ਭੰਗੀਦਾਸ ਨਾ ਬਣਾਓ ਮਨੁੱਖੀ ਜੀਵਾਂ ਨੂੰ ਇਨਸਾਨ ਬਣਾਓ?

0
1932

A A A

ਕੁੱਤੀ ਦੇ ਪੇਟੋਂ ਕੁੱਤੇ ਹੀ ਪੈਦਾ ਹੁੰਦੇ ਨੇ, ਗਧੀਆਂ ਗਧੇ ਪੈਦਾ ਕਰਦੀਆਂ ਨੇ, ਘੋੜੀਆਂ ਘੋੜੇ ਪੈਦਾ ਕਰਦੀਆਂ ਹਨ, ਗਿੱਦੜੀਆਂ ਗਿੱਦੜ ਤੇ ਸ਼ੇਰਨੀਆਂ ਸ਼ੇਰ ਪੈਦਾ ਕਰਦੀਆਂ ਹਨ ਪਰ ਇਕ ਔਰਤ ਦੇ ਪੇਟੋਂ ਹੋਏ ਬੱਚੇ ਨੂੰ ਅਸੀਂ ਇਨਸਾਨ ਨਹੀਂ ਬਣਾਉਂਦੇ ਸਗੋਂ ਭੰਗੀਦਾਸ ਬਣਾ ਧਰਦੇ ਹਾਂ ਅਤੇ ਬੜੇ ਫਖਰ ਨਾਲ ਆਪਣੇ ਆਪ ਨੂੰ ਮੁਰਲੀ ਮਨੋਹਰ, ਮਧੁਸੂਦਨ, ਦਾਮੋਦਰ, ਸੁਆਮੀ, ਰਿਖੀਕੇਸ, ਬਾਪੂ, ਪਿਤਾ ਜੀ, ਦਾਤੀ ਮਹਾਂਰਾਜ, ਸੰਧਾਸ਼ੂ ਜੀ ਮਹਾਂਰਾਜ ਅਤੇ ਬਾਪੂ ਆਸਾਰਾਮ ਆਦਿ ਨਾਵਾਂ ਨਾਲ ਸੰਬੋਧਨ ਕਰਵਾਉਂਦੇ ਹਾਂ ਜਿਵੇਂ ਇਸ ਸਾਰੀ ਕਾਇਨਾਤ ਦੇ ਕਰਤੇ ਧਰਤੇ ਇਹ ਹੀ ਹੋਣ। ਸ਼ਕਲ ਮੋਮਨਾਂ ਦੀ ਕਰਤੂਤ ਕਾਫਰਾਂ ਦੀ। ਹੁਣੇ ਹੁਣੇ ਸਰਸੇ ਵਾਲੇ ਸਾਧ ਦੀ ਜੋ ਅਸਲੀਅਤ ਸਾਰੇ ਜੱਗ ਦੇ ਸਾਹਮਣੇ ਆਈ ਹੈ ਉਹ ਕਿਸੇ ਤੋਂ ਛੁਪੀ ਨਹੀਂ ਸੀ। ਸੱਭ ਤੋਂ ਮਾੜੀ ਗੱਲ ਇਹ ਕਿ ਉਸ ਨੇ ਵੀ ਮਿਸ਼ਰ ਜੀ ਜਾਂ ਆਰੀਅਨ ਜਾਤੀ ਦੇ ਚਲਾਕ, ਖੁਦਗਰਜ਼ ਤੇ ਮਨੁੱਖਤਾ ਦੇ ਵੈਰੀ ਲੋਕਾਂ ਵਾਂਗਰ ਲੋਕਾਂ ਵਿਚ ਮਨੁੱਖੀ ਜੀਵ ਹੋਣ ਦਾ ਅਹਿਸਾਸ ਭਰਨ ਦੀ ਬਜਾਏ ਆਪਣਿਆਂ ਚੇਲਿਆਂ ਬਾਲਿਆਂ ਨੂੰ ਹੋਰ ਧਰਾਤਲ ਵਿਚ ਗੱਡਿਆ ਜਿਵੇਂ ਮੋਹਨਦਾਸ ਕਰਮ ਚੰਦ ਗਾਂਧੀ ਨੇ ਲੋਕਾਂ ਨੂੰ ਹਰੀਜਨ ਕਹਿ ਕਿ ਭਲਾ ਕਰਨ ਦੀ ਬਜਾਇ ਲੋਕਾਂ ਨੂੰ ਹਰਾਮ ਦੇ ਕਿਹਾ। ਗੁਜਰਾਤੀ ਬੋਲੀ ਵਿਚ ਜਿਸਦੇ ਪਿਤਾ ਦਾ ਪਤਾ ਨਾ ਹੋਵੇ ਉਸ ਨੂੰ ਹਰੀਜਨ ਕਹਿੰਦੇ ਹਨ। ਪਰ ਭੰਗੀਦਾਸਾਂ ਦੀਆ ਅੱਖਾਂ ਤੋਂ ਪੱਟੀ ਕੌਣ ਉਤਾਰੇਗਾ?

ਗੁਰੂ ਨਾਨਕ ਪਾਤਸ਼ਾਹ ਦੇ ਪ੍ਰਚਾਰ ਦੌਰਿਆਂ ਤੋਂ ਲੈ ਕੇ ਗੁਰੂ ਅਰਜਨ ਪਿਤਾ ਜੀ ਦੇ ਅਕਾਲ ਚਲਾਣਾ ਕਰਨ ਤਕ ਤਕਰੀਬਨ 110 ਕੁ ਸਾਲ ਦਾ ਸਮਾ ਬਣਦਾ ਹੈ। ਇਤਨੇ ਲੰਮੇ ਸਮੇਂ ਵਿਚ ਪੰਜ ਗੁਰੂ ਸਹਿਬਾਨ ਨੇ ਇਨਸਾਨੀ ਜੀਵਾਂ ਵਿਚ ਕਿਹੜੀ ਤੇ ਕਿਸ ਤਰੀਕੇ ਨਾਲ  ਇਨਸਾਨੀਅਤ ਦੀ ਰੂਹ ਫੂਕੀ ਕਿ ਜਿਹੜੇ ਲੋਕ ਇਹ ਕਹਿੰਦੇ ਸਨ ਕਿ, “ ਕਾਮ ਹਮਾਰਾ ਤੋਲਣ ਤੱਕੜੀ। ਨੰਗੀ ਕਰਦ ਕਦੇ ਨਹੀਂ ਪਕੜੀ। ਚਿੜੀ ਉਡੇ ਤੋ ਡਰ ਸੇ ਮਰ ਜਾਉਂ। ਮੁਗਲੋਂ ਸੇ ਕੈਸੇ ਲੜ ਪਾਉਂ”। ਓਹੀ ਲੋਕ ਇਹ ਕਹਿਣ ਲੱਗ ਪਏ ਕਿ, “ ਰੱਖ ਲਊਂਗਾ ਏਕ ਏਕ ਕੋ ਸਮਸ਼ੀਰ ਕੇ ਆਗੇ। ਰੱਖ ਦਊਂਗਾ ਸੀਨਾ ਅੳਰ ਜਿਗਰ ਚੀਰ ਕੇ ਆਗੇ। ਪਹਿਲੇ ਦੁਨੀਆ ਝੁਕਤੀ ਥੀ ਤਕਦੀਰ ਕੇ ਆਗੇ। ਅਬ ਇਹ ਤਕਦੀਰ ਵੀ ਝੁਕੇਗੀ ਮੇਰੀ ਸ਼ਮਸ਼ੀਰ ਕੇ ਆਗੇ।”  ਉਸ ਵਕਤ, ਇਤਨੇ ਲੰਮੇ ਸਮੇ ਵਿਚ, ਪੰਜ ਪੀਹੜੀਆਂ ਦਾ ਦੌਰ ਗੁਜ਼ਰ ਚੁੱਕਿਆ ਸੀ ਤੇ ਪੀਹੜੀ ਦਰ ਪੀਹੜੀ ਇਹ ਸਬਕ ਸਿਖਾਇਆ ਜਾ ਰਿਹਾ ਸੀ। ਮਃ ੧ ॥ ਜੇ ਦੇਹੈ ਦੁਖੁ ਲਾਈਐ ਪਾਪ ਗਰਹ ਦੁਇ ਰਾਹੁ ॥ ਰਤੁ ਪੀਣੇ ਰਾਜੇ ਸਿਰੈ ਉਪਰਿ ਰਖੀਅਹਿ ਏਵੈ ਜਾਪੈ ਭਾਉ ॥ ਭੀ ਤੂੰਹੈ ਸਾਲਾਹਣਾ ਆਖਣ ਲਹੈ ਨ ਚਾਉ ॥੩॥ {ਪੰਨਾ 142}॥ ਮੇਰੇ ਪਿਆਰੇ ਭਾਈਓ! ਤੁਸੀਂ ਇਕੱਠੇ ਹੋ ਕੇ ਐਨਾ ਤਕੜੇ ਹੋ ਸਕਦੇ ਹੋ ਕਿ ਕਿ ਤੁਹਾਨੂੰ ਕੋਈ ਵੀ ਮੁਸੀਬਤ ਝੁਕਾ ਨਹੀਂ ਸਕਦੀ। ਜਦੋਂ ਲੋਕਾਂ ਨੂੰ ਇਨਸਾਨੀਅਤ ਦਾ ਰਾਹ ਦੱਸਦਿਆਂ ਦੱਸਦਿਆਂ ਨਾਲ ਨਾਲ ਇਹ ਵੀ ਦੱਸਿਆ ਗਿਆ ਕਿ ਭਾਈ ਜੇ ਰਾਹੂ-ਕੇਤੂ, ਜਿਨ੍ਹਾਂ ਨੂੰ ਲੋਕ ਮਾੜਾ ਸਮਝਦੇ ਹਨ, ਤੇ ਰਾਜੇ ਵੀ ਰੱਤ ਪੀਣੇ ਹੋ ਜਾਣ ਤਾਂ ਵੀ ਡਰਨਾ ਨਹੀਂ। ਸੱਚ ਨਾਲ ਜੁੜਿਆ ਰਹੀਂ ਤੇ ਸੱਚ ਇਹ ਹੈ ਕਿ ਤੂੰ ਵੀ ਇਨ੍ਹਾ ਰਾਜਿਆਂ ਵਰਗਾ ਹੀ ਇਨਸਾਨ ਹੈਂ। ਤੂੰ ਕਿਸੇ ਨਾਲੋਂ ਘੱਟ ਨਹੀਂ। ਪਰ ਗੁਰਮੀਤ ਰਾਮ ਰਹੀਮ ਆਪਣੇ ਆਪ ਤੇ ਕੁੱਝ ਕੁ ਖਾਸ ਬੰਦਿਆਂ ਅਤੇ ਔਰਤਾਂ ਨੂੰ ਤਾਂ ਇਨਸਾ (ਇਨਸਾਨ ਤੋਂ ਕੱਟ ਕੇ ਬਣਾਇਆ) ਕਹਿੰਦਾ ਹੈ ਪਰ ਆਮ ਜਨਤਾ ਨੂੰ ਭੰਗੀਦਾਸ। ਇਸ ਤੋਂ ਮਾੜਾ ਹੋਰ ਕੀ ਹੋ ਸਕਦਾ ਹੈ?

ਮਃ ੧ ਸਲੋਕੁ ॥ ਸੋ ਜੀਵਿਆ ਜਿਸੁ ਮਨਿ ਵਸਿਆ ਸੋਇ ॥ ਨਾਨਕ ਅਵਰੁ ਨ ਜੀਵੈ ਕੋਇ ॥ ਜੇ ਜੀਵੈ ਪਤਿ ਲਥੀ ਜਾਇ ॥ ਸਭੁ ਹਰਾਮੁ ਜੇਤਾ ਕਿਛੁ ਖਾਇ॥ {ਪੰਨਾ 142}। ਜੇ ਸੱਚ/ਰੱਬ ਤੇਰੇ ਹਿਰਦੇ ਵਿਚ ਵੱਸਦਾ ਹੈ ਤਾਂ ਤੂੰ ਜਿਉਂਦਾ ਹੈਂ ਨਹੀਂ ਤਾ ਆਪਣੇ ਆਪ ਨੂੰ ਮਰਿਆ ਸਮਝ। ਜਦੋਂ ਇਹ ਸਬਕ ਪੜਾਇਆ ਗਿਆ ਤਾਂ ਉਨ੍ਹਾਂ ਹੀ ਔਰਤਾਂ ਨੇ ਸ਼ੇਰ-ਮਰਦ ਪੈਦਾ ਕੀਤੇ। ਤਾਰਾ ਸਿੰਘ ਵਾਂ ਵਰਗੇ  ਇਕੱਲੇ ਹੀ 25-30 ਸਿਪਾਹੀਆਂ ਦੇ ਕਾਫਲੇ ਨੂੰ ਜਾ ਪਏ ਤੇ ਉਨ੍ਹਾ ਦਾ ਮੂੰਹ ਮੋੜ ਦਿੱਤਾ। ਬਾਬਾ ਬੋਤਾ ਸਿੰਘ ਤੇ ਬਾਬਾ ਗਰਜਾ ਸਿੰਘ ਹੋਰਾਂ ਨੇ ਤਾਂ ਲਹੌਰ ਦੇ ਸੂਬੇਦਾਰ ਦੇ ਨਾਮ ਚਿੱਠੀ ਹੀ ਲਿਖ ਘੱਲੀ ਕਿ ਸਿੱਖ ਖਤਮ ਨਹੀਂ ਹੋਏ ਤੇ ਅਸੀਂ ਆਪਣੀ ਹਕੂਮਤ ਚਲਾ ਰਹੇ ਹਾਂ। ਆਨਾ ਖੋਤੇ ਨੂੰ ਤੇ ਰੁਪਿਆ ਗੱਡੇ ਨੂੰ ਟੈਕਸ ਉਗਰਾਹ ਰਹੇ ਹਾਂ। ਇਸ ਤਰ੍ਹਾਂ ਹੋਰ ਵੀ ਲੱਖਾਂ ਸਿੰਘਾਂ ਅਤੇ ਸਿੰਘਣੀਆਂ ਦੇ ਨਾਮ ਲਏ ਜਾ ਸਕਦੇ ਹਨ। ਇਕੱਲੇ ਭਾਈ ਮਨੀ ਸਿੰਘ ਦੇ ਪ੍ਰੀਵਾਰ ਦੇ ਹੀ 150 ਦੇ ਕਰੀਬ ਮੈਂਬਰ ਇਸ ਮਨੁੱਖੀ-ਅਜ਼ਾਦੀ ਲਈ ਸ਼ਹੀਦ ਹੋਏ ਹਨ। ਇਹ ਸਾਰਾ ਕੁੱਝ ਮੁਮਕਿਨ ਤਾਂ ਹੀ ਹੋਇਆ ਕਿ ਬਾਣੀ ਦੇ ਰਚੇਤਿਆਂ ਨੇ ਆਪ ਨੂੰ ਰੋਲ ਮਾਡਲ ਬਣਾਕੇ ਸਾਡੇ ਅੰਦਰ ਉਹ ਰੂਹ ਫੂਕੀ ਜਿਹੜੀ ਅਗਲੇ 200 ਕੁ ਸਾਲ ਜਗਦੀ ਰਹੀ ਤੇ ਫਿਰ ਸ਼ਹੀਦੀ ਦੌਰ ਸ਼ੁਰੂ ਹੋਇਆ। ਜੋ ਕੁੱਝ ਵੀ ਸਿੱਖਾਂ ਨੇ ਗੁਆਇਆ ਜਾਂ ਮਹਾਂਰਾਜੇ ਰਣਜੀਤ ਸਿੰਘ ਤਕ ਪ੍ਰਾਪਤ ਕੀਤਾ ਉਹ ਗੁਰਬਾਣੀ ਦੀ ਬਦੌਲਤ ਹੀ ਹੋਇਆ। ਅੱਜ ਅਸੀਂ ਗੁਰਬਾਣੀ ਨਾਲੋਂ ਟੁੱਟ ਕੇ ਭਰਾ ਮਾਰ, ਪਿਉ ਮਾਰ, ਕੁੜੀ ਮਾਰ, ਸ਼ਰਾਬ ਮਾਰ, ਜੂਏ ਬਾਜ਼, ਜ਼ਨਾਨੀ ਬਾਜ਼ ਬਣ ਚੁੱਕੇ ਹਾਂ। ਇਹ ਇਕੱਲੇ ਸਿੱਖਾਂ ਦੀ ਗੱਲ ਨਹੀਂ ਸਗੋਂ ਸਮੁੱਚੇ ਪੰਜਾਬੀਆਂ ਦੀ ਗੱਲ ਹੈ। ਮੈਨੂੰ ਇਹ ਲਿਖਣ ਵਿਚ ਕੋਈ ਸ਼ਰਮ ਮਹਿਸੂਸ ਨਹੀਂ ਹੁੰਦੀ ਕਿ ਪੰਜਾਬੀਆਂ  ਵਿਚ ਇਨਸਾਨੀਅਤ ਵਾਲਾ ਦਰਜ਼ਾ, ਮੁਕਾਬਲਤਨ ਬਾਕੀ ਕੌਮਾਂ ਦੇ, ਸੱਭ ਤੋਂ ਨੀਵਾਂ ਹੈ।

ਜਦੋਂ ਅਸੀਂ ਭਾਰਤ ਦੇ ਦੱਖਣੀ ਸੂਬਿਆਂ ਨੂੰ ਉਤਰੀ ਭਾਰਤ ਦੇ ਸੂਬਿਆਂ ਨਾਲ ਤੋਲ ਕੇ ਦੇਖਾਂਗੇ ਤਾਂ ਪਤਾ ਚੱਲਦਾ ਹੈ ਕਿ ਹਾਲੇ ਵੀ ਗੁਰਬਾਣੀ ਦਾ ਸਮੁੱਚੇ ਉਤਰੀ ਭਾਰਤ ਦੇ ਲੋਕਾਂ ਦੇ ਮਨ ਤੇ ਅਸਰ ਹੈ ਚਾਹੇ ਕੋਈ ਹਿੰਦੂ ਹੈ ਤੇ ਚਾਹੇ ਸਿੱਖ। ਪੰਡਿਤ ਜੀ, ਜਾਂ ਜਿਸ ਨੂੰ ਅਸੀਂ ਸਤਿਕਾਰ ਨਾਲ ਮਿਸ਼ਰ ਜੀ ਜਾਂ ਦੇਵਤਾ ਵੀ ਕਹਿੰਦੇ ਹਾਂ, ਨੂੰ ਉਤਰੀ ਭਾਰਤ ਵਿਚ ਪੰਜਾਂ ਲਾਗੀਆਂ ਵਿਚ ਗਿਣਿਆ ਜਾਂਦਾ ਹੈ। ਨਾਈ , ਝਿਉਰ, ਲੱਕੜਾਂ ਪਾੜਨ ਵਾਲਾ ਮਿਸਤਰੀ, ਮਜ਼ਬੀ-ਸਿੱਖ ਚੁਰਾਂ ਪੱਟਣ ਵਾਲਾ ਅਤੇ ਪੰਡਿਤ। ਉਤਰੀ ਭਾਰਤ ਵਿਚ ਦੇਵ-ਦਾਸੀ, ਦੇਵਤੇ ਤੋਂ ਦੇਵ ਤੇ ਉਸ ਦੀ ਦਾਸੀ, ਪ੍ਰਥਾ ਨਹੀਂ ਪਰ ਦੱਖਣੀ ਸੂਬਿਆਂ ਵਿਚ ਹਾਲੇ ਵੀ ਅਕਲ ਦੇ ਅੰਨੇ ਲੋਕ ਆਪਣੀਆਂ ਕੁੜੀਆਂ ਨੂੰ ਸਾਰੀ ਉਮਰ ਨਰਕ ਦੀ ਜ਼ਿੰਦਗੀ ਭੋਗਣ ਲਈ ਤੇ ਪੰਡਿਤ ਦੀ ਅਯਾਸ਼ੀ ਲਈ ਮੰਦਰਾਂ ਵਿਚ ਚੜ੍ਹਾ ਆਉਂਦੇ ਹਨ। 1984 ਤੋਂ ਬਾਅਦ ਜਦੋਂ ਸੈਂਟਰ ਸਰਕਾਰ ਨੇ ਪੰਜਾਬੀਅਤ ਖਤਮ ਕਰਨ ਦਾ ਟੀਚਾ ਮਿਥਿਆ ਤਾਂ ਚਾਹੇ  ਬਿਹਾਰੀ ਬਾਬੂ ਆਸ਼ੂਤੋਸ਼ ਹੋਇਆ ਜਾਂ ਭੰਨਿਆਰੇ ਵਾਲਾ ਪਿਆਰਾ ਸਿੰਘ ਜਿਸ ਨੂੰ ਬਾਦਲਕਿਆਂ ਦੇ ਸੀਰੀ ਗੁਰਦੇਵ ਸਿੰਘ ਬਾਦਲ ਦੀ ਸ਼ਹਿ ਸੀ, ਇੱਕੀ ਕਿਸਮ ਦੇ ਨਾਨਕ ਸਰੀਏ ਤੇ ਕਈ ਸਾਧ, ਜਿਨ੍ਹਾਂ ਦਾ ਮੂੰਹ ਤੱਕਣ ਤੇ ਵੀ ਉਲਟੀ ਆਉਂਦੀ ਹੈ, ਕੋਲ ਸਾਡੇ ਲੋਕ ਆਪਣੀਆਂ ਧੀਆਂ ਭੈਣਾਂ ਆਪ ਸਾਧਵੀਆਂ ਦੇ ਰੂਪ ਵਿਚ ਪੇਸ਼ ਕਰ ਆਉਂਦੇ ਹਨ। ਕਿਉਂਕਿ ਉਤਰੀ ਭਾਰਤ ਵਿਚ ਦੇਵ-ਦਾਸੀ ਪ੍ਰਥਾ ਨਹੀਂ ਸੀ ਇਸ ਕਰਕੇ ਸਾਧਵੀ, ਸਾਧ ਦੀ ਅਯਾਸ਼ੀ ਲਈ ਇਕ ਔਰਤ, ਬਣਾ ਕੇ ਪੇਸ਼ ਕਰ ਦਿੱਤੀ ਗਈ। ਜਿਸ ਕੌਮ ਕੋਲ ਮਰ ਚੁੱਕੇ ਅਯਾਸ਼ ਬਿਹਾਰੀ ਬਾਬੂ ਆਸ਼ੂਤੋਸ਼ ਨੂੰ ਰੀਫਰ ਵਿਚੋਂ ਕੱਢ ਕੇ ਫੂਕਣ ਦਾ ਪ੍ਰਬੰਧ ਨਹੀਂ ਉਹ ਹੋਰ ਕੀ ਕਰ ਸਕਦੀ ਹੈ?

ਆਓ ਪੰਜਾਬੀਓ! ਆਪਾਂ ਰਲਮਿਲ ਕੇ ਆਪਣਾ ਵਿਰਸਾ ਮੁੜ ਕਾਇਮ ਕਰਨ ਦੀ ਕੋਸ਼ਿਸ਼ ਕਰੀਏ। ਆਪਣੀ ਧੀਆਂ ਭੈਣਾਂ ਨੂੰ ਆਪਣੇ ਕੋਲ ਰੱਖ ਕੇ ਚੰਗੀ ਸਿਖਿਆ ਦੇ ਕੇ ਚੰਗੇ ਅਹੁਦਿਆਂ ਤੇ ਲਾਈਏ। ਸਿਰਦਾਰ ਕਰਮ ਸਿੰਘ ਹਿਟੋਰੀਅਨ ਆਪਣੀ ਕਿਤਾਬ ਵਿਚ ਲਿਖਦੇ ਹਨ ਕਿ ਜਿਸ ਕੌਮ ਦਾ ਮਿਆਰ ਦੇਖਣਾ ਹੋਵੇ ਉਸ ਕੌਮ ਦੀ ਔਰਤ ਦਾ ਹਾਲ ਦੇਖ ਲਵੋ। ਇਸੇ ਸਵਾਲ ਨੂੰ ਹੁਣ ਆਪਾਂ ਸਮੁੱਚੇ ਪੰਜਾਬੀਆਂ ਤੇ ਲਾ ਕੇ ਦੇਖੀਏ ਤਾਂ ਜਵਾਬ ਆਪਣੇ ਆਪ ਸਪੱਸ਼ਟ ਸਾਹਮਣੇ ਖੜਾ ਹੋ ਜਾਂਦਾ ਹੈ। ਕਿਉਂਕਿ 1906 ਵਿਚ ਅੰਗਰੇਜ਼ ਸਰਕਾਰ ਨੇ ਪੰਜਾਬ ਵਿਚ ਸਾਧ ਪੈਦਾ ਕਰਕੇ ਸਾਨੂੰ ਚਰਿਤ੍ਰਹਹੀਣ ਕਰਨਾ ਸ਼ੁਰੂ ਕੀਤਾ। ਸ਼ਮਸ਼ੀਰ ਦੇ ਥਾਂ ਸਾਡੇ ਹੱਥ ਵਿਚ ਮਾਲਾ ਫੜਾ ਦਿੱਤੀ ਗਈ ਜੋ ਮੂਲੋਂ ਹੀ ਸਿੱਖ ਸਿਧਾਂਤ ਦੇ ਉਲਟ ਹੈ ਤੇ ਮਾਲਾ ਵਾਲਿਆਂ ਨੂੰ ਗੁਰੂ ਨਾਨਕ ਪਿਤਾ ਬਨਾਰਸ ਦੇ ਠੱਗ ਕਹਿੰਦੇ ਹਨ। ਪਰ ਇਸ ਦੇ ਬਿਲਕੁੱਲ ਉਲਟ ਹਰ ਸਿੱਖ ਮਾਲਾ ਫੇਰਨ ਨੂੰ ਹੀ ਧਰਮ-ਕਰਮ ਸਮਝੀ ਬੈਠਾ ਹੈ, ਸਾਡਾ ਖਾਣਾ ਮਾਸਾਹਾਰੀ ਤੋਂ ਧੋਵੀਂ ਮੂੰਗੀ ਦੀ ਦਾਲ ਬਣਾ ਦਿੱਤੀ, ਸਾਡਾ ਪਹਿਰਾਵਾ ਬਦਲ ਦਿੱਤਾ ਗਿਆ, ਸਾਡੀ ਤੋਰ, ਬੋਲ-ਚਾਲ ਤੇ ਰਹਿਣਾ-ਬਹਿਣਾ ਬਦਲ ਦਿੱਤਾ ਗਿਆ। ਅਸੀਂ ਪਾਖੰਡੀ ਸਿੱਖਾਂ ਦੇ ਪਿੱਛਲੱਗ ਬਣ ਗਏ ਤੇ ਪੰਡਿਤ ਦੀਆਂ ਬਣਾਈਆਂ ਜਾਤਾਂ ਪਾਤਾਂ ਵਿਚ ਵੀ ਵਿਸ਼ਵਾਸ਼ ਕਰਨ ਲੱਗ ਪਏ। ਸਿੱਖ ਧਰਮ ਦਾ ਜੋ ਨੁਕਸਾਨ ਪੰਜਾਬ ਵਿਚ ਤੇ ਪੰਜਾਬੋਂ ਬਾਹਰ ਜੱਟਾਂ ਨੇ ਕੀਤਾ ਉਹ ਬਿਆਨ ਹੀ ਨਹੀਂ ਕੀਤਾ ਜਾ ਸਕਦਾ। ਉਦਾਹਰਣ ਦੇ ਤੌਰ ਤੇ ਜ਼ਮੀਨ ਵਾਹੇ ਮਜ਼ਬੀ ਸਿੱਖ, ਬੀਜੇ ਮਜ਼ਬੀ ਸਿੱਖ, ਕੱਟੇ-ਵੱਡੇ ਤੇ ਕੱਢੇ ਮਜ਼ਬੀ ਸਿੱਖ, ਖਰਾਸ ਤੇ ਆਟਾ ਪੀਸੇ ਮਜ਼ਬੀ ਸਿੱਖ, ਜਾਂ ਮਸ਼ੀਨ ਤੇ ਪਿਹਾ ਕੇ ਲਿਆਵੇ ਮਜ਼ਬੀ ਸਿੱਖ, ਆਟਾ ਬਰੀਕ ਹੈ ਜਾਂ ਮੋਟਾ ਇਸ ਲਈ ਸੁੱਕੇ ਆਟੇ ਨੂੰ ਹੱਥ ਲਾਵੇ ਮਜ਼ਬੀ ਸਿੱਖ ਪਰ ਓਹੀ ਆਟਾ ਜਦੋਂ ਜੱਟਾਂ ਦੀ ਪਰਾਂਤ ਵਿਚ ਪੈ ਗਿਆ ਤਾਂ ਸੁੱਚ-ਭਿੱਟ ਜੱਟਾਂ ਦੇ ਚੁੱਲੇ ਚੌਂਕੇ ਵਿਚ ਆ ਵੜੀ ਜਿਵੇਂ ਬ੍ਰਾਹਮਣ ਕਰਦਾ ਸੀ। ਅਸੀਂ ਗਰੀਬਾਂ ਨੂੰ ਕੁੱਝ ਦੇਣਾ ਤਾਂ ਕੀ ਸੀ ਸਗੋਂ ਦੁਰਕਾਰ ਦਿੱਤਾ। ਉਨ੍ਹਾਂ ਦੇ ਸਿਵੇਂ ਅੱਡ ਕਰ ਦਿੱਤੇ, ਉਨ੍ਹਾਂ ਦੀਆਂ ਧਰਮਸ਼ਾਲਾ ਅੱਡ ਕਰ ਦਿੱਤੀਆਂ, ਉਨ੍ਹਾਂ ਦੇ ਗੁਰਦਵਾਰੇ ਵੀ ਅੱਡ ਕਰ ਦਿੱਤੇ। ਜਾਣੀ ਕੁੱਲਮਿਲਾ ਕੇ ਭਾਈਚਾਰੇ ਵਿਚ ਆਰਥਿਕ ਵੰਡ ਦੇ ਨਾਲ ਨਾਲ ਭਾਈਚਾਰਕ ਸਾਂਝ ਵੀ ਖਤਮ ਕਰ ਦਿੱਤੀ।

ਹੁਣ ਸਾਨੂੰ ਲੋੜ ਹੈ ਇਸ ਪਾੜੇ ਨੂੰ ਖਤਮ ਕਰਨ ਦੀ। ਸਾਨੂੰ ਆਪਣੇ ਆਸ-ਪਾਸ ਨਜ਼ਰ ਮਾਰ ਕੇ ਵੇਖਣ ਦੀ ਲੋੜ ਹੈ ਤੇ ਨਿਰਾਸ਼ ਹੋਏ ਭੰਗੀਦਾਸਾਂ ਨੂੰ ਹੌਂਸਲਾ ਦੇਣ ਦੀ ਲੋੜ ਹੈ। ਐਸੇ ਮੌਕੇ ਹਰ ਰੋਜ ਨਹੀਂ ਆਉਂਦੇ। ਹੁਣ ਲੋੜ ਹੈ ਸਨਾਤਨ-ਮਤਿ, ਹਿੰਦੂ ਮਤਿ ਵਲੋਂ ਪਛਾੜੇ ਹੋਏ ਲੋਕਾਂ ਨੂੰ ਸਹਾਰਾ ਦੇਣ ਦੀ, ਹੋਂਸਲਾ ਦੇਣ ਦੀ ਤੇ ਕੁੱਝ ਆਰਥਿਕ ਮੱਦਦ ਕਰਨ ਦੀ। ਪੰਜਾਬੀ ਭਰਾਵੋ। ਆਓ ਆਪਾਂ ਰਲਮਿਲ ਕੇ ਨਤਾਣਿਆਂ ਦੀ ਕੁੱਝ ਮੱਦਦ ਕਰੀਏ, ਉਨ੍ਹਾਂ ਨੂੰ ਗਿਆਨ ਵੰਡੀਏ, ਭਾਈਚਾਰਕ ਸਾਂਝ ਪਾਈਏ ਤੇ ਗੁਰੂ ਨਾਨਕ ਪਿਤਾ ਦੇ ਸੰਦੇਸ਼ ਰਾਹੀ ਲੋਕਾਈ ਨੂੰ ਲੋਕਾਈ ਨਾਲੋਂ ਤੋੜਨ ਦੀ ਥਾਵੇਂ ਜੋੜੀਏ।

ਗੁਰੂ ਦੇ ਪੰਥ ਦਾ ਦਾਸ,

ਗੁਰਚਰਨ ਸਿੰਘ ਜਿਉਣ ਵਾਲਾ# 647 966 3132, 810 449 1079