ਨਹੀਓ ਲੱਭਣੇ ਲਾਲਾ ਗੁਆਚੇ ਮਿੱਟੀ ਨਾ ਫਰੋਲ ਜੋਗੀਆ

ਨਹੀਓ ਲੱਭਣੇ ਲਾਲਾ ਗੁਆਚੇ ਮਿੱਟੀ ਨਾ ਫਰੋਲ ਜੋਗੀਆ। ਪਤਾ ਨਹੀਂ ਕਦੋਂ ਕਿਸੇ ਨੇ ਇਹ ਸੱਚ ਲਿਖਿਆ ਜੋ ਅੱਜ ਵੀ ਸੱਚ ਹੈ ਤੇ ਕੱਲ੍ਹ ਨੂੰ ਵੀ ਰਹੇਗਾ। ਜਿਹੜੇ ਬੰਦੇ ਆਪ ਤਿਲਕਧਾਰੀ ਹਨ ਕੀ ਉਨ੍ਹਾ ਕੋਲੋਂ ਸਾਨੂੰ ਸਿੱਖੀ ਦੀ ਕੋਈ ਆਸ ਕਰਨੀ ਚਾਹੀਦੀ ਹੈ?  ਨਹੀਂ, ਸਗੋਂ ਅਸੀਂ ਆਪ ਆਪਣੇ ਸਿੱਖੀ ਦੇ ਬੂਟੇ ਦੇ ਜੜ੍ਹੀਂ ਤੇਲ ਦੇਣ ਲਈ ਉਸਨੂੰ ਪੈਟਰੋਲ ਪੰਪ ਲਾ ਕੇ ਨੋਜ਼ਿਲ ਉਸਦੇ ਹੱਥੀਂ ਫੜਾਈ ਹੈ। ਸਿੱਖੀ ਦੇ ਖਾਤਮੇ ਲਈ ਜ਼ੁਮੇਵਾਰ ਕਿਸ ਨੂੰ ਠਹਿਰਾਇਆ ਜਾਏ? ਮੈਂ ਸਮਝਦਾ ਹਾਂ ਕਿ ਜਿਹੜੇ ਲੋਕ ਬਗੈਰ ਸੋਚੇ ਸਮਝੇ ਐਸੀਆਂ ਸੰਸਥਾਵਾਂ ਨੂੰ ਲੱਖਾਂ ਡਾਲਰਾਂ ਦੇ ਚੈਕ ਦੇਈ ਜਾਂਦੇ ਹਨ ਇਸ ਤਬਾਹੀ ਦੇ ਜ਼ੁਮੇਵਾਰ ਉਹ ਆਪ ਹੀ ਹਨ। ਸਾਨੁੰ ਗੁਰੂ ਸਾਹਿਬਾਨ ਨੇ ਆਪਣਾ ਬਚਾ ਆਪ ਕਰਨ ਲਈ ਪ੍ਰੇਰਨਾ ਦਿੱਤੀ ਪਰ ਬਚਾ ਦੀ ਥਾਵੇਂ ਅਸੀਂ ਆਪਣੀ ਤਬਾਹੀ ਲਈ ਕੰਢੇ ਆਪ ਹੀ ਖਿਲਾਰੀ ਜਾ ਰਹੇ ਹਾਂ।

ਜਿਹੜਾ ਬੰਦਾ ਮੰਦਰ ਦੀਆਂ ਪੌੜੀਆਂ ਵਿਚੋਂ ਬਾਹਰ ਆਉਂਦਾ ਦਿਖਾਈ ਦਿੰਦਾ ਹੈ ਉਸਦਾ ਨਾਮ ਹੈ ‘ਗੁਰਸ਼ਰਨ ਸਿੰਘ ਕੁਮਾਰ’। ਬੜੂ ਸਾਹਿਬ, ਅਕਾਲ ਅਕੈਡਮੀ ਵਾਲਿਆਂ ਦੇ ਅਕਾਲ ਟਰੱਸਟ ਦੀਆਂ ਕਿਤਾਬਾਂ ਲਿਖਣ ਦਾ ਕੰਮ ਇਹ ਆਦਮੀ ਕਰ ਰਿਹਾ ਹੈ ਅਤੇ ਅਵੱਲ ਦਰਜ਼ੇ ਦਾ ਮੈਨੇਜਰ ਵੀ। ਇਸ ਦੀ ਤਨਖਾਹ ਹੈ ਕੋਈ ਲੱਖ ਰੁਪਿਆ ਮਹੀਨਾ ਨਕਦ। ਜਾਣ-ਆਉਣ, ਰਹਿਣ-ਸਹਿਣ, ਖਾਣ-ਪੀਣ ਤੇ ਰਹਾਇਸ਼ ਦਾ ਪ੍ਰਬੰਧ ਵੀ ਮੁਫਤ। ਨੋਕਰ ਚਾਕਰ ਵਾਧੂ। ਏਕੈ ਪਾਥਰ ਕੀਜੈ ਭਾਉ ॥ ਦੂਜੈ ਪਾਥਰ ਧਰੀਐ ਪਾਉ ॥ ਜੇ ਓਹੁ ਦੇਉ ਤ ਓਹੁ ਭੀ ਦੇਵਾ ॥ ਕਹਿ ਨਾਮਦੇਉ ਹਮ ਹਰਿ ਕੀ ਸੇਵਾ ॥੪॥੧॥ {ਪੰਨਾ 525}॥  ਜਿਸ ਬੰਦੇ ਨੂੰ ਗੁਰਬਾਣੀ ਦੀਆਂ ਇਨ੍ਹਾ ਬੜੀਆਂ ਸੌਖੀਆਂ ਪੰਗਤੀਆਂ ਦੀ ਵੀ ਸਮਝ ਨਹੀਂ ਪੈ ਰਹੀ ਉਹ ਸਿੱਖ ਧਰਮ ਬਾਰੇ ਪੁਸਤਕਾਂ ਲਿਖ ਕੇ ਕੀ ਸਵਾਰੇਗਾ? ਗੁਰਬਾਣੀ ਪੱਥਰ ਦੀਆਂ ਮੂਰਤੀਆਂ ਨੂੰ ਪੂਜਣ ਦੀ ਮਨਾਹੀ ਕਰਦੀ ਹੈ ਤੇ ਅਕਾਲ ਅਕੈਡਮੀਜ਼ ਦੇ ਮੈਨੇਜਰ ਮੰਦਰ ਪੱਥਰ ਪੂਜਣ ਲਈ ਤੱਤਪਰ ਹਨ, ਜਾਂਦੇ ਹਨ। ਹੁਣ ਸੋਚਣ ਵਾਲੀ ਗੱਲ ਤਾਂ ਇਹ ਹੈ ਕਿ ਕਿਤੇ ਇਹ ਅਦਮੀ ਬਾਬਾ ਇਕਬਾਲ ਸਿੰਘ ਜੀ ਵਲੋਂ  ਸਿੱਖੀ ਦੀ ਤਬਾਹੀ ਕਰਨ ਲਈ ਹੀ ਤਾਂ ਨਹੀਂ ਰੱਖਿਆ ਗਿਆ?

ਗੁਰੂ ਪਿਆਰੇ ਸਿੱਖ ਭਰਾਵੋ! ਤੁਸੀਂ ਆਪਣੀ ਕਮਾਈ ਵਿਚੋਂ ਦਸਵੰਧ ਦੇ ਰੂਪ ਵਿਚ ਬਾਬਾ ਜੀ ਨੂੰ ਲੱਖਾਂ ਨਹੀਂ ਕਰੋੜਾਂ ਡਾਲਰ ਬੱਚਿਆਂ ਨੂੰ ਸਿੱਖੀ ਨਾਲ ਜੋੜਨ ਲਈ ਦਿੱਤੇ। ਕੀ ਤੁਹਾਡਾ ਦਿੱਤਾ ਹੋਇਆ ਦਸਵੰਧ ਠੀਕ ਟਿਕਾਣੇ ਲੱਗਿਆ? ਜੇਕਰ ਠੀਕ ਟਿਕਾਣੇ ਲੱਗਿਆ ਹੈ ਤਾਂ 80% ਤੋਂ ਵੀ ਵੱਧ ਬੱਚੇ ਆਪਣੀ ਪੜ੍ਹਾਈ ਖਤਮ ਕਰਨ ਤੋਂ ਬਾਅਦ, ਅਕਾਲ ਟਰੱਸਟ ਤੋਂ ਵਿਦਾਇਗੀ ਲੈ ਕੇ ਘਰ ਆਉਣ ਤੋਂ ਪਹਿਲਾਂ ਆਪਣੇ ਕੇਸ ਕਤਲ ਕਿਉਂ ਕਰਵਾਉਂਦੇ ਹਨ? ਕੀ ਉਹ ਇਸ ਤਰ੍ਹਾਂ ਦੀ ਸਿੱਖੀ ਤੋਂ ਕਿਤੇ ਨਰਾਸ਼ ਤਾਂ ਨਹੀਂ ਹੋ ਗਏ ਜਿਹੜੀ ਬੜੂ ਸਾਹਿਬ ਵਿਚ ਸਿਖਾਈ ਜਾਂਦੀ ਹੈ? ਹੋ ਸਕਦਾ ਹੈ ਕਿ ਬੜੂ ਸਾਹਿਬ ਵਿਚ ਸਿਖਾਇਆ ਹੀ ਇਹ ਕੁੱਝ ਜਾਂਦਾ ਹੋਵੇ ਜਿਸ ਕਰਕੇ ਬੱਚੇ ਸਿੱਖ ਬਣਨਾ ਹੀ ਪਸੰਦ ਨਾ ਕਰਦੇ ਹੋਣ? ਬਾਬਾ ਇਕਬਾਲ ਸਿੰਘ ਜੀ ਦਾ ਕਹਿਣ ਹੈ, “ ਮੈਂ ਸਿੱਖੀ ਦੇ ਬੰਬ ਪੈਦਾ ਕਰੂੰਗਾ”  ਗੁਰੂ ਪਿਆਰਿਓ! ਵਾਕਿਆ ਹੀ ਉਸ ਨੇ ਸਿੱਖੀ ਦੇ ਬੰਬ ਪੈਦਾ ਕੀਤੇ ਹਨ ਜੋ ਸਿੱਖੀ ਨੂੰ ਮਾਰ ਮੁਕਾ ਰਹੇ ਹਨ। ਮਃ ੪ ॥ ਸਾਹਿਬੁ ਜਿਸ ਕਾ ਨੰਗਾ ਭੁਖਾ ਹੋਵੈ ਤਿਸ ਦਾ ਨਫਰੁ ਕਿਥਹੁ ਰਜਿ ਖਾਏ ॥ ਜਿ ਸਾਹਿਬ ਕੈ ਘਰਿ ਵਥੁ ਹੋਵੈ ਸੁ ਨਫਰੈ ਹਥਿ ਆਵੈ ਅਣਹੋਦੀ ਕਿਥਹੁ ਪਾਏ ॥ {ਪੰਨਾ 306} ਜਿਨ੍ਹਾਂ ਦੇ ਕੋਲ ਸਿੱਖੀ ਦਾ ਭੋਰਾ ਭਰ ਗਿਆਨ ਨਹੀਂ ਉਹ ਆਪਣੇ ਬੱਚਿਆਂ ਨੂੰ ਕੀ ਦੇ ਪਾਉਣਗੇ?

ਮੈਂ ਬਲਿਹਾਰ ਜਾਂਦਾ ਹਾਂ ਸਿੱਖਾਂ ਦੇ ਸਿੱਖੀ ਪ੍ਰਤੀ ਜ਼ਜਬੇ ਤੋਂ। ਇਹ ਹੋਣਾ ਵੀ ਚਾਹੀਦਾ ਹੈ। ਪਰ ਇਕ ਅਨੋਖੀ ਗੱਲ ਇਹ ਕਿ ਸਿੱਖੀ ਦਾ ਹੋਕਾ ਦੇ ਕੇ ਇਨ੍ਹਾ ਦੇ ਕਪੜੇ ਜਿਹੜਾ ਮਰਜ਼ੀ ਉਤਾਰ ਕੇ ਲੈ ਜਾਵੇ ਇਨ੍ਹਾ ਨੂੰ ਪਤਾ ਹੀ ਨਹੀਂ ਚੱਲਦਾ। ਇਨ੍ਹਾ ਨੂੰ ਪਤਾ ਉਦੋਂ ਚੱਲਦਾ ਹੈ ਜਦੋਂ ਘਰ-ਘਾਟ ਤਬਾਹ ਹੋ ਚੁਕਿਆ ਹੁੰਦਾ ਹੈ। ਸਿੱਖ ਭਰਾਵੋ! ਅਪਣੀ ਜ਼ਮੀਰ ਦੀ ਅਵਾਜ਼ ਸੁਣੋ ਤੇ ਆਪਣੀਆਂ ਅੱਖਾਂ ਦੀ ਰੌਸ਼ਨੀ ਨੂੰ ਵਰਤਦੇ ਹੋਏ ਸਿੱਖੀ ਦੀ ਚੜ੍ਹਦੀ ਕਲਾ ਲਈ ਅਕਲ ਤੋਂ ਕੰਮ ਲੈਂਦਿਆਂ  ਆਪਣਾ ਦਸਵੰਧ ਕੱਢਿਆ ਕਰੋ। ਕੋਈ ਵੀ ਹੋਵੇ, ਜਿਹੜਾ ਆਪਣਾ ਹੱਥ ਤੁਹਾਡੇ ਗੀਝੇ ਵਿਚ ਪਾਉਂਦਾ ਹੈ ਤੇ ਬਾਅਦ ਵਿਚ ਆਪਣੇ ਝੌਲੇ ਵਿਚ ਤੁਹਾਡੀ ਨਕਦੀ ਢੇਰੀ ਕਰਦਾ ਹੈ ਉਹ ਸਿੱਖ ਨਹੀਂ ਹੋ ਸਕਦਾ। ਉਹ ਚਾਹੇ ਰਾਗੀ ਹੋਵੇ, ਢਾਢੀ ਹੋਵੇ, ਕਥਾ ਵਾਚਕ ਹੋਵੇ ਜਾਂ ਕਿਸੇ ਸੰਸਥਾ ਦਾ ਚਾਲਕ ਹੋਵੇ ਜੇ ਉਸਨੇ ਕਦੀ ਸਮਾਜ ਲਈ ਆਪਣੀ ਜੇਬ ਉਲਟੀ ਨਹੀਂ ਕੀਤੀ ਸਮਝੋ ਉਹ ਲੋਟੂ ਹੈ।

ਗੁਰੂ ਦੇ ਪੰਥ ਦਾ ਦਾਸ,

ਗੁਰਚਰਨ ਸਿੰਘ ਜਿਉਣ ਵਾਲਾ # 647 966 3132, 810 449 1079