹੈ। ਵਿਸ਼ਨੂੰ ਦੇ ਪੁਜਾਰੀਆਂ ਨੂੰ ਵੈਸ਼ਨੂੰ ਕਿਹਾ ਜਾਂਦਾ ਹੈ।ਜਿਹੜੇ ਸਿੱਖ ਆਪਣੇ ਆਪ ਨੂੰ ਵੈਸ਼ਨੂੰ ਸਮਝਦੇ ਹਨ ਸ਼ਾਇਦ ਉਹ ਵਿਸ਼ਨੂੰ ਭਗਤ ਹੋਣ।

ਹੁਣ ਦੇਖੋ, ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਵਿਚ ਬੈਸਨੋ (ਵੈਸ਼ਨੋ) ਸ਼ਬਦ ਕਿਹੜਾ ਮਨੁੱਖਾਂ ਪ੍ਰਤੀ ਆਇਆ ਹੈ:-

ਬੈਸਨੋ ਸੋ ਜਿਸੁ ਊਪਰਿ ਸੁਪ੍ਰਸੰਨ।।ਬਿਸਨ ਕੀ ਮਾਇਆ ਤੇ ਹੋਇ ਭਿੰਨ।।
ਕਰਮ ਕਰਤ ਹੋਵੈ ਨਿਹਕਰਮ।। ਤਿਸ ਬੈਸਨੋ ਕਾ ਨਿਰਮਲ ਧਰਮ।। (ਗੁ .ਗ੍ਰੰ . ਸਾ . ਪੰਨਾ-274)

ਅਰਥਾਤ ਜੋ ਮਨੁੱਖ, ਪ੍ਰਭੂ ਦੀ ਮਾਇਆ ਦੇ ਅਸਰ ਤੋਂ ਬੇਦਾਗ਼ ਹੈ ਅਤੇ ਜਿਸ ਉਤੇ ਪ੍ਰਭੂ ਆਪ ਤ੍ਰੁਠਦਾ ਹੈ, ਉਹ ਹੈ ਅਸਲੀ ਬੈਸਨੋ (ਵੈਸ਼ਨੋ)।  ਵੈਸ਼ਨੋ ਦਾ ਧਰਮ ਵੀ ਪਵਿੱਤਰ ਹੈ ਜੋ ਉਹ ਧਰਮ ਦੇ ਕੰਮ ਕਰਦਾ ਹੈ, ਉਨ੍ਹਾਂ ਕੀਤੇ ਕੰਮਾਂ ਦੇ ਫਲ ਦੀ ਇੱਛਾ ਨਹੀਂ ਰੱਖਦਾ।

(5)   ਇਸ਼ਤਿਹਾਰਾਂ ਵਿਚ ਆਦਿ ਧਰਮੀ ਸਿੱਖ ਵੀ ਦੇਖ ਸਕਦੇ ਹਾਂ। ਜਦੋਂ ਆਪਣੇ ਆਪ ਨੂੰ ਸਿੱਖ ਹੀ ਸਮਝ ਲਿਆ ਫਿਰ ਆਦਿ ਧਰਮੀ ਲਿਖਣ ਦੀ ਕੀ ਜ਼ਰੂਰਤ ਪੈ ਗਈ। ਭਾਰਤ ਵਿਚ ਸੂਦਰਾਂ ਦਾ ਆਪਣਾ ਕੋਈ ਧਰਮ ਨਹੀਂ ਸੀ ਕੇਵਲ ਦੂਜਿਆਂ ਦੀ ਗ਼ੁਲਾਮੀ ਕਰਨਾ ਹੀ ਸੂਦਰਾਂ ਦਾ ਧਰਮ ਸੀ। ਗੁਰੁ ਨਾਨਕ ਸਾਹਿਬ ਨੇ ਸਿੱਖੀ ਦਾ ਪ੍ਰਚਾਰ ਕਰਕੇ, ਸੂਦਰਾਂ ਨੂੰ ਸਿੱਖ ਬਣਾਇਆ ਸੀ। ਸੂਦਰਾਂ ਤੋਂ ਜਿਹੜੇ ਸਿੱਖ ਬਣ ਗਏ, ਉਸ ਤੋਂ ਬਾਅਦ ਨਾ ਉਹ ਸੂਦਰ ਰਹੇ ਅਤੇ ਨਾ ਹੀ ਆਦਿ ਧਰਮੀ ਰਹੇ।

(6)    ਕਈ ਇਸ਼ਤਿਹਾਰਾਂ ਵਿਚ ਲਿਖਿਆ ਹੁੰਦਾ ਹੈ ਕਿ ਜਾਤ-ਪਾਤ ਦਾ ਕੋਈ ਬੰਧਨ ਨਹੀਂ ਪਰ ਐਸ. ਸੀ. ਜਾਂ ਬੀ. ਸੀ. ਸੰਪਰਕ ਨਾ ਕਰਨ। ਕਮਾਲ ਹੈ ਜਦ ਜਾਤ-ਪਾਤ ਦਾ ਕੋਈ ਬੰਧਨ ਨਹੀਂ ਹੈ ਤਾਂ ਫਿਰ ਐਸ. ਸੀ. ਅਤੇ ਬੀ. ਸੀ. ਤੋਂ ਕਿਹੜੀ ਭਿੱਟ ਹੋਣ ਲੱਗ ਪੈਂਦੀ ਹੈ।

(7)   ਕਈ ਇਸ਼ਤਿਹਾਰਾਂ ਵਿਚ ਲਿਖਿਆ ਹੁੰਦਾ ਹੈ ਕਿ ਉੱਚੇ ਖਾਨ ਦਾਨ ਵਾਲਾ, ਖਾਨਦਾਨੀ ਜਾਂ ਉੱਚੀ ਜਾਤ ਵਾਲਾ ਆਦਿ । ਕੀ ਉੱਚੀ ਜਾਤ ਜਾਂ ਉੱਚੇ ਖਾਨਦਾਨ ਨਾਲ ਕੋਈ ਮਨੁੱਖ  ਉੱਚਾ ਬਣ ਜਾਂਦਾ ਹੈ ਜਾਂ ਚੰਗਿਆਈ ਕਰਕੇ ਕੋਈ ਮਨੁੱਖ ਉੱਚਾ ਬਣ ਸਕਦਾ ਹੈ?

(8)    ਕਈਆਂ ਨੇ ਵਿਸ਼ੇਸ਼ ਤੌਰ ਤੇ ਲਿਖਿਆ ਹੁੰਦਾ ਹੈ ਕੇਵਲ ਜੱਟ ਸਿੱਖ, ਰਾਮਗੜੀਆ ਸਿੱਖ, ਸੈਣੀ ਸਿੱਖ ਜਾਂ ਅੱਪਰ ਕਲਾਸ ਵਾਲੇ ਹੀ ਸੰਪਰਕ ਕਰਨ। ਅੱਪਰ ਕਾਲਾਸ ਵੈੱਲ-ਕਮ। ਮਿਡਲ ਕਲਾਸ ਵੈਲ-ਕਮ। ਹੁਣ ਤਾਂ ਸਿੱਖਾਂ ਦੀ ਰੇਲ-ਗੱਡੀ ਵਾਲੀ ਅੱਪਰ ਕਲਾਸ, ਮਿਡਲ ਕਲਾਸ ਅਤੇ ਥਰਡ ਕਲਾਸ ਵੀ ਬਣ ਗਈ ਹੈ।

(9)    ਕਈ ਇਸ਼ਤਿਹਾਰਾਂ ਵਿਚ ਲਿਖਿਆ ਹੁੰਦਾ ਹੈ ਕਲੀਨਸ਼ੇਵ ਸਿੱਖ।ਭਲਿਓ! ਜਿਹੜਾ ਸਿੱਖ, ਕਲੀਲਸ਼ੇਵ ਹੋ ਗਿਆ ਉਹ ਕਾਹਦਾ ਸਿੱਖ ਰਹਿ ਗਿਆ। ਮੈਂ ਇਕ ਮੱਝ ਦੀ ਤਸਵੀਰ ਬਣਾ ਕੇ, ਉਸ ਤੇ ਹਾਥੀ ਲਿਖਿਆ ਹੋਇਆ ਹੈ। ਇਕ ਦਿਨ ਇਕ ਸਿੱਖ ਪ੍ਰਵਾਰ ਦਾ ਮੋਨਾ ਲੜਕਾ ਮੇਰੇ ਕੋਲ ਆ ਕੇ ਬਹਿ ਗਿਆ। ਜਦੋਂ ਉਸ ਨੇ ਮੈਂਨੂੰ ਕਿਹਾ ਕਿ ਇਹ ਤਾਂ ਮੱਝ ਹੈ, ਮੱਝ ਉੱਤੇ ਹਾਥੀ ਕਿਉਂ ਲਿਖਿਆ ਹੈ? ਮੈਂ ਉਸ ਨੂੰ ਕਿਹਾ, “ਇਹ ਹਾਥੀ ਹੀ ਹੈ।” ਉਹ ਕਹਿਣ ਲੱਗਾ  ਕਿ ਮੱਝ ਅਤੇ ਹਾਥੀ ਵਿਚ ਅੰਤਰ ਹੁੰਦਾ ਹੈ। ਮੈਂ ਉਸ ਨੂੰ ਪੁੱਛਿਆ, “ਕੀ ਤੁਸੀਂ ਸਿੱਖ ਹੋ?” ਉਹ ਮੇਰੇ ਸਵਾਲ ਨੂੰ ਸਮਝ ਚੁੱਕਾ ਸੀ। ਉਸ ਨੇ ਕਿਹਾ, ”ਮੈਂ ਸਿੱਖ ਨਹੀਂ ਹਾਂ ਕਿਉਂਕਿ ਮੱਝ ਤੇ ਲਿਖੇ ਹਾਥੀ ਦੀ ਅਸਲੀਅਤ ਨੂੰ ਮੈਂ ਸਮਝ ਚੁੱਕਾ ਹਾਂ।” ਕਾਸ਼! ਇਹ ਗੱਲ ਉਨ੍ਹਾਂ ਨੂੰ ਵੀ ਸਮਝ ਆ ਜਾਵੇ ਜਿਹੜੇ ਸਿਰ ਮੂੰਹ ਮੁਨਾ ਕੇ ਆਪਣੇ ਆਪ ਨੂੰ ਸਿੱਖ ਕਹਿੰਦੇ ਹਨ।

(10)   ਇਸ਼ਤਿਹਾਰਾਂ ਵਿਚ ਕਿਤੇ ਕਿਤੇ ਲਿਖਿਆ ਹੁੰਦਾ ਹੈ: ਜੱਟ ਸਿੱਖ ਰਾਧਾ ਸਵਾਮੀ, ਰਾਮਗੜ੍ਹੀਆ ਸਿੱਖ ਰਾਧਾ ਸਵਾਮੀ, ਰਾਮਦਾਸੀਆ ਸਿੱਖ ਰਾਧਾ ਸਵਾਮੀ, ਮਜ਼ਬੀ ਸਿੱਖ ਰਾਧਾਸਵਾਮੀ ਆਦਿ। ਇਸ ਤੋਂ ਇਲਾਵਾ ਲਿਖਿਆ ਹੁੰਦਾ ਹੈ ਨਾਮਧਾਰੀ ਸਿੱਖ ਜਾਂ  ਨਿਰੰਕਾਰੀ ਸਿੱਖ ਆਦਿ। ਪਹਿਲੀ ਗੱਲ ਤਾਂ ਇਹ ਹੈ ਕਿ ਜਿਸ ਮਨੁੱਖ ਨੇ ਸਿੱਖੀ ਨੂੰ ਆਪਨਾ ਲਿਆ ਹੈ, ਉਹ ਕੇਵਲ ਤਾਂ ਕੇਵਲ ‘ਸਿੱਖ’ ਹੀ ਹੁੰਦਾ ਹੈ ਹੋਰ ਕੁੱਝ ਨਹੀਂ ਅਤੇ ਨਾ ਹੀ ਉਸ ਦਾ ਕੋਈ ਹੋਰ ਧਰਮ ਹੁੰਦਾ ਹੈ।

(11)    ਇਸ਼ਤਿਹਾਰਾਂ ਵਿਚ ਇਕ ਗੱਲ ਹੋਰ ਲਿਖੀ ਹੁੰਦੀ ਹੈ ਕਿ ਲੜਕਾ ਜਾਂ ਲੜਕੀ ਲਈ ਰਿਸ਼ਤਾ ਚਾਹੀਦਾ ਹੈ, ਪਰ ਉਹੀ ਸੰਪਰਕ ਕਰਨ ਜਿਹੜਾ ਲੜਕੀ ਦੇ ਭਾਈ ਜਾਂ ਲੜਕੀ ਦੀ ਭੈਣ ਜਾਂ ਭੂਆ ਦੇ ਲੜਕੇ ਜਾਂ ਲੜਕੀ ਨੂੰ ਕੈਨੇਡਾ, ਅਮਰੀਕਾ ਜਾਂ ਭਾਰਤ ਵਿਚ ਰਿਸ਼ਤਾ ਕਰਾ ਸਕਦਾ ਹੋਵੇ। ਜੇਕਰ ਕੋਈ ਇਹ ਸ਼ਰਤ ਪੂਰੀ ਨਹੀਂ ਕਰਦਾ ਬੈਠੇ ਰਹੋ ਕੁਆਰੇ। ਇਸ ਗੱਲ ਤੋਂ ਪਤਾ ਲਗਦਾ ਹੈ ਕਿ ਆਉਣ ਵਾਲੇ ਸਮਿਆਂ ਵਿਚ ਰਿਸ਼ਤੇ-ਨਾਤੇ ਹੋਣ ਵਿਚ ਬਹੁਤ ਵੱਡੀ ਸਮੱਸਿਆ ਪੈਦਾ ਹੋ ਜਾਵੇਗੀ।

(12)   ਇਸ਼ਤਿਹਾਰਾਂ ਵਿਚ ਰਿਸ਼ਤੇ-ਨਾਤੇ ਕਰਨ ਲਈ ਸੌਦੇ ਬਾਜ਼ੀ ਵੀ ਹੁੰਦੀ ਹੈ। ਜਿਵੇਂ ਲੜਕੀ ਦੇ ਵਿਦੇਸ਼ ਦੀ ਪੜ੍ਹਾਈ ਦਾ ਸਾਰਾ ਖ਼ਰਚ ਕਰਨ ਵਾਲਾ ਲੜਕਾ ਚਾਹੀਦਾ ਹੈ। ਅਸਲ ਵਿਚ ਇਹ ਸ਼ਰਤ ਇਸ ਕਰਕੇ ਵੀ ਲਾਈ ਜਾਂਦੀ ਹੈ ਕਿ ਲੜਕਾ ਵਿਦੇਸ਼ ਵਿਚ ਜਾ ਕੇ ਪੀ.ਆਰ. ਹੋਣ ਉਪਰੰਤ ਤਲਾਕ ਨਾ ਲੈ ਲਵੇ। ਮਨ ਵਿਚ ਤਲਾਕ ਦਾ ਡਰ ਪਹਿਲਾ ਹੀ ਕੰਮ ਕਰ ਰਿਹਾ ਹੁੰਦਾ ਹੈ। ਜਿਹੜਾ ਲੜਕਾ ਇਹ ਖ਼ਰਚਾ ਕਰ ਸਕਦਾ ਹੈ ਉਹ ਵਿਦੇਸ਼ ਜਾ ਕੇ ਲੜਕੀ ਵਾਲਿਆਂ ਤੋਂ ਇਹ ਖ਼ਰਚਾ ਵਸੂਲ ਵੀ ਸਕਦਾ ਹੈ।

(13)   ਕਈ ਇਸ਼ਤਿਹਾਰਾਂ ਵਿਚ ਲਿਖਿਆ ਹੁੰਦਾ ਹੈ ਜੱਟ ਗੁਰਸਿੱਖ ਲੜਕਾ ਜਾਂ ਲੜਕੀ, ਖੱਤਰੀ ਗੁਰਸਿੱਖ ਲੜਕਾ ਜਾਂ ਲੜਕੀ, ਰਾਮਗੜ੍ਹੀਆ ਗੁਰਸਿੱਖ ਲੜਕਾ ਜਾਂ ਲੜਕੀ, ਸੈਣੀ ਗੁਰਿਸੱਖ ਲੜਕਾ ਜਾਂ ਲੜਕੀ, ਰਾਮਦਾਸੀਆਂ ਗੁਰਸਿੱਖ ਲੜਕਾ ਜਾਂ ਲੜਕੀ, ਮਜ਼ਬੀ ਗੁਰਸਿੱਖ ਲੜਕਾ ਜਾਂ ਲੜਕੀ ਆਦਿ। ਜਦੋਂ ਆਪਣੇ ਆਪ ਨੂੰ ਗੁਰਸਿੱਖ ਹੀ ਲਿਖ ਦਿੱਤਾ ਤਾਂ ਫਿਰ ਹਿੰਦੂਮਤ ਵਾਲੀ ਜਾਤ ਲਿਖਣ ਦੀ ਜ਼ਰੂਰਤ ਕਿਉਂ ਪੈ ਗਈ?

(14)    ਟਾਵੇਂ-ਟਾਵੇਂ ਇਸ਼ਤਿਹਾਰਾਂ ਵਿਚ ਕਿਤੇ ਕਿਤੇ ਸਿੱਖ ਜਾਂ ਗੁਰਸਿੱਖ ਲਿਖਿਆ ਵੀ ਮਿਲਦਾ ਹੈ। ਅਜਿਹੇ ਇਸ਼ਤਿਹਾਰਾਂ ਨੂੰ ਪੜ੍ਹ ਕੇ ਲਗਦਾ ਹੈ ਕਿ ਇਹ ਜ਼ਰੂਰ ਗੁਰੂ ਦੇ ਅਸਲ ਸਿੱਖ ਹੋਣਗੇ, ਪਰ ਜਦੋਂ ਗੱਲ ਕੀਤੀ ਜਾਂਦੀ ਹੈ ਤਾਂ ਆਪਣੀ ਜਾਤ-ਬਰਾਦਰੀ ਦੀ ਗੱਲ ਕਰਨ ਲੱਗ ਜਾਂਦੇ ਹਨ। ਅਸਲ ਵਿਚ ਇਸ਼ਤਿਹਾਰ ਦਾ ਖ਼ਰਚਾ ਘੱਟ ਕਰਨ ਲਈ ਜਾਤ-ਬਰਾਦਰੀ ਨਹੀਂ ਲਿਖਦੇ।

(15)    ਕਈ ਇਸਤਿਹਾਰਾਂ ਵਿਚ ਲਿਖਿਆ ਹੁੰਦਾ ਹੈ ਕਿ ਵਿਆਹ ਬਹੁਤ ਵਧੀਆ ਕੀਤਾ ਜਾਵੇਗਾ। ਇਹ ਇਸ਼ਾਰਾ ਲਿਖਣ ਤੋਂ ਭਾਵ ਹੁੰਦਾ ਹੈ ਦਾਜ ਚੰਗਾ ਦਿੱਤਾ ਜਾਵੇਗਾ। ਸ਼ਾਇਦ ਕੋਈ ਦਾਜ ਦਾ ਲਾਲਚੀ ਅੱਗੇ ਆ ਜਾਵੇ।

(16)     ਸਿੱਖਾਂ ਦੀ ਇਕ ਹੋਰ ਨਵੀਂ ਕਿਸਮ ਹੈ: ਜਨਮ-ਕੁੰਡਲੀ ਅਤੇ ਮੰਗਲੀਕ ਵਾਲੀ, ਜਿਸ ਨੇ ਬੱਚਿਆਂ ਦੇ ਪੈਦਾ ਹੋਣ ਦਾ ਸਮਾਂ ਅਤੇ ਦਿਨ ਵੀ ਲਿਖਿਆ ਹੁੰਦਾ ਹੈ। ਪਰ ਸਾਨੂੰ ਇਕ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਜਿਸ ਬੱਚੇ ਨੇ ਪੈਦਾ ਹੋਣਾ ਹੁੰਦਾ ਹੈ, ਉਸ ਦਾ ਜਨਮ-ਕੰਡਲੀ, ਮੰਗਲੀਕ, ਸਮੇਂ ਅਤੇ ਦਿਨ ਨਾਲ ਕੋਈ ਮਤਲਬ ਨਹੀਂ ਹੁੰਦਾ ।

(17)    ਕਈ ਵਿਸ਼ੇਸ਼ ਕਰਕੇ ਆਪਣੇ ਲੜਕੇ ਦਾ ਵਿਆਹ ਉਸ ਪ੍ਰਵਾਰ ਵਿਚ ਕਰਦੇ ਹਨ, ਜਿੱਥੇ ਲੜਕੀ ਦਾ ਕੋਈ ਭਰਾ ਨਾ ਹੋਵੇ ਤਾਂ ਜੋ ਸਾਰੀ ਜ਼ਮੀਨ ਨੂੰ ਆਪਣੇ ਕਬਜ਼ੇ ਵਿਚ ਕੀਤਾ ਜਾ ਸਕੇ। ਲੜਕੀ ਨਾਲੋਂ ਜ਼ਮੀਨ ਦਾ ਲਾਲਚ ਜ਼ਿਆਦਾ ਭਾਰੂ ਹੁੰਦਾ ਹੈ।

(18)   ਇਸ਼ਤਿਹਾਰਾਂ ਵਿਚ ਇਹ ਵੀ ਲਿਖਿਆ ਹੁੰਦਾ ਹੈ ਕਿ ਜੱਟ ਸਿੱਖ, ਸੈਣੀ ਸਿੱਖ, ਰਾਮਗੜ੍ਹੀਆ ਸਿੱਖ, ਖੱਤਰੀ ਸਿੱਖ ਲੜਕੀ  ਲਈ ਕਲੀਨਸ਼ੇਵ ਵਰ ਨੂੰ ਪਹਿਲ। ਕਮਾਲ ਹੈ ਲੜਕੀ ਸਿੱਖ ਪਰ ਵਰ ਕਲੀਨਸ਼ੇਵ। ਅਸਲ ਵਿਚ ਸਿੱਖੀ ਤੋਂ ਅਣਜਾਣ ਲੜਕੀਆਂ ਆਪ ਕਲੀਨਸ਼ੇਵ ਲੜਕਾ ਚਾਹੁੰਦੀਆਂ ਹਨ। ਸਿੱਖ-ਕੌਮ ਦਾ ਭੋਗ ਜਲਦੀ ਪਾਉਣ ਦੀ ਸਲਾਹ ਲਗਦੀ ਹੈ।

(19)   (ਜੱਟ ਸਿੱਖ, ਰਾਮਗੜ੍ਹੀਆ ਸਿੱਖ, ਸੈਣੀ ਸਿੱਖ, ਖੱਤਰੀ ਸਿੱਖ, ਰਾਮਦਾਸੀਆ ਸਿੱਖ, ਮਜ਼ਬੀ ਸਿੱਖ ਆਦਿ) ਲੜਕੀ ਜੋ  ਬਿਊਟੀ ਪਾਰਲਰ ਦਾ ਕੰਮ ਕਰਦੀ ਹੈ, ਲਈ ਵਰ ਚਾਹੀਦਾ ਹੈ। ਵਾਹ! ਸਿੱਖ ਹੋ ਕੇ ਲੜਕੀਆਂ ਤੋਂ ਹਜਾਮਤ ਕਰਾਉਣੀ। ਗਲਾਂ ਵਿਚ ਕ੍ਰਿਪਾਨਾਂ ਪਾਉਣ ਵਾਲੀਆਂ ਸਿੱਖ ਔਰਤਾਂ ਨੇ ਬਿਊਟੀ ਪਾਰਲਰਾਂ ਵਿਚ ਜਾ ਕੇ ਆਪਣੀ ਸਿੱਖੀ ਦਾ ਭੋਗ ਪਾ ਦਿੱਤਾ ਹੈ।

ਉਕਤ ਕਿਸਮ ਦੇ ਜਾਤ-ਬਰਾਦਰੀਆਂ ਵਾਲਿਆਂ ਦੇ ਅਨੰਦ ਕਾਰਜ ਕਰਾਉਣ ਵਾਲੇ ਸਿੱਖ-ਪ੍ਰਚਾਰਕ, ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਕਿੰਨਾ ਕੁਫ਼ਰ ਤੋਲਦੇ ਹਨ ਕਿ ਗੁਰਮਤਿ ਅਨੁਸਾਰ ਅਨੰਦ ਕਾਰਜ ਸੰਪਨ ਹੋਇਆ। ਸਭ ਤੋਂ ਪਹਿਲਾਂ ਇਹ ਅਨੰਦ ਕਾਰਜ ਕਰਾਉਣ ਵਾਲੇ ਹੀ ਦੋਸ਼ੀ ਹਨ। ਸਿੱਖ-ਪ੍ਰਚਾਰਕਾਂ ਨੂੰ ਕਹਿਣਾ ਤਾਂ ਇਹ ਬਣਦਾ ਸੀ ਕਿ ਹਿੰਦੂਮਤ ਅਤੇ ਸਿੱਖਮਤ ਦੀ ਰਲਵੀਂ ਮਰਿਆਦਾ ਅਨੁਸਾਰ ਗੁਰੂ ਦੀ  ਹਜ਼ੂਰੀ ਵਿਚ ਅਨੰਦ ਕਾਰਜ ਸੰਪੂਰਨ ਹੋਇਆ।

ਰਿਸ਼ਤਿਆਂ ਵਿਚ ਆ ਰਹੀਆਂ ਰੁਕਾਵਟਾਂ

ਅੱਜ ਸਮੁੱਚੀ ਕੌਮ ਨੇ ਗੁਰਮਤਿ ਤੋਂ ਉਲਟ ਰਾਹ ਅਪਨਾਇਆ ਹੋਇਆ ਹੈ। ਜਿਸ ਕਾਰਣ ਅੱਜ ਰਿਸ਼ਤੇ-ਨਾਤੇ ਇਕ ਮੁਸੀਬਤ ਬਣਦੇ ਜਾ ਰਹੇ ਹਨ। ਅੱਜ ਬਹੁਤਾਤ ਗਿਣਤੀ ਉਨ੍ਹਾਂ ਸਿੱਖਾਂ ਦੀ ਹੈ, ਜਿਹੜੇ 3-3, 4-4 ਜਾਂ 5-5 ਸਾਲ ਤੋਂ ਇਸ਼ਤਿਹਾਰਾਂ ਵਿਚ ਸਿਰ-ਖਪਾਈ ਕਰਦੇ ਆ  ਰਹੇ ਹਨ। ਇਸ ਤੋ ਇਲਾਵਾ ਰਿਸ਼ਤਿਆਂ ਦੀਆਂ ਤਸਵੀਰਾਂ ਵੱਖ-ਵੱਖ ਮੈਟਰੀਮੋਨੀਅਲਾਂ ਦੀਆਂ ਸਾਈਟਾਂ ਤੇ ਘੁੰਮ ਰਹੀਆਂ ਹਨ। ਬਹੁਤ ਸਾਰੇ, ਅਖ਼ਬਾਰਾਂ ਵਿਚ ਹਜ਼ਾਰਾਂ ਰੁਪਿਆ ਖ਼ਰਚ ਕੇ ਘਰ ਬਹਿ ਗਏ ਹਨ। ਕੇਵਲ ਦੂਜਿਆਂ ਦੇ ਛਪੇ ਇਸ਼ਤਿਹਾਰ ਦੇਖਦੇ ਰਹਿੰਦੇ ਹਨ ਤਾਂ ਜੋ ਆਪਣੀ ਇੱਛਾ ਅਨੁਸਾਰ ਰਿਸ਼ਤਾ ਮਿਲ ਜਾਵੇ।ਰਿਸ਼ਤਿਆਂ ਵਿਚ ਪੈਦਾ ਹੋ ਰਹੀਆਂ ਰੁਕਵਟਾਂ ਦੇ ਕਾਰਣ:-

(1)      ਸੱਭ ਤੋਂ ਵੱਡਾ ਕਾਰਣ ਸਿੱਖਾਂ ਦੀ ਵਖ ਵਖ ਜਾਤ-ਬਰਾਦਰੀਆਂ ਹਨ ਜਿਹੜੀਆਂ ਰਿਸ਼ਤਿਆਂ ਵਿਚ ਰੁਕਾਵਟਾਂ ਬਣੀਆਂ ਹੋਈਆਂ ਹਨ। ਅਸਲ ਵਿਚ ਇਹ ਜਾਤ-ਗੋਤ ਇਕ ਕੋਰਾ ਝੂਠ ਹੈ ਪਰ ਇਸ ਝੂਠ ਨੂੰ ਅਨਪੜ੍ਹ ਤਾਂ ਕੀ, ਪੜ੍ਹੇ-ਲਿਖੇ ਆਪਣੇ ਆਪ ਨੂੰ ਵਿਗਿਆਨਕ ਸੋਚ ਅਤੇ ਮਾਡਰਨ ਅਖਵਾਉਣ ਵਾਲੇ ਸਿੱਖ ਵੀ ਇਸ ਝੂਠ ਨੂੰ ਸਮਝਣ ਵਿਚ ਪੂਰੀ ਤਰ੍ਹਾਂ ਨਾਕਾਮ ਸਾਬਤ ਹੋਏ ਹਨ। ਦੇਸੀ ਅਤੇ ਵਿਦੇਸੀ ਪੜ੍ਹਾਈਆਂ ਦੀਆਂ ਵੱਡੀਆਂ ਵੱਡੀਆਂ ਡਿਗਰੀਆਂ ਵਾਲੀ ‘ਬੁੱਧੀ’ ਵੀ ਜਾਤ-ਗੋਤ ਅੱਗੇ ਫਿੱਕੀ ਪੈ ਗਈ ਹੈ। ਕਿਹਾ ਤਾਂ ਇਹ ਜਾਂਦਾ ਹੈ ਕਿ ਅਸੀਂ ਵਿਗਿਆਨਕ ਯੁੱਗ ਵਿਚ ਵਿਚਰ ਰਹੇ ਹਾਂ ਪਰ ਸਿੱਖਾਂ ਦੀ ਸੋਚ ਨੂੰ ਦੇਖ ਲਗਦਾ ਹੈ ਕਿ ਅਸੀਂ ਪੱਥਰ ਯੁੱਗ ਵਿਚ ਵਿਚਰ ਰਹੇ ਹਾਂ।ਜਾਤ ਉਹ ਜੋਕ ਹੈ, ਜਿਹੜੀ ਸਿੱਖਾਂ ਦਾ ਮਰਦੇ ਦਮ ਤਕ ਵੀ ਖਹਿੜਾ ਨਹੀਂ ਛੱਡਦੀ।

(2)     ਬੱਚਿਆਂ ਦੀ ਪੜ੍ਹਾਈ ਅਤੇ ਕੋਰਸਾਂ ਵਿਚ ਬਰਾਬਰ ਰਿਸ਼ਤਾ ਨਾ ਹੋਣਾ। ਕਈਆਂ ਦੀਆਂ ਲੜਕੀਆਂ ਵੱਧ ਪੜ੍ਹ ਗਈਆਂ ਹਨ ਪਰ ਉਸ ਪੜ੍ਹਾਈ ਦੇ ਬਰਾਬਰ ਲੜਕੇ ਨਹੀਂ ਮਿਲ ਰਹੇ। ਕਈਆਂ ਦਾ ਲੜਕਾ ਵੱਧ ਪੜ੍ਹ ਗਿਆ ਹੈ, ਲੜਕੀ ਨਹੀਂ ਮਿਲ ਰਹੀ। ਕਈ ਕਈ ਸਾਲਾਂ ਤੋਂ ਇਸ਼ਤਿਹਾਰਾਂ ਵਿਚ ਘੁੰਮ ਰਹੇ ਹਨ। ਆਪਣੀ ਜਾਤ-ਬਰਾਦਰੀ ਨੂੰ ਛੱਡ ਕੇ ਹੋਰ ਪਾਸੇ ਰਿਸ਼ਤਾ ਕਰਨਾ ਨਹੀਂ ਚਾਹੁੰਦੇ।

(3)     ਬੱਚਿਆਂ ਦੀ ਉਮਰ ਦਾ ਬਰਾਬਰ ਨਾ ਮਿਲਣਾ ਵੀ ਇਕ ਰੁਕਾਵਟ ਬਣ ਰਹੀ ਹੈ। ਕੋਈ ਵੱਡੀ ਉਮਰ ਦਾ ਮਿਲਦਾ ਹੈ ਜਾਂ ਛੋਟੀ ਉਮਰ ਦਾ ਮਿਲਦਾ ਹੈ। ਬਹੁਤ ਸਾਰੇ ਰਿਸ਼ਤੇ-ਨਾਤੇ ਉਮਰ ਪਿੱਛੇ ਲਟਕ ਰਹੇ ਹਨ।

(4)    ਬਰਾਬਰ ਦੀ ਨੌਕਰੀ ਦਾ ਨਾ ਮਿਲਣਾ ਵੀ ਰੁਕਾਵਟ ਬਣ ਰਿਹਾ ਹੈ। ਜਿਹੜਾ ਲੱਗ ਗਿਆ, ਉਸ ਨੂੰ ਵੀ ਆਪਣਾ ਸਾਥੀ ਨੌਕਰੀ ਵਾਲਾ ਚਾਹੀਦਾ ਹੈ। ਇਹ ਵੀ ਸਵਾਲ ਖੜਾ ਹੁੰਦਾ ਹੈ ਕਿ ਕਿਹੋ ਜਿਹੀ ਨੌਕਰੀ ਵਾਲਾ ਚਾਹੀਦਾ ਹੈ। ਨੋਕਰੀ ਵਾਲੇ ਨਾ ਮਿਲਣ ਕਾਰਣ ਉਮਰ ਲੰਘ ਰਹੀ ਹੁੰਦੀ ਹੈ।

(5)    ਕਈਆਂ ਨੂੰ ਆਪਣੇ ਸਟੈਂਡਰਡ ਵਾਲਾ ਨਹੀਂ ਮਿਲਦਾ। ਜੇਕਰ ਕੋਈ ਅਮੀਰ ਹੈ ਉਹ ਗ਼ਰੀਬ ਘਰ ਰਿਸ਼ਤਾ ਕਰਨ ਲਈ ਤਿਆਰ ਨਹੀਂ। ਜੇਕਰ ਕਿਸੇ ਕੋਲ ਕੋਠੀਆਂ ਅਤੇ ਗੱਡੀਆਂ ਹਨ ਤਾਂ ਦੂਜੇ ਕੋਲ ਵੀ ਇਹ ਹੋਣਾ ਚਾਹੀਦਾ ਹੈ।

(6)    ਜੇਕਰ ਲੜਕੀ ਪੜ੍ਹੀ-ਲਿਖੀ ਹੈ ਜਾਂ ਨੌਕਰੀ ਕਰਦੀ ਹੈ ਤਾਂ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਲੜਕੀ ਘਰ ਦੀ ਰੋਟੀ ਨਹੀਂ ਬਣਾਏਗੀ। ਰੋਟੀ ਹੋਟਲਾਂ ਵਿਚੋਂ ਮੰਗਾਉਣੀ ਪੈਣੀ ਹੈ। ਘਰ ਵਿਚ ਰੋਟੀ ਨਾ ਬਨਾਉਣਾ ਵੀ ਇਕ ਨਵੀਂ ਸਮੱਸਿਆ ਬਣ ਰਹੀ ਹੈ।

(7)    ਗੋਰਾ ਜਾਂ ਕਾਲਾ ਰੰਗ ਵੀ ਰੁਕਾਵਟ ਦਾ ਕਾਰਣ ਬਣ ਰਿਹਾ ਹੈ। ਰੰਗ ਕਰਕੇ ਕਈ ਰਿਸ਼ਤੇ ਨਹੀਂ ਬਣ ਰਹੇ।

(8)   ਮੋਟਾਪਾ ਵੀ ਕਈਆਂ ਦੇ ਰਿਸ਼ਤੇ-ਨਾਤਿਆਂ ਵਿਚ ਰੁਕਾਵਟ ਦਾ ਕਾਰਣ ਬਣ ਰਿਹਾ ਹੈ।

(9)  ਛੋਟਾ ਕੱਦ ਜਾਂ ਵੱਡਾ ਕੱਦ ਵੀ ਰੁਕਾਵਟ ਦਾ ਕਾਰਣ ਬਣ ਰਿਹਾ ਹੈ। ਅੱਜ ਦੇ ਯੁੱਗ ਵਿਚ ਖ਼ਾਸ ਕਰਕੇ ਲੜਕੀਆਂ ਦਾ ਕੱਦ ਬਹੁਤ ਛੋਟਾ ਰਹਿ ਗਿਆ ਹੈ। ਕਈ ਲੜਕੀਆਂ ਦਾ ਕੱਦ ਐਨਾ ਵੱਧ ਗਿਆ ਹੈ ਕਿ ਲੜਕੇ ਉਸ ਕੱਦ ਦੇ ਬਰਾਬਰ ਨਹੀਂ ਮਿਲਦੇ।

(10)    ਅੱਜ ਬਹੁਤ ਸਾਰੇ ਬੱਚਿਆਂ ਦੀ ਉਮਰ, ਪੜ੍ਹਾਈ, ਕੋਰਸ, ਨੌਕਰੀ ਅਤੇ ਕੱਦ ਆਦਿ ਦਾ ਰਿਸ਼ਤਾ ਆਪਣੀ  ਜਾਤ-ਬਰਾਦਰੀ ਵਿਚੋਂ ਨਾ ਮਿਲਣਾ ਵੀ ਰੁਕਾਵਟ ਦਾ ਕਾਰਣ ਬਣਿਆ ਹੋਇਆ ਹੈ। ਆਪਣੀ ਹੀ ਜਾਤ-ਬਰਾਦਰੀ ਵਿਚੋਂ ਲੱਭਣ ਪਿੱਛੇ ਰਿਸ਼ਤੇ ਲਟਕ ਰਹੇ ਹਨ।

(11)    ਦਾਜ ਦੀ ਸਮੱਸਿਆ ਵੀ ਬਹੁਤ ਵੱਡੀ ਹੈ। ਲੜਕੀ ਵਾਲਿਆਂ ਦੀ ਜ਼ਮੀਨ, ਜਾਇਦਾਦ, ਦੌਲਤ ਨੂੰ ਦੇਖ ਕੇ ਰਿਸ਼ਤੇ ਤੈਅ ਹੁੰਦੇ ਹਨ।  ਜੇਕਰ ਰਿਸ਼ਤਾ ਮਿਲਦਾ ਹੈ ਤਾਂ ਦਾਜ ਵਾਲਿਆਂ ਦੀ ਮੰਗ ਪੂਰੀ ਨਾ ਹੋਣ ਕਰਕੇ ਪੱਕਾ ਕੀਤਾ ਹੋਇਆ ਰਿਸ਼ਤਾ ਵੀ ਟੁੱਟਣ ਨੂੰ ਦੇਰ ਨਹੀਂ ਲਗਦੀ। ਬਰਾਤਾਂ ਬਰੰਗ ਵਾਪਸ ਘਰ ਆ ਜਾਂਦੀਆਂ ਹਨ।

(12)  ਕਈ ਆਪਣੇ ਸ਼ਰੀਕਾਂ ਨੂੰ ਦਿਖਾਉਣ ਲਈ ਵੱਧ ਤੋਂ ਵਧ ਦਾਜ ਦੇ ਕੇ ਆਪਣੀ ਸਮਾਜ ਵਿਚ ਠੁੱਕ ਬਣਾਉਣ ਲਈ ਆਪਣਾ ਝੁੱਗਾ ਚੌੜ ਕਰਾਉਂਦੇ ਹਨ। ਅੱਜ ਕੱਲ ਮਹਿੰਗੀਆਂ ਕਾਰਾਂ ਦੇਣ ਦਾ ਰਿਵਾਜ ਵੀ ਵਧਦਾ ਜਾ ਰਿਹਾ ਹੈ। ਕਰਜ਼ੇ ਲੈ ਕੇ ਅਜਿਹੇ ਵਿਆਹ ਕੀਤੇ ਜਾਂਦੇ ਹਨ ਜਦੋਂ ਕਰਜ਼ਾ ਨਹੀਂ ਲਹਿੰਦਾ ਤਾਂ ਆਤਮ-ਹੱਤਿਆ ਕਰਨ ਨੂੰ ਵੀ ਦੇਰ ਨਹੀਂ ਲਾਉਂਦੇ।

(13)   ਬਹੁਤ ਸਾਰੇ ਬੱਚੇ ਬਾਹਰਲੇ ਦੇਸਾਂ ਵਿਚ ਪੜ੍ਹਾਈ ਕਰਨ ਚਲੇ ਗਏ ਅਤੇ ਕਈ ਉੱਥੇ ਹੀ ਰਹਿ ਗਏ ਹਨ। ਰਿਸ਼ਤੇ-ਨਾਤੇ ਉੱਧਰ ਦੇ ਨਾ ਮਿਲਣ ਕਾਰਣ ਰੁਕਾਵਟਾਂ ਬਣ ਰਹੀਆਂ ਹਨ। ਪੰਜਾਬ ਵਾਲੇ ਬਾਹਰ ਦੇ ਰਿਸ਼ਤੇ ਭਾਲ ਰਹੇ ਹਨ ਅਤੇ ਬਾਹਰ ਵਾਲੇ ਪੰਜਾਬ ਤੋਂ ਰਿਸ਼ਤੇ ਭਾਲ ਰਹੇ ਹਨ। ਕਿਹਾ ਜਾਂਦਾ ਹੈ ਕਿ ਬਾਹਰ ਜਾ ਕੇ ਸਿੱਖਾਂ ਨੇ ਆਪਣਾ ਮਿੰਨੀ ਪੰਜਾਬ ਬਣਾ ਲਿਆ ਹੈ।ਪਰ ਰਿਸ਼ਤੇ-ਨਾਤਿਆਂ ਦੇ ਸਬੰਧ ਵਿਚ ਮਿੰਨੀ ਪੰਜਾਬ ਵਾਲਿਆਂ ਨੂੰ ਵੀ ਬਹੁਤ ਵੱਡੀ ਮੁਸੀਬਤ ਬਣੀ ਹੋਈ ਹੈ।

(14)   ਵਿਦੇਸਾਂ ਵਿਚ ਜਾਣ ਲਈ ਅਕਸਰ ਝੂਠੇ ਵਿਆਹ ਹੁੰਦੇ ਰਹਿੰਦੇ ਹਨ। ਜਿਨ੍ਹਾਂ ਨੂੰ ਕੱਚਾ ਵਿਆਹ ਵੀ ਕਿਹਾ ਜਾਦਾ ਹੈ। ਫ਼ਿਲਮਾਂ ਬਨਾਉਣ ਸਮੇਂ ਸਾਰੇ ਨਕਲੀ ਵਿਆਹ ਹੀ ਫ਼ਿਲਮਾਏ ਜਾਂਦੇ ਹਨ। ਜਿਹੜੇ ਕੱਚੇ/ਨਕਲੀ ਵਿਆਹ ਕੀਤੇ ਜਾਂਦੇ ਹਨ, ਉਹ ਇਕ ਰਸਮੀ ਵਿਆਹ ਧੋਖਾ ਦੇਣ ਲਈ ਹੀ ਹੁੰਦੇ ਹਨ। ਅਜਿਹੇ ਵਿਆਹਾਂ ਕਰਕੇ ਹੀ ਆਮ ਲੋਕਾਂ ਦਾ ਇਕ-ਦੂਜੇ ਤੋਂ ਭਰੋਸਾ ਖ਼ਤਮ ਹੋ ਗਿਆ ਹੈ।

(15)    ਕਈ ਪਹਿਲਾਂ ਹੀ ਵਿਆਹੇ ਵਿਦੇਸ਼ੀ ਲਾੜੇ ਪੰਜਾਬ ਵਿਚ ਆ ਕੇ ਹੋਰ ਵਿਆਹ ਕਰਵਾ ਲੈਂਦੇ ਹਨ। ਪੰਜਾਬ ਵਿਚ ਰਹਿਣ ਉਪਰੰਤ ਵਿਆਹੀ ਲੜਕੀ ਨੂੰ ਇਹ ਕਹਿ ਕੇ ਵਿਦੇਸ਼ ਚਲੇ ਜਾਂਦੇ ਹਨ ਕਿ ਉੱਥੇ ਜਾ ਕੇ, ਤੇਰੇ ਕਾਗਜ਼-ਪੱਤਰ ਤਿਆਰ ਕਰਕੇ ਤੈਂਨੂੰ ਭੇਜ ਦੇਵਾਂਗਾ। ਪਰ ਲਾੜਾ ਵਿਦੇਸ਼ ਜਾ ਕੇ ਕੋਈ ਗੱਲ ਨਹੀਂ ਕਰਦਾ। ਕਈ ਵਿਆਹੀਆਂ ਲੜਕੀਆਂ ਆਪਣੇ ਪੇਕਿਆਂ ਘਰ ਬੈਠੀਆਂ ਵਿਦੇਸ਼ਾਂ ਵਿਚੋਂ ਆਉਣ ਵਾਲੇ ਸੱਦਾ-ਪੱਤਰ ਦੀ ਉਡੀਕ ਕਰ ਰਹੀਆਂ ਹਨ। ਕਈਆਂ ਕੋਲ ਤਾਂ ਬੱਚਾ ਪੈਦਾ ਹੋਣ ਉਪਰੰਤ ਬੱਚਾ ਵੱਡਾ ਹੋ ਕੇ ਸਕੂਲ ਵੀ ਜਾਣ ਲੱਗ ਪਿਆ ਹੈ। ਵਿਦੇਸ਼ੀ ਲਾੜਿਆਂ ਦੇ ਧੋਖੇ ਕਾਰਣ ਪੰਜਾਬ ਵਿਚ ਅਨੇਕਾਂ ਵਿਆਹੀਆਂ ਲੜਕੀਆਂ ਆਪਣੀ ਕਿਸਮਤ ਨੂੰ ਰੋ ਰਹੀਆਂ ਹਨ। ਅਜਿਹੇ ਧੋਖੇ ਨੂੰ ਦੇਖ ਕੇ ਕਈ ਮਾਤਾ-ਪਿਤਾ ਆਪਣੀ ਲੜਕੀ ਦਾ ਰਿਸ਼ਤਾ ਵਿਦੇਸ਼ੀ ਲੜਕਿਆਂ ਨਾਲ ਕਰਨ ਲਈ ਤਿਆਰ ਨਹੀਂ ਹਨ।

(16)   ਬਹੁਤ ਸਾਰੇ ਬੱਚੇ ਆਪਣੀ ਵਿਆਹਾਂ ਵਾਲੀ ਉਮਰ ਲੰਘਾ ਚੁੱਕੇ ਹਨ। ਪਰ ਫਿਰ ਵੀ ਇਕ ਉਮੀਦ ਨਾਲ ਇਸ਼ਤਿਹਾਰਾਂ ਵਿਚ ਘੁੰਮ ਰਹੇ ਹਨ। ਜੇਕਰ ਵਿਆਹ ਹੋ ਵੀ ਜਾਂਦਾ ਹੈ ਤਾਂ ਉਮਰ ਦੇ ਲੰਘ ਜਾਣ ਕਾਰਣ ਅੱਗੇ ਬੱਚੇ ਪੈਦਾ ਹੋਣ ਦੀ ਸੰਭਾਵਨਾ ਘੱਟ ਹੋ ਜਾਂਦੀ ਹੈ। ਅਜਿਹੀ ਹਾਲਤ ਵਿਚ ਜੀਵਨ ਦਾ ਰਹਿੰਦਾ ਸਮਾਂ ਜੀਵਨ ਸਾਥੀ ਨਾਲ ਗੁਜ਼ਾਰਨ ਤੋਂ ਬਿਨਾ ਹੋਰ ਕੋਈ ਚਾਰਾ ਨਹੀਂ ਹੁੰਦਾ।

(17)     ਅੱਜ ਕੱਲ ਬੱਚਿਆਂ ਵਿਚ ਇਹ ਰਿਵਾਜ ਚਲ ਪਿਆ ਹੈ ਕਿ ਅਨੇਕਾਂ ਰਿਸ਼ਤੇ ਦੇਖ ਦੇਖ ਕੇ ਅਤੇ ਅਨੇਕਾਂ ਨੁਕਸ ਕੱਢ ਕੇ ਰੱਦ ਕਰੀ ਜਾਂਦੇ ਹਨ। ਆਖ਼ਰ ਇਕ ਸਥਿਤੀ ਐਸੀ ਬਣ ਜਾਂਦੀ ਹੈ ਕਿ ਪਹਿਲਾਂ ਰੱਦ ਕੀਤੇ ਰਿਸ਼ਤੇ ਨੂੰ ਹੀ ਪ੍ਰਵਾਨ ਕਰਨਾ ਪੈਂਦਾ ਹੈ। ਵਿਆਹ ਹੋਣ ਉਪਰੰਤ ਇਕ ਦੂਜੇ ਨੂੰ ਮੇਹਣੇ ਮਾਰਨ ਲੱਗ ਪੈਂਦੇ ਹਨ।

(18)     ਵਿਆਹਾਂ ਵਿਚ ਸ਼ਰਾਬਾਂ ਪੀ ਕੇ ਗੋਲੀਆਂ ਚਲਾ ਕੇ ਹੁਲੜਬਾਜੀ ਅਤੇ ਲੜਾਈਆਂ ਕਰ ਕੇ ਕਿਸੇ ਨੂੰ ਮਾਰ ਦੇਣਾ ਆਦਿ। ਅਜਿਹੇ ਕਾਰਨਾਮੇ ਰਿਸ਼ਤਿਆਂ ਵਿਚ ਕੜਵਾਹਟ ਪੈਦਾ ਕਰਨ ਦੇ ਕਾਰਣ ਬਣਦੇ ਹਨ।  ਕਈ ਵਾਰੀ ਤਲਾਕ ਤੇ ਗੱਲ ਆ ਪਹੁੰਚਦੀ ਹੈ।

(19)   ਅੱਜ ਬਹੁਤ ਸਾਰੀਆਂ ਲੜਕੀਆਂ ਤਲਾਕ ਲੈਣ ਉਪਰੰਤ ਆਪਣੇ ਨਿੱਕੇ ਨਿੱਕੇ ਬੱਚਿਆਂ ਨਾਲ ਘਰ ਬੈਠੀਆਂ ਹਨ। ਤਲਾਕ ਲੈਣ ਦੇ ਹੋਰ ਵੀ ਕਾਰਣ ਸਾਹਮਣੇ ਆ ਰਹੇ ਹਨ। ਜਿਵੇਂ ਕਿ:-

(ੳ) ਸਿੱਖੀ-ਸਿਧਾਂਤਾਂ ਦੀ ਪਾਲਣਾ ਨਾ ਕਰਨ ਕਰਕੇ, ਅੱਜ ਸਿੱਖਾਂ ਵਿਚੋਂ ਸਿੱਖੀ ਕਿਰਦਾਰ ਲਗ-ਭਗ ਖ਼ਤਮ ਹੋ ਚੁੱਕਾ ਹੈ।ਗ੍ਰਿਹਸਥੀ ਜੀਵਨ ਵਿਚ ਨਾ ਤਾਂ ਔਰਤ ਆਪਣੇ ਜੀਵਨ ਵਿਚ ਦੂਜੀ ਔਰਤ ਦਾ ਦਖ਼ਲ ਪਸੰਦ ਕਰਦੀ ਹੈ ਅਤੇ ਨਾ ਹੀ ਮਰਦ ਆਪਣੇ ਜੀਵਨ ਵਿਚ ਦੂਜੇ ਮਰਦ ਦਾ ਦਖ਼ਲ ਪਸੰਦ ਕਰਦਾ ਹੈ। ਜਦੋਂ ਕਿਸੇ ਦੀ ਜਿੰਦਗੀ ਵਿਚ ਇਹ ਦਖ਼ਲ ਹੋ ਜਾਂਦਾ ਹੈ ਤਾਂ ਤਲਾਕ ਤੇ ਆ ਕੇ ਗੱਲ ਖ਼ਤਮ ਹੁੰਦੀ ਹੈ।

(ਅ) ਅੱਜ ਆਪਣੇ ਆਪ ਨੂੰ ਸਿੱਖ ਸਮਝਣ ਵਾਲੇ ਪ੍ਰਵਾਰਾਂ ਵਿਚ ਨਸ਼ੇ ਬਹੁਤ ਵੱਧ ਚੁੱਕੇ ਹਨ। ਨਸ਼ਿਆ ਕਾਰਣ ਬਹੁਤ ਪੈਸਾ ਬਰਬਾਦ ਹੋ ਰਿਹਾ ਹੈ। ਨਸ਼ਿਆ ਕਾਰਣ ਕਈ ਗ੍ਰਿਹਸਥੀ ਜੀਵਨ ਬਤੀਤ ਕਰਨ ਦੇ ਕਾਬਲ ਨਹੀਂ ਰਹਿੰਦੇ। ਨਸ਼ਿਆ ਕਾਰਣ ਰੋਜ਼ਾਨਾਂ ਘਰ ਵਿਚ ਲੜਾਈ-ਝਗੜਾ ਹੋਣਾ ਵੀ ਤਲਾਕ ਦਾ ਕਾਰਣ ਬਣ ਰਿਹਾ ਹੈ।ਗੁਰਬਾਣੀ ਸਿੱਖਿਆ ਅਨੁਸਾਰ ਸਿੱਖਾਂ ਨੂੰ ਨਸ਼ੇ ਆਦਿ ਕਰਨ ਦੀ ਸਖ਼ਤੀ ਮਨਾਹੀ ਹੈ ਪਰ ਸਿੱਖ ਸਮਝਣ ਤੋਂ ਅਸਮਰਥ ਹਨ।

(ੲ) ਦਾਜ ਦੀ ਸਮੱਸਿਆ ਵੀ ਤਲਾਕ ਜਾਂ ਮੌਤ ਦਾ ਕਾਰਣ ਬਣ ਰਹੀ ਹੈ। ਬਹੁਤ ਸਾਰੀਆਂ ਲੜਕੀਆਂ ਦਾਜ ਨਾ ਮਿਲਣ ਕਾਰਣ ਜਿਊਂਦੀਆਂ ਹੀ ਸਾੜ ਦਿੱਤੀਆਂ ਜਾਂਦੀਆਂ ਹਨ ਜਾਂ ਮਾਰ ਦਿੱਤੀਆਂ ਜਾਂਦੀਆਂ ਹਨ। ਕਈ ਲੜਕੀਆਂ ਇਸ ਮੁਸੀਬਤ ਤੋਂ ਬਚਣ ਲਈ ਤਲਾਕ ਲੈ ਲੈਂਦੀਆਂ ਹਨ। ਅੱਜ ਦੇ ਸਮੇਂ ਕੋਈ ਵਿਰਲਾ ਹੀ ਹੁੰਦਾ ਹੈ ਜਿਹੜਾ ਦਾਜ ਲੈਣ ਤੋਂ ਸਾਫ਼ ਇੰਨਕਾਰ ਕਰ ਦਿੰਦਾ ਹੈ। ਪਰ ਜ਼ਿਆਦਾ ਗਿਣਤੀ ਉਨ੍ਹਾਂ ਦੀ ਹੈ, ਜਿਹੜੇ ਇਹ ਕਹਿੰਦੇ ਸੁਣ ਜਾ ਸਕਦੇ ਹਨ ਕਿ ਜੋ ਦੇਣਾ ਹੈ ਲੜਕੀ ਵਾਲਿਆਂ ਨੇ ਆਪਣੀ ਲੜਕੀ ਨੂੰ ਦੇਣਾ ਹੈ ਪਰ ਅਸੀਂ ਆਪ ਦਾਜ ਨਹੀਂ ਮੰਗਣਾ। ਦਾਜ ਲੈਣ ਵਾਲਿਆਂ ਦੀ ਅੰਦਰੂਨੀ ਭਾਵਨਾ ਆਪਣੇ ਆਪ ਪ੍ਰਗਟ ਹੋ ਜਾਂਦੀ ਹੈ।

(ਸ) ਅਮੀਰ-ਗ਼ਰੀਬ ਦਾ ਰਿਸ਼ਤਾ ਹੋ ਜਾਣਾ ਜਾਂ ਸਟੈਂਡਰਡ ਛੋਟਾ-ਵੱਡਾ ਹੋਣਾ। ਪੂਰੀਆਂ ਸਹੂਲਤਾਂ ਨਾ ਮਿਲਣਾ ਆਦਿ ਗੱਲਾਂ ਵੀ ਕਈ ਵਾਰੀ ਤਲਾਕ ਲੈਣ ਦਾ ਕਾਰਨ ਬਣ ਰਹੀਆਂ ਹਨ।

ਉਪਰੋਕਤ ਰਿਸ਼ਤੇ-ਨਾਤਿਆਂ ਵਿਚ ਜਿਹੜੀਆਂ ਅੱਜ ਰੁਕਾਵਟਾਂ ਆ ਰਹੀਆਂ ਹਨ, ਉਨ੍ਹਾਂ ਰੁਕਾਵਟਾਂ ਵੱਲ ਆਪਣੇ ਆਪ ਨੂੰ ਸਿੱਖ ਅਖਵਾਉਣ ਵਾਲਿਆਂ ਦਾ ਕੋਈ ਧਿਆਨ ਨਹੀਂ ਹੈ। ਜੇਕਰ ਰਿਸ਼ਤੇ-ਨਾਤਿਆਂ ਵਿਚ ਸਿੱਖੀ-ਸਿਧਾਂਤਾਂ ਨੂੰ ਧਿਆਨ ਵਿਚ ਰੱਖਦੇ ਹੋਏ, ਗੁਰਮਤਿ ਅਨੁਸਾਰ ਕੋਈ ਫ਼ੈਸਲਾ ਨਾ ਲਿਆ ਗਿਆ ਤਾਂ ਆਉਣ ਵਾਲੇ ਸਮੇਂ ਵਿਚ ਵਿਆਹ ਵਾਲਾ ਪਵਿੱਤਰ ਬੰਧਨ ਹਮੇਸ਼ਾਂ ਲਈ ਖ਼ਤਮ ਹੋ ਜਾਵੇਗਾ।ਜੰਗਲਾਂ ਵਾਲਾ ਜੀਵਨ ਫਿਰ ਮੁੜ ਕੇ ਆਪਣੀ ਦਸਤਕ ਦੇ ਰਿਹਾ ਹੈ।

ਮੇਰਾ ਇਕ ਜਾਣਕਾਰ ਲੜਕਾ ਹੈ ਜੋ ਚੰਗਾ ਪੜ੍ਹਿਆ-ਲਿਖਿਆ ਹੈ ਅਤੇ ਨੌਕਰੀ ਵੀ ਕਰਦਾ ਹੈ। ਉਸ ਨੂੰ ਤਿੰਨ ਸਾਲ ਹੋ ਗਏ ਹਨ, ਉਹ ਆਪਣੇ ਰਿਸ਼ਤੇ ਦੀ ਭਾਲ ਵਿਚ ਇਸ਼ਤਿਹਾਰਾਂ ਉੱਤੇ ਹਜ਼ਾਰਾਂ ਰੁਪਿਆ ਖ਼ਰਚ ਕਰ ਚੁੱਕਾ ਹੈ। ਪਰ ਉਸ ਨੂੰ ਆਪਣੀ ਇੱਛਾ ਅਨੁਸਾਰ ਕੋਈ ਰਿਸ਼ਤਾ ਨਹੀਂ ਮਿਲਿਆ। ਇਕ ਦਿਨ ਮੈਂਨੂੰ ਕਹਿਣ ਲੱਗਾ ਕਿ ਅੰਕਲ ਤੁਸੀਂ  ਹੀ ਇਕ ਗੁਰਸਿੱਖ ਮੈਰਿਜ ਬਿਊਰੋ ਦਾ ਦਫ਼ਤਰ ਖੋਲ੍ਹ ਲਉ। ਜਿਸ ਵਿਚ ਕੇਵਲ ਗੁਰਸਿੱਖਾਂ ਦੇ ਹੀ ਰਿਸ਼ਤੇ-ਨਾਤੇ ਕਰਵਾਏ ਜਾਣ। ਮੈਂ ਉਸ ਨੂੰ ਸਵਾਲ ਕੀਤਾ ਕਿ ਗੁਰਸਿੱਖ ਤਾਂ ਕੋਈ ਨਜ਼ਰ ਨਹੀਂ ਆਉਂਦਾ, ਗੁਰਸਿੱਖ ਮੈਰਿਜ ਬਿਊਰੋ ਦਾ ਦਫ਼ਤਰ ਖੋਲ੍ਹਣ ਦਾ ਕੀ ਲਾਭ? ਉਹ ਲੜਕਾ ਕਹਿਣ ਲੱਗਾ ਮੈਂ ਫ਼ੈਸਲਾ ਕਰ ਲਿਆ ਹੈ ਜੇਕਰ ਮੇਰਾ ਰਿਸ਼ਤਾ ਕਿਸੇ ਗੁਰਸਿੱਖ ਪ੍ਰਵਾਰ ਵਿਚ ਨਾ ਹੋਇਆ ਤਾਂ ਮੈਂ ਕਿਸੇ ਹਿੰਦੂ ਪ੍ਰਵਾਰ ਵਿਚ ਹੀ ਰਿਸ਼ਤਾ ਕਰਾ ਲੈਣਾ ਹੈ ਕਿਉਂਕਿ ਅੱਜ ਦੇ ਸਿੱਖ ਵੀ ਤਾਂ ਜਨਮ ਤੋਂ ਲੈ ਕੇ ਮੌਤ ਤਕ ਸਾਰੇ ਕੰਮ ਹਿੰਦੂਮਤ ਵਾਲੇ ਹੀ ਕਰਦੇ ਹਨ।

ਮੈਂਨੂੰ ਇਸ ਸਿੱਖ ਲੜਕੇ ਦੇ ਫ਼ੈਸਲੇ ਨੇ ਭਵਿੱਖ ਵਿਚ ਆਉਣ ਵਾਲੇ ਹਾਲਾਤ ਤੋਂ ਜਾਣੂ ਕਰਾ ਦਿੱਤਾ। ਅੱਜ ਦੇ ਸਿੱਖ ਪ੍ਰਵਾਰਾਂ ਦੇ ਪਤਨ ਦੀ ਝਲਕ ਸਾਹਮਣੇ ਨਜ਼ਰ ਆ ਰਹੀ ਹੈ ਪਰ ਆਪਣੇ ਆਪ ਨੂੰ ਸਿੱਖ ਸਮਝਣ ਵਾਲੇ ਗੁਰਦੁਆਰਿਆਂ ਵਿਚ ਸਵੇਰੇ ਸ਼ਾਮ ‘ਰਾਜ ਕਰੇਗਾ ਖਾਲਸਾ’ ਦੇ ਜੈਕਾਰੇ ਛੱਡਣ ਵਿਚ ਹੀ ਸਿੱਖ-ਕੌਮ ਦੀ ਚੜ੍ਹਦੀ ਕਲਾ ਸਮਝ ਰਹੇ ਹਨ।

ਜਾਤ-ਬਰਾਦਰੀਆਂ ਗੁਰਬਾਣੀ ਦੀ ਕਸਵੱਟੀ ਤੇ

ਜਿੱਥੇ ਅਸੀਂ ਸਾਰੇ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਗੁਰੂ ਮੰਨਣ ਦੇ ਦਾਅਵੇ ਕਰਦੇ ਹਾਂ, ਉੱਥੇ ਸਿੱਖ ਹੋਣ ਦੇ ਦਾਅਵੇ ਵੀ ਬਹੁਤ ਕਰਦੇ ਹਾਂ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਉਕਤ ਜਾਤਾਂ ਕਰਕੇ ਅਸੀਂ, ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਕਸਵੱਟੀ ਅੱਗੇ ਸਿੱਖ ਪ੍ਰਵਾਨ ਹੁੰਦੇ ਵੀ ਹਾਂ ਜਾਂ ਨਹੀਂ।

ਸੱਭ ਤੋਂ ਪਹਿਲਾਂ ਹਮੇਸ਼ਾ ਲਈ ਸਾਨੂੰ ਇਕ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਜਾਤੀਵੰਡ ਹਿੰਦੂਮਤ ਦਾ ਬੁਨਿਆਦੀ ਸਿਧਾਂਤ ਹੈ, ਜਿਸ ਦੀ ਪਾਲਣਾ ਕਰਨਾ ਹਰ ਹਿੰਦੂ ਦਾ ਪਰਮ-ਧਰਮ ਹੈ। ਦੂਜੀ ਗੱਲ ਯਾਦ ਰੱਖਣ ਵਾਲੀ ਇਹ ਹੈ ਕਿ  ਇਹ ਵੀ ਇਕ ਅਟੱਲ ਸਚਾਈ ਹੈ ਕਿ ਗੁਰਮਤਿ ਵਿਚ ਜਾਤੀਵੰਡੀ ਦੀ ਭਰਪੂਰ ਖੰਡਨਾ ਕੀਤੀ ਗਈ ਹੈ। ਗੁਰਬਾਣੀ ਦਾ ਫ਼ੁਰਮਾਨ ਹੈ:

ਜਾਤੀ ਦੈ ਕਿਆ ਹਥਿ ਸਚੁ ਪਰਖੀਐ।। (ਗੁ .ਗ੍ਰੰ . ਸਾ . ਪੰਨਾ-142)

ਅਰਥਾਤ ਜਾਤ ਦੇ ਆਪਣੇ ਹੱਥ ਵਿਚ ਕੁੱਝ ਨਹੀਂ ਹੈ ਕਿਉਂਕਿ ਇਹ ਜਾਤਾਂ ਸੱਚ ਦੇ ਸਾਹਮਣੇ ਆਪਣੇ ਆਪ ਹੀ ਰੱਦ ਹੋ ਜਾਂਦੀਆਂ ਹਨ।

ਜਾਤ ਕਾ ਗਰਬੁ ਨ ਕਰਿ ਮੂਰਖ ਗਵਾਰਾ।।
ਇਸੁ ਗਰਬ ਤੇ ਚਲਹਿ ਬਹੁਤੁ ਵਿਕਾਰਾ।। 1।। ਰਹਾਉ। (ਗੁ .ਗ੍ਰੰ . ਸਾ . ਪੰਨਾ-1127-28)

ਅਰਥਾਤ ਹੇ ਮੂਰਖ! ਹੇ ਗਵਾਰ ! ਉੱਚੀ ਜਾਤ ਦਾ ਹੰਕਾਰ ਨਾ ਕਰ। ਇਸ ਜਾਤੀ ਹੰਕਾਰ ਨਾਲ ਸਮਾਜ ਵਿਚ ਅਨੇਕਾਂ ਕਲੇਸ਼ ਪੈਦਾ ਹੋ ਜਾਂਦੇ ਹਨ।

ਜਾਤਿ ਜਨਮੁ ਨਹ ਪੂਛੀਐ ਸਚ ਘਰੁ ਲੇਹੁ ਬਤਾਇ।।
ਸਾ ਜਾਤਿ ਸਾ ਪਤਿ ਹੈ ਜੇਹੇ ਕਰਮ ਕਮਾਇ।। (ਗੁ .ਗ੍ਰੰ . ਸਾ . ਪੰਨਾ-1330)

ਅਰਥਾਤ ਹੇ ਨਾਨਕ! ਪ੍ਰਭੂ ਹਰੇਕ ਜੀਵ ਦੇ ਅੰਦਰ ਮੌਜੂਦ ਹੈ। ਇਸ ਲਈ ਜਾਤਾਂ ਦੇ ਵਖਰੇਵੇਂ ਵਿਚ ਪੈ ਕੇ ਇਹ ਨਾ ਪੁੱਛੋ ਕਿ ਫਲਾਣਾ ਕਿਹੜੀ ਜਾਤ ਜਾਂ ਕੁੱਲ ਦਾ ਹੈ। ਜੇਕਰ ਕਿਸੇ ਨੂੰ  ਪੁੱਛਣਾ ਹੀ ਹੈ ਤਾਂ ਇਹ ਪੁੱਛੋ ਕਿ ਪ੍ਰਮਾਤਮਾ ਕਿਸ ਹਿਰਦੇ-ਘਰ ਵਿਚ ਪ੍ਰਗਟ ਹੋਇਆ ਹੈ। ਯਾਦ ਰੱਖੋ, ਮਨੁੱਖਤਾ ਦੇ ਭਲੇਹਿੱਤ ਜਾਂ ਨੁਕਸਾਨਹਿੱਤ ਕੰਮਾਂ  ਨਾਲ ਹੀ ਮਨੁੱਖ ਦਾ ਚੰਗਾ ਜਾਂ ਮਾੜਾ ਕਿਰਦਾਰ ਬਣਦਾ ਹੈ।

ਬੇਸ਼ੱਕ ਗੁਰਬਾਣੀ ਜਾਤ-ਪਾਤ ਨੂੰ ਕੋਰਾ ਝੂਠ ਮੰਨਦੀ ਹੈ। ਜਾਤ-ਪਾਤ ਦਾ ਹੰਕਾਰ ਕਰਨ ਵਾਲਿਆਂ ਨੂੰ ਮੂਰਖ ਦਾ ਦਰਜਾ ਦੇਂਦੀ ਹੈ ਅਤੇ ਕਿਸੇ ਦੀ ਜਾਤ-ਕੁਲ ਪੁੱਛਣ ਤੋਂ ਵੀ ਸਖ਼ਤ ਮਨਾਹੀ ਕਰਦੀ ਹੈ ਪਰ ਦੇਖਿਆ ਗਿਆ ਹੈ ਕਿ ਸਿੱਖ ਆਪਣੇ ਗੁਰੂ ਦੇ ਗੁਰਬਾਣੀ ਹੁਕਮਾਂ ਦੀ ਘੋਰ-ਅਵੱਗਿਆ ਕਰਕੇ, ਜਾਤ-ਪਾਤ ਦੇ ਝੂਠ ਨੂੰ ਖੁਸ਼ੀ ਨਾਲ ਅਪਨਾਈ ਬੈਠੇ ਹਨ। ਆਪਣੀ ਆਪਣੀ ਜਾਤ ਦਾ ਹੰਕਾਰ ਕਰਕੇ, ਮੂਰਖ ਬਣਨਾ ਵੀ ਪਸੰਦ ਕਰਦੇ ਹਨ। ਇਸ ਤੋਂ ਇਲਾਵਾ ਜਦੋਂ ਤਕ ਇਕ ਦੂਜੇ ਦੀ ਜਾਤ-ਬਰਾਦਰੀ ਨਾ ਪੁੱਛ ਲੈਣ ਉਦੋਂ ਤਕ ਆਤਮਾ ਨੂੰ ਸ਼ਾਂਤੀ ਨਹੀਂ ਮਿਲਦੀ। ਗੁਰਬਾਣੀ ਹੁਕਮਾਂ ਦੀ ਕੋਈ ਪ੍ਰਵਾਹ ਨਹੀਂ ਕਰਦਾ।

ਜਾਤ ਦੀ ਆਪਣੀ ਕੋਈ ਪਛਾਣ ਨਹੀਂ ਹੈ।

ਲਗਭਗ ਪਿਛਲੇ 15 ਸਾਲਾਂ ਤੋਂ ਸਿੱਖਾਂ ਨੂੰ ਸਮਝਾਉਂਦਾ ਆ ਰਿਹਾ ਹਾਂ ਕਿ ਜਾਤਾਂ ਬਣਾਈਆਂ ਬ੍ਰਾਹਮਣ ਨੇ ਪਰ ਜਾਤਾਂ ਖ਼ਤਮ ਕੀਤੀਆਂ, ਸਿੱਖ-ਸਤਿਗੁਰਾਂ ਨੇ। ਹੁਣ ਦੱਸੋ, ਤੁਸੀਂ ਗੁਰੂ ਦੇ ਸਿੱਖ ਹੋ ਜਾਂ ਬ੍ਰਾਹਮਣ ਦੇ? ਸਾਰਿਆਂ ਦਾ ਇੱਕੋ ਜਵਾਬ ਹੁੰਦਾ ਹੈ: ਗੁਰੂ ਦੇ ਸਿੱਖ। ਦੇਖਿਆ ਜਾਵੇ ਸਾਰਿਆਂ ਨੂੰ ਗੁਰੂ ਦਾ ਸਿੱਖ ਬਣਨਾ ਬਹੁਤ ਪਸੰਦ ਹੈ ਪਰ ਜਾਤ-ਬਰਾਦਰੀਆਂ ਵਿਚੋਂ ਨਿਕਲਣਾ ਪਸੰਦ ਨਹੀਂ ਹੈ।

ਉਕਤ ਜਾਤ-ਬਰਾਦਰੀਆਂ ਵਾਲੇ ਸਿੱਖਾਂ ਨੂੰ ਉਨ੍ਹਾਂ ਦੀ ਜਾਤ ਦੀ ਪਛਾਣ ਬਾਰੇ ਕਈ ਸਵਾਲ ਕਰ ਚੁੱਕਾ ਹਾਂ। ਜਿਵੇਂ ਵੱਖ ਵੱਖ ਜਾਤਾਂ ਦੀ ਕੀ ਪਛਾਣ ਹੈ? ਹਰ ਇਕ ਜਾਤ ਦੀ ਪਛਾਣ ਦੇ ਕਿਹੜੇ ਕਿਹੜੇ ਚਿੰਨ੍ਹ ਹੁੰਦੇ ਹਨ, ਜਿਸ ਤੋਂ ਹਰੇਕ ਮਨੁੱਖ ਆਪਣੀ ਜਾਤ ਦੇ ਚਿਨ੍ਹਾਂ ਤੋਂ ਝੱਟ ਪਛਾਣਿਆ ਜਾ ਸਕੇ? ਊਚ-ਨੀਚ ਵਾਲੇ ਮਨੁੱਖਾਂ ਦੀ ਸਰੀਰਕ ਬਣਤਰ ਦੀ ਕੀ ਕੀ ਭਿੱਨਤਾ ਹੈ? ਵਖ ਵਖ ਜਾਤਾਂ ਵਾਲਿਆਂ ਦੀ ਨਸਲ, ਕੱਦ-ਕਾਠ, ਰੂਪ-ਰੰਗ, ਮੱਥੇ ,ਕੰਨਾਂ , ਅੱਖਾਂ, ਨੱਕ, ਮੂੰਹ, ਹੱਥ-ਪੈਰ, ਉਗਲਾਂ ਆਦਿ ਦੀ ਬਣਤਰ ਕੀ ਹੈ ਆਦਿ? ਪਰ ਕੋਈ ਵੀ ਸਿੱਖ ਆਪਣੀ ਜਾਤ-ਬਰਾਦਰੀ ਦੀ ਪਛਾਣ ਨਾ ਦੱਸ ਸਕਿਆ। ਸਾਰੇ ਇਕੋ ਗੱਲ ਆਖਦੇ ਹਨ ਕਿ ਸਿੱਖ ਦੀ ਕੋਈ ਜਾਤ ਨਹੀਂ ਹੁੰਦੀ। ਇਹ ਜਾਤਾਂ ਅਸੀਂ ਆਪ ਬਣਾਈਆਂ ਹਨ। ਇਸ ਦਾ ਮਤਲਬ ਹੈ ਕਿ ਸਿੱਖ, ਸੱਚ ਜਾਣਦੇ ਹੋਏ ਵੀ ਜਾਣ ਬੁੱਝ ਕੇ ਜਾਤਾਂ ਦੀ ਪੰਜਾਲੀ ਵਿਚ ਫੱਸ ਰਹੇ ਹਨ।

ਇਕ ਦਾ ਸਿਧਾਂਤ

ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਵਿਚ ‘ਇਕ’ ਦਾ ਸਿਧਾਂਤ ਬਹੁਤ ਮਹਾਨ ਹੈ। ਸਿੱਖੀ ਦਾ ਬੁਨਿਆਦੀ ਸਿਧਾਂਤ ‘ਇਕ’ ਤੋਂ ਅਰੰਭ ਹੁੰਦਾ ਹੈ। ਅਕਾਲਪੁਰਖ ਇਕ ਹੈ। ਗੁਰੂ ਇਕ ਹੈ। ਗੁਰੂ ਦੀ ਬਾਣੀ ਇਕ ਹੈ। ਗੁਰੂ ਦੀ ਵਿਚਾਰਾਧਾਰਾ ਵੀ ਇਕ ਹੈ। ਇਕ ਦੇ ਸਿਧਾਂਤ ਦੀ ਪਾਲਣਾ ਕਰਨ ਵਾਲੇ ਮਨੁੱਖ ਨੂੰ ‘ਸਿੱਖ’ ਕਿਹਾ ਜਾਂਦਾ ਹੈ। ਇਕ ਦੇ ਬੁਨਿਆਦੀ ਸਿਧਾਂਤ ਨੂੰ ਮੰਨਣ ਵਾਲਾ ਮਨੁੱਖ ਜਨਮ ਤੋਂ ਉੱਚਾ ਜਾਂ ਨੀਵਾਂ ਨਹੀਂ ਹੁੰਦਾ। ਸਿੱਖੀ ਵਿਚ ਸਾਰੇ ਸਿੱਖ ਬਰਾਬਰ ਹਨ। ਜਿਸ ਨੂੰ ਇਹ ਸਿਧਾਂਤ ਸਮਝ ਆ ਗਿਆ ਫਿਰ ਉਹ ‘ਇਕ’ ਦਾ ਸਿਧਾਂਤ ਮਰਦੇ ਦਮ ਤਕ ਨਹੀਂ ਛੱਡਦਾ।

ਗੁਰੂ ਗੋਬਿੰਦ ਸਿੰਘ ਜੀ ਨੇ ਵੱਖ-ਵੱਖ ਜਾਤ-ਬਰਾਦਰੀਆਂ ਵਾਲਿਆਂ ਨੂੰ ਖੰਡੇ-ਬਾਟੇ ਦੀ ਪਾਹੁਲ ਛਕਾ ਕੇ ‘ਸਿੰਘ’ ਬਣਾਇਆ ਸੀ। ਅੱਜ ਵੀ ਜਿਹੜੇ ਮਨੁੱਖ ਖੰਡੇ-ਬਾਟੇ ਦੀ ਪਾਹੁਲ ਲੈਣ ਦੇ ਚਾਹਵਾਨ ਹੁੰਦੇ ਹਨ, ਉਨ੍ਹਾਂ ਨੂੰ ਪੰਜ ਪਿਆਰੇ ਹਦਾਇਤ ਕਰਦੇ ਹਨ ਕਿ ਅੱਜ ਤੋਂ ਬਾਅਦ ਹੁਣ ਤੁਹਾਡੀ ਪਿਛਲੀ ਜਾਤ-ਗੋਤ ਖ਼ਤਮ ਹੈ। ਹੁਣ ਤੁਸੀਂ ਸਾਰੇ ਗੁਰੂ ਦੇ ਸਿੱਖ ਬਣ ਗਏ ਹੋ। ਪਰ ਇਹੋ ਪੰਜ ਪਿਆਰੇ ਜਦੋਂ ਆਪਣੇ ਬੱਚਿਆ ਦੇ ਰਿਸ਼ਤੇ ਕਰਦੇ ਹਨ ਤਾਂ ਦੂਜਿਆਂ ਦੀਆਂ ਜਾਤਾਂ ਪੁੱਛ ਕੇ ਰਿਸ਼ਤੇ ਕਰਦੇ ਹਨ। ਅਜਿਹੇ ਸਿੱਖਾਂ ਨੂੰ ਪੰਜ ਪਿਆਰਿਆਂ ਵਿਚ ਸ਼ਾਮਲ ਹੋਣ ਸਮੇਂ ਸ਼ਰਮ ਕਿਉਂ ਨਹੀਂ ਆਉਂਦੀ?  ਜਿਨ੍ਹਾਂ ਸਿੱਖਾਂ ਨੇ ਗਲਾਂ ਵਿਚ ਕ੍ਰਿਪਾਨਾਂ ਪਾਈਆਂ ਹੋਈਆਂ ਹਨ, ਉਨ੍ਹਾਂ ਦਾ ਵੀ ਇਹੋ ਹਾਲ ਹੈ।

ਸਿੱਖ ਰਹਿਤ ਮਰਯਾਦਾ ਦੇ ਪੰਨਾ-22 ਕਾਲਮ (ੳ) ਵਿਚ ਲਿਖਿਆ ਹੈ ਕਿ  “ਸਿੱਖ ਸਿੱਖਣੀ ਦਾ ਵਿਆਹ, ਬਿਨਾਂ ਜਾਤ-ਪਾਤ, ਗੋਤ ਵਿਚਾਰੇ ਹੋਣੇ ਚਾਹੀਏ।“ ਸਿੱਖ ਸੰਸਥਾਵਾਂ ਅਤੇ ਉਨ੍ਹਾਂ ਦੇ ਪ੍ਰਚਾਰਕ ਹਰ ਥਾਂ ਪ੍ਰਚਾਰ ਕਰਦੇ ਰਹਿੰਦੇ ਹਨ ਕਿ ਸਿੱਖਾਂ ਨੂੰ ਅਕਾਲ ਤਖ਼ਤ ਸਾਹਿਬ ਤੋਂ ਪੰਥ ਪ੍ਰਵਾਨਤ ਰਹਿਤ ਮਰਿਆਦਾ ਅਨੁਸਾਰ ਆਪਣੇ ਸਾਰੇ ਕਾਰਜ ਕਰਨੇ ਚਾਹੀਦੇ ਹਨ। ਪਰ ਦੇਖਿਆ ਗਿਆ ਹੈ ਕਿ ਇਹੋ ਪ੍ਰਚਾਰਕ ਰਹਿਤ ਮਰਯਾਦਾ ਦੀਆਂ ਹਦਾਇਤਾਂ ਦੀ ਉਲੰਘਣਾ ਕਰਕੇ, ਆਪਣੀ ਆਪਣੀ ਜਾਤ-ਬਰਾਦਰੀ ਵਿਚ ਹੀ ਵਿਆਹ ਕਰਦੇ ਹਨ। ਅੱਜ ਦੇ ਸਿੱਖ ਨਾ ਤਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਸਿੱਖਿਆ ਅਨੁਸਾਰ ਚਲਦੇ ਹਨ ਅਤੇ ਨਾ ਹੀ ਪੰਥਕ ਰਹਿਤ ਮਰਿਆਦਾ ਅਨੁਸਾਰ ਚਲਦੇ ਹਨ।  ਅਜਿਹਾ ਕਰਕੇ ਸਿੱਖ ਨਾ ਗੁਰੂ ਦੇ ਬਣਦੇ ਹਨ ਅਤੇ ਨਾ ਹੀ ਅਕਾਲ ਤਖ਼ਤ ਦੇ ਬਣਦੇ ਹਨ।

ਸਰਬੰਸਦਾਨੀ ਗੁਰੂ ਗੋਬਿੰਦ ਸਿੰਘ ਜੀ ਨੇ ਸੱਚ-ਧਰਮ, ਮਨੁੱਖਤਾ ਦੇ ਭਲੇਹਿੱਤ ਅਤੇ ਸਿੱਖ-ਕੌਮ ਦੀ ਹੋਂਦ ਨੂੰ ਬਰਕਰਾਰ ਰੱਖਣ ਲਈ ਆਪਣਾ ਸਾਰਾ ਪ੍ਰਵਾਰ ਵਾਰ ਦਿੱਤਾ ਸੀ। ਗੁਰੂ ਸਾਹਿਬ ਦੇ ਪਰਉਪਕਾਰਾਂ ਦਾ ਸਿੱਖਾਂ ਨੇ ਕੀ ਗੁਣ ਜਾਣਿਆ? ਮਾਤਾ ਅਜੀਤ ਕੌਰ ਜੀ ਦੀ ਵੀ ਬਹੁਤ ਵੱਡੀ ਕੁਰਬਾਨੀ ਹੈ ਜਿਸ ਨੇ ਆਪਣੇ ਚਾਰੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਅਕਾਲਪੁਰਖ ਦਾ ਭਾਣਾ ਕਰਕੇ ਮੰਨਿਆ। ਸਿੱਖਾਂ ਨੇ ਮਾਤਾ ਅਜੀਤ ਕੌਰ ਜੀ ਦੇ ਪਰਉਪਕਾਰ ਦਾ ਕੀ ਗੁਣ ਜਾਣਿਆ? ਜਿਨ੍ਹਾਂ ਗੁਰੂ ਦੇ ਸਿੱਖਾਂ ਅਤੇ ਸਿੱਖ ਮਾਵਾਂ  ਨੇ ਆਪਣੇ ਘਰ-ਘਾਟ ਖ਼ਤਮ ਕਰਾ ਲਏ ਅਤੇ ਆਪਣੇ ਨਿੱਕੇ-ਨਿੱਕੇ ਬੱਚਿਆਂ ਨੂੰ ਸ਼ਹੀਦ ਕਰਵਾਇਆ, ਉਨ੍ਹਾਂ ਸਿੱਖਾਂ ਅਤੇ ਮਾਸੂਮ ਬੱਚਿਆਂ ਦੀਆਂ ਸ਼ਹੀਦੀਆਂ ਦੇ ਕੀ ਗੁਣ ਜਾਣੇ?

ਸਿੱਖਾਂ ਦੇ ਬਹਾਨੇ

ਅੱਜ ਸਿੱਖਾਂ ਨੇ ਸਿੱਖੀ ਦੇ ‘ਇਕ’ ਵਾਲੇ ਸਿਧਾਂਤ ਨੂੰ ਟਿੱਚ ਕਰਕੇ ਜਾਣਿਆ ਹੈ।  ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਸਟੇਜਾਂ ਤੇ ਪ੍ਰਚਾਰ ਕਰਨ ਵਾਲੇ ਵੀ ਜਾਤ-ਗੋਤਾਂ ਵਿਚੋਂ ਨਹੀਂ ਨਿਕਲ ਸਕੇ। ਜਦੋਂ ਕੋਈ ਰਿਸ਼ਤੇ-ਨਾਤਿਆਂ ਦੇ ਸਮੇਂ ਅਜਿਹੇ ਸਿੱਖ-ਪ੍ਰਚਾਰਕਾਂ ਨੂੰ ਗੁਰਮਤਿ ਦਾ ਸਿਧਾਂਤ ਯਾਦ ਕਰਾਉਂਦਾ ਹੈ ਕਿ ਗੁਰਬਾਣੀ ਜਾਤੀਵੰਡ ਦੀ ਭਰਪੂਰ ਖੰਡਨਾ ਕਰਦੀ ਹੈ ਤਾਂ ਜਾਤੀਵੰਡ ਦੇ ਸ਼ਿਕਾਰ ਸਿੱਖ, ਬਨਾਉਟੀ ਹਾਸੀ ਹਸਦੇ ਹੋਏ ਆਖ ਦੇਂਦੇ ਹਨ ਕਿ ਤੁਹਾਡੀ ਗੱਲ ਠੀਕ ਹੈ ਪਰ ਕੀ ਕਰੀਏ, ਲੋਕਾਂ-ਚਾਰੀ ਜਾਤ ਪੁੱਛਣੀ ਪੈਂਦੀ ਹੈ ਕਿਉਂਕਿ ਸਮਾਜ ਨਾਲ ਵੀ ਚੱਲਣਾ ਪੈਂਦਾ ਹੈ। ਜੇਕਰ ਜਾਤ-ਪਾਤ ਤੋਂ ਬਿਨਾਂ ਰਿਸ਼ਤਾ ਕੀਤਾ ਤਾਂ ਮਾਤਾ-ਪਿਤਾ ਨਰਾਜ਼ ਹੋ ਜਾਣਗੇ। ਮਾਤਾ-ਪਿਤਾ ਦੀ ਵੀ ਰੱਖਣੀ ਪੈਂਦੀ ਹੈ, ਆਖ਼ਰ ਉਨ੍ਹਾਂ ਨੇ ਸਾਨੂੰ ਜਨਮ ਦਿੱਤਾ ਹੈ। ਘਰ ਵਾਲੀ ਕਹਿੰਦੀ ਹੈ ਕਿ ਬੱਚਿਆਂ ਦਾ ਰਿਸ਼ਤਾ ਆਪਣੀ ਜਾਤ-ਬਰਾਦਰੀ ਵਿਚ ਕਰਨਾ ਹੈ।ਘਰ ਵਾਲੀ ਦੀ ਵੀ ਮੰਨਣੀ ਪੈਂਦੀ ਹੈ। ਜੇ ਨਾ ਮੰਨੀਏ ਤਾਂ ਘਰ ਬਰਬਾਦ ਹੁੰਦਾ ਹੈ। ਇਨ੍ਹਾਂ ਕਾਰਣਾਂ ਕਰਕੇ ਮਜ਼ਬੂਰੀ ਵਿਚ ਜਾਤ-ਬਰਾਦਰੀ ਵਿਚ ਰਿਸ਼ਤਾ ਕਰਨਾ ਪੈਂਦਾ ਹੈ।

ਅਜਿਹੇ ਬਹਾਨੇ ਘੜਨ ਵਾਲਿਆਂ ਨੂੰ ਗੁਰੂ ਨਾਨਕ ਸਾਹਿਬ ਵੱਲੋਂ ਜਨੇਊ ਨਾ ਪਾਉਣ ਵਾਲੀ ਘਟਨਾ ਤੋਂ ਸਬਕ ਲੈਣਾ ਚਾਹੀਦਾ ਹੈ। ਜਨੇਊ ਦੀ ਰਸਮ ਵੇਲੇ ਗੁਰੂ ਸਾਹਿਬ ਦੇ ਮਾਤਾ-ਪਿਤਾ, ਘਰ ਦਾ ਪ੍ਰੋਹਿਤ, ਪੁਜਾਰੀ ਸ਼੍ਰੇਣੀ, ਸਾਰੇ ਰਿਸ਼ਤੇਦਾਰ ਅਤੇ ਸਾਰਾ ਗੁਆਂਢ ਬੈਠਾ ਸੀ। ਗੁਰੂ ਸਾਹਿਬ ਨੇ ਸਾਰਿਆਂ ਦੇ ਸਾਹਮਣੇ ਜਨੇਊ ਦੀ ਰਸਮ ਨੂੰ ਪ੍ਰਵਾਨ ਨਹੀਂ ਸੀ ਕੀਤਾ। ਗੁਰੂ ਸਾਹਿਬ ਦੇ ਇਸ ਫ਼ੈਸਲੇ ਤੋਂ ਘਰ ਦੇ ਪ੍ਰੋਹਿਤ, ਗੁਰੂ ਸਾਹਿਬ ਦੇ ਮਾਤਾ-ਪਿਤਾ, ਰਿਸ਼ਤੇਦਾਰ ਅਤੇ ਸਾਰੇ ਗੁਆਂਢੀ ਸੱਜਣ ਨਰਾਜ਼ ਹੋ ਗਏ ਸਨ। ਗੁਰੂ ਨਾਨਕ ਸਾਹਿਬ ਨੂੰ ਵੀ ਤਾਂ ਗੁਰੂ ਸਾਹਿਬ ਦੇ ਮਾਤਾ-ਪਿਤਾ ਨੇ ਜਨਮ ਦਿੱਤਾ ਸੀ। ਕੀ ਅੱਜ ਦੇ ਬਹਾਨੇ ਲਾਉਣ ਵਾਲਿਆਂ ਦੇ ਮਾਤਾ-ਪਿਤਾ, ਗੁਰੂ ਸਾਹਿਬ ਦੇ ਮਾਤਾ-ਪਿਤਾ ਤੋਂ ਵੀ ਮਹਾਨ ਹਨ? ਅੱਜ ਦੇ ਸਿੱਖ, ਮਾਤਾ-ਪਿਤਾ, ਪਤਨੀ ਅਤੇ ਰਿਸ਼ਤੇਦਾਰਾਂ ਦੀਆਂ ਗੁਰਮਤਿ ਵਿਰੋਧੀ ਇਛਾਵਾਂ ਨੂੰ ਮੁੱਖ ਰੱਖ ਕੇ, ਸਿੱਖੀ-ਸਿਧਾਂਤਾਂ ਦੀ ਬਲੀ ਦੇਣ ਤੋਂ ਵੀ ਨਹੀਂ ਝਿਜਕਦੇ।

ਅਮੀਰੀ ਅਤੇ ਵਡੱਪਣ

ਜੇਕਰ ਦੇਖਿਆ ਜਾਵੇ ਤਾਂ ਅੱਜ ਸਿੱਖ ਪ੍ਰਵਾਰਾਂ ਦੇ ਜੀਵਨ ਵਿਚ ਅਮੀਰੀ, ਵਡੱਪਣ ਅਤੇ ਫ਼ੋਕੀ ਸ਼ਾਨ ਦਿਖਾਉਣ ਉੱਤੇ ਹੀ ਲੱਖਾਂ ਰੁਪਿਆ ਬਰਬਾਦ ਹੋ ਰਿਹਾ ਹੈ। ਅੱਜ ਕਿਸੇ ਮਨੁੱਖ ਦੀ ਅਮੀਰੀ ਨੂੰ ਵੱਡੇ ਹੋਣ ਦੀ ਨਿਸ਼ਾਨੀ ਮੰਨਿਆ ਗਿਆ ਹੈ। ਰਿਸ਼ਤਿਆਂ ਨੂੰ ਲੱਭਣ ਸਮੇਂ ਹੀ ਅਜਿਹਾ ਵਡੱਪਣ ਹਾਵੀ ਰਹਿੰਦਾ ਹੈ। ਸਾਦਗੀ ਵਾਲੇ ਨੂੰ ਗ਼ਰੀਬ ਜਾਣ ਕੇ ਰੱਦ ਕਰ ਦਿੱਤਾ ਜਾਂਦਾ ਹੈ। ਪਰ ਗੁਰਬਾਣੀ ਦਾ ਫ਼ੁਰਮਾਨ ਹੈ:-

ਵਡੇ ਵਡੇ ਜੋ ਦਿਸਹਿ ਲੋਗ।। ਤਿਨ ਕਉ ਬਿਆਪੈ ਚਿੰਤਾ ਰੋਗ।।1।।
ਕਉਨ ਵਡਾ ਮਾਇਆ ਵਡਿਆਈ।। ਸੋ ਵਡਾ ਜਿਨਿ ਰਾਮ ਲਿਵ ਲਾਈ।।1।। ਰਹਾਉ।। (ਗੁ .ਗ੍ਰੰ . ਸਾ . ਪੰਨਾ-188)

ਅਰਥ: ਹੇ ਭਾਈ! ਮਾਇਆ ਦੇ ਕਾਰਨ ਜਗਤ ਵਿਚ ਜਿਹੜੇ ਵੱਡੇ ਵੱਡੇ ਲੋਕ ਨਜ਼ਰ ਆਉਂਦੇ ਹਨ ਅਸਲ ਵਿਚ ਉਨ੍ਹਾਂ ਨੂੰ ਅਨੇਕਾਂ ਚਿੰਤਾਵਾਂ ਦੇ ਰੋਗ ਹਰ ਵੇਲੇ ਦਬਾਈ ਰੱਖਦੇ ਹਨ। ਮਾਇਆ ਕਾਰਣ ਮਿਲੀ ਵਡਿਆਈ ਨਾਲ ਕੋਈ ਮਨੁੱਖ ਵੱਡਾ ਨਹੀਂ ਹੁੰਦਾ। ਕੇਵਲ ਉਹੀ ਮਨੁੱਖ ਵੱਡਾ ਹੈ, ਜਿਸ ਦੀ ਲਗਨ ਪ੍ਰਮਾਤਮਾ ਨਾਲ ਲੱਗੀ ਹੈ। ਰਹਾਉ।

ਦੂਜਾ ਫ਼ੁਰਮਾਨ ਹੈ:

ਅਨੰਦੁ ਗਰੀਬੀ ਸਾਧਸੰਗਿ ਜਿਤੁ ਪ੍ਰਭੁ ਚਿਤਿ ਆਇ।।
ਜਲਿ ਜਾਉ ਏਹੁ ਬਡਪਨਾ ਮਾਇਆ ਲਪਟਾਏ।। (ਗੁ .ਗ੍ਰੰ . ਸਾ . ਪੰਨਾ-745)

ਅਰਥ: ਹੇ ਭਾਈ ! ਗੁਰੂ ਦੀ ਸੰਗਤ ਵਿਚ ਗ਼ਰੀਬੀ ਸਹਾਰਦਿਆਂ ਵੀ ਅਨੰਦ ਬਣਿਆ ਰਹਿੰਦਾ ਹੈ ਕਿਉਂਕਿ ਗੁਰੂ ਦੀ ਸੰਗਤ ਨਾਲ ਪ੍ਰਮਾਤਮਾ ਚਿੱਤ ਵਿਚ ਵਸਿਆ ਰਹਿੰਦਾ ਹੈ, ਪਰ ਐਸਾ ਵਡੱਪਣ ਸੜ ਜਾਏ ਜਿਸ ਦੇ ਕਾਰਨ ਮਨੁੱਖ ਮਾਇਆ ਨਾਲ ਚੰਬੜਿਆ ਰਹੇ।

ਕੋਈ ਸਿੱਖ ਅਮੀਰ ਹੋਵੇ ਜਾਂ ਗ਼ਰੀਬ, ਜੇਕਰ ਉਹ ਗੁਰੂ ਦੇ ਹੁਕਮਾਂ ਵਿਚ ਰਹਿਣ ਤਾਂ ਅਮੀਰ ਆਪਣੇ ਵਡੱਪਣ ਦੀ ਥਾਂ ਗਰੀਬ਼ ਸੁਭਾਉ  ਵਿਚ ਟਿਕਿਆ ਰਹਿੰਦਾ ਹੈ ਅਤੇ ਗ਼ਰੀਬ ਆਪਣੀ ਗ਼ਰੀਬੀ ਵਿਚ ਰਹਿ ਕੇ ਵੀ ਹਮੇਸ਼ਾਂ ਖੁਸ਼ ਰਹਿੰਦਾ ਹੈ।

ਕੀ ਸਿੱਖ ਆਪਣੇ ਗੁਰੂ ਦੇ ਹੁਕਮਾਂ ਨੂੰ ਮੰਨਦੇ ਹਨ?

ਅਕਸਰ ਹਰ ਇਕ ਸਿੱਖ ਪ੍ਰਚਾਰਕ, ਵਿਦਵਾਨ, ਕੀਰਤਨੀਆ, ਗ੍ਰੰਥੀ ਸਿੰਘ ਅਤੇ ਗੁਰਦੁਆਰਿਆਂ ਦੇ ਪ੍ਰਬੰਧਕ ਇਸ ਗੱਲ ਦਾ ਪ੍ਰਚਾਰ ਕਰਦੇ ਰਹਿੰਦੇ ਹਨ ਕਿ ਗੁਰੂ ਸਾਹਿਬ ਦੇ ਆਪਣੇ ਪੁੱਤਰਾਂ ਨੇ ਆਪਣੇ ਗੁਰਪਿਤਾ ਦੇ ਹੁਕਮਾਂ ਦੀ ਹਮੇਸ਼ਾ ਘੋਰ-ਉਲੰਘਣਾ ਕੀਤੀ , ਜਿਸ ਕਰਕੇ, ਉਹ ਗੁਰਗੱਦੀ ਦੇ ਅਧਿਕਾਰੀ ਨਾ ਬਣ ਸਕੇ। ਗੁਰਬਾਣੀ ਦਾ ਇਹ ਹੁਕਮ ਵੀ ਅਕਸਰ ਸੁਣਾਇਆ ਜਾਂਦਾ ਹੈ:

ਸਚੁ ਜਿ ਗੁਰਿ ਫੁਰਮਾਇਆ ਕਿਉ ਏਦੂ ਬੁਲਹੁ ਹਟੀਐ।।
ਪੁਤ੍ਰੀ ਕਉਲੁ ਨ ਪਾਲਿਓ ਕਰਿ  ਪੀਰਹੁ ਕੰਨ੍ ਮੁਰਟੀਐ।।
ਦਿਲਿ ਖੋਟੈ ਆਕੀ ਫਿਰਨ੍ਹਿ ਬਨ੍ਹਿ ਭਾਰੁ ਉਚਾਇਨ੍ਹਿ ਛਟੀਐ।। (ਗੁ .ਗ੍ਰੰ . ਸਾ . ਪੰਨਾ-967)

ਅਰਥਾਤ ਗੁਰੂ ਨਾਨਕ ਸਾਹਿਬ ਨੇ ਜੋ ਵੀ ਹੁਕਮ ਕੀਤਾ, ਭਾਈ ਲਹਿਣਾ ਜੀ ਨੇ ਉਸ ਨੂੰ ਸੱਚ ਕਰਕੇ ਮੰਨਿਆ, ਉਸ ਨੂੰ ਮੰਨਣ ਤੋਂ ਇੰਨਕਾਰੀ ਨਾ ਹੋਏ, ਪਰ ਸਤਿਗੁਰੂ ਜੀ ਦੇ ਪੁੱਤਰਾਂ ਨੇ ਕੋਈ ਵੀ ਹੁਕਮ ਨਾ ਮੰਨਿਆ, ਉਹ ਸਤਿਗੁਰੂ ਜੀ ਦੇ ਹਰ ਹੁਕਮ ਨੂੰ ਪਿੱਠ ਦੇ ਕੇ ਹੀ ਮੋੜਦੇ ਰਹੇ| ਦਿਲ ਦੇ ਖੋਟੇ ਹੋਣ ਕਰਕੇ, ਗੁਰੂ ਹੁਕਮਾਂ ਵੱਲੋਂ ਹਮੇਸ਼ਾ ਆਕੀ ਹੋਏ ਫਿਰਦੇ ਰਹੇ ਅਤੇ ਦੁਨੀਆਂ ਦੇ ਫ਼ਜ਼ੂਲ ਧੰਦਿਆਂ ਦਾ ਭਾਰ ਬੰਨ ਕੇ ਚੁੱਕੀ ਫਿਰਦੇ ਰਹੇ।

ਇਹੋ ਹਾਲ ਬਾਬਾ ਪ੍ਰਿਥੀ ਚੰਦ, ਪ੍ਰਿਥੀ ਚੰਦ ਦੇ ਪੁੱਤਰ ਮਿਹਰਬਾਨ, ਧੀਰਮੱਲ ਅਤੇ ਬਾਬਾ ਰਾਮ ਰਾਇ ਦਾ ਸੀ, ਜਿਹੜੇ ਗੁਰੂ ਹੁਕਮਾਂ ਅਨੁਸਾਰ ਨਾ ਚਲ ਸਕੇ, ਜਿਸ ਕਰਕੇ ਸਤਿਗੁਰਾਂ ਨੇ ਉਨ੍ਹਾਂ ਤੋਂ ਸਦਾ ਲਈ ਨਾਤਾ ਤੋੜ ਲਿਆ ਸੀ| ਅੱਜ ਸਿੱਖ ਵੀ ਤਾਂ ਆਪਣੇ ਗੁਰਪਿਤਾ ਦੇ ਗੁਰਬਾਣੀ ਹੁਕਮਾਂ ਪ੍ਰਤੀ ਇਮਾਨਦਾਰੀ ਨਹੀਂ ਰਹੇ। ਜੇਕਰ ਪੁੱਤਰ ਦਿਲ ਦੀ ਖੋਟ ਕਾਰਣ ਸਤਿਗੁਰਾਂ ਦੀਆਂ ਨਜ਼ਰਾਂ ਵਿਚ ਪ੍ਰਵਾਨ ਨਹੀਂ ਹੋ ਸਕੇ ਤਾਂ ਅੱਜ ਆਪਣੇ ਆਪ ਨੂੰ ਸਿੱਖ ਅਖਵਾਉਣ ਵਾਲੇ ਦਿਲ ਦੀ ਖੋਟ ਕਾਰਣ ਕਿਵੇਂ ਪ੍ਰਵਾਨ ਹੋ ਸਕਦੇ ਹਨ?

ਜੇਕਰ ਗੁਰੂ ਸਾਹਿਬ ਆਪਣੇ ਪੁੱਤਰਾਂ ਨੂੰ ਰੱਦ ਕਰ ਸਕਦੇ ਸਨ ਤਾਂ ਅੱਜ ਵੀ ਤਾਂ ਗੁਰਬਾਣੀ ਹੁਕਮਾਂ ਦੀ ਉਲੰਘਣਾ ਕਰਕੇ ਸਿੱਖ ਆਪਣੇ ਆਪ ਰੱਦ ਹੁੰਦੇ ਹਨ। ਅੱਜ ਸਮੁੱਚੀ ਸਿੱਖ-ਕੌਮ ਜਾਤ-ਬਰਾਦਰੀਆਂ ਵਿਚ ਘਿਰੀ ਹੋਣ ਕਰਕੇ, ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਬਾਣੀ ਹੁਕਮਾਂ ਤੋਂ ਬਾਗ਼ੀ ਹੋਣ ਕਰਕੇ, ਗੁਰੂ ਅੱਗੇ ਪ੍ਰਵਾਨ ਨਹੀਂ ਹੈ। ਗੁਰਬਾਣੀ ਹੁਕਮਾਂ ਨੂੰ ਮੰਨਣ ਵਾਲੇ ਸਿੱਖ ਅਤੇ ਗੁਰਬਾਣੀ ਹੁਕਮਾਂ ਦੀ ਉਲੰਘਣਾ ਕਰਨ ਵਾਲੇ ਪ੍ਰਤੀ ਗੁਰਬਾਣੀ ਦਾ ਫ਼ੈਸਲਾ:-

ਸੋ ਸਿਖੁ ਸਖਾ ਬੰਧਪੁ ਹੈ ਭਾਈ ਜਿ ਗੁਰ ਕੇ ਭਾਣੇ ਵਿਚਿ ਆਵੈ।।
 ਆਪਣੈ ਭਾਣੈ ਜੋ ਚਲੈ ਭਾਈ ਵਿਛੁੜਿ ਚੋਟਾ ਖਾਵੈ।। (ਗੁ .ਗ੍ਰੰ . ਸਾ . ਪੰਨਾ-601)

ਅਰਥ: ਉਹੀ ਮਨੁੱਖ ਗੁਰੂ ਦਾ ਸਿੱਖ ਹੈ, ਗੁਰੂ ਦਾ ਮਿੱਤਰ ਹੈ, ਗੁਰੂ ਦਾ ਰਿਸ਼ਤੇਦਾਰ ਹੈ, ਜਿਹੜਾ ਗੁਰੂ ਦੇ ਗੁਰਬਾਣੀ  ਹੁਕਮਾਂ ਅਨੁਸਾਰ ਆਪਣਾ ਜੀਵਨ ਬਤੀਤ ਕਰਦਾ ਹੈ| ਪਰ ਜਿਹੜਾ ਮਨੁੱਖ ਗੁਰੂ ਦੇ ਹੁਕਮਾਂ ਦੀ ਉਲੰਘਣਾ ਕਰਕੇ ਆਪਣੀ ਮਰਜ਼ੀ ਅਨੁਸਾਰ ਚਲਦਾ ਹੈ, ਉਹ ਅਗਿਆਨਤਾ ਦੇ ਹਨੇਰੇ ਵਿਚ  ਭਟਕ ਕੇ ਦੁੱਖ ਹੀ ਪਾਉਂਦਾ ਹੈ|

ਅੱਜ ਸਮੁੱਚੀ ਸਿੱਖ-ਕੌਮ, ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਬਾਣੀ ਹੁਕਮਾਂ ਦੀ ਘੋਰ-ਉਲੰਘਣਾ ਕਰਕੇ, ਦਰ ਦਰ ਦੀਆਂ ਠੋਕਰਾਂ ਖਾ ਰਹੀ ਹੈ, ਹਰ ਥਾਂ ਜ਼ਲੀਲ ਹੋ ਰਹੀ ਹੈ ਅਤੇ ਆਪਣੀਆਂ ਕਮਜ਼ੋਰੀਆਂ ਦਾ ਖ਼ਮਿਆਜ਼ਾ ਵੀ ਆਪ ਹੀ ਭੁਗਤ ਰਹੀ ਹੈ।

ਕਾਸ਼ ! ਅੱਜ ਸਿੱਖ ਆਪਣੀਆਂ ਵੱਖ ਵੱਖ ਜਾਤ-ਬਰਾਦਰੀਆਂ ਵਿਚ ਨਾ ਵੰਡੇ ਹੁੰਦੇ ਤਾਂ ਸਿੱਖ-ਕੌਮ ਨੇ ਪਹਿਲਾਂ ਵਾਂਗ ਇਕ ਮਜ਼ਬੂਤ ਅਤੇ ਸ਼ਕਤੀਸ਼ਾਲੀ ਕੌਮ ਹੋਣਾ ਸੀ। ਸਿੱਖ-ਕੌਮ ਦੀ ਨਿਘਰ ਚੁੱਕੀ ਹਾਲਤ ਨੂੰ ਧਿਆਨ ਵਿਚ ਰੱਖਦੇ ਹੋਏ, ਸਿੱਖ-ਕੌਮ ਦੇ ਵਿਦਵਾਨਾਂ, ਪ੍ਰਚਾਰਕਾਂ, ਕੀਰਤਨੀਆਂ, ਗ੍ਰੰਥੀ ਸਿੰਘਾਂ, ਗੁਰਦੁਆਰਿਆਂ ਦੇ ਪ੍ਰਬੰਧਕਾਂ ਅਤੇ ਆਮ ਸਿੱਖਾਂ ਨੂੰ ਪੁਰਜ਼ੋਰ ਬੇਨਤੀ ਹੈ ਕਿ ਸਭ ਤੋਂ ਪਹਿਲਾਂ ਸਾਨੂੰ ਸਾਰਿਆਂ ਨੂੰ ਆਪਣੀਆਂ ਆਪਣੀਆਂ ਜਾਤ-ਬਰਾਦਰੀਆਂ ਨੂੰ ਤਿਆਗ ਕੇ ਗੁਰਸਿੱਖ (ਭਾਵ ਗੁਰੂ ਦੇ ਸਿੱਖ) ਬਣਨ ਦਾ ਐਲਾਨ ਕਰਨਾ ਚਾਹੀਦਾ ਹੈ। ਇਸ ਤੋਂ ਇਲਾਵਾ ਗੁਰਸਿੱਖ ਦੇ ਨਾਂ ਹੇਠ ਹੀ ਰਿਸ਼ਤੇ-ਨਾਤਿਆਂ ਦੇ ਇਸ਼ਤਿਹਾਰ ਛਾਪਣ ਲਈ ਦਿੱਤੇ ਜਾਣੇ ਚਾਹੀਦੇ ਹਨ ਤਾਂ ਜੋ ਸਿੱਖ-ਕੌਮ ਦੇ ਹੋਰ ਸਿੱਖਾਂ ਨੂੰ ਵੀ ਅਜਿਹਾ ਕਰਨ ਦੀ ਪ੍ਰੇਰਣਾ ਮਿਲ ਸਕੇ। ਅਮੀਰ-ਗ਼ਰੀਬ ਦਾ ਜਿਹੜਾ ਵਿਤਕਰਾ ਕੀਤਾ ਜਾਂਦਾ ਹੈ, ਉਹ ਵੀ ਤਿਆਗਣਾ ਪਵੇਗਾ। ਸਿੱਖ ਹੋਣ ਦੇ ਨਾਤੇ ਸਾਰੇ ਸਿੱਖ ਪ੍ਰਵਾਰਾਂ ਨੂੰ ਰਿਸ਼ਤੇ-ਨਾਤੇ ਸਿੱਖ ਪ੍ਰਵਾਰਾਂ ਵਿਚ ਹੀ ਕਰਨੇ ਚਾਹੀਦੇ ਹਨ ਤਾਂ ਜੋ ਕਿਸੇ ਵੀ ਸਿੱਖ ਪ੍ਰਵਾਰ ਨੂੰ ਕੋਈ ਰੁਕਾਵਟ ਪੈਦਾ ਨਾ ਹੋਵੇ। ਸਾਨੂੰ ਇਕ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਸਿੱਖ-ਪ੍ਰਚਾਰਕਾਂ ਦੇ ਗ਼ਲਤ ਪ੍ਰਚਾਰ ਨੇ ਹੀ ਸਿੱਖ-ਕੌਮ ਨੂੰ ਜਾਤੀਵੰਡ ਦੀ ਪੰਜਾਲੀ ਵਿਚ ਫਸਾਇਆ ਸੀ ਅਤੇ ਹੁਣ ਵੀ ਸਿੱਖ-ਕੌਮ ਨੂੰ ਜਾਤ-ਪਾਤ ਦੀ ਪੰਜਾਲੀ ਵਿਚੋਂ ਅਜ਼ਾਦ ਕਰਾਉਣ ਲਈ ਸਿੱਖ-ਪ੍ਰਚਾਰਕਾਂ ਨੂੰ ਹੀ ਅੱਗੇ ਆਉਣਾ ਚਾਹੀਦਾ ਹੈ। ਯਾਦ ਰੱਖੋ ! ਜੇਕਰ ਸਿੱਖ-ਪ੍ਰਚਾਰਕ ਸੁਧਰ ਗਏ ਤਾਂ ਸਮਝੋ ਸਿੱਖ-ਕੌਮ ਸੁਧਰ ਗਈ। ਇਸ ਲਈ ਗੁਰਸਿੱਖ ਬਣ ਕੇ ਸਾਰੇ ਸੰਸਾਰ ਨੂੰ ਦੱਸ ਦਿਉ ਕਿ ਗੁਰੂ ਦੇ ਸਿੱਖ ਹੁਣ ਵੀ ਜਿਊਂਦੇ ਹਨ, ਮਰੇ ਨਹੀਂ।

ਦਵਿੰਦਰ ਸਿੰਘ ਆਰਟਿਸਟ, ਖਰੜ
97815-09768
ਮਿਤੀ:05-11-2017 

 • ਜਾਤਾਂ-ਪਾਤਾਂ ਤੋਂ ਇਲਾਵਾ ਵੀ ਬਹੁਤ ਸਾਰੇ ਅਹਿਮ ਸੁਆਲ ਅੱਜ ਸਾਡੇ ਡੁਬਦੇ ਹੋਏ ਬੇੜੇ ’ਚ ਵੱਡੇ-ਵੱਡੇ ਮੋਰਿਆਂ ਵਾਂਗ ਹੋਰ ਵੀ ਝਾਕ ਰਹੇ ਹਨ, ਜਿਹਨਾਂ ਬਾਰੇ ਵਿਚਾਰ ਕਰਨਾ ਜਰੂਰੀ ਹੋ ਗਿਆ ਹੈ:

  ਖਾਲਸਾ ਪੰਥ ਦੀ ਆੜ ‘ਚ ਰਾਜਸੱਤਾ ਹਥਿਆ ਕੇ ਰਾਜਸੀ ਠਾਠ-ਬਾਠ ਨਾਲ ਮੌਜਾਂ ਕਰਨ ਵਾਲੇ ਚੋਰਾਂ ਨੂੰ ਹੀ ਸਾਡੀ ਭੋਲੀ-ਭਾਲੀ ਜਨਤਾ ਜਾਂ ਸੰਗਤ ਨੇ ਫੇਰ ਮੌਕਾ ਦੇ ਦੇਣਾ ਐ, ਕਦੀ ਕਾਂਗਰਸ ’ਤੇ ਕਦੀ ਅਕਾਲੀ, ਜਦਕਿ ਇਹ ਸਭ ਜਨਤਾ ਅਤੇ ਸੂਬੇ ਨਾਲ ਧੋਖਾ ਹੀ ਕਰਦੇ ਰਹੇ ਆ ਰਹੇ ਹਨ।

  ਇਹ SGPC, ਅਕਾਲ ਤਖਤ, ਦਮਦਮੀ ਟਕਸਾਲ ਸੱਭ ਕੁਝ ਅੰਮ੍ਰਿਤਧਾਰੀ ਮਸੰਦਾਂ ਨੇ ਮੱਲ ਲਿਆ ਹੈ, ਕੀ ਸਿਰਫ ਅੰਮ੍ਰਿਤ ਛੱਕ, ਬਾਣੇ ਪਾ, ਕੇਸ ਦਾੜੀਆਂ ਰੱਖ ਕੇ ਕੋਈ ਸਿੰਘ ਜਾਂ ਸਿੱਖ ਹੋ ਜਾਂਦਾ ਹੈ? ਕੀ ਗਰੰਟੀ ਹੈ ਕਿ ਰਾਜਨੀਤੀ ਦਾ ਖਿਡਾਰੀ ਹਰ ਅੰਮ੍ਰਿਤਧਾਰੀ ਸਿੰਘ ਸਚਾ ਹੀ ਹੈ? ਅਤੇ ਪੰਥ ਅਤੇ ਸਿੱਖ ਸਮੁਦਾਇ ਨਾਲ ਧੋਖਾ ਨਹੀਂ ਕਰੇਗਾ?

  ਪੰਥ ਨੂੰ ਅਤੇ ਸਮੂਹ ਸੰਗਤ ਨੂੰ ਗੁਮਰਾਹ ਕਰਨ ਵਾਲੇ, ਗੁਰੂਘਰ ਦੀਆਂ ਗੋਲਕਾਂ ਉਤੇ ਪਲਣ ਵਾਲੇ ਖਾਲਸਤਾਨ ਬਣਾਉਣ ਦੀਆਂ ਡੀਂਗਾਂ ਮਾਰਦੇ ਰਹੇ, ਬੱਚੇ ਸਾਡੇ ਗੁਮਰਾਹ ਹੋਏ, ਨੋਜਵਾਨ ਪੁਲਿਸ, ਫੌਜ, CRPF ਦੇ ਅਤੇ ਅਸਾਡੇ ਮਰੇ, ਇਹਨਾਂ ਝੂਠੇ ਲੀਡਰਾਂ ਦਾ ਕੀ ਗਿਆ… ਕੌਣ ਮਰਿਆ?

  ਓਹੀ ਹਿੰਦੂ, ਜਿਹਨਾਂ ਵਾਸਤੇ ਗੁਰੂ ਅਰਜਨ ਦੇਵ ਜੀ ਨੇ ਕੁਰਬਾਨੀ ਕੀਤੀ, ਭਾਈ ਮਤੀਦਾਸ, ਸਤੀਦਾਸ ਜੀ ਆਦਿ ਨੇ ਤਸੀਹੇ ਝੱਲਦੇ ਹੋਏ ਮੌਤ ਨੂੰ ਚੁੰਮ ਲਿਆ ਸੀ, ਗੁਰੂ ਤੇਗ ਬਹਾਦੁਰ ਜੀ ਨੇ ਸੀਸ ਦਿੱਤਾ, ਦਸਮ ਪਾਤਸਾਹ ਸ੍ਰੀ ਗੁਰੂ ਗੋਬਿੰਦ ਸਿੰਘ ਨੇ ਮਾਂ ਅਤੇ ਪੁੱਤ ਹੀ ਨਹੀਂ ਵੀ ਵਾਰੇ, ਆਪ ਵੀ ਕੁਰਬਾਨੀ ਕੀਤੀ… ਅਤੇ ਹੋਰ ਬਹੁਤ ਸਾਰੇ ਸ਼ਹੀਦ ਸਿੰਘਾਂ, ਸਿੱਖਾਂ ਜਾਂ ਭਰਾਵਾਂ ਦੀਆਂ ਲਾਸਾਂ ਅਜੇ ਠੰਡੀਆਂ ਵੀ ਨਹੀਂ ਹੋਈਆਂ, ਅੱਜ ਸਾਡੇ ਨਾਲ ਸਬੰਧ ਵੀ ਰੱਖਣ ਤੋਂ ਡਰਦੇ ਹਨ, ਨਫਰਤ ਵੀ ਕਰਦੇ ਹਨ, ਕੀ ਸਰਭਸਾਂਝੀ ਗੁਰੂਬਾਣੀ ਸਾਨੂੰ ਇਸ ਤਰਾਂ ਦੀ ਨਫਰਤ ਫੈਲਾਣਾ ਸਿਖਾਂਦੀ ਹੈ?

  ਸਿੱਖ ਅੱਜ ਕੱਲ ਫੇਰ ਵਹਿਮਾਂ ਭਰਮਾਂ ਦਾ ਸਿਕਾਰ ਹਨ, ਗੁਰਬਾਣੀ ਨੂੰ ਸਮਝ ਕੇ ਅਮਲੀ ਤੇ ਖਾਲਸ ਜੀਵਨ ਜੀਣਾ ਤਾਂ ਦੂਰ, ਰਹਿਤ ਮਰਿਆਦਾ ਛੱਡ ਲੜੀਵਾਰ ਪਾਠਾਂ, ਕੇਸਾਂ, ਕੰਘਿਆਂ, ਕੱਛਿਆਂ ਅਤੇ ਕਿਰਪਾਨਾਂ ਵਿੱਚ ਹੀ ਉਲਝ ਕੇ ਰਹਿ ਗਏ ਹਨ। ਕੀ ਇਹੋ ਜਿਹੇ ਕਰਮ-ਕਾਂਡ, ਇਹ ਪੰਚਮੀਆਂ, ਦਸਵੀਂਆਂ, ਸੰਗਰਾਂਦਾਂ ਆਦਿ ਮਨਾਉਣਾ ਜਾ ਫੋਕਾ ਲੋਕ-ਦਿਖਾਵਾ ਗੁਰਮੱਤ ਹੈ?

  ਇਕੋ ਪਿੰਡ ਵਿੱਚ ਚਾਰ ਚਾਰ ਜਾਂ ਪੰਜ ਪੰਜ ਗੁਰਦੁਆਰੇ ਇਹ ਜੱਟਾਂ ਦਾ, ਓਹ ਕਬੋਜਾਂ ਦਾ, ਆਹ ਸੈਣੀਆਂ ਦਾ, ਕੋਈ ਭਾਪਿਆਂ ਦਾ, ਫੇਰ ਮਜਭੀਆਂ ’ਤੇ ਰਾਮਦਾਸੀਆਂ ਦੇ ਬਣਾ ਕੇ ਅਸੀਂ ਆਪਣੇ ਆਪ ਨੂੰ ਦਸਮ ਪਿਤਾ ਦੇ ਪੁੱਤ ਅਖਵਾਉਣ ਦਾ ਕੋਈ ਹੱਕ ਰੱਖਦੇ ਹਾਂ?

  ਕੀ ਕਹਿੰਦੇ ਹੋਣਗੇ ਬਾਬਾ ਅਜੀਤ ਸਿੰਘ, ਬਾਬਾ ਝੁਜਾਰ ਸਿੰਘ, ਬਾਬਾ ਜੋਰਾਵਰ ਅਤੇ ਬਾਬਾ ਫਤਿਹ ਸਿੰਘ ਜੀ ਇਹ ਸਭ ਦੇਖ ਕੇ?

  ਕੌਣ ਸੁਣੇਗਾ ਜਾਂ ਮਨਜੂਰ ਕਰੇਗਾ ਸਾਡੀਆਂ ਫੋਕੀਆਂ ਅਤੇ ਝੂਠੀਆਂ ਅਰਦਾਸਾਂ?

 • ਜਾਤਾਂ-ਪਾਤਾਂ ਤੋਂ ਇਲਾਵਾ ਵੀ ਬਹੁਤ ਸਾਰੇ ਅਹਿਮ ਸੁਆਲ ਅੱਜ ਸਾਡੇ ਡੁਬਦੇ ਹੋਏ ਬੇੜੇ ’ਚ ਵੱਡੇ-ਵੱਡੇ ਮੋਰਿਆਂ ਵਾਂਗ ਹੋਰ ਵੀ ਝਾਕ ਰਹੇ ਹਨ, ਜਿਹਨਾਂ ਬਾਰੇ ਵਿਚਾਰ ਕਰਨਾ ਜਰੂਰੀ ਹੋ ਗਿਆ ਹੈ:

  ਖਾਲਸਾ ਪੰਥ ਦੀ ਆੜ ‘ਚ ਰਾਜਸੱਤਾ ਹਥਿਆ ਕੇ ਰਾਜਸੀ ਠਾਠ-ਬਾਠ ਨਾਲ ਮੌਜਾਂ ਕਰਨ ਵਾਲੇ ਚੋਰਾਂ ਨੂੰ ਹੀ ਸਾਡੀ ਭੋਲੀ-ਭਾਲੀ ਜਨਤਾ ਜਾਂ ਸੰਗਤ ਨੇ ਫੇਰ ਮੌਕਾ ਦੇ ਦੇਣਾ ਐ, ਕਦੀ ਕਾਂਗਰਸ ’ਤੇ ਕਦੀ ਅਕਾਲੀ, ਜਦਕਿ ਇਹ ਸਭ ਜਨਤਾ ਅਤੇ ਸੂਬੇ ਨਾਲ ਧੋਖਾ ਹੀ ਕਰਦੇ ਰਹੇ ਆ ਰਹੇ ਹਨ।

  ਇਹ SGPC, ਅਕਾਲ ਤਖਤ, ਦਮਦਮੀ ਟਕਸਾਲ ਸੱਭ ਕੁਝ ਅੰਮ੍ਰਿਤਧਾਰੀ ਮਸੰਦਾਂ ਨੇ ਮੱਲ ਲਿਆ ਹੈ, ਕੀ ਸਿਰਫ ਅੰਮ੍ਰਿਤ ਛੱਕ, ਬਾਣੇ ਪਾ, ਕੇਸ ਦਾੜੀਆਂ ਰੱਖ ਕੇ ਕੋਈ ਸਿੰਘ ਜਾਂ ਸਿੱਖ ਹੋ ਜਾਂਦਾ ਹੈ? ਕੀ ਗਰੰਟੀ ਹੈ ਕਿ ਰਾਜਨੀਤੀ ਦਾ ਖਿਡਾਰੀ ਹਰ ਅੰਮ੍ਰਿਤਧਾਰੀ ਸਿੰਘ ਸੱਚਾ ਹੀ ਹੈ? ਅਤੇ ਪੰਥ ਅਤੇ ਸਿੱਖ ਸੰਮੁਦਾਇ ਨਾਲ ਧੋਖਾ ਨਹੀਂ ਕਰੇਗਾ?

  ਪੰਥ ਨੂੰ ਅਤੇ ਸਮੂਹ ਸੰਗਤ ਨੂੰ ਗੁਮਰਾਹ ਕਰਨ ਵਾਲੇ, ਗੁਰੂਘਰ ਦੀਆਂ ਗੋਲਕਾਂ ਉਤੇ ਪਲਣ ਵਾਲੇ, ਬਾਹਰਲੇ ਮੁਲਕਾਂ ’ਚ ਵਸਦੇ ਸਿੱਖਾਂ ਤੋਂ ਪੈਸਾ ਬਟੋਰ ਕੇ, ਖਾਲਸਤਾਨ ਬਣਾਉਣ ਦੀਆਂ ਡੀਂਗਾਂ ਮਾਰਦੇ ਰਹੇ, ਬੱਚੇ ਸਾਡੇ ਗੁਮਰਾਹ ਹੋਏ, ਨੋਜਵਾਨ ਪੁਲਿਸ, ਫੌਜ, CRPF ਦੇ ਅਤੇ ਅਸਾਡੇ ਮਰੇ, ਇਹਨਾਂ ਝੂਠੇ ਲੀਡਰਾਂ ਦਾ ਕੀ ਗਿਆ… ਕੌਣ ਮਰਿਆ?

  ਓਹੀ ਹਿੰਦੂ, ਜਿਹਨਾਂ ਵਾਸਤੇ ਗੁਰੂ ਅਰਜਨ ਦੇਵ ਜੀ ਨੇ ਕੁਰਬਾਨੀ ਕੀਤੀ, ਭਾਈ ਮਤੀਦਾਸ, ਸਤੀਦਾਸ ਜੀ ਆਦਿ ਨੇ ਤਸੀਹੇ ਝੱਲਦੇ ਹੋਏ ਮੌਤ ਨੂੰ ਚੁੰਮ ਲਿਆ ਸੀ, ਗੁਰੂ ਤੇਗ ਬਹਾਦੁਰ ਜੀ ਨੇ ਸੀਸ ਦਿੱਤਾ, ਦਸਮ ਪਾਤਸਾਹ ਸ੍ਰੀ ਗੁਰੂ ਗੋਬਿੰਦ ਸਿੰਘ ਨੇ ਮਾਂ ਅਤੇ ਪੁੱਤ ਹੀ ਨਹੀਂ ਵੀ ਵਾਰੇ, ਆਪ ਵੀ ਕੁਰਬਾਨੀ ਕੀਤੀ… ਅਤੇ ਹੋਰ ਬਹੁਤ ਸਾਰੇ ਸ਼ਹੀਦ ਸਿੰਘਾਂ, ਸਿੱਖਾਂ ਜਾਂ ਭਰਾਵਾਂ ਦੀਆਂ ਲਾਸਾਂ ਅਜੇ ਠੰਡੀਆਂ ਵੀ ਨਹੀਂ ਹੋਈਆਂ, ਅੱਜ ਸਾਡੇ ਨਾਲ ਸਬੰਧ ਵੀ ਰੱਖਣ ਤੋਂ ਡਰਦੇ ਹਨ, ਨਫਰਤ ਵੀ ਕਰਦੇ ਹਨ, ਕੀ ਸਰਭਸਾਂਝੀ ਗੁਰੂਬਾਣੀ ਸਾਨੂੰ ਇਸ ਤਰਾਂ ਦੀ ਨਫਰਤ ਫੈਲਾਣਾ ਸਿਖਾਂਦੀ ਹੈ?

  ਸਿੱਖ ਅੱਜ ਕੱਲ ਫੇਰ ਵਹਿਮਾਂ ਭਰਮਾਂ ਦਾ ਸਿਕਾਰ ਹਨ, ਗੁਰਬਾਣੀ ਨੂੰ ਸਮਝ ਕੇ ਅਮਲੀ ਤੇ ਖਾਲਸ ਜੀਵਨ ਜੀਣਾ ਤਾਂ ਦੂਰ, ਰਹਿਤ ਮਰਿਆਦਾ ਛੱਡ ਲੜੀਵਾਰ ਪਾਠਾਂ, ਕੇਸਾਂ, ਕੰਘਿਆਂ, ਕੱਛਿਆਂ ਅਤੇ ਕਿਰਪਾਨਾਂ ਵਿੱਚ ਹੀ ਉਲਝ ਕੇ ਰਹਿ ਗਏ ਹਨ। ਕੀ ਇਹੋ ਜਿਹੇ ਕਰਮ-ਕਾਂਡ, ਇਹ ਪੰਚਮੀਆਂ, ਦਸਵੀਂਆਂ, ਸੰਗਰਾਂਦਾਂ ਆਦਿ ਮਨਾਉਣਾ ਜਾ ਫੋਕਾ ਲੋਕ-ਦਿਖਾਵਾ ਗੁਰਮੱਤ ਹੈ?

  ਇਕੋ ਪਿੰਡ ਵਿੱਚ ਚਾਰ ਚਾਰ ਜਾਂ ਪੰਜ ਪੰਜ ਗੁਰਦੁਆਰੇ –ਇਹ ਜੱਟਾਂ ਦਾ, ਓਹ ਕਬੋਜਾਂ ਦਾ, ਆਹ ਸੈਣੀਆਂ ਦਾ, ਕੋਈ ਭਾਪਿਆਂ ਦਾ, ਫੇਰ ਮਜਬੀਆਂ ’ਤੇ ਰਾਮਦਾਸੀਆਂ ਦੇ– ਬਣਾ ਕੇ ਅਸੀਂ ਆਪਣੇ ਆਪ ਨੂੰ ਦਸਮ ਪਿਤਾ ਦੇ ਪੁੱਤ ਅਖਵਾਉਣ ਦਾ ਕੋਈ ਹੱਕ ਰੱਖਦੇ ਹਾਂ?

  ਕੀ ਕਹਿੰਦੇ ਹੋਣਗੇ ਬਾਬਾ ਅਜੀਤ ਸਿੰਘ, ਬਾਬਾ ਝੁਜਾਰ ਸਿੰਘ, ਬਾਬਾ ਜੋਰਾਵਰ ਅਤੇ ਬਾਬਾ ਫਤਿਹ ਸਿੰਘ ਜੀ ਇਹ ਸਭ ਦੇਖ ਕੇ?

  ਕੌਣ ਸੁਣੇਗਾ ਜਾਂ ਮਨਜੂਰ ਕਰੇਗਾ ਸਾਡੀਆਂ ਫੋਕੀਆਂ ਅਤੇ ਝੂਠੀਆਂ ਅਰਦਾਸਾਂ?

 • Gurpreet Singh Preet

  ਬਹੁਤ ਦਰਦ ਭਰਿਆ ਲੇਖ ਹੈ, ਸਤਿਥੀ ਬਹੁਤ ਬਦਤੱਰ ਹੋ ਚੁੱਕੀ ਹੈ, ਸਿੱਖ ਵੰਡੇ ਜਾ ਰਹੇ ਨੇ ਹਰ ਪਾਸਿਓਂ, ਇਸਦਾ ਸਹਾਈ ਹੁਣ ਅਕਾਲ ਪੁਰਖ ਹੀ ਹੈ ਤੇ ਅੱਸੀਂ ਕੀ ਕਦਮ ਪੁੱਟਦੇ ਹਾਂ ਇਸ ਨੂੰ ਠੀਕ ਕਰਨ ਲਈ।