‘ਹਰਿ’ ਦਾ ਉਚਾਰਨ-ਹਰ ਜਾਂ ਹਰੀ

0
456

A A A

‘ਹਰਿ’ ਦਾ ਉਚਾਰਨ
ਹਰ ਜਾਂ ਹਰੀ
5-6 ਸਾਲ ਪੁਰਾਣੀ ਗੱਲ ਹੈ| ਇਕ ਦਿਨ, ਮੇਰੀ ਜਾਣ-ਪਛਾਣ ਦਾ ਇਕ ਹਿੰਦੂ ਲੜਕਾ, ਮੈਂਨੂੰ ਮਿਲਣ ਆ ਗਿਆ| ਜਦੋਂ ਮੈਂ ਉਸ ਨੂੰ ‘ਹਰਿ ਕਾ ਸੰਤੁ’ ਸਿਰਲੇਖ ਨਾਮੀ, ਇਕ ਪੁਸਤਕ ਪੜ੍ਹਨ ਲਈ ਦਿੱਤੀ ਤਾਂ ਉਸ ਨੇ, ਉਸ ਦਾ ਉਚਾਰਨ ‘ਹਰ ਕਾ ਸੰਤ’ ਕਰਨ ਦੀ ਬਜਾਏ ‘ਹਰੀ ਕਾ ਸੰਤ’ ਕੀਤਾ| ਉਸ ਵੱਲੋਂ ਇਹ ਉਚਾਰਨ ਸੁਣ ਕੇ, ਮੈਂ ਉਸ ਨੂੰ ਕੁੱਝ ਨਹੀਂ ਕਿਹਾ ਪਰ ਮੈਂ ਆਪ ਸੋਚਾਂ ਵਿਚ ਪੈ ਗਿਆ ਕਿਉਂਕਿ ਮੈਂ ਆਪ ‘ਹਰਿ’ ਦਾ ਉਚਾਰਨ ‘ਹਰ’ ਕਰਦਾ ਸੀ| ਹੋਰ ਸਾਰੇ  ਸਿੱਖ ਵਿਦਵਾਨ, ਕੀਰਤਨੀਏ, ਕਥਾਵਾਚਕ, ਪਾਠੀ ਸਿੰਘ ਅਤੇ ਨਿਤਨੇਮੀ ਸਿੱਖ ਵੀ ‘ਹਰਿ’ ਦਾ ਉਚਾਰਨ ‘ਹਰ’ ਕਰਦੇ ਆ ਰਹੇ ਹਨ| ਜਿਵੇਂ ਕਿ:
1. ਹਰਿ ਹਰਿ ਨਾਮੁ ਮਿਲੈ ਤ੍ਰਿਪਤਾਸਹਿ ਮਿਲਿ ਸੰਗਤਿ ਗੁਣ ਪਰਗਾਸਿ|| (ਗੁ.ਗ੍ਰੰ.ਸਾ.ਪੰਨਾ-10)
2. ਜਿਨ ਹਰਿ ਹਰਿ ਹਰਿ ਰਸੁ ਨਾਮੁ ਨ ਪਾਇਆ ਤੇ ਭਾਗਹੀਣ ਜਮ ਪਾਸਿ|| (ਗੁ.ਗ੍ਰੰ.ਸਾ.ਪੰਨਾ-10)
3. ਹਰਿ ਭਗਤਿ ਹਰਿ ਕਾ ਪਿਆਰੁ ਹੈ ਜੇ ਗੁਰਮਿਖ ਕਰੇ ਬੀਚਾਰ|| (ਗੁ.ਗ੍ਰੰ.ਸਾ.ਪੰਨਾ-28)
4. ਹਰਿ ਦਾਨੋ ਹਰਿ ਦਾਨੁ ਦੇਵੈ ਹਰਿ ਪੁਰਖੁ ਨਿਰੰਜਨੁ ਸੋਈ ਰਾਮ|| (ਗੁ.ਗ੍ਰੰ.ਸਾ.ਪੰਨਾ-572)
5. ਹਰਿ ਪੜੁ ਹਰਿ ਲਿਖੁ ਹਰਿ ਜਪਿ ਹਰਿ ਗਾਉ ਹਰਿ ਭਉਜਲੁ ਪਾਰਿ ਉਤਾਰੀ|| (ਗੁ.ਗ੍ਰੰ.ਸਾ.ਪੰਨਾ-669)
6. ਗੁਰ ਸਬਦੀ ਹਰਿ ਭੇਦੀਐ ਹਰਿ ਜਪਿ ਹਰਿ ਬੁਝੈ|| (ਗੁ.ਗ੍ਰੰ.ਸਾ.ਪੰਨਾ-1090)
7. ਹਰਿ ਕਾ ਸੰਤੁ ਹਰਿ ਕੀ ਹਰਿ ਮੂਰਤਿ ਜਿਸ ਹਿਰਦੈ ਹਰਿ ਨਾਮੁ ਮੁਰਾਰਿ|| (ਗੁ.ਗ੍ਰੰ.ਸਾ.ਪੰਨਾ-1134)  ਆਦਿ| 
ਉਕਤ ਗੁਰਬਾਣੀ ਫ਼ੁਰਮਾਨਾਂ ਤੋਂ ਇਲਾਵਾ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਵਿਚ ਹੋਰ ਵੀ ਬਹੁਤ ਸਾਰੇ ਫ਼ੁਰਮਾਨ ਹਨ, ਜਿਨ੍ਹਾਂ ਵਿਚ ‘ਹਰਿ’ ਸ਼ਬਦ ਬਹੁਤ ਵਾਰੀ ਆਇਆ ਹੈ| ਇਸ ਲਈ ‘ਹਰਿ’ ਸ਼ਬਦ ਦਾ ਸਹੀ ਉਚਾਰਨ ਕਰਨ ਤੋਂ ਪਹਿਲਾਂ ਸਾਨੂੰ ‘ਹਰਿ’ ਅਤੇ ‘ਹਰ’ ਸ਼ਬਦਾਂ ਦੇ ਅਰਥਾਂ ਭਾਵਾਂ ਦਾ ਪਤਾ ਹੋਣਾ ਚਾਹੀਦਾ ਹੈ|  ਹਿੰਦੀ ਅਤੇ ਪੰਜਾਬੀ ਦੇ ਵੱਖ-ਵੱਖ ਸ਼ਬਦਕੋਸ਼ਾਂ ਵਿਚ ‘ਹਰਿ’ ਦੇ ਅਰਥ ਹਨ: ਵਿਸ਼ਨੂੰ, ਈਸ਼ਵਰ, ਕਰਤਾਰ, ਪ੍ਰਮਾਤਮਾ, ਇੰਦਰ, ਸੂਰਜ, ਚੰਨ, ਅੱਗ, ਹਵਾ, ਸਿੰਘ, ਮੋਰ, ਸੱਪ, ਘੋੜਾ, ਇਕ ਛੰਦ, ਹਰਾ ਰੰਗ ਆਦਿ ਕੀਤੇ ਹੋਏ ਮਿਲਦੇ ਹਨ| ਇਸੇ ਤਰ੍ਹਾਂ ‘ਹਰ’ ਸ਼ਬਦ ਦੇ ਅਰਥ ਹਨ: ਖੋਹਣ ਵਾਲਾ, ਦੂਰ ਕਰਨ ਵਾਲਾ, ਲੈ ਜਾਣ ਵਾਲਾ, ਸ਼ਿਵ, ਭਾਜਕ (ਗਣਿਤ), ਅੱਗ, ਹੱਲ, ਹਰ ਇਕ, ਹਰ ਕੋਈ, ਹਰ ਕਿਤੇ ਆਦਿ| ਇਸ ਤੋਂ ਇਲਾਵਾ ਹਿੰਦੂ ਮਿਥਿਹਾਸਕ ਕੋਸ਼ ਜੋ ਕਿ ਭਾਸ਼ਾ ਵਿਭਾਗ, ਪੰਜਾਬ ਨੇ ਛਾਪਿਆ ਹੋਇਆ ਹੈ, ਉਸ ਦੇ ਪੰਨਾ-151 ਉਤੇ ‘ਹਰ’ ਦੇ ਅਰਥ ਸ਼ਿਵ ਜੀ ਲਿਖਿਆ ਹੋਇਆ ਹੈ|
ਹੁਣ ਦੇਖੋ, ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਵਿਚ ‘ਹਰ’ ਅਤੇ ‘ਹਰਿ’ ਦੀ ਵਰਤੋਂ ਨੂੰ ਕਿਹੜੇ ਕਿਹੜੇ ਅਰਥਾਂ ਵਿਚ ਲਿਆ ਗਿਆ ਹੈ| ਗੁਰਬਾਣੀ ਦੀਆਂ ਕੁੱਝ ਉਦਾਹਰਣਾਂ ਇਸ ਪ੍ਰਕਾਰ ਹਨ:-
(ੳ) ਬੰਦੇ ਖੋਜੁ ਦਿਲ ਹਰ ਰੋਜ ਨਾ ਫਿਰੁ ਪਰੇਸਾਨੀ ਮਾਹਿ|| (ਗੁ.ਗ੍ਰੰ.ਸਾ.ਪੰਨਾ-727) (ਹਰ ਰੋਜ ਤੋਂ ਭਾਵ ਹੈ ਕਿ 
     ਨਿੱਤ, ਰੋਜ਼ਾਨਾ)|
(
ਅ) ਦਿਵਸ ਚਾਰਿ ਕੀ ਕਰਹੁ ਸਾਹਿਬੀ ਜੈਸੇ ਬਨ ਹਰ ਪਾਤ|| (ਗੁ.ਗ੍ਰੰ.ਸਾ.ਪੰਨਾ-1251) (ਹਰ ਪਾਤ ਤੋਂ ਭਾਵ ਹੈ   

     ਕਿ ਹਰੇ ਪੱਤੇ) 
(ੲ) ਹਰ ਰੰਗੀ ਤੁਰੇ ਨਿਤ ਪਾਲੀਅਹਿ ਕਿਤੈ ਕਾਮਿ ਨ ਆਈ|| (ਗੁ.ਗ੍ਰੰ.ਸਾ.ਪੰਨਾ-648) (ਹਰ ਰੰਗੀ ਤੁਰੇ ਤੋਂ 
     ਭਾਵ ਹੈ ਕਿ ਕਈ ਰੰਗਾਂ ਦੇ ਘੋੜੇ)
(ਸ) ਹਰਿ ਦਿਨੁ ਹਰਿ ਸਿਮਰਨੁ ਮੇਰੇ ਭਾਈ|| (ਗੁ.ਗ੍ਰੰ.ਸਾ.ਪੰਨਾ-195) (ਹਰਿ ਦਿਨੁ ਹਰਿ ਸਿਮਰਨ ਤੋਂ ਭਾਵ ਹੈ ਕਿ 
    ਪ੍ਰਮਾਤਮਾ ਦਾ ਹਰ ਵੇਲੇ ਸਿਮਰਨ ਕਰਨਾ)|
(ਹ) ਹਰਿ ਚੰਦਉਰੀ ਖੇਖ ਕਾਹੇ ਸੁਖੁ ਮਾਨਿਆ|| (ਗੁ.ਗ੍ਰੰ.ਸਾ.ਪੰਨਾ-1363)  (ਹਰਿ ਚੰਦਉਰੀ ਤੋਂ ਭਾਵ ਹੈ ਕਿ 
       ਕਲਪਤ ਨਗਰੀ ਜੋ ਅਸਲ ਵਿਚ ਨਹੀਂ ਹੈ)|
(ਕ)  ਦਾਵਾ ਅਗਨਿ ਰਹੇ ਹਰਿ ਬੂਟ|| (ਗੁ.ਗ੍ਰੰ.ਸਾ.ਪੰਨਾ-914) (ਹਰਿ ਬੂਟ ਤੋਂ ਭਾਵ ਹੈ ਕਿ ਹਰੇ ਬੂਟੇ)|
ਉਕਤ ਗੁਰਬਾਣੀ ਫ਼ੁਰਮਾਨਾਂ ਵਿਚ ਜਿੱਥੇ ‘ਹਰ’ ਅਤੇ ‘ਹਰਿ’ ਦੇ ਉਚਾਰਨ ਵਿਚ  ਅੰਤਰ ਹੈ, ਉੱਥੇ ਇਨ੍ਹਾਂ ਦੇ ਅਰਥ ਭਾਵਾਂ ਵਿਚ ਵੀ ਬਹੁਤ ਅੰਤਰ ਦੇਖ ਸਕਦੇ ਹਾਂ|
ਹੁਣ ਗੱਲ ਕਰਦੇ ਹਾਂ ਉਚਾਰਨ ਦੀ| ਗੁਰਬਾਣੀ ਪੜ੍ਹਦੇ ਪੜ੍ਹਦੇ ਜਦੋਂ ਵੀ ਗੁਰਬਾਣੀ ਵਿਚ ‘ਹਰਿ’ ਸ਼ਬਦ ਆਉਂਦਾ, ਮੈਂ ਉੱਥੇ ਹੀ ਰੁੱਕ ਜਾਂਦਾ ਅਤੇ ਸੋਚਦਾ ਕਿ ਇਸ ਦਾ ਉਚਾਰਨ ‘ਹਰ’ ਕਰਾਂ ਜਾਂ ‘ਹਰੀ’| ਇਕ ਦਿਨ ਬੈਠੇ ਬੈਠੇ ਸਕੂਲ ਦੀ ਇਕ ਹਿੰਦੀ ਵਾਲੀ ਪਾਠ ਪੁਸਤਕ ਯਾਦ ਆ ਗਈ, ਜਿਸ ਵਿਚ ‘ਸਰਦਾਰ ਹਰੀ ਸਿੰਘ ਨਲੂਏ’ ਦੇ ਜੀਵਨ ਸਬੰਧੀ ਹਿੰਦੀ ਦੀ ਪਾਠ ਪੁਸਤਕ ਵਿਚ ‘ਹਰਿ ਸਿੰਘ ਨਲਵਾ’ ਦੇ ਸਿਰਲੇਖ ਅਧੀਨ ਇਕ ਲੇਖ ਲਿਖਿਆ ਹੋਇਆ ਸੀ| ਖ਼ਾਕੇ ਵਿਚ ਹਿੰਦੀ ਬੋਲੀ ਵਿਚ ਲਿਖੇ‘ਹਰਿ ਸਿੰਘ’  ਅਤੇ ‘ਹਰਿ ਚੰਦ’ ਦੇ ਨਾਵਾਂ ਨੂੰ ਦੇਖਿਆ ਜਾ ਸਕਦਾ ਹੈ| ਹਿੰਦੀ ਵਿਚ ਲਿਖੇ ‘ਹਰਿ ਸਿੰਘ’ ਦਾ ਉਚਾਰਨ ਅਸੀਂ ਸਾਰੇ, ਪੰਜਾਬੀ ਬੋਲੀ ਵਿਚ ‘ਹਰੀ ਸਿੰਘ’  ਕਰਦੇ ਹਾਂ ਨਾ ਕਿ ‘ਹਰ ਸਿੰਘ|’ ਇਸ ਤੋਂ ਇਲਾਵਾ ‘ਹਰਿ  ਸਿੰਘ’ ਨੂੰ ਅੰਗਰੇਜ਼ੀ ਵਿਚHARI  SINGH  ਲਿਖਦੇ ਹਾਂ ਨਾ ਕਿ HAR  SINGH. | ਇਸੇ ਤਰ੍ਹਾਂ ਹਿੰਦੀ ਵਿਚ ਜਿੱਥੇ ਹਰਿ ਚੰਦ ਲਿਖਿਆ ਹੁੰਦਾ ਹੈ, ਉਸ ਦਾ ਉਚਾਰਨ ਵੀ ਹਰੀ ਚੰਦ ਕਰਦੇ ਹਾਂ ਨਾ ਕਿ ਹਰ ਚੰਦ| ਇਸੇ ਤਰ੍ਹਾਂ ਅੰਗਰੇਜ਼ੀ ਵਿਚ HARI CHAND ਲਿਖਦੇ ਅਤੇ ਬੋਲਦੇ ਹਾਂ ਨਾ ਕਿ HAR CHAND.

ਬੇਸ਼ੱਕ ਅਸੀਂ ਸਾਰੇ, ਪ੍ਰੋ: ਸਾਹਿਬ ਸਿੰਘ ਜੀ ਦੇ ਲਿਖੇ ਗੁਰਬਾਣੀ ਵਿਆਕਰਣ ਨੇਮਾਂ ਅਨੁਸਾਰ ਹੀ ਗੁਰਬਾਣੀ ਦਾ ਉਚਾਰਨ ਕਰਦੇ ਆ ਰਹੇ ਪਰ ਗੁਰਬਾਣੀ ਵਿਆਕਰਣ ਦੇ ਇਹ ਨੇਮ ਹਰ ਥਾਂ ਲਾਗੂ ਨਹੀਂ ਹੁੰਦੇ| ਜੇਕਰ ਅਸੀਂ ਗੁਰਬਾਣੀ ਵਿਚ ਆਏ‘ਹਰਿ’ ਸ਼ਬਦ ਦਾ ਉਚਾਰਨ ‘ਹਰ’ ਕਰਦੇ ਹਾਂ ਤਾਂ ਗੁਰਮਤਿ ਦੇ ਸਿਧਾਂਤਾਂ ਦੀ ਖੰਡਨਾ ਵੀ ਕਰ ਰਹੇ ਹੁੰਦੇ ਹਾਂ| ਜਿਵੇਂ ਕਿ:
ਕੋਟਿ ਅਘਾ ਗਏ ਨਾਸ ਹਰਿ ਇਕੁ ਧਿਆਇਆ|| (ਗੁ.ਗ੍ਰੰ.ਸਾ.ਪੰਨਾ-710)
ਆਮ ਉਚਾਰਨ ਜਿਹੜਾ ਕੀਤਾ ਜਾ ਰਿਹਾ ਹੈ: ਕੋਟ ਅਘਾ ਗਏ ਨਾਸ ਹਰ ਇਕ ਧਿਆਇਆ|
ਜਦੋਂ ਕੋਈ ਗੁਰਬਾਣੀ ਦਾ ਇਹ ਫ਼ੁਰਮਾਨ ਸੁਣਦਾ ਹੈ ਤਾਂ ਉਸ ਨੂੰ ਲਗਦਾ ਹੈ ਕਿ ਗੁਰਬਾਣੀ ਮਨੁੱਖ ਨੂੰ ਕਹਿ ਰਹੀ ਹੈ ਕਿ ਜੇਕਰ ਮਨੁੱਖ, ਹਰ ਇਕ (ਹਰੇਕ) ਨੂੰ ਧਿਆਏ ਤਾਂ ਉਸ ਦੇ ਕਰੋੜਾਂ ਪਾਪਾਂ ਦਾ ਨਾਸ ਹੋ ਜਾਂਦਾ ਹੈ| ਪਰ ਗੁਰਬਾਣੀ ਵਿਚ ਇਕ ਦੇ ਸਿਧਾਂਤ ਦੀ ਬਹੁਤ ਮਹਾਨਤਾ ਹੈ| ਗੁਰਬਾਣੀ ਦੇ ਅਰੰਭ ਵਿਚ ਹੀ ਸਪੱਸ਼ਟ ਕਰ ਦਿੱਤਾ ਹੈ ਕਿ ਪ੍ਰਮਾਤਮਾ ਇਕ ਹੈ| ਗੁਰਬਾਣੀ ਦਾ ਫ਼ੁਰਮਾਨ ਹੈ: ਸਾਹਿਬ ਮੇਰਾ ਏਕੋ ਹੈ|| ਏਕੋ ਹੈ ਭਾਈ ਏਕੋ ਹੈ|| (ਗੁ.ਗ੍ਰੰ.ਸਾ.ਪੰਨਾ-350) ਅਨੁਸਾਰ ਇਕ ਦਾ ਸਿਧਾਂਤ ਹੁੰਦਿਆਂ ਸਿੱਖ, ਇਕ ਪ੍ਰਮਾਤਮਾ ਨੂੰ ਛੱਡ ਕੇ, ਹਰ ਇਕ ਦੀ ਅਰਾਧਨਾ ਕਿਵੇਂ ਕਰ ਸਕਦਾ ਹੈ?
ਦੂਜਾ ਫ਼ੁਰਮਾਨ:
ਆਪੇ ਹਰਿ ਇਕ ਰੰਗੁ ਹੈ ਆਪੇ ਬਹੁਰੰਗੀ|| (ਗੁ.ਗ੍ਰੰ.ਸਾ.ਪੰਨਾ-726)
ਆਮ ਉਚਾਰਨ ਜਿਹੜਾ ਕੀਤਾ ਜਾ ਰਿਹਾ ਹੈ: ਆਪੇ ਹਰ ਇਕ ਰੰਗ ਹੈ ਆਪੇ ਬਹੁ ਰੰਗੀ|
ਸੁਣਨ ਵਾਲੇ ਨੂੰ ਲਗਦਾ ਹੈ ਕਿ ਗੁਰਬਾਣੀ ਮਨੁੱਖ ਨੂੰ ਕਹਿ ਰਹੀ ਹੈ ਕਿ ਪ੍ਰਮਾਤਮਾ ਆਪੇ ਹਰ ਇਕ ਰੰਗ ਹੈ (ਭਾਵ  ਹਰੇਕ) ਰੰਗ ਹੈ ਅਤੇ ਆਪੇ ਹੀ ਬਹੁ ਰੰਗੀ ਹੈ| ਹਰ ਇਕ ਰੰਗ ਅਤੇ ਬਹੁ ਰੰਗੀ ਵਿਚ ਕੋਈ ਫ਼ਰਕ ਨਹੀਂ ਹੁੰਦਾ| ਪਰ ਸਹੀ ਉਚਾਰਨ ਨਾ ਹੋਣ ਕਰਕੇ, ਗੱਲ ਗੁਰਮਤਿ ਤੋਂ ਉਲਟ ਜਾ ਰਹੀ ਹੁੰਦੀ ਹੈ|
ਗੁਰਬਾਣੀ ਪੜ੍ਹਣ ਵਾਲੇ ਨੂੰ ਪਤਾ ਹੈ ਕਿ ‘ਹਰਿ’ ਸ਼ਬਦ ਦੇ ਅਖੀਰਲੇ ਅੱਖਰ ਨੂੰ ਸਿਆਰੀ ਲੱਗੀ ਹੋਈ ਹੈ ਪਰ ਸੁਣਨ ਵਾਲੇ ਨੂੰ ਇਸ ਸਿਆਰੀ ਬਾਰੇ ਕੋਈ ਗਿਆਨ ਨਹੀਂ ਹੁੰਦਾ| ਇਕ ਗੱਲ ਹੋਰ ਵੀ ਧਿਆਨ ਦੇਣ ਵਾਲੀ ਹੈ ਕਿ ‘ਹਰਿ’ ਦਾ ਉਚਾਰਨ ‘ਹਰ’ ਕਰਨ ਵਾਲੇ, ਇਸ ਦੇ ਅਰਥ ਹਰੀ (ਪ੍ਰਮਾਤਮਾ) ਹੀ ਕਰਦੇ ਹਨ ਕਿਉਂਕਿ ਗੁਰਬਾਣੀ ਵਿਚ ‘ਹਰਿ’ ਖਾਸ ਕਰਕੇ, ਪ੍ਰਮਾਤਮਾ ਲਈ ਬਹੁਤ ਵਾਰੀ ਆਇਆ ਹੈ| ਹੁਣ ਸਵਾਲ ਪੈਦਾ ਹੁੰਦਾ ਹੈ ਕਿ ‘ਹਰਿ’ ਦਾ ਉਚਾਰਨ ਪਹਿਲਾਂ ਹੀ ‘ਹਰੀ’ ਕਿਉਂ ਨਹੀਂ ਕਰਦੇ ਤਾਂ ਜੋ ਗੁਰਬਾਣੀ ਸੁਣਨ ਵਾਲੇ ਨੂੰ ਪਤਾ ਲੱਗ ਜਾਵੇ ਕਿ ਹਰੀ (ਪ੍ਰਮਾਤਮਾ) ਦੀ ਗੱਲ ਹੋ ਰਹੀ ਹੈ?
ਸਾਨੂੰ ਇਕ ਗੱਲ ਇਹ ਵੀ ਚੰਗੀ ਤਰ੍ਹਾਂ ਸਮਝ ਲੈਣੀ ਚਾਹੀਦੀ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਵਿਚ ਅਨੇਕਾਂ ਬੋਲੀਆਂ ਦੇ ਸ਼ਬਦ ਮਿਲਦੇ ਹਨ| ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਵਿਚ ਵੱਖ-ਵੱਖ ਬੋਲੀਆਂ ਦੇ ਸ਼ਬਦ ਮਿਲ ਜਾਣ ਦਾ ਵੱਡਾ ਕਾਰਣ ਇਹ ਹੈ ਕਿ  ਜਿਨ੍ਹਾਂ ਜਿਨ੍ਹਾਂ ਸਤਿਗੁਰਾਂ ਨੇ ਗੁਰਬਾਣੀ ਦੀ ਰਚਨਾ ਕੀਤੀ ਸੀ, ਉਨ੍ਹਾਂ ਨੂੰ ਸਿੱਖੀ ਦਾ ਪ੍ਰਚਾਰ ਕਰਦੇ ਸਮੇਂ ਦੂਰ ਦੁਰਾਡੀਆਂ ਥਾਵਾਂ ਤੇ ਜਾਣਾ ਪਿਆ ਸੀ| ਪ੍ਰਚਾਰਕ ਫੇਰੀਆਂ ਦੌਰਾਨ ਉਨ੍ਹਾਂ ਦਾ ਵਾਹ ਸਾਰੇ ਧਰਮਾਂ ਦੇ ਧਾਰਮਕਆਗੂਆਂ, ਕਾਜ਼ੀਆਂ, ਹਾਜੀਆਂ, ਮੌਲਵੀਆਂ, ਪੀਰਾਂ-ਫ਼ਕੀਰਾਂ, ਪੰਡਤਾਂ, ਬ੍ਰਾਹਮਣਾਂ, ਸਿੱਧਾਂ, ਜੋਗੀਆਂ, ਜੈਨੀਆਂ, ਬੋਧੀਆਂ ਅਤੇ ਸਾਧਾਂ-ਸੰਤਾਂ ਨਾਲ ਪਿਆ ਸੀ| ਵਿਚਾਰ ਗੋਸਟੀਆਂ ਕਰਦੇ ਸਮੇਂ ਅਤੇ ਵੱਖ-ਵੱਖ ਬੋਲੀਆਂ ਦੇ ਸ਼ਬਦ, ਗੁਰਬਾਣੀ ਲਿਖਦੇ ਸਮੇਂ ਜਿਉਂ ਦੇ ਤਿਉਂ ਮੂਲ ਰੂਪ ਵਿਚ ਗੁਰਮੁੱਖੀ ਅੱਖਰਾਂ ਵਿਚ ਦਰਜ ਕੀਤੇ| ਇਸੇ ਤਰ੍ਹਾਂ ਭਗਤ ਜਨਾਂ ਅਤੇ ਭੱਟ ਜਨਾਂ ਦੀ ਬਾਣੀ ਜਿਹੜੀ ਕਿ ਵੱਖ ਬੋਲੀਆਂ ਵਿਚ ਸੀ, ਉਹ ਵੀ ਗੁਰਮੁੱਖੀ ਅੱਖਰਾਂ ਵਿਚ ਦਰਜ ਕੀਤੀ ਗਈ|
ਜਦੋਂ ਗੁਰੂ ਅਰਜੁਨ ਪਾਤਸਾਹ ਨੇ ਸਮੁੱਚੀ ਗੁਰੂਬਾਣੀ ਨੂੰ ਪੋਥੀ (ਗੁਰੂ ਗ੍ਰੰਥ ਸਾਹਿਬ) ਵਿਚ ਦਰਜ ਕਰਾਉਣ ਦਾ ਕਾਰਜ ਅਰੰਭਿਆ ਸੀ ਤਾਂ ਇਸ ਕੰਮ ਲਈ ਗੁਰੂ ਸਾਹਿਬ ਨੇ ਭਾਈ ਗੁਰਦਾਸ ਜੀ ਨੂੰ ਇਹ ਸੇਵਾ ਲਈ ਚੁਣਿਆ ਸੀ| ਇਸ ਦਾ ਸੱਭ ਤੋਂ ਵੱਡਾ ਇਹ ਕਾਰਣ ਸੀ ਕਿ ਭਾਈ ਗੁਰਦਾਸ ਜੀ ਨੂੰ ਹਿੰਦੀ, ਸੰਸਕ੍ਰਿਤ, ਅਰਬੀ, ਫ਼ਾਰਸੀ, ਪੰਜਾਬੀ ਭਾਸ਼ਾਵਾਂ ਦਾ ਚੰਗਾ ਗਿਆਨ ਸੀ ਅਤੇ ਸ਼ਾਸਤਰਾਂ, ਉਪਨਿਸ਼ਦਾਂ, ਪੁਰਾਣਾਂ ਆਦਿ ਤੋਂ ਵੀ ਚੰਗੀ ਤਰ੍ਹਾਂ ਜਾਣੂ ਸਨ| ਇਸ ਤੋਂ ਇਲਾਵਾ ਗੁਰੂ ਰਾਮਦਾਸ ਜੀ ਅਤੇ ਗੁਰੂ ਅਰਜੁਨ ਪਾਤਸ਼ਾਹ ਦੀ ਸੰਗਤ ਕਰਕੇ, ਭਾਈ ਗੁਰਦਾਸ ਜੀ ਨੇ ਗੁਰਬਾਣੀ ਦੀ ਮਹਾਨਤਾ ਨੂੰ ਚੰਗੀ ਤਰ੍ਹਾਂ ਸਮਝ ਲਿਆ ਸੀ ਅਤੇ ਸਿੱਖੀ ਪ੍ਰਚਾਰ ਦੇ ਵੀ ਚੰਗੀ ਪ੍ਰਚਾਰਕ ਬਣ ਗਏ ਸਨ|
ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਵਿਚ ਵੱਖ ਵੱਖ ਬੋਲੀਆਂ ਦੇ ਉਚਾਰਨ ਵੀ ਸਾਨੂੰ ਗੁਰਬਾਣੀ ਵਿਚੋਂ ਹੀ ਮਿਲ ਜਾਂਦੇ ਹਨ| ਭਗਤ ਜਨਾਂ ਅਤੇ ਸਤਿਗੁਰਾਂ ਦੀ ਬਾਣੀ ਪੜ੍ਹ ਕੇ ਉਚਾਰਨ ਸਬੰਧੀ ਭੁਲੇਖਾ ਦੂਰ ਹੋ ਜਾਂਦਾ ਹੈ| ਜਿਨ੍ਹਾਂ ਸ਼ਬਦਾਂ ਦੇ ਉਚਾਰਨ ਵਿਚ ਗੁਰਬਾਣੀ ਪੜ੍ਹਣ ਵਾਲੇ ਨੂੰ ਭੁਲੇਖਾ ਲੱਗ ਸਕਦਾ ਸੀ, ਗੁਰੂ ਸਾਹਿਬ ਨੇ ਉਨ੍ਹਾਂ ਸ਼ਬਦਾਂ ਦੇ ਸਹੀ ਉਚਾਰਨ ਵੀ ਗੁਰਬਾਣੀ ਵਿਚ ਦਰਜ ਕਰਾ ਦਿੱਤੇ ਸਨ ਤਾਂ ਜੋ ਸਧਾਰਨ ਤੋਂ ਸਧਾਰਨ ਮਨੁੱਖ ਵੀ ਉਨ੍ਹਾਂ ਸ਼ਬਦਾਂ ਦਾ ਉਚਾਰਨ ਆਸਾਨੀ ਨਾਲ ਕਰ ਸਕੇ| ਮਿਸਾਲ ਦੇ ਤੌਰ ਤੇ ਗੁਰਬਾਣੀ ਵਿਚ ਆਇਆ ‘ਹਰਿ’ ਸ਼ਬਦ ਜੋ ਕਿ ਸੰਸਕ੍ਰਿਤ ਬੋਲੀ ਦਾ ਮੂਲ ਸ਼ਬਦ ਹੈ ਅਤੇ  ਗੁਰਬਾਣੀ ਵਿਚ ‘ਹਰਿ’ ਸ਼ਬਦ ਪ੍ਰਮਾਤਮਾ ਲਈ ਨਵੇਂ ਅਰਥਾਂ ਵਿਚ ਲਿਆ ਗਿਆ ਹੈ| ਜਿਸ ਦੇ ਅਸਲ ਉਚਾਰਨ ਨੂੰ ਅਨੇਕਾਂ ਥਾਂਵਾਂ ਤੇ ‘ਹਰੀ’ ਲਿਖ ਕੇ, ਉਚਾਰਨ ਸਬੰਧੀ ਭੁਲੇਖੇ ਨੂੰ ਸਦਾ ਲਈ  ਦੂਰ ਕਰ ਦਿੱਤਾ ਹੋਇਆ ਹੈ| ਜਿਵੇਂ ਕਿ:
1. ਨਾਨਕੁ ਜੀਵੈ ਜਪਿ ਹਰੀ ਦੋਖ ਸਭੇ ਹੀ ਹੰਤੁ|| (ਗੁ.ਗ੍ਰੰ.ਸਾ.ਪੰਨਾ-137)
2. ਜਿਤੁ ਰਸਨਾ ਉਚਰੈ ਹਰਿ ਹਰੀ|| (ਗੁ.ਗ੍ਰੰ.ਸਾ.ਪੰਨਾ-191)
3. ਨਿਮਖ ਨਿਮਖ ਜਪਿ ਨਾਨਕ ਹਰੀ|| (ਗੁ.ਗ੍ਰੰ.ਸਾ.ਪੰਨਾ-269)
4. ਸਤਿਗੁਰ ਹਰਿ ਪ੍ਰਭ ਦਸਿ ਨਾਮੁ ਧਿਆਈ ਮਨਿ ਹਰੀ|| (ਗੁ.ਗ੍ਰੰ.ਸਾ.ਪੰਨਾ-301)
5. ਜਿਨਿ ਹੁਕਮ ਪਛਾਤਾ ਹਰੀ ਕੇਰਾ ਸੋਈ ਸਰਬ ਸੁਖ ਪਾਵਏ|| (ਗੁ.ਗ੍ਰੰ.ਸਾ.ਪੰਨਾ-440)
6. ਹਰਿ ਸੰਗਿ ਹਰੀ ਸਤਸੰਗੁ ਭਏ ਹਰਿ ਕੰਚਨੁ ਚੰਦਨੁ ਕੀਨੇ|| (ਗੁ.ਗ੍ਰੰ.ਸਾ.ਪੰਨਾ-668)
7.ਜਪ ਮਨ ਨਾਮੁ ਹਰੀ ਹੋਹਿ ਸਰਬ ਸੁਖੀ|| (ਗੁ.ਗ੍ਰੰ.ਸਾ.ਪੰਨਾ-669)
8. ਹਮਾਰੈ ਏਕੈ ਹਰੀ ਹਰੀ|| (ਗੁ.ਗ੍ਰੰ.ਸਾ.ਪੰਨਾ-715)
9. ਮੇਰੇ ਮਨ ਨਾਮੁ ਹਰੀ ਭਜੁ ਸਦਾ ਦੀਬਾਣੁ|| (ਗੁ.ਗ੍ਰੰ.ਸਾ.ਪੰਨਾ-861)
10. ਪ੍ਰਣਵੈ ਨਾਮਾ ਐਸੋ ਹਰੀ|| (ਗੁ.ਗ੍ਰੰ.ਸਾ.ਪੰਨਾ-874)
11. ਖਿੰਥਾ ਝੋਲੀ ਭਰਿਪੂਰਿ ਰਹਿਆ ਨਾਨਕ ਤਾਰੈ ਏਕੁ ਹਰੀ|| (ਗੁ.ਗ੍ਰੰ.ਸਾ.ਪੰਨਾ-939)
12. ਬਿਸਰਤ ਨਾਹੀ ਮਨ ਤੇ ਹਰੀ|| (ਗੁ.ਗ੍ਰੰ.ਸਾ.ਪੰਨਾ-1120) ਆਦਿ|
ਉਕਤ  ਗੁਰਬਾਣੀ ਫ਼ੁਰਮਾਨਾਂ ਤੋਂ ਇਲਾਵਾ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਵਿਚ ਹੋਰ ਵੀ ਬਹੁਤ ਸਾਰੇ ਫ਼ੁਰਮਾਨ ਮਿਲ ਜਾਣਗੇ, ਜਿਨ੍ਹਾਂ ਵਿਚ ‘ਹਰੀ’ ਸ਼ਬਦ ਪ੍ਰਮਾਤਮਾ ਲਈ ਬਹੁਤ ਵਾਰੀ ਆਇਆ ਹੈ|
ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਵਿਚ ਜਿੱਥੇ ‘ਹਰੀ’ ਸ਼ਬਦ  ਪ੍ਰਮਾਤਮਾ ਲਈ ਆਇਆ ਹੈ, ਉੱਥੇ ਹੇਠ ਲਿਖੇ ਅਰਥ ਭਾਵਾਂ ਵਿਚ ਵੀ ਆਇਆ ਹੈ:-
(1) ਹਰੀ ਚੰਦੁ ਦਾਨੁ ਕਰੈ ਜਸੁ ਲੈਵੈ|| (ਗੁ.ਗ੍ਰੰ.ਸਾ.ਪੰਨਾ-224) (ਹਰੀ ਚੰਦੁ ਤੋਂ ਭਾਵ ਹੈ ਕਿ ਹਰੀ ਚੰਦ ਨਾਂ ਦਾ ਇਕ ਰਾਜਾ)|
(2) ਹਰੀ ਅੰਗੂਰੀ ਗਦਹਾ ਚਰੈ|| (ਗੁ.ਗ੍ਰੰ.ਸਾ.ਪੰਨਾ-326) (ਹਰੀ ਅੰਗੂਰੀ ਤੋਂ ਭਾਵ ਹੈ ਕਿ ਮਨ ਭਾਉਂਦੇ ਵਿਕਾਰ ਕਰਨੇ)|
(3) ਦਹ ਦਿਸਿ ਸਾਖ ਹਰੀ ਹਰੀਆਵਲ ਸਹਿਜ ਪਕੈ ਸੋ ਮੀਠਾ|| (ਗੁ.ਗ੍ਰੰ.ਸਾ.ਪੰਨਾ-1109) (ਸਾਖ ਹਰੀ ਹਰਿਆਵਲ ਤੋਂ ਭਾਵ ਹੈ ਕਿ ਹਰੀਆਂ ਭਰੀਆਂ ਟਾਹਣੀਆਂ)|
(4) ਦੁਰਮਤਿ ਮੈਲੁ ਹਰੀ ਅਗਿਆਨੁ ਅੰਧੇਰੁ ਗਇਆ|| (ਗੁ.ਗ੍ਰੰ.ਸਾ.ਪੰਨਾ-1116) ਆਦਿ| (ਦੁਰਮਤਿ ਮੈਲ ਹਰੀ ਤੋਂ
ਭਾਵ ਹੈ ਕਿ ਭੈੜੀ ਮਤਿ (ਅਗਿਆਨਤਾ ਦਾ ਹਨੇਰਾ) ਦੂਰ ਹੋ ਗਿਆ|
ਸੰਸਕ੍ਰਿਤ ਅਤੇ ਹਿੰਦੀ ਭਾਸ਼ਾ ਦੀ ਜਾਣਕਾਰੀ ਰੱਖਣ ਵਾਲੇ ਇਹ ਗੱਲ ਚੰਗੀ ਤਰ੍ਹਾਂ ਜਾਣਦੇ ਹਨ ਕਿ ਇਨ੍ਹਾਂ ਬੋਲੀਆਂ ਵਿਚ ਜਿਹੜੇ ਸ਼ਬਦਾਂ ਦੇ ਅਖ਼ੀਰ ਵਿਚ ਛੋਟੀ ‘ਇ’ ਦੀ ਮਾਤਰਾ ਲੱਗੀ ਹੁੰਦੀ ਹੈ, ਉਹ ਉਚਾਰਨ ਵਿਚ ਆਉਂਦੀ ਹੈ| ਸੋ ਗੁਰਬਾਣੀ ਦੇ ਉਕਤ ‘ਹਰੀ’ ਵਾਲੇ ਫੁਰਮਾਨਾਂ ਤੋਂ ਸੇਧ ਲੈਂਦੇ ਹੋਏ, ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਵਿਚ ਜਿੱਥੇ ਵੀ ਸੰਸਕ੍ਰਿਤ ਵਾਲਾ ‘ਹਰਿ’ ਸ਼ਬਦ ਆਉਂਦਾ ਹੈ ਉਸ ਦਾ ਉਚਾਰਨ ‘ਹਰੀ’ ਕਰਨਾ ਹੈ| ‘ਹਰਿ’ ਸ਼ਬਦ ਦੇ ਅਖ਼ੀਰਲੇ ਅੱਖਰ ਨੂੰ ਜਿੱਥੇ ਸਿਹਾਰੀ ਆਉਂਦੀ ਹੈ, ਉੱਥੇ ਪੰਜਾਬੀ ਵਿਚ ਲਿਖਣ ਸਮੇਂ ਬਿਹਾਰੀ ਲਾ ਕੇ ‘ਹਰੀ’ ਲਿਖਣਾ ਪੈਂਦਾ ਹੈ ਪਰ ਬਿਹਾਰੀ ਦੀ ਆਵਾਜ਼ ਲੰਮੀ ਨਹੀਂ ਕੀਤੀ ਜਾਂਦੀ ਸਗੋਂ ਸਿਆਰੀ ਵਾਂਗ ਹੀ ਬੋਲੀ ਜਾਂਦੀ ਹੈ|
ਇਕ ਗੱਲ ਹੋਰ ਵੀ ਧਿਆਨ ਵਿਚ ਰੱਖਣ ਵਾਲੀ ਹੈ ਕਿ ਜਿਹੜੇ ਗੁਰਮੁੱਖੀ ਨਹੀਂ ਜਾਣਦੇ, ਉਨ੍ਹਾਂ ਨੂੰ ਗੁਰਬਾਣੀ ਦੇ ਗੁਟਕੇ ਹਿੰਦੀ ਵਿਚ ਛਾਪ ਕੇ ਦਿੱਤੇ ਜਾਂਦੇ ਹਨ| ਉਨ੍ਹਾਂ ਹਿੰਦੀ ਦੇ ਗੁਟਕਿਆਂ ਵਿਚ ‘ਹਰਿ’ ਸ਼ਬਦ ਵੀ ਹਿੰਦੀ ਵਿਚ ਹੋਣ ਕਰਕੇ, ਗੁਰਬਾਣੀ ਪੜ੍ਹਣ ਵਾਲਾ ‘ਹਰਿ’ ਦਾ ਉਚਾਰਨ ‘ਹਰੀ’ ਕਰਦਾ ਹੈ| ਪਰ ਉਸ ਨੂੰ ਗ਼ਲਤ ਨਹੀਂ ਕਿਹਾ ਜਾ ਸਕਦਾ|
ਜੇਕਰ ਅਸੀਂ ਉਪਰੋਕਤ ਗੁਰਬਾਣੀ ਫ਼ੁਰਮਾਨਾਂ ਅਨੁਸਾਰ ‘ਹਰਿ’ ਦਾ ਸਹੀ ਉਚਾਰਨ ‘ਹਰੀ’ ਕਰਾਂਗੇ ਤਾਂ ਅਰਥ ਵੀ ਆਪਣੇ ਆਪ ਗੁਰਮਤਿ ਅਨੁਸਾਰ ਸਪੱਸ਼ਟ ਹੋਣਗੇ| ਜਿਵੇਂ ਕਿ
ਕੋਟਿ ਅਘਾ ਗਏ ਨਾਸ ਹਰਿ ਇਕੁ ਧਿਆਇਆ|| (ਗੁ.ਗ੍ਰੰ.ਸਾ.ਪੰਨਾ-710)
ਸਹੀ ਉਚਾਰਨ: ਕੋਟ ਅਘਾ ਗਏ ਨਾਸ ਹਰੀ ਇਕ ਧਿਆਇਆ|
ਅਰਥ: ਇਕ ਹਰੀ (ਪ੍ਰਮਾਤਮਾ) ਨੂੰ ਸਿਮਰਦਿਆਂ (ਭਾਵ ਰਜ਼ਾ ਵਿਚ ਚਲਦਿਆਂ) ਕਰੋੜਾਂ ਹੀ ਪਾਪਾਂ ਦਾ ਨਾਸ ਹੋ ਜਾਂਦਾ ਹੈ|
ਆਪੇ ਹਰਿ ਇਕ ਰੰਗੁ ਹੈ ਆਪੇ ਬਹੁ ਰੰਗੀ|| (ਗੁ.ਗ੍ਰੰ.ਸਾ.ਪੰਨਾ-726)
ਸਹੀ ਉਚਾਰਨ: ਆਪੇ ਹਰੀ ਇਕ ਰੰਗ ਹੈ ਆਪੇ ਬਹੁ ਰੰਗੀ|
ਅਰਥ: ਹਰੀ (ਪ੍ਰਮਾਤਮਾ) ਆਪ ਹੀ (ਨਿਰਗੁਣ ਸਰੂਪ) ਕਰਕੇ, ਇਕ ਰੰਗ (ਇਕੋ-ਇਕ ਹਸਤੀ) ਹੈ ਅਤੇ ਆਪ ਹੀ (ਸਰਗੁਣ ਸਰੂਪ) ਕਰਕੇ ਅਨੇਕਾਂ ਰੂਪਾਂ ਵਾਲਾ ਹੈ|
ਹੁਣ ਗੱਲ ਕਰਦੇ ਹਾਂ ਸਿੱਖ ਸਤਿਗੁਰਾਂ ਦੇ ਨਾਵਾਂ ਬਾਰੇ ਜਿਨ੍ਹਾਂ ਦਾ ਨਾਮ ‘ਹਰਿ’ ਸ਼ਬਦ ਨਾਲ ਅਰੰਭ ਹੁੰਦਾ ਹੈ, ਜਿਵੇਂ ਗੁਰੂ ਹਰਿ ਗੋਬਿੰਦ ਸਾਹਿਬ ਜੀ, ਗੁਰੂ ਹਰਿ ਰਾਇ ਜੀ ਅਤੇ ਗੁਰੂ ਹਰਿ ਕ੍ਰਿਸ਼ਨ ਜੀ| ਗੁਰਬਾਣੀ ਵਿਆਕਰਣ ਨਿਯਮਾਂ ਅਨੁਸਾਰ ਜਿਨ੍ਹਾਂ ਨੂੰ ਅਸੀਂ, ਗੁਰੂ ਹਰ ਗੋਬਿੰਦ ਸਾਹਿਬ ਜੀ, ਗੁਰੂ ਹਰ ਰਾਇ ਜੀ ਅਤੇ ਗੁਰੂ ਹਰ ਕ੍ਰਿਸ਼ਨ ਜੀ ਕਹਿਣਾ ਅਤੇ ਲਿਖਣਾ ਸ਼ੁਰੂ ਕੀਤਾ ਹੋਇਆ ਹੈ| ਗੁਰਬਾਣੀ ਦਾ ਫੁਰਮਾਨ ਹੈ: ਹਰਿ ਗੋਬਿੰਦੁ ਰਖਿਓ ਪਰਮੇਸਰਿ ਆਪਨੀ ਕਿਰਪਾ ਧਾਰਿ|| (ਗੁ.ਗ੍ਰੰ.ਸਾ.ਪੰਨਾ-500) ਅਤੇ ਗੁਰਬਾਣੀ ਫੁਰਮਾਨ: ਗੁਰਮੁਖਿ ਪਰਗਟੁ ਹੋਆ ਹਰਿ ਰਾਇ|| (ਗੁ.ਗ੍ਰੰ.ਸਾ.ਪੰਨਾ-878) ਵਿਚ ਸਹੀ ਉਚਾਰਨ ਹਰੀ ਗੋਬਿੰਦ ਅਤੇ ਹਰੀ ਰਾਇ ਕਰਨਾ ਬਣਦਾ ਹੈ ਪਰ ਅਸੀਂ ਅਜਿਹਾ ਨਹੀਂ ਕਰਦੇ|
ਜਿਹੜੇ ਬੱਚੇ ਸਕੂਲਾਂ ਦੀਆਂ ਹਿੰਦੀ ਵਾਲੀਆਂ ਪਾਠ ਪੁਸਤਕਾਂ ਵਿਚ ਗੁਰੂ ਹਰਿ ਗੋਬਿੰਦ ਸਾਹਿਬ ਜੀ, ਗੁਰੂ ਹਰਿ ਰਾਇ ਜੀ ਅਤੇ ਗੁਰੂ ਹਰਿ ਕ੍ਰਿਸ਼ਨ ਜੀ ਦੇ ਨਾਵਾਂ ਨੂੰ ਗੁਰੂ ਹਰੀ ਗੋਬਿੰਦ ਸਾਹਿਬ ਜੀ, ਗੁਰੂ ਹਰੀ ਰਾਇ  ਜੀ, ਅਤੇ ਗੁਰੂ ਹਰੀ ਕ੍ਰਿਸ਼ਨ ਜੀ ਪੜ੍ਹਦੇ ਹਨ, ਕੀ ਉਹ ਗ਼ਲਤ ਉਚਾਰਨ ਕਰਦੇ ਹਨ?
ਹੈਰਾਨੀ ਦੀ ਗੱਲ ਹੈ ਕਿ ਸਰਦਾਰ ਹਰੀ ਸਿੰਘ ਨਲੂਆ ਨੂੰ ਨਾ ਤਾਂ ਅਸੀਂ ਕਦੇ ਹਰ ਸਿੰਘ ਨਲੂਆ ਕਿਹਾ ਹੈ ਅਤੇ ਨਾ ਹੀ ਲਿਖਿਆ ਹੈ| ‘ਹਰਿ’ ਸ਼ਬਦ ਦੇ ਉਚਾਰਨ ਵਿਚ ਅੰਤਰ ਕਿਉਂ ਜਦੋਂ ਕਿ  ਗੁਰਬਾਣੀ ਦੇ ਉਕਤ ਪ੍ਰਮਾਣਾਂ ਅਨੁਸਾਰ ‘ਹਰਿ’ ਦਾ ਸਹੀ ਉਚਾਰਨ ‘ਹਰੀ’ ਬਣਦਾ ਹੈ? ਯਾਦ ਰੱਖੋ, ਜੇਕਰ ਅਸੀਂ ਅਜਿਹਾ ਨਹੀਂ ਕਰਦੇ ਤਾਂ ਸਰਦਾਰ ਹਰੀ ਸਿੰਘ ਨਲੂਆ ਨੂੰ ਵੀ ਹਰ ਸਿੰਘ ਨਲੂਆ ਕਹਿਣਾ ਅਤੇ ਲਿਖਣਾ ਪਵੇਗਾ|
ਹੁਣ ਫ਼ੈਸਲਾ ਸਿੱਖਾਂ ਨੇ ਕਰਨਾ ਹੈ ਕਿ ‘ਹਰਿ’ ਦਾ ਉਚਾਰਨ ‘ਹਰੀ’ ਕਰਕੇ ‘ਹਰੀ’ (ਪ੍ਰਮੇਸ਼ਰ) ਨੂੰ ਸਿਮਰਨਾ ਹੈ ਜਾਂ ‘ਹਰਿ ‘ਦਾ ਉਚਾਰਨ ‘ਹਰ’ ਕਰਕੇ ‘ਸ਼ਿਵ ਜੀ’ ਨੂੰ ਸਿਮਰਨਾ ਹੈ|
ਨੋਟ: ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਵਿਚ ਹੋਰ ਵੀ ਅਨੇਕਾਂ ਸ਼ਬਦ ਹਨ, ਜਿਨ੍ਹਾਂ ਦੇ ਉਚਾਰਨ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਵਿਚੋਂ ਹੀ ਮਿਲ ਜਾਂਦੇ ਹਨ| ਇਸ ਲਈ ਸਾਨੂੰ ਸਾਰਿਆਂ ਨੂੰ ਚਾਹੀਦਾ ਹੈ ਕਿ ਗੁਰਬਾਣੀ ਪੜ੍ਹਦੇ ਸਮੇਂ ਗੁਰਬਾਣੀ ਸ਼ਬਦਾਂ ਦੇ ਸਹੀ ਉਚਾਰਨਾਂ ਨੂੰ ਗੁਰਬਾਣੀ ਵਿਚੋਂ ਹੀ ਲੱਭਣ ਦੇ ਜਤਨ ਕਰਨੇ ਕਰੀਏ|

ਮਿਤੀ: 20-09-2017

ਦਵਿੰਦਰ ਸਿੰਘ ਆਰਟਿਸਟ, ਖਰੜ,

97815-09768hr