ਪੰਜਾਬ ਪਹਿਲਾਂ ਵਾਲਾ ਪੰਜਾਬ ਨਹੀਂ ਰਿਹਾ

0
1575

A A A

ਪੰਜਾਬ ਪਹਿਲਾਂ ਵਾਲਾ ਪੰਜਾਬ ਨਹੀਂ ਰਿਹਾ, ਪਿਛਲੇ 15-20 ਸਾਲਾਂ ਵਿਚ ਬਹੁਤ ਬਦਲ ਗਿਆ ਹੈ। ਇਹ ਬਦਲਾਵ ਖੂਬਸੂਰਤੀ, ਤਰੱਕੀ ਜਾਂ ਵਿਕਾਸ ਦੀ ਸ਼ਾਹਦੀ ਨਹੀਂ ਭਰਦਾ; ਸਗੋਂ ਗਰੀਬੀ, ਗਿਰਾਵਟ ਤੇ ਨੈਤਕਤਾ ਦੀਆਂ ਨੀਵਾਣਾਂ ਵੱਲ ਜਾਂਦਾ ਪਰਤੀਤ ਹੁੰਦਾ ਹੈ। ਪਿੰਡਾਂ ਵਿਚ ਪਿੱਪਲਾਂ, ਬੋਹੜਾਂ ਤੇ ਛੱਪੜਾਂ ਦੀਆਂ ਰੌਣਕਾਂ ਅਲੋਪ ਹਨ। ਚਟੂਰਿਆਂ ਤੇ ਕਾੜ੍ਹਨੀਆਂ ਵਾਂਗ ਰਿਜ਼ਕ ਤੇ ਰੱਜ ਨਾਲ ਛਲਕਦੇ ਜਿਗਰੇ ਨਹੀਂ ਰਹੇ, ਕਿਸੇ ਥਾਂ ਮੋਹ ਮਮਤਾ ਦੀਆਂ ਪੀਂਘਾਂ ਨਹੀਂ ਪੈਂਦੀਆਂ। ਮੱਛਰੀ ਜੁਆਨੀ ਤੇ ਅਲਬੇਲੇ ਗੱਭਰੂਆਂ ਤੋਂ ਪਿੜ ਸੁੰਨੇ ਹਨ। ਦਾਨੇ ਪਰਧਾਨੇ ਬਿਰਧ ਬਾਬਿਆਂ ਨਾਲ਼ ਸੱਥਾਂ ਨਹੀਂ ਭਰਦੀਆਂ। ਕਿਸੇ ਨੂੰ ਕਿਸੇ ਦੀ ਉਡੀਕ ਨਹੀਂ। ਹਰ ਅੱਖ ਵਿਚ ਖੋਟ ਹੈ। ਹਰ ਕੰਧ ਸੇਕ ਮਾਰਦੀ ਤੇ ਹਰ ਭੀੜੀ ਗਲੀ ਦੇ ਮੋੜ ‘ਤੇ ਕੋਈ ਡਰਾਉਣਾ ਖੜ੍ਹਾ ਹੈ। ਆਂਢ-ਗੁਆਂਢ ਦੀ ਲੱਜਾ ਤੇ ਪਾਣ ਪੱਤ ਦੀ ਸਾਂਝ ਖਤਮ ਹੈ।

ਇਹ ਕੋਰਾ ਝੂਠ ਹੈ ਕਿ ਨਵੀਂ ਸਰਕਾਰ ਦੇ ਬਣਦਿਆਂ ਨਸ਼ੇ ਬੰਦੇ ਹੋ ਗਏ ਹਨ, ਖੁਦਕੁਸ਼ੀਆਂ ਬੰਦ ਹੋ ਗਈਆਂ ਹਨ ਅਤੇ ਲੋਕ ਬੇਖੌਫ, ਸੁਖੀ ਤੇ ਸੰਤੁਸ਼ਟ ਜੀਵਨ ਜਿਉਂ ਰਹੇ ਹਨ; ਇਸ ਦੇ ਉਲਟ ਇਹ ਬਿਮਾਰੀਆਂ ਪਹਿਲਾਂ ਨਾਲੋਂ ਵਧ ਰਹੀਆਂ ਹਨ। ਲੋਕ ਇਸ ਲਾਰੇ ਦਾ ਬੁਰੀ ਤਰ੍ਹਾਂ ਸ਼ਿਕਾਰ ਹਨ ਕਿ ਨਵੀਂ ਸਰਕਾਰ ਦੇ ਆਉਂਦਿਆਂ ਹੀ ਸਭ ਕੁਝ ਬਦਲ ਜਾਵੇਗਾ, ਵਿਕਾਸ ਦੇ ਰਾਹ ਖੁੱਲ੍ਹ ਜਾਣਗੇ ਤੇ ਲੋਕ ਮੌਜਾਂ ਕਰਨਗੇ। ਪਰ ਲੋਕ ਧੋਖਾ ਖਾ ਗਏ ਤੇ ਠੱਗੇ ਗਏ ਜਾਪਦੇ ਹਨ। ਪੰਜਾਬ ਸਗੋਂ ਪਹਿਲਾਂ ਨਾਲੋਂ ਬਿਮਾਰਾਂ ਤੇ ਬੇਈਮਾਨਾ ਦਾ ਦੇਸ਼ ਬਣਦਾ ਜਾ ਰਿਹਾ ਹੈ। ਭਾਈਚਾਰਕ ਤੇ ਸਦਾਚਾਰਕ ਮਾਣ ਮਰਿਯਾਦਾ ਦੀ ਲੋਈ ਤਾਰ ਤਾਰ ਹੋ ਰਹੀ ਹੈ। ਇਹ ਗੱਲ ਸਾਊ ਤੇ ਸ਼ਰੀਫ ਪਰਵਾਰਾਂ ਦੇ ਭਾਵੇਂ ਹਜ਼ਮ ਨਾਂ ਹੋਵੇ ਪਰ ਵਸੀਲਿਆਂ ਤੋਂ ਪਤਾ ਲੱਗੈ ਕਿ ਕੁਝ ਪਿੰਡਾਂ ਵਿਚ ਕੁਝ ਵਿਗੜੇ ਮੁੰਡੇ ਆਂਢ ਗੁਆਂਢ ਦੀਆਂ ਭੈਣਾਂ ਭਤੀਜੀਆਂ ਨੂੰ ਆਪਣੇ ਘਰੀਂ ਵਸਾਉਣ ਤੇ ਪਤੀ ਪਤਨੀ ਵਾਲੇ ਸਬੰਧ ਬਣਾਉਣ ਲੱਗ ਪਏ ਹਨਤੇ ਵਿਗੜੀਆਂ ਕੁੜੀਆਂ ਪਿੰਡ ਦੇ ਚਾਚੇ, ਤਾਏ ਦੇ ਪੁੱਤਾਂ ਦੀਆਂ ਵਹੁਟੀਆਂ ਬਣਨ ਲੱਗ ਪਈਆਂਹਨ। ਪਿੰਡ ਦੀਆਂ ਧੀਆਂ-ਧਿਆਣੀਆਂ ਨੇ ਪਿੰਡ ਵਿਚ ਨੋਹਾਂ-ਭਾਬੀਆਂ ਬਣਨ ਵਿਚ ਸੰਗ, ਸ਼ਰਮ ਜਾਂ ਲੱਜਾ ਦੀ ਲੋਈ ਲਾਹ ਮਾਰੀ ਹੈ।ਹੁਣ ਮਾਮੀ, ਮਾਸੀ, ਭੂਆ ਦੀ ਕੁੜੀ ਜਾਂ ਕਿਸੇ ਵੀ ਧੀ ਭੈਣ ਨਾਲ਼ ਰੰਗ ਰਲ਼ੀਆਂ ਮਾਨਣ ਤੇ ਵਿਆਹ ਕਰਨ ਦੇ ਰਾਹ ਖੁੱਲ੍ਹ ਗਏ ਜਾਪਦੇ ਹਨ। ਇਸ ਆਪਾ ਧਾਪੀ ਤੇ ਗੰਧਲ਼ੇ ਹਾਲਾਤ ਵਿਚ ਕਿਆਸ ਕਰਨਾ ਔਖਾ ਹੈ ਕਿ ਆਉਣ ਵਾਲ਼ੇ ਪੰਜਾਬ ਦੇ ਸਭਿਆਚਾਰ ਦੀ ਤਸਵੀਰ ਕਿਹੋ ਜਹੀ ਹੋਵੇਗੀ?
ਅੱਜ ਤੋਂ ਕੋਈ 70-80 ਸਾਲ ਪਹਿਲਾਂ ਇੱਕ ਵਿਚਾਰਵਾਨ ਨੇ ਆਖਿਆ ਸੀ ਕਿ ‘ਕਿਸੇ ਸਮਾਜ ਦੇ ਧਾਰਮਕ ਅਦਾਰੇ ਜਦੋਂ ਤੱਕ ਅਮੀਰ ਹੋਈ ਜਾਣਗੇ, ਦੇਸ਼ ਦੇ ਲੋਕ ਗਰੀਬ, ਹੋਰ ਗਰੀਬ ਹੋਈ ਜਾਣਗੇ’ ਉਸ ਦਾ ਇਹ ਕਥਨ ਅੱਜ ਪੰਜਾਬ ਵਿਚ ਸੱਚ ਸਾਬਤ ਹੋ ਰਿਹਾ ਹੈ। ਪੰਜਾਬ ਦੇ ਕੁੱਲ ਪਿੰਡਾਂ ਤੋਂ ਵੀ ਵਧੇਰੇ ਡੇਰੇ ਤੇ ਧਾਰਮਕ ਅਦਾਰਿਆਂ ਦੇ ਸੰਗ ਮਰ ਮਰ ਤੇ ਸੋਨੇ ਦੇ ਕਲਸ ਲਿਸ਼ਕਾਂ ਮਾਰ ਰਹੇ ਹਨ। ਪਰ ਪੰਜਾਬ ਦੀ 70 ਫੀ ਸਦੀ ਨਸ਼ਿਆਂ ਵਿਚ ਗਰਕ ਹੋ ਰਹੀ ਤੇ ਲੂਣ ਵਾਂਗ ਖੁਰਦੀ ਜਾ ਰਹੀ ਜੁਆਨੀ ਦਾ ਨਾਂ ਕਿਸੇ ਰਾਜਸੀ ਲੀਡਰ ਨੂੰ ਫਿਕਰ ਹੈ ਤੇ ਨਾ ਕਿਸੇ ਧਾਰਮਕ ਰਹਿਬਰ ਨੂੰ। ਕੌੜਾ ਸੱਚ ਇਹ ਹੈ ਕਿ ਬੇਰੋਜ਼ਗਾਰਾਂ, ਤਸਕਰਾਂ, ਨਸ਼ੇੜੀਆਂ, ਚੋਰਾਂ ਤੇ ਖੋਹ ਖਿੰਝ ਦੀਆਂ ਫੌਜਾਂ ਵਿਚ ਦਿਨੋ ਦਿਨ ਵਾਧਾ ਹੋ ਰਿਹਾ ਹੈ।

ਦੇਸ਼ ਨੂੰ ਅਜ਼ਾਦ ਹੋਇਆ 70 ਸਾਲ ਹੋ ਗਏ ਹਨ। ਕਿਸੇ ਦੇਸ਼ ਦੀ ਤਕਦੀਰ ਵਿਚ 70 ਸਾਲ ਥੋੜ੍ਹੇ ਨਹੀਂ ਹੁੰਦੇ। ਜ਼ਿੰਦਗੀ ਦੀਆਂ ਮੁੱਢਲੀਆਂ ਲੋੜਾਂ ਦੀ ਪੂਰਤੀ ਦੀ, ਬੇਰੋਜ਼ਗਾਰੀ ਤੇ ਬਿਮਾਰੀਆਂ ਦੀ ਤਾਂ ਗੱਲ ਛੱਡੋ, ਇਨ੍ਹਾਂ 70 ਸਾਲਾਂ ਵਿਚ ਕੋਈ ਸਰਕਾਰ ਪੰਜਾਬ ਵਿਚ 24 ਘੰਟੇ ਨਿਰਵਿਘਨ ਬਿਜਲੀ ਹੋਣ ਨੂੰ ਯਕੀਨੀ ਨਹੀਂ ਬਣਾ ਸੱਕੀ। ਖਾਂਦੇ ਪੀਂਦੇ ਘਰਾਂ ਵਿਚ ‘ਇਨਵਰਟਰ’ ਰੱਖੇ ਹੋਏ ਹਨ; ਜਿੰਨ੍ਹਾ ਨਾਲ਼ ਘਰਾਂ ਵਿਚ ਲਾਟੂ ਜਗਦੇ ਤੇ ਪੱਖੇ ਚਲਦੇ ਹਨ। ਵੱਡੇ ਕਾਰਖਾਨੇਦਾਰਾਂ ਦਾ ਪਤਾ ਨਹੀਂ ਕੀ ਹਾਲ ਹੈ, ਕਾਰਖਾਨੇ ਪਤਾ ਨਹੀਂ ਕਿਵੇਂ ਚਲਦੇ ਹਨ। ਪਰ ਲੀਡਰ ਲੋਕ ਅੜਾਟ ਪਾ ਰਹੇ ਹਨ ਕਿ ਦੇਸ਼ ਵਿਕਾਸ ਕਰ ਰਿਹਾ ਹੈ।

ਪੰਜਾਬ ਦੇ ਦੋ ਸ਼ਹਿਰਾਂ ਮੋਗਾ ਤੇ ਲੁਧਿਅਣਾ ਦੀ ਯਾਤਰਾ ਕਰਦਿਆਂ ਨਿਸਚਾ ਹੁੰਦਾ ਹੈ ਕਿ ਪੰਜਾਬ ਦਿਨੋ ਦਿਨ ਬਦਸੂਰਤ ਹੋ ਰਿਹਾ ਹੈ। ਬੇਤਰਤੀਬ ਭੀੜ ਗੰਦਗੀ ਤੇ ਸ਼ੋਰ-ਸ਼ਰਾਬਾ ਵਧ ਰਿਹਾ ਹੈ। ਗਰਦ-ਗੁਬਾਰ ਏਨਾ ਹੈ ਕਿ ਤੁਹਾਡੇ ਸਵੇਰ ਦੇ ਪਹਿਨੇ ਕੱਪੜੇ ਤੇ ਮੂੰਹ-ਮੁਹਾਂਦਰਾ ਸ਼ਾਮ ਤੱਕ ਬੇ-ਪਛਾਣ ਹੁੰਦੇ ਹਨ। ਸ਼ਹਿਰਾਂ ਦੇ ਬਜ਼ਾਰ ਭੀੜੇ ਹੋ ਗਏ ਜਾਪਦੇ ਹਨ। ਕਿਸੇ ਬਾਜ਼ਾਰ ਵਿਚ ਕੋਈ ਗੱਡੀ ਨਹੀਂ ਜਾਂਦੀ। ਭੀੜ-ਭੜੱਕਾ ਏਨਾ ਹੈ ਕਿ ਹਰ ਗਲ਼ੀ, ਹਰ ਬਾਜ਼ਾਰ ਵਿਚ ਬੰਦੇ ਨਾਲ਼ ਬੰਦਾ ਖਹਿੰਦਾ ਹੈ। ਸ਼ਹਿਰਾਂ ਦੇ ਬੱਸ ਅੱਡਿਆਂ ਵਿਚ ਜੰਗਲੀ ਤੇ ਜਾਹਲ ਲੋਕਾਂ ਵਾਂਗ ਹੋਕਰੇ ਵਜਦੇ ਤੇ ਕੰਨ-ਪਾੜੂ ਸ਼ੋਰ ਹੁੰਦਾ ਹੈ। ਅਜਿਹੇ ਵਿਚ ਕੰਧ ਨਾਲ਼ ਖੜ੍ਹੇ ਹੋ ਕੇ ਪਿਛਾਬ ਕਰਦੇ ਦੇਖੇ ਜਾਂਦੇ ਹਨ। ਸੁਣਿਆਂ ਹੈ ਕਿ ਮੋਗੇ ਮੀਹ ਪੈਣ ਦੀ ਸੂਰਤ ਵਿਚ ਮੀਹ ਤੇ ਸੀਵਰੇਜ਼ ਦਾ ਪਾਣੀ ਇੱਕ ਮਿੱਕ ਹੁੰਦੇ ਹਨ। ਮੇਨ ਬਜ਼ਾਰ ਪਾਣੀ ਨਾਲ਼ ਭਰਿਆ ਹੁੰਦਾ ਹੈ। ਇਸ ਗੰਦੇ ਪਾਣੀ ਵਿਚ ਲੰਘਣ ਲਈ ਕਈ ਕਈ ਦਿਨ ਬੰਦਿਆਂ ਨੂੰ ਪੈਂਟਾਂ ਲਾਹੁਣੀਆਂ ਪੈਂਦੀਆਂ ਤੇ ਸੁਆਣੀਆਂ ਨੂੰ ਆਪਣੀਆਂ ਸੁੱਥਣਾਂ ਗੋਡਿਆਂ ਤੱਕ ਚੁੱਕਣੀਆਂ ਪੈਦੀਆਂ ਹਨ।

ਸੜਕੀ ਆਵਾਜਾਈ ਸੌਖੀ ਕਰਨ ਲਈ ਸਰਕਾਰਾਂ ਨੇ ਪੁਲ਼ ਬਨਾਉਣੇ ਸ਼ੁਰੂ ਕੀਤੇ ਹਨ, ਚੰਗੀ ਗੱਲ ਹੈ। ਪਰ ਕਿਸੇ ਪੁਲ਼ ਦੇ ਨਿਰਮਾਣ ਲਈ ਸਮਾ ਸੀਮਾ ਕੋਈ ਨਹੀਂ। ਮੋਗੇ ਬੁੱਘੀਪੁਰੇ ਮੋੜ ਤੋਂ ਸ਼ਹਿਰ ਤੱਕ ਦੇ ਪੁਲ਼ ਬਣਦਿਆਂ ਕਰੀਬ ਦੋ ਦਹਾਕੇ ਹੋ ਚੱਲੇ ਹਨ ਪਰ ਅਜੇ ਤੱਕ ਇਹ ਉੱਠ ਦਾ ਬੁੱਲ੍ਹ ਬਣੇ ਹੋਏ ਹਨ। ਸੜਕ ਪੁੱਟ ਕੇ ਉੱਥੇ ਮਿੱਟੀ ਦੇ ਢੇਰ ਲੱਗੇ ਹੋਏ ਹਨ। ਇੰਨ੍ਹਾ ਢੇਰਾਂ ਵਿਚੋਂ ਉਡਦੀ ਧੂੜ ਤੇ ਧੁੱਪ ਵਿਚ ਆਸ ਪਾਸ ਵਾਲੇ ਦੁਕਾਨਦਾਰ ਪਤਾ ਨਹੀਂ ਕਿਵੇਂ ਗੁਜ਼ਾਰਾ ਕਰਦੇ ਹਨ ਪਰ ਇੱਥੋਂ ਦੇ ਟ੍ਰੈਫਕ ਦਾ ਤੇ ਲੰਘਣ ਵਾਲੇ ਯਾਤਰੀਆਂ ਦਾ ਅਸਮਾਨ ਨਾਲ਼ ਖਹਿੰਦੀ ਧੂੜ ਨਾਲ਼ ਹੁਲੀਆ ਹੋਰ ਦਾ ਹੋਰ ਹੋ ਜਾਂਦਾ ਹੈ। ਪਰ ਜਨਤਾ ਦੇ ਅਜਿਹੇ ਦੁਖੜਿਆਂ ਦਾ ਕਿਸੇ ਨੂੰ ਅਹਿਸਾਸ ਨਹੀਂ।
ਇੱਕ ਸਮਾ ਸੀ ਜਦੋਂ ਕਿਸੇ ਕੁੜੀ-ਕੱਤਰੀ ਲਈੰ, ਗਵਈਏ ਜਾਂ ਗੁਰੂ ਮਹਾਰਾਜ ਦੀ ਭੇਟਾ ਲਈ ਇੱਕ ਰੁਪਈਆਂ ਬਹੁਤ ਹੁੰਦਾ ਸੀ। ਹੁਣ ਸੌ ਦਾ ਨੋਟ ਵੀ ਛੋਟਾ ਹੋ ਗਿਆ ਹੈ। ਹੁਣ ਸੌ ਦੇ ਨੋਟ ਦੀ ਥਾਂ ਪੰਜ ਸੌ ਦੇ ਨੋਟ ਨੇ ਲੈ ਲਈ ਹੈ। ਪਹਿਲਾ ਜਿੱਥੇ ਕੋਈ ਕੰਮ 10-15 ਰੁਪਏ ਵਿਚ ਹੁੰਦਾ ਸੀ ਹੁਣ ਉਹ ਕੰਮ 40-50 ਰੁਪਏ ਵਿਚ ਹੁੰਦਾ ਹੈ। ਹੁਣ ‘ਲੱਖ-ਪਤੀ’ ਹੋਣ ਦਾ  ਮੁਹਾਵਰਾ  ਅਰਥਹੀਣ ਹੋ ਗਿਆ ਹੈ, ‘ਕਰੋੜ-ਪਤੀ’ ਹੋਣ ਦੀ ਮਿਆਦ ਵੀ ਪੁੱਗਣ ਕਿਨਾਰੇ ਹੈ।

ਦੂਜੇ ਪਾਸੇ ਪਿੰਡਾਂ ਵਿਚ ਕੋਠਿਆਂ ਦੀ ਥਾਂ ‘ਕੋਠੀਆਂ’ ਬਣੀਆਂ ਦੇਖੀਆਂ। ਰਿਜ਼ਕ ਨਾਲ਼ ਝੂਮਦੀ ਸਾਉਣੀ ਦੀ ਫਸਲ, ਝੋਨੇ ਦੇ ਹਰੇ ਭਰੇ ਖੇਤ ਤੇ ਪਾਣੀ ਦੀ ਨਿਰਮਲ ਧਾਰਾ ਨਾਲ ਚਲਦੀਆਂ ਬੰਬੀਆਂ ਦੇਖੀਆਂ। ਇਹ ਇੱਕ ਚੰਗਾ ਪੱਖ ਹੈ। ਪਰ ਜਿੰਨ੍ਹਾਂ ਕੱਸੀਆਂ ਦੇ ਕਿਨਾਰਿਆਂ ‘ਤੇ ਵਹਿੰਦੇ ਪਾਣੀਆਂ ਵਿਚ ਲੱਤਾਂ ਲਮਕਾਅ ਕੇ ਬੈਠ ਸਰੂਰੀ ਅਨੰਦ ਮਾਣਦੇ ਸਾਂ, ਉਹ ਹੁਣ ਸੁੱਕੀਆਂ ਤੇ ਵਿਰਾਨ ਹਨ, ਉੱਨ੍ਹਾ ਵਿਚ ਘਾਹ ਫੂਸ ਤੇ ਸਰਕੜੇ ਉੱਗੇ ਹੋਏ ਹਨ। ਲੰਮੇ ਰੂਟ ਵਾਲੀਆਂ ਸੜਕਾਂ ਦੀ ਹਾਲਤ ਚੰਗੀ ਹੈ। ਪਰ ਟ੍ਰੈਫਕ ਦਾ ਹਾਲ ਬਹੁਤ ਮਾੜਾ ਹੈ। ਅਣਹੋਏ ਕਤਲਾਂ ਤੇ ਸੜਕੀ ਐਕਸੀਡੈਂਟਾਂ ਵਿਚ ਮਰਨ ਵਾਲਿਆਂ ਦੀ ਗਿਣਤੀ ਵਿਚ ਦਿਨੋ ਦਿਨ ਵਾਧਾ ਹੋ ਰਿਹਾ ਹੈ। ਗੱਭਰੂਆਂ ਵਿਚ ਲਿਸ਼ ਲਿਸ਼ ਕਰਦੇ ਚਿੱਟੇ ਕੁੜਤੇ ਪਜਾਮੇ ਪਾਉਣ, ਕੰਮ ਤੋਂ ਕੰਨੀ ਕਤਰਾਉਣ, ਵਿਹਲੇ ਰਹਿਣ ਤੇ ਨਸ਼ੇ ਪਤੇ ਕਰਨ ਦਾ ਸ਼ੌਕ ਹੈ। ਹਰ ਬੱਚੇ-ਬੰਦੇ ਕੋਲ ਮੋਬਾਇਲ ਹੈ। ਹਰ ਘਰ ਵਿਚ ਕਾਰ, ਸਕੂਟਰ ਜਾਂ ਮੋਟਰਸਾਇਕਲ ਹੈ। ਪਰ ਹੈਰਾਨੀ ਹੈ ਕਿ ਜਿੰਨ੍ਹਾ ਦੀ ਮਾਸਕ ਜਾਂ ਰੋਜ਼ਾਨਾ ਆਮਦਨ ਦਾ ਕੋਈ ਵਸੀਲਾ ਨਹੀਂ, ਹਾੜ੍ਹੀ ਸੌਣੀ ਦੀ ਫਸਲ ਨਾਲ਼ ਗੁਜ਼ਾਰਾ ਹੁੰਦਾ ਹੈ; ਉਹ ਰੋਜ਼ਾਨਾ ਦੇ ਨਸ਼ੇ ਪਤੇ, ਕਿਰਾਏ-ਭਾੜੇ ਤੇ ਪਟਰੌਲ ਆਦਿ ਦੇ ਖਰਚੇ ਕਿਵੇਂ ਤੇ ਕਿੱਥੋਂ ਪੂਰੇ ਕਰਦੇ ਹਨ? ਇਹ ਘਾਲ਼ਾ ਮਾਲ਼ਾ ਸਮਝੋਂ ਬਾਹਰ ਹੈ।

ਦੁਨੀਆਂ ਦੀਆਂ ਲੋਕਤੰਤਰੀ ਸਰਕਾਰਾਂ ਆਪਣੇ ਦੇਸ਼ ਦੀ ਜਨਤਾ ਨਾਲ਼ ਏਨਾਂ ਕੋਝਾ ਮਜਾਕ ਨਹੀਂ ਕਰਦੀਆਂ ਜਿੰਨਾਂ ਸਾਡੇ ਦੇਸ਼ ਦੀਆਂ ਸਰਕਾਰਾਂ ਕਰਦੀਆਂ ਹਨ। ਕਾਂਗਰਸ ਨੂੰ ਹਰਾ ਕੇ ਜਦੋਂ ਪੰਜਾਬ ਵਿਚ ਅਕਾਲੀ ਪਾਵਰ ਵਿਚ ਆਏ ਸਨ ਤਾਂ ਉੱਨ੍ਹਾ ਢੋਲ ‘ਤੇ ਡੱਗਾ ਲਾਇਆ ਸੀ, ਅਖੇ: “ਕਾਗਰਸੀ ਖਜ਼ਾਨਾ ਖਾਲੀ ਕਰ ਗਏ ਹਨ, ਅਸੀਂ ਕੀ ਕਰੀਏ?” ਹੁਣ ਜਦੋਂ ਕਾਂਗਰਸੀ ਪਾਵਰ ਵਿਚ ਆਏ ਹਨ ਤਾਂ ਇਹੋ ਰਾਗ ਕਾਂਗਰਸੀ ਅਲਾਪ ਰਹੇ ਹਨ ਕਿ “ਅਕਾਲੀ ਖਜ਼ਾਨਾ ਚਟਮ ਕਰ ਗਏ ਹਨ, ਅਸੀਂ ਕੀ ਕਰੀਏ?” ਇੰਨ੍ਹਾ ਦੀਆਂ ਇੰਨ੍ਹਾਂ ਗੱਲਾਂ ‘ਤੇ ਕੌਣ ਯਕੀਨ ਕਰੇ? ਕਿਸ ਨੂੰ ਪਤਾ ਨਹੀਂ ਕਿ ਦੇਸ਼ ਦੇ ਲੋਕਾਂ ਦੀ ਰੱਤ ਕੌਣ ਚੂਸ ਰਿਹਾ ਹੈ?

ਪੰਜਾਬ ਘੋਰ ਨਿਰਾਸਤਾ ਦੀ ਚੱਕੀ ਵਿਚ ਪਿਸ ਰਿਹਾ ਹੈ। ਭਵਿੱਖ ਦੇ ਹਨੇਰੇ ਵਿਚ ਤੜਪਦੀ, ਭੜਕਦੀ ਤੇ ਬੇਚੈਨ ਜੁਆਨੀ ਉੇੱਬਲ਼ ਰਹੀ ਹੈ ਤੇ ਕਿਸੇ ਵੀ ਅੱਗ ਵਿਚ ਛਾਲ਼ ਮਾਰਨ ਲਈ ਤਿਆਰ ਹੈ। ਇੱਕ ਪਾਸੇ ਧਰਨੇ, ਮੁਜ਼ਾਹਰੇ, ਹੜਤਾਲਾਂ ਤੇ ਮਰਨ ਵਰਤ ਹੋ ਰਹੇ ਹਨ। ਤਰ੍ਹਾਂ ਤਰ੍ਹਾ ਦੇ ਭਿਆਨਕ ਤਰੀਕੇ ਵਰਤ ਕੇ ਲੋਕ ਮੌਤ ਨੂੰ ਗਲ਼ ਨਾਲ਼ ਲਾ ਰਹੇ, ਆਤਮ ਹਤਿਆਵਾਂ ਕਰ ਰਹੇ ਤੇ ਘਰ ਘਰ ਵੈਣ ਪੈ ਰਹੇ ਹਨ। ਦੂਜੇ ਪਾਸੇ ਨਗਰ ਕੀਰਤਨਾਂ, ਅਖੰਡਪਾਠਾਂ, ਇਕੋਤਰੀਆਂ, ਜਗਰਾਤਿਆਂ, ਭੰਡਾਰਿਆਂ ਤੇ ਤੀਰਥ ਯਾਤਰਾਵਾਂ ਦਾ ਕੋਈ ਅੰਤ ਹਿਸਾਬ ਨਹੀਂ। ਬੇਲਗਾਮ ਪਰਬੰਧਕੀ ਢਾਂਚੇ ਦੀ ਰਿਸ਼ਵਤ ਤੇ ਸਫਾਰਸ਼ ਬਗੈਰ ਤੂੰਬੀ ਟੁਣਕਦੀ ਨਹੀਂ।

ਸਿੱਟਾ ਇਹ ਹੈ ਕਿ ਇੱਕ ਪਾਸੇ ਪੰਜਾਬ ਦਿਨੋ ਦਿਨ ਰਸਾਤਲ ਵੱਲ ਜਾ ਰਿਹਾ ਹੈ। ਪੰਜਾਬ ਦਾ ਪੌਣ-ਪਾਣੀ ਤੇ ਖਾਧ-ਖੁਰਾਕ ਪਲੀਤ ਹੋ ਰਹੀ ਹੈ। ਪੰਜਾਬ ਦੀ ਬੇਵੱਸ ਤੇ ਬੇਅਵਾਜ਼ ਜਨਤਾ ਦਿਨੋ ਦਿਨ ਗਰੀਬ, ਬਿਮਾਰ ਤੇ ਗੁਲਾਮਾਂ ਵਰਗੀ ਜੂਨ ਭੋਗ ਰਹੀ ਹੈ। ਦੂਜੇ ਪਾਸੇ ਲੀਡਰ ਲੋਕ ਸਕਿਉਰਿਟੀ ਦੇ ਕਾਫਲਿਆਂ ਵਿਚ ਧੂੜਾਂ ਉਡਾਉਂਦੇ, ਜਨਤਾ ਨੂੰ ਗਰਮਾ ਗਰਮ ਭਾਸ਼ਨ ਵੰਡਦੇ, ਲਗਜ਼ਰੀ ਕਾਰਾਂ ਤੇ ਹੈਲੀਕਾਪਟਰਾਂ ਵਿਚ ਝੂਟੇ ਲੈਂਦੇ ਤੇ ਏ.ਸੀ. ਕੋਠੀਆਂ ਵਿਚ ਨੀਰੋ ਵਾਂਗ ਬੰਸਰੀ ਦੀਆਂ ਧੁਨਾਂ ਵਿਚ ਮਘਨ ਹੁੰਦੇ ਹਨ।

     

 

 ਲੇਖਕ: ਪੂਰਨ ਸਿੰਘ ਪਾਂਧੀ