ਸਿੱਖਾਂ ਨਾਲ ਮਜ਼ਾਕ ਕਿਉਂ ਹੁੰਦਾ ਹੈ?

0
814

A A A

ਇਕ ਗੰਭੀਰ ਸਮੱਸਿਆ ਜਿਹੜੀ ਸਿੱਖਾਂ ਨੇ ਆਪਣੀ ਬੇਸਮਝੀ ਨਾਲ ਆਪ ਸਹੇੜੀ ਹੈ ਪਰ ਇਸ ਦਾ ਹੱਲ ਵੀ ਸਿੱਖਾਂ ਕੋਲ ਹੀ ਹੈ|
ਅੱਜ ਦਾ ਮਨੁੱਖ ਬਹੁਤ ਪੜ੍ਹ-ਲਿਖ ਗਿਆ ਹੈ, ਜਿਸ ਕਾਰਣ ਉਸ ਦੇ ਪਹਿਰਾਵੇ, ਰਹਿਣ-ਸਹਿਣ, ਖਾਣ-ਪੀਣ ਅਤੇ ਬੋਲ-ਚਾਲ ਦੇ ਢੰਗਾਂ ਵਿਚ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਅੰਤਰ ਆ ਚੁੱਕਾ ਹੈ| ਹਰ ਇਕ ਮਨੁੱਖ ਆਪਣੇ ਆਪ ਨੂੰ ਸਮਝਦਾਰ, ਅਗਾਂਹਵਧੂ ਅਤੇ ਵਿਗਿਆਨਕ ਸੋਚ ਦਾ ਧਾਰਨੀ ਅਖਵਾਉਣ ਵਿਚ ਖੁਸ਼ੀ ਮਹਿਸੂਸ ਕਰਦਾ ਹੈ| ਜਿੱਥੋਂ ਤਕ ਸਿੱਖਾਂ ਦੀ ਗੱਲ ਹੈ, ਉਹ ਸੰਸਾਰ ਵਿਚ ਆਪਣੇ ਆਪ ਨੂੰ ਸਭ ਤੋਂ ਸਿਆਣੇ, ਸੱਚ ਦੇ ਧਾਰਨੀ, ਅਗਾਂਹਵਧੂ ਅਤੇ ਵਿਗਿਆਨਕ ਸੋਚ ਦੇ ਧਾਰਨੀ ਅਖਵਾਉਣ ਵਿਚ ਖੁਸ਼ੀ ਮਹਿਸੂਸ ਕਰਦੇ ਹਨ|
ਪਰ ਦੇਖਿਆ ਗਿਆ ਹੈ ਕਿ ਜਦੋਂ ਕੋਈ ਕਲਾਕਾਰ ਆਪਣਾ ਸਿੱਖਾਂ ਵਾਲਾ ਭੇਖ ਬਣਾ ਕੇ, ਫ਼ਿਲਮਾਂ ਜਾਂ ਨਾਟਕਾਂ ਰਾਹੀਂ ਅਸੱਭਿਅਕ, ਜੰਗਲੀਆਂ, ਗਵਾਰਾਂ, ਮੂਰਖ਼ਾਂ, ਝੱਲਿਆਂ, ਅਨਪੜ੍ਹਾਂ ਜਾਂ ਬੇਸਮਝਾਂ ਵਾਲੀਆਂ ਊਟ-ਪਟਾਂਗ ਹਰਕਤਾਂ ਕਰਦਾ ਹੈ ਤਾਂ ਦੇਖਣ ਵਾਲੇ ਲੋਕ, ਜਿੱਥੇ ਸਿੱਖਾਂ ਦਾ ਖੂਬ ਮਜ਼ਾਕ ਉਡਾਂਦੇ ਹਨ, ਉੱਥੇ  ਇਹ ਸਭ ਕੁੱਝ ਦੇਖ ਕੇ, ਸਿੱਖ ਬਹੁਤ ਦੁਖੀ ਹੁੰਦੇ ਹਨ ਅਤੇ ਵਿਰੋਧ ਵਜੋਂ ਆਪਣਾ ਰੋਸ ਵੀ ਪ੍ਰਗਟ ਕਰਦੇ ਰਹਿੰਦੇ ਹਨ|
ਹੁਣ ਤਾਂ ਸੁਪਰੀਮ ਕੋਰਟ ਨੇ ਵੀ ਆਪਣਾ ਫੈਸਲਾ ਦੇ ਦਿੱਤਾ ਹੈ ਕਿ ਮਜ਼ਾਕ ਨੂੰ ਰੋਕਣ ਲਈ ਨਾ ਤਾਂ ਕੋਈ ਕਾਨੂੰਨ ਬਣ ਸਕਦਾ ਹੈ ਅਤੇ ਨਾ ਹੀ ਇਸ ਨੂੰ ਰੋਕਿਆ ਜਾ ਸਕਦਾ ਹੈ| ਗੱਲ ਸਮਝਣ ਵਾਲੀ ਹੈ| ਸੰਸਾਰ ਦਾ ਹਰ ਇਕ ਵਿਅਕਤੀ ਉਹ ਭਾਵੇਂ ਅਮੀਰ ਹੋਵੇ ਅਤੇ ਭਾਵੇਂ ਗ਼ਰੀਬ ਹੋਵੇ, ਉਹ ਆਪਣੀ ਰੋਜ਼ਾਨਾ ਦੀ ਜ਼ਿੰਦਗੀ ਵਿਚ ਮਜ਼ਾਕ ਕਰਦੇ ਹੀ ਰਹਿੰਦੇ ਹਨ| ਸੈਂਕੜੇ ਸਾਲਾਂ ਤੋਂ ਭੰਡ ਲੋਕ ਆਮ ਲੋਕਾਂ ਨੂੰ ਹਸਾ ਕੇ, ਆਪਣੀ ਰੋਟੀ-ਰੋਜ਼ੀ ਚਲਾਉਂਦੇ ਆ ਰਹੇ ਹਨ| ਭੰਡਾਂ ਵਾਂਗ ਅੱਜ ਦੇ ਅਧੁਨਿਕ ਕਲਾਕਾਰ ਵੀ ਲੋਕਾਂ ਨੂੰ ਹਸਾਉਣ ਲਈ ਅਨੇਕਾਂ ਤਰ੍ਹਾਂ ਦੇ ਮਜ਼ਾਕ ਕਰਦੇ ਨਜ਼ਰ ਆਉਂਦੇ ਹਨ| ਮਜ਼ਾਕ ਕਰਨਾ ਮਨੁੱਖ ਦੀ ਜ਼ਿੰਦਗੀ ਦਾ ਇਕ ਹਿੱਸਾ ਬਣ ਗਿਆ ਹੈ| ਜੇਕਰ ਹਾਸੇ-ਮਜ਼ਾਕ ਨੂੰ ਮਨੁੱਖ ਦੀ ਜ਼ਿੰਦਗੀ ਵਿਚੋਂ ਕੱਢ ਦਿੱਤਾ ਜਾਵੇ ਤਾਂ ਮਨੁੱਖ ਦੀ ਜ਼ਿੰਦਗੀ ਨੀਰਸ ਅਤੇ ਬੇਰੁੱਖੀ ਬਣ ਕੇ ਰਹਿ ਜਾਵੇਗੀ| ਇਸ ਦੇ ਨਾਲ ਹੀ ਇਕ ਗੱਲ ਸਾਨੂੰ ਇਹ ਵੀ ਸਮਝ ਲੈਣੀ ਚਾਹੀਦੀ ਹੈ ਕਿ ਜਿੱਥੇ ਹਾਸਾ-ਮਜ਼ਾਕ ਕਿਸੇ ਉਦਾਸ ਮਨ ਦੀ ਉਦਾਸੀ ਨੂੰ ਖ਼ਤਮ ਕਰਨ ਲਈ ਦਵਾ ਦਾ ਕੰਮ ਕਰ ਜਾਂਦਾ ਹੈ, ਉੱਥੇ ਕਿਸੇ ਨੂੰ ਜਾਣਬੁਝ ਕੇ, ਨੀਵਾਂ ਦਿਖਾਉਣ ਲਈ ਕੀਤਾ ਗਿਆ ਮਜ਼ਾਕ, ਸਮਾਜ ਵਿਚ ਵੈਰ-ਵਿਰੋਧ, ਨਫ਼ਰਤ, ਲੜਾਈ-ਝਗੜਾ ਅਤੇ ਖੂਨ-ਖ਼ਰਾਬਾ ਕਰਨ ਲਈ ਮਾਰੂ ਹਥਿਆਰ ਦਾ ਕੰਮ ਵੀ ਕਰ ਜਾਂਦਾ ਹੈ|
ਸਿੱਖਾਂ ਨੂੰ ਇਸ ਗੱਲ ਦਾ ਰੋਸ ਹੈ ਕਿ ਫ਼ਿਲਮੀ ਕਲਾਕਾਰ ਜਾਂ ਕਾਰਟੂਨਿਸਟ ਆਪਣੀਆਂ ਫ਼ਿਲਮਾਂ, ਕਾਰਟੂਨਾਂ ਜਾਂ ਚੁਟਕਲਿਆਂ ਰਾਹੀਂ ਸਿੱਖਾਂ ਨੂੰ ਜਾਣਬੁੱਝ ਕੇ ਅਸੱਭਿਅਕ, ਜੰਗਲੀ, ਮੂਰਖ਼, ਝੱਲੇ, ਅਨਪੜ੍ਹ ਜਾਂ ਗਵਾਰ ਸਮਝ ਕੇ, ਸਿੱਖਾਂ ਨੂੰ ਮਜ਼ਾਕ ਦੇ ਪਾਤਰ ਬਣਾਉਂਦੇ ਰਹਿੰਦੇ ਹਨ| ਜਿਸ ਕਾਰਣ ਸਿੱਖਾਂ ਦੇ ਅਕਸ ਨੂੰ ਬਹੁਤ ਵੱਡੀ ਢਾਹ ਲਗਦੀ ਹੈ| ਹੁਣ ਸਵਾਲ ਪੈਦਾ ਹੁੰਦਾ ਹੈ ਕਿ ਸਿੱਖਾਂ ਨਾਲ ਅਜਿਹਾ ਵਰਤਾਉ ਕਿਉਂ ਕੀਤਾ ਜਾਂਦਾ ਹੈ?  ਕੀ ਸਿੱਖਾਂ ਨੂੰ ਜਾਣ ਬੁੱਝ ਕੇ ਨਫ਼ਰਤ ਦਾ ਸ਼ਿਕਾਰ ਬਣਾਇਆ ਜਾਂਦਾ ਹੈ ਜਾਂ ਅਸਲ ਵਿਚ ਹੀ ਸਿੱਖ ਅਸੱਭਿਅਕ, ਜੰਗਲੀ, ਗਵਾਰ, ਮੂਰਖ਼, ਝੱਲੇ, ਅਨਪੜ੍ਹ ਜਾਂ ਬੇਸਮਝਾਂ ਵਾਲੇ ਕੰਮ ਕਰਦੇ ਹਨ? ਇਨ੍ਹਾਂ ਸਵਾਲਾਂ ਦੇ ਜਵਾਬ ਸਾਨੂੰ, ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਅਤੇ ਮੌਜੂਦਾ ਸਿੱਖਾਂ ਦੇ ਜੀਵਨ ਵਿਚੋਂ ਵਿਚੋਂ ਲੱਭਣੇ ਪੈਣਗੇ|
ਜੇਕਰ ਅਸੀਂ ਆਪਣੇ ਆਪ ਨੂੰ ਸਿੱਖ ਸਮਝਦੇ ਹਾਂ ਅਤੇ ਆਪਣੇ ਆਪ ਨੂੰ ਸਿੱਖ ਅਖਵਾਉਣਾ ਪਸੰਦ ਕਰਦੇ ਹਾਂ ਤਾਂ ਸਭ ਤੋਂ ਪਹਿਲਾਂ ਸਾਨੂੰ ਇਸ ਗੱਲ ਦੀ ਜਾਣਕਾਰੀ ਹੋਣੀ ਚਾਹੀਦੀ ਹੈ ਕਿ ਸਿੱਖ ਕਿਹੜੇ ਮਨੁੱਖ ਨੂੰ ਕਿਹਾ ਜਾਂਦਾ ਹੈ ਅਤੇ ਮੂਰਖ ਕਿਸ ਨੂੰ ਕਿਹਾ ਜਾਂਦਾ ਹੈ? ਗੁਰਬਾਣੀ ਦਾ ਫ਼ੁਰਮਾਨ ਹੈ:
ਸੋ ਸਿਖੁ ਸਖਾ ਬੰਧਪੁ ਹੈ ਭਾਈ ਜਿ ਗੁਰ ਕੇ ਭਾਣੇ ਵਿਚਿ ਆਵੈ||
ਆਪਣੈ ਭਾਣੈ ਜੋ ਚਲੈ ਭਾਈ ਵਿਛੁੜਿ ਚੋਟਾ ਖਾਵੈ|| (ਗੁ.ਗ੍ਰੰ.ਸਾ.ਪੰਨਾ-601)
ਅਰਥ: ਉਹੀ ਮਨੁੱਖ ਗੁਰੂ ਦਾ ਸਿੱਖ ਹੈ, ਗੁਰੂ ਦਾ ਮਿੱਤਰ ਹੈ, ਗੁਰੂ ਦਾ ਰਿਸ਼ਤੇਦਾਰ ਹੈ, ਜਿਹੜਾ ਗੁਰੂ ਦੇ ਗੁਰਬਾਣੀ ਹੁਕਮਾਂ ਅਨੁਸਾਰ ਆਪਣਾ ਜੀਵਨ ਬਤੀਤ ਕਰਦਾ ਹੈ| ਪਰ ਜਿਹੜਾ ਮਨੁੱਖ, ਗੁਰੂ ਦੇ ਹੁਕਮਾਂ ਦੀ ਉਲੰਘਣਾ ਕਰਕੇ, ਆਪਣੀ ਮਰਜ਼ੀ ਅਨੁਸਾਰ ਚਲਦਾ ਹੈ, ਉਹ ਅਗਿਆਨਤਾ ਦੇ ਹਨੇਰੇ ਵਿਚ ਵਿਚ  ਭਟਕ ਕੇ ਦੁੱਖ ਹੀ ਪਾਉਂਦਾ ਹੈ|
ਨੋਟ: ਗੁਰਬਾਣੀ ਅਨੁਸਾਰ ਉਹੀ ਮਨੁੱਖ, ਗੁਰੂ ਦਾ ਸਿੱਖ ਹੈ ਜਿਹੜਾ ਆਪਣੇ ਗੁਰੂ ਦੇ ਗੁਰਬਾਣੀ ਹੁਕਮਾਂ ਅਨੁਸਾਰ ਆਪਣਾ ਜੀਵਨ ਬਤੀਤ ਕਰਦਾ ਹੈ ਪਰ ਜਿਹੜਾ ਮਨੁੱਖ ਅਜਿਹਾ ਨਹੀਂ ਕਰਦਾ ਉਸ ਨੂੰ ਗੁਰੂ ਦਾ ਸਿੱਖ ਨਹੀਂ ਕਿਹਾ ਜਾ ਸਕਦਾ|
ਮੂਰਖ਼ ਬਾਰੇ ਗੁਰਬਾਣੀ ਦਾ ਫ਼ੁਰਮਾਨ ਹੈ:
ਮੂਰਖੁ ਹੋਵੈ ਸੋ ਸੁਣੈ ਮੂਰਖ ਕਾ ਕਹਣਾ||
ਮੂਰਖ ਕੇ ਕਿਆ ਲਖਣ ਹੈ ਕਿਆ ਮੂਰਖ ਕਾ ਕਰਣਾ||
ਮੂਰਖੁ ਓਹੁ ਜਿ ਮੁਗਧੁ ਹੈ ਅਹੰਕਾਰੇ ਮਰਣਾ||
ਏਤੁ ਕਮਾਣੈ ਸਦਾ ਦੁਖੁ  ਦੁਖ ਹੀ ਮਹਿ ਰਹਣਾ|| (ਗੁ.ਗ੍ਰੰ.ਸਾ.ਪੰਨਾ-953)
ਅਰਥ: ਮੂਰਖ ਦੀ ਆਖੀ ਹੋਈ ਗੱਲ ਉਹੀ ਸੁਣਦਾ ਹੈ (ਭਾਵ ਮੂਰਖ ਦੇ ਪਿੱਛੇ ਉਹੀ ਲਗਦਾ ਹੈ) ਜੋ ਆਪ ਮੂਰਖ ਹੋਵੇ| ਮੂਰਖ ਦੇ ਕੀ ਲੱਛਣ ਹਨ? ਮੂਰਖ ਦੀ ਕੈਸੀ ਕਰਤੂਤ ਹੁੰਦੀ ਹੈ? ਜੋ ਮਨੁੱਖ ਮਾਇਆ ਦਾ ਠੱਗਿਆ ਹੋਵੇ ਅਤੇ ਜੋ ਅਹੰਕਾਰ ਵਿਚ ਆਤਮਕ ਮੌਤੇ ਮਰਿਆ ਹੋਵੇ, ਉਸ ਮਨੁੱਖ ਨੂੰ ਮੂਰਖ ਕਿਹਾ ਜਾਂਦਾ ਹੈ| ਮੂਰਖ ਮਾਇਆ ਦੀ ਮਸਤੀ ਅਤੇ ਅਹੰਕਾਰ ਵਿਚ ਜੋ ਕੁੱਝ ਕਰਦਾ ਹੈ, ਉਸ ਨਾਲ ਸਦਾ ਦੁੱਖ ਹੀ ਦੁੱਖ ਪਾਉਂਦਾ ਹੈ|
ਧਰਮ ਦੇ ਠੇਕੇਦਾਰ, ਜਿਹੜੇ ਧਰਮ ਦੀ ਆੜ ਵਿਚ ਮਨੁੱਖਤਾ ਨੂੰ ਵਹਿਮਾਂ-ਭਰਮਾਂ, ਪਖੰਡਾਂ, ਕਰਮਕਾਂਡਾਂ, ਅੰਧਵਿਸ਼ਵਾਸਾਂ ਅਤੇ ਅਗਿਆਨਤਾ ਵਿਚ ਪਾ ਕੇ ਲੁੱਟ ਰਹੇ ਸਨ, ਗੁਰੂ ਨਾਨਕ ਸਾਹਿਬ ਨੇ ਸਭ ਤੋਂ ਪਹਿਲਾਂ ਦਲੇਰੀ ਨਾਲ ਉਨ੍ਹਾਂ ਨੂੰ ਰੱਦ ਕੀਤਾ| ਇਸ ਤੋਂ ਬਾਅਦ ਉਨ੍ਹਾਂ ਵੱਲੋਂ ਧਰਮ ਦੇ ਨਾਂ ਤੇ ਕੀਤੇ ਜਾਂਦੇ ਵਹਿਮਾਂ-ਭਰਮਾਂ, ਪਖੰਡਾਂ, ਕਰਮਕਾਂਡਾਂ, ਅੰਧਵਿਸ਼ਵਾਸਾਂ, ਅਗਿਆਨਤਾ ਵਾਲੇ ਕੰਮਾਂ ਨੂੰ ਮੁੱਢੋਂ ਹੀ ਰੱਦ ਕਰਦੇ ਹੋਏ, ਲੋਕਾਈ ਨੂੰ ਸੱਚ-ਧਰਮ ਦਾ ਅਸਲ ਰਾਹ ਦਿਖਾਇਆ| ਗੁਰੂ ਨਾਨਕ ਸਾਹਿਬ ਕੇਵਲ ਸੱਚ-ਧਰਮ ਦੇ ਹੀ ਪਾਧੀਂ ਨਹੀਂ ਸਨ ਸਗੋਂ ਵਿਗਿਆਨ ਦੇ ਵੀ ਪਾਧੀਂ ਸਨ| ਅੱਜ ਦਾ ਵਿਗਿਆਨੀ ਲੱਖਾਂ-ਕਰੋੜਾਂ ਰੁਪਿਆ ਵਾਲੀ ਮਸ਼ੀਨਰੀ ਦੀ ਵਰਤੋਂ ਕਰਕੇ, ਖੋਜਾਂ ਕਰ ਰਹੇ ਹਨ, ਪਰ ਗੁਰ ਬਾਬੇ ਨਾਨਕ ਨੇ ਅੱਜ ਤੋਂ 500 ਸਾਲ ਪਹਿਲਾਂ ਹੀ, ਬਿਨਾਂ ਕਿਸੇ ਮਸ਼ੀਨਰੀ ਆਦਿ ਦੀ ਵਰਤੋਂ ਕੀਤਿਆਂ, ਆਪਣੀ ਆਤਮਕ ਦ੍ਰਿਸ਼ਟੀ ਨਾਲ ਖੰਡਾਂ-ਬ੍ਰਹਮੰਡਾਂ ਦੀ ਖੋਜ ਕਰਕੇ, ਅੱਜ ਦੇ ਵਿਗਿਆਨੀਆਂ ਨੂੰ ਵੀ ਸੋਚਣ ਲਈ ਮਜ਼ਬੂਰ ਕਰ ਦਿੱਤਾ ਹੋਇਆ ਹੈ| ਭਲਾ ਦੱਸੋ, ਅਜਿਹੇ ਮਹਾਨ ਗੁਰੂ ਦੀਆਂ ਸਿੱਖਿਆਵਾਂ ਪਿੱਛੇ ਚਲਣ ਵਾਲੇ ਮਨੁੱਖਾਂ ਨੂੰ ਅਸੱਭਿਅਕ, ਜੰਗਲੀ, ਗਵਾਰ, ਮੂਰਖ਼, ਝੱਲੇ, ਅਨਪੜ੍ਹ ਜਾਂ ਬੇਸਮਝ ਕਿਹਾ ਜਾ ਸਕਦਾ ਹੈ?
ਜਵਾਬ ਬਿਲਕੁਲ ਨਹੀਂ| ਜਿਹੜਾ ਮਨੁੱਖ, ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਸਿੱਖਿਆ ਅਨੁਸਾਰ ਆਪਣਾ ਜੀਵਨ ਬਤੀਤ ਕਰਦਾ ਹੈ, ਉਹ ਅਗਾਂਹਵਧੂ ਅਤੇ ਵਿਗਿਆਨਕ ਸੋਚ ਦਾ ਧਾਰਨੀ ਹੋਣ ਕਰਕੇ, ਮਨੁੱਖਤਾ ਦੇ ਭਲੇਹਿਤ ਕੰਮ ਕਰਨ ਵਾਲਾ ਨੇਕ ਇਨਸਾਨ ਬਣ ਜਾਂਦਾ ਹੈ| ਇਸ ਦੇ ਉਲਟ ਜੇਕਰ ਕੋਈ  ਮਨੁੱਖ ਆਪਣੀ ਅਗਿਆਨਤਾ ਜਾਂ ਨਫ਼ਰਤ ਕਾਰਣ, ਗੁਰੂ ਦੇ ਸਿੱਖਾਂ ਨੂੰ ਅਸੱਭਿਅਕ, ਜੰਗਲੀ, ਗਵਾਰ, ਮੂਰਖ਼, ਝੱਲੇ, ਅਨਪੜ੍ਹ ਜਾਂ ਬੇਸਮਝ ਆਦਿ ਕਹਿਣ ਦੀ ਗ਼ਲਤੀ ਕਰਦਾ ਹੈ ਤਾਂ ਉਹ ਆਪਣੀ ਅਕਲ ਦਾ ਜਨਾਜ਼ਾ ਆਪ ਹੀ ਕੱਢਦਾ ਹੈ|
ਇਸ ਤੋਂ ਇਲਾਵਾ ਸਾਨੂੰ ਇਕ ਗੱਲ ਹੋਰ ਵੀ ਯਾਦ ਰੱਖਣੀ ਚਾਹੀਦੀ ਹੈ ਕਿ ਸੱਚੇ ਅਤੇ ਝੂਠੇ ਮਨੁੱਖ ਵਿਚੋਂ ਕੇਵਲ ਝੂਠੇ ਮਨੁੱਖ ਦਾ ਹੀ ਹਰ ਥਾਂ ਮਜ਼ਾਕ ਉੱਡਦਾ ਹੈ| ਇਸੇ ਤਰ੍ਹਾਂ ਅਸਲੀ ਅਤੇ ਨਕਲੀ ਵਿਚੋਂ ਕੇਵਲ ਨਕਲੀ ਦਾ ਹੀ ਹਰ ਥਾਂ ਮਜ਼ਾਕ ਉੱਡਦਾ ਹੈ| ਇਸ ਦਾ ਵੱਡਾ ਕਾਰਣ ਇਹ ਹੈ ਕਿ ਸੱਚ ਅੱਗੇ ਝੂਠ ਹਮੇਸ਼ਾ ਹਾਰ ਜਾਂਦਾ ਹੈ ਅਤੇ ਅਸਲ ਅੱਗੇ ਨਕਲ ਦੀ ਹਮੇਸ਼ਾ ਪੋਲ ਖੁੱਲ੍ਹ ਜਾਂਦੀ ਹੈ|
ਸੱਚਾ ਗੁਰੂ, ਸਮੁੱਚੀ ਮਨੁੱਖਤਾ ਦਾ ਸੱਚਾ ਅਤੇ ਅਸਲ ਹਮਦਰਦ ਹੁੰਦਾ ਹੈ, ਜੋ ਕੁਰਾਹੇ ਪਏ ਲੋਕਾਂ ਨੂੰ ਸਿੱਧੇ ਮਾਰਗ ਪਾਉਂਦਾ ਹੈ| ਸਿੱਖ ਸਤਿਗੁਰਾਂ ਵੱਲੋਂ ਸੱਚ ਅਤੇ ਝੂਠ, ਅਸਲ ਅਤੇ ਨਕਲ ਦੇ ਫ਼ਰਕ ਨੂੰ ਵਿਅੰਗਮਈ ਤਰੀਕੇ ਨਾਲ ਸਮਝਾਉਣ ਵਾਲੀਆਂ ਦੋ ਉਦਾਹਰਣਾਂ ਪੇਸ਼ ਹਨ| ਇਨ੍ਹਾਂ ਉਦਾਹਰਣਾਂ ਤੋਂ ਸਿੱਖਾਂ ਨੂੰ ਵੀ ਸਿੱਖਿਆ ਲੈਣ ਦੀ ਸਖ਼ਤ ਜ਼ਰੂਰਤ ਹੈ|
ਅਸੀਂ ਸਾਰੇ ਜਾਣਦੇ ਹਾਂ ਕਿ ਹਰਿਦੁਆਰ ਵਿਖੇ, ਗੰਗਾ ਦੇ ਪਾਣੀ ਵਿਚ ਜਦੋਂ ਲੋਕ ਆਪਣੇ ਪਿੱਤਰਾਂ ਨੂੰ ਸੂਰਜ ਵੱਲ ਮੂੰਹ ਕਰਕੇ, ਪਾਣੀ ਭੇਜ ਰਹੇ ਸਨ ਤਾਂ ਗੁਰੂ ਸਾਹਿਬ ਲੋਕਾਂ ਦੇ ਇਸ ਭਰਮ ਨੂੰ ਦੂਰ ਕਰਨ ਲਈ ਆਪ ਗੰਗਾ ਵਿਚ ਜਾ ਵੜੇ ਅਤੇ ਲਹਿੰਦੇ ਵੱਲ ਮੂੰਹ ਕਰਕੇ, ਜ਼ੋਰ-ਜ਼ੋਰ ਨਾਲ ਪਾਣੀ ਉਛਾਲਣ ਲੱਗ ਪਏ| ਉੱਥੇ ਹਾਜ਼ਰ  ਲੋਕ, ਗੁਰੂ ਸਾਹਿਬ ਦਾ ਇਹ ਵਰਤਾਰਾ ਦੇਖ ਕੇ ਬਹੁਤ ਹੈਰਾਨ ਹੋਏ| ਮੋਹਰੀ ਬੰਦਿਆਂ ਨੇ ਕਿਹਾ ਕਿ ਇਹ ਬੰਦਾ ਧਰਮ-ਕਰਮ ਤੋਂ ਅਣਜਾਣ ਜਾਪਦਾ ਹੈ, ਪਰ ਗੁਰੂ ਸਾਹਿਬ ਲੋਕਾਂ ਦੀ ਗੱਲ ਅਣ-ਸੁਣੀ ਕਰਕੇ ਆਪਣੇ ਕੰਮ ਵਿਚ ਮਸਤ ਰਹੇ|
ਗੁਰੂ ਸਾਹਿਬ ਦਾ ਇਹ ਵਰਤਾਰਾ ਦੇਖ ਕੇ, ਉਥੇ ਬਹੁਤ ਜ਼ਿਆਦਾ ਭੀੜ ਇਕੱਠੀ ਹੋ ਚੁੱਕੀ ਸੀ| ਧਰਮ ਦੇ ਠੇਕੇਦਾਰਾਂ ਨੇ ਇਕੱਠੇ ਹੋ ਕੇ, ਗੁਰੂ ਸਾਹਿਬ ਨੂੰ ਸਵਾਲ ਕੀਤਾ, “ਤੁਸੀਂ ਇਹ ਕੀ ਕਰ ਰਹੇ ਹੋ”? ਗੁਰੂ ਸਾਹਿਬ ਨੇ ਉਲਟਾ ਉਨ੍ਹਾਂ ਨੂੰ ਹੀ ਸਵਾਲ ਕਰ ਦਿੱਤਾ, “ਜੋ ਤੁਸੀਂ ਕਰ ਰਹੇ ਹੋ”| ਲੋਕਾਂ ਨੇ ਕਿਹਾ, “ਉਹ ਚੜ੍ਹਦੇ ਵੱਲ ਮੂੰਹ ਕਰਕੇ, ਆਪਣੇ ਪਿੱਤਰਾਂ ਨੂੰ ਪਾਣੀ ਭੇਜ ਰਹੇ ਹਨ, ਪਰ ਤੁਸੀਂ ਲਹਿੰਦੇ ਵੱਲ ਮੂੰਹ ਕਰਕੇ ਕਿਸ ਨੂੰ ਪਾਣੀ ਭੇਜ ਰਹੇ ਹੋ”? ਗੁਰੂ ਸਾਹਿਬ ਨੇ ਨੇ ਕਿਹਾ, “ਮੈਂ ਕਰਤਾਰ ਪੁਰ ਵਿਖੇ ਆਪਣੇ ਖੇਤਾਂ ਨੂੰ ਪਾਣੀ ਭੇਜ ਰਿਹਾ ਹਾਂ”| ਗੁਰੂ ਸਾਹਿਬ ਦਾ ਇਹ ਉੱਤਰ ਸੁਣ ਕੇ, ਸਾਰੇ ਲੋਕ ਉੱਚੀ-ਉੱਚੀ ਹੱਸਣ ਲੱਗ ਪਏ ਅਤੇ ਕਹਿਣ ਲੱਗੇ, “ਤੁਹਾਡਾ ਪਾਣੀ 300-400 ਮੀਲ ਦੀ ਦੂਰੀ ਉਤੇ ਨਹੀਂ ਪੁੱਜ ਸਕਦਾ”|
ਉਨ੍ਹਾਂ ਦੀ ਗੱਲ ਸੁਣ ਕੇ, ਗੁਰੂ ਸਾਹਿਬ ਨੇ ਇਕ ਕਰਾਰਾ ਸਵਾਲ ਕੀਤਾ, “ਜੇਕਰ ਮੇਰਾ ਪਾਣੀ ਮੇਰੇ ਖੇਤਾਂ ਵਿਚ ਨਹੀਂ ਪਹੁੰਚ ਸਕਦਾ ਤਾਂ ਦੱਸੋ, ਪਿੱਤਰ ਲੋਕ, ਜਿਹੜਾ ਕਿ ਤੁਹਾਡੇ ਅਨੁਸਾਰ ਲੱਖਾਂ ਕਰੋੜਾਂ ਮੀਲਾਂ ਦੂਰ ਹੈ, ਉੱਥੇ ਕਿਵੇਂ ਪਹੁੰਚ ਸਕਦਾ ਹੈ”? ਗੁਰੂ ਸਾਹਿਬ ਦਾ ਸਵਾਲ ਸੁਣ ਕੇ ਸਾਰੇ ਪਾਸੇ ਚੁੱਪ ਵਰਤ ਗਈ| ਜਿਹੜੇ ਲੋਕ ਕੁੱਝ ਸਮਾਂ ਪਹਿਲਾਂ ਗੁਰੂ ਸਾਹਿਬ ਦਾ ਮਜ਼ਾਕ ਉਡਾ ਰਹੇ ਸਨ, ਉਹ ਆਪਣੇ ਹੀ ਕਰਮਕਾਂਡਾਂ ਕਰਕੇ, ਆਪ ਹੀ ਮਜ਼ਾਕ ਦੇ ਪਾਤਰ ਬਣ ਗਏ|
ਜਦੋਂ ਕਿਸੇ ਨੇ ਕੋਈ ਜਵਾਬ ਨਾ ਦਿੱਤਾ ਤਾਂ ਗੁਰੂ ਸਾਹਿਬ ਨੇ ਸਮਝਾਇਆ ਕਿ ਪਿੱਤਰਾਂ ਨੂੰ ਤੁਹਾਡੀ ਕੋਈ ਵੀ ਚੀਜ਼ ਨਹੀਂ ਪਹੁੰਚ ਸਕਦੀ| ਧਰਮ ਦੇ ਠੇਕੇਦਾਰ ਤੁਹਾਨੂੰ ਫ਼ਜ਼ੂਲ ਦੇ ਕਰਮਕਾਂਡਾਂ ਵਿਚ ਵਿਚ ਲਾ ਕੇ, ਤੁਹਾਨੂੰ ਲੁੱਟ ਰਹੇ ਹਨ| ਸੱਚ ਨੂੰ ਸਮਝੋ ਅਤੇ ਅਗਿਆਨਤਾ ਦੇ ਹਨੇਰੇ ਵਿਚੋਂ ਨਿਕਲੋ|
ਇਸੇ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਸਿੱਖਾਂ ਨੂੰ ਸਮਝਾਉਣ ਲਈ ਇਕ ਵਿਅੰਗਮਈ ਤਰੀਕਾ ਅਪਨਾਇਆ ਸੀ| ਇਕ ਵਾਰੀ ਦੀ ਗੱਲ ਹੈ| ਗੁਰੂ ਸਾਹਿਬ ਨੇ ਇਕ ਖੋਤੇ ਉਤੇ ਸ਼ੇਰ ਦੀ ਖੱਲ ਪੁਆ ਕੇ, ਸਿੱਖਾਂ ਨੂੰ ਅਸਲੀ ਅਤੇ ਨਕਲੀ ਸਿੱਖ ਦੇ ਅੰਤਰ ਨੂੰ ਸਮਝਾਇਆ, “ਦੇਖੋ ਇਹ ਖੋਤਾ ਬਾਹਰੋਂ ਦੇਖਣ ਵਾਲਿਆਂ ਨੂੰ ਸ਼ੇਰ ਲਗਦਾ ਹੈ, ਪਰ ਖੱਲ ਉਤਾਰਨ ਤੋਂ ਇਹ ਆਪਣੇ ਅਸਲ ਰੂਪ ਵਿਚ ਨਜ਼ਰ ਆਉਂਦਾ ਹੈ| ਅਸਲ ਸ਼ੇਰ ਬਣਨ ਲਈ ਬਾਹਰੋਂ ਸ਼ੇਰ ਦੀ ਸ਼ਕਲ ਅਤੇ ਅੰਦਰੋਂ ਸ਼ੇਰ ਦੇ ਗੁਣਾਂ ਦਾ ਹੋਣਾ ਬਹੁਤ ਹੀ ਜ਼ਰੂਰੀ ਹੈ| ਨਹੀਂ ਤਾਂ ਸਾਰੇ ਨਕਲੀ ਸ਼ੇਰ ਦਾ ਮਜ਼ਾਕ ਹੀ ਉਡਾਣਗੇ| ਠੀਕ ਇਸੇ ਤਰ੍ਹਾਂ ਜੇਕਰ ਤੁਸੀਂ ਬਾਹਰੋਂ ਸ਼ਕਲ ਸਿੱਖਾਂ ਵਾਲੀ ਬਣਾਈ ਹੈ ਤਾਂ ਯਾਦ ਰੱਖਣਾ ਤੁਹਾਡੇ ਅੰਦਰ ਸਿੱਖੀ ਵਾਲੇ ਗੁਣ ਹੋਣੇ ਬਹੁਤ ਜ਼ਰੂਰੀ ਹਨ| ਇਸ ਤੋਂ ਇਲਾਵਾ ਸਿੱਖੀ ਵਾਲੇ ਕੰਮ ਕਰਨੇ ਹੋਰ ਵੀ ਜ਼ਰੂਰੀ ਹਨ, ਨਹੀਂ ਤਾਂ ਸੰਸਾਰ ਤੁਹਾਡਾ ਮਜ਼ਾਕ ਹੀ ਉਡਾਏਗਾ”|
ਗੁਰਬਾਣੀ ਦਾ ਫੁਰਮਾਨ ਹੈ: ਜੈਸਾ ਕਰੇ ਕਹਾਵੈ ਤੈਸਾ ਐਸੀ ਬਨੀ ਜਰੂਰਤਿ|| (ਗੁ.ਗ੍ਰੰ.ਸਾ.ਪੰਨਾ-1245 )| ਇਹ ਇਕ ਕੁਦਰਤੀ ਗੱਲ ਹੈ ਕਿ ਜਿਹੋ ਜਿਹੇ ਕੰਮ ਕੋਈ ਮਨੁੱਖ ਆਪਣੇ ਜੀਵਨ ਵਿਚ ਕਰਦਾ ਹੈ, ਉਸੇ ਤਰ੍ਹਾਂ ਦਾ ਉਸ ਦਾ ਨਾਮ ਪੈ ਜਾਂਦਾ ਹੈ| ਠੀਕ ਇਸੇ ਤਰ੍ਹਾਂ ਜਿਹੜਾ ਮਨੁੱਖ ਆਪਣੇ ਜੀਵਨ ਵਿਚ ਮੂਰਖ਼ਤਾ ਵਾਲੇ ਕੰਮ ਕਰਦਾ ਹੈ, ਉਹ ਸਮਾਜ ਵਿਚ ਮੂਰਖ਼ ਕਰਕੇ ਜਾਣਿਆ ਜਾਂਦਾ ਹੈ| ਜੇਕਰ ਕੋਈ ਸਿੱਖ ਆਪਣੇ ਜੀਵਨ ਵਿਚ ਆਪ ਹੀ ਮੂਰਖ਼ਤਾ ਵਾਲੇ ਕੰਮ ਕਰਦਾ ਹੈ ਤਾਂ ਸੰਸਾਰ ਦੇ ਪੜ੍ਹੇ-ਲਿਖੇ ਅਤੇ ਵਿਗਿਆਨਕ ਸੋਚ ਦੇ ਧਾਰਨੀ ਮਨੁੱਖ, ਉਸ ਨੂੰ ਅਸੱਭਿਅਕ, ਜੰਗਲੀ, ਗਵਾਰ, ਮੂਰਖ਼, ਝੱਲੇ, ਅਨਪੜ੍ਹ ਜਾਂ ਬੇਸਮਝ ਹੀ ਕਹਿਣਗੇ| ਪਰ ਇਹ ਕੋਈ ਪਹਿਲੀ ਜਾਂ ਨਵੀਂ ਗੱਲ ਨਹੀਂ ਹੈ ਕਿਉਂਕਿ ਭਗਤ ਜਨ ਅਤੇ ਗੁਰ ਬਾਬਾ ਨਾਨਕ ਆਪਣੇ ਸਮੇਂ ਤੋਂ ਲੈ ਕੇ ਹੁਣ ਤਕ ਅਤੇ ਰਹਿੰਦੀ ਦੁਨੀਆਂ ਤਕ, ਉਨ੍ਹਾਂ ਲੋਕਾਂ ਨੂੰ ਕਰਮਵਾਰ ਮੂਰਖ, ਗਵਾਰ, ਅਕ੍ਰਿਤਘਣ, ਮਹਾਂ-ਮੂਰਖ, ਮਰੇ ਹੋਏ ਪਸ਼ੂ, ਡੱਡੂ, ਭੂਤ-ਭੂਤਨੀਆਂ, ਅੰਨ੍ਹੇ, ਬਨਾਰਸ ਕੇ ਠੱਗ, ਖੋਤੇ ਆਦਿ ਵੱਖ ਵੱਖ ਨਾਵਾਂ ਨਾਲ ਸੰਬੋਧਨ ਕਰਦੇ ਰਹਿਣਗੇ, ਜਿਹੜੇ ਧਰਮ ਦੇ ਨਾਂ ਤੇ ਪਖੰਡ ਕਰਦੇ ਹਨ|
ਬੇਸ਼ੱਕ, ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਸਿੱਖਿਆ ਸਮੁੱਚੀ ਮਨੁੱਖਤਾ ਦੀ ਰਹਿਨੁਮਾਈ ਕਰਦੀ ਹੈ, ਪਰ ਸਭ ਤੋਂ ਪਹਿਲਾਂ ਗੁਰਬਾਣੀ ਸਿੱਖਿਆ ਉਨ੍ਹਾਂ ਸਿੱਖਾਂ ਉੱਤੇ ਲਾਗੂ ਹੁੰਦੀ ਹੈ ਜਿਹੜੇ ਕਹਿੰਦੇ ਹਨ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਗੁਰੂ ਮੰਨਦੇ ਹਾਂ|  ਜਿਹੜੇ ਸਿੱਖ, ਗੁਰਬਾਣੀ ਹੁਕਮਾਂ ਦੀ ਉਲੰਘਣਾ ਕਰਕੇ, ਸੰਸਾਰ ਵਿਚ ਗੁਰਮਤਿ ਵਿਰੋਧੀ ਕੰਮ ਕਰਦੇ ਹਨ, ਗੁਰਬਾਣੀ ਫੁਰਮਾਨ: ਜੈਸਾ ਕਰੇ ਕਹਾਵੈ ਤੈਸਾ ਐਸੀ ਬਨੀ ਜਰੂਰਤਿ|| ਅਨੁਸਾਰ ਉਨ੍ਹਾਂ ਨੂੰ ਕਰਮਵਾਰ ਮੂਰਖ, ਗਵਾਰ, ਅਕ੍ਰਿਤਘਣ, ਮਹਾਂ-ਮੂਰਖ, ਮਰੇ ਹੋਏ ਪਸ਼ੂ, ਡੱਡੂ, ਭੂਤ- ਭੂਤਨੀਆਂ, ਅੰਨ੍ਹੇ, ਬਨਾਰਸ ਕੇ ਠੱਗ, ਖੋਤੇ ਆਦਿ ਵੱਖ ਵੱਖ ਨਾਵਾਂ ਨਾਲ ਸੰਬੋਧਨ ਕਰਦੀ ਹੈ| ਇਸ਼ਾਰੇ ਮਾਤਰ ਗੁਰਬਾਣੀ ਦੇ ਕੁੱਝ ਫ਼ੁਰਮਾਨ:-
1.      ਸਿੱਖੀ ਸਿਧਾਂਤਾਂ ਤੋਂ ਅਣਜਾਣ ਸਿੱਖ ਅਕਸਰ ਕਹਿੰਦੇ ਸੁਣੇ ਜਾ ਸਕਦੇ ਹਨ ਕਿ ਭਗਤ ਧੰਨਾ ਜੀ ਨੇ ਪੱਥਰ ਦੀ ਪੂਜਾ ਕਰਕੇ, ਰੱਬ ਪਾ ਲਿਆ ਸੀ| ਇਸ ਭੁਲੇਖੇ ਨਾਲ ਉਹ ਆਪ ਵੀ ਪੱਥਰਾਂ, ਸਮਾਧਾਂ, ਕਬਰਾਂ, ਮੜ੍ਹੀਆਂ, ਮੂਰਤੀਆਂ, ਦੇਵੀ-ਦੇਵਤਿਆਂ ਅਤੇ ਥੜਿਆਂ ਆਦਿ ਦੀ ਪੂਜਾ ਕਰਕੇ, ਜਿੱਥੇ ਉਹ ਆਪਣਾ ਵਿਅਰਥ ਸਮਾਂ ਗੁਆ  ਰਹੇ ਹਨ, ਉੱਥੇ ਗੁਰਬਾਣੀ ਦੀ ਨਜ਼ਰਾਂ ਵਿਚ ਉਹ ਮੂਰਖ, ਗਵਾਰ ਅਤੇ ਅਕ੍ਰਿਤਘਣ ਵੀ ਬਣਦੇ ਹਨ| ਜਿਵੇਂ ਕਿ:-
ਕਬੀਰ ਪਾਹਨੁ ਪਰਮੇਸੁਰੁ ਕੀਆ ਪੂਜੈ ਸਭੁ ਸੰਸਾਰੁ||
ਇਸ ਭਰਵਾਸੇ ਜੋ ਰਹੇ ਬੂਡੇ ਕਾਲੀ ਧਾਰ|| (ਗੁ.ਗ੍ਰੰ.ਸਾ.ਪੰਨਾ-1371)
ਅਰਥ: ਹੇ ਕਬੀਰ! ਸਾਰਾ ਜਗਤ ਪੱਥਰ ਨੂੰ ਪਰਮਾਤਮਾ ਮਿੱਥ ਕੇ, ਉਸ ਦੀ ਪੂਜਾ ਕਰ ਰਿਹਾ ਹੈ| ਜਿਨ੍ਹਾਂ ਦਾ ਇਹ ਖ਼ਿਆਲ ਬਣਿਆ ਹੋਇਆ ਹੈ ਕਿ ਉਹ ਪੱਥਰ ਦੀ ਪੂਜਾ ਕਰਕੇ, ਪਰਮਾਤਮਾ ਨੂੰ ਪਾ ਲੈਣਗੇ, ਉਹ ਅਗਿਆਨਤਾ ਦੇ ਡੂੰਘੇ ਪਾਣੀਆਂ ਵਿਚ ਡੁੱਬੇ ਸਮਝੋ|
ਨਿਰਜਿਉ ਪੂਜਹਿ ਮੜਾ ਸਰੇਵਹਿ ਸਭ ਬਿਰਥੀ ਘਾਲ ਗਵਾਵੈ|| (ਗੁ.ਗ੍ਰੰ.ਸਾ.ਪੰਨਾ-1264)
ਅਰਥ: ਅੰਨ੍ਹੇ ਲੋਕ ਬੇਜ਼ਾਨ ਪੱਥਰਾਂ, ਮੂਰਤੀਆਂ ਅਤੇ ਸਮਾਧਾਂ ਅੱਗੇ ਸਾਰੀ ਉਮਰ ਮੱਥੇ ਰਗੜ ਕੇ, ਵਿਅਰਥ ਸਮਾਂ ਗੁਆ ਕੇ ਆਪਣਾ ਜੀਵਨ ਬਰਬਾਦ ਕਰ ਲੈਂਦੇ ਹਨ|
ਅੰਧੇ ਗੁੰਗੇ ਅੰਧ ਅੰਧਾਰੁ|| ਪਾਥਰੁ ਲੈ ਪੂਜਹਿ ਮੁਗਧ ਗਾਵਾਰ|| (ਗੁ.ਗ੍ਰੰ.ਸਾ.ਪੰਨਾ-556)
ਅਰਥ: ਪੱਥਰ ਦੀਆਂ ਮੂਰਤੀਆਂ ਨੂੰ ਪੂਜਣ ਵਾਲੇ ਗੁੰਗੇ, ਅੰਨ੍ਹੇ, ਅਧਿਆਤਮਕ ਗਿਆਨ ਤੋਂ ਕੋਰੇ ਹਨ| ਇਹ ਮੂਰਖ਼ ਤੇ ਬੇਸਮਝ ਲੋਕ ਸਮਝਣ ਦਾ ਯਤਨ ਨਹੀਂ ਕਰਦੇ|
ਗੁਨਹਗਾਰ ਲੂਣ ਹਰਾਮੀ|| ਪਾਹਣ ਨਾਵ ਨ ਪਾਰਗਿਰਾਮੀ|| (ਗੁ.ਗ੍ਰੰ.ਸਾ.ਪੰਨਾ-739)
ਅਰਥ:ਹੇ ਅਕ੍ਰਿਤਘਣ ਪਾਪੀ ਮਨੁੱਖ! ਯਾਦ ਰੱਖ, ਪੱਥਰ ਦੀ ਬੇੜੀ ਕਿਸੇ ਨੂੰ ਵੀ ਨਦੀ (ਭਾਵ ਸੰਸਾਰ ਸਮੁੰਦਰ ) ਤੋਂ ਪਾਰ ਨਹੀਂ ਲੰਘਾ ਸਕਦੀ| ਤੂੰ ਪੱਥਰ ਦੀ ਪੂਜਾ ਕਰਕੇ ਕਿਵੇਂ ਪਾਰ ਲੰਘ ਸਕਦਾ ਹੈਂ?
2.  ਜਿਹੜੇ ਸਿੱਖ, ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਬਾਣੀ ਹੁਕਮਾਂ ਦੇ ਸੱਚ ਨੂੰ ਨਹੀਂ ਜਾਣਦੇ ਸਗੋਂ ਆਪਣੇ ਆਪਣੇ ਮਨ ਦੇ ਪਿੱਛੇ ਲੱਗ ਕੇ ਆਪਣਾ ਕੀਮਤੀ ਜੀਵਨ ਗੁਆ ਰਹੇ ਹਨ, ਗੁਰਬਾਣੀ ਦੀਆਂ ਨਜ਼ਰਾਂ ਵਿਚ ਉਹ ਮੂਰਖ ਹਨ:-
ਮੂਰਖ ਸਚੁ ਨ ਜਾਣਨੀ ਮਨਮੁਖੀ ਜਨਮੁ ਗਵਾਇਆ|| (ਗੁ.ਗ੍ਰੰ.ਸਾ.ਪੰਨਾ-467)
ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ, ਸਿੱਖ ਨੂੰ ਬਾਰ ਬਾਰ ਸਮਝਾਉਂਦੀ ਹੈ: ਸਬਦ ਗੁਰੂ ਸੁਰਤਿ ਧੁਨਿ ਚੇਲਾ|| (ਗੁ.ਗ੍ਰੰ.ਸਾ.ਪੰਨਾ-943) ਅਤੇ ਬਾਣੀ ਗੁਰੂ   ਗੁਰੂ ਹੈ ਬਾਣੀ  ਵਿਚਿ ਬਾਣੀ ਅੰਮ੍ਰਿਤੁ ਸਾਰੇ|| (ਗੁ.ਗ੍ਰੰ.ਸਾ.ਪੰਨਾ-982) ਪਰ ਸਿੱਖ ਇਨ੍ਹਾਂ ਹੁਕਮਾਂ ਦੀ ਘੋਰ-ਉਲੰਘਣਾ ਕਰਕੇ, ਸਿੱਖ-ਸਤਿਗੁਰਾਂ ਦੀਆਂ ਮਨੋਕਲਪਿਤ ਤਸਵੀਰਾਂ, ਮੂਰਤੀਆਂ, ਬੁੱਤਾਂ ਨੂੰ ਗੁਰੂ ਸਮਝ ਕੇ ਮੱਥੇ ਟੇਕਦੇ ਹਨ ਅਤੇ ਪੂਜਾ ਕਰਦੇ ਹਨ| ਗੁਰਮਤਿ ਵਿਰੋਧੀ ਲੋਕ ਇਨ੍ਹਾਂ ਤਸਵੀਰਾਂ, ਮੂਰਤੀਆਂ ਅਤੇ ਬੁੱਤਾਂ ਨਾਲ ਛੇੜ-ਛਾੜ ਕਰਕੇ, ਸਿੱਖਾਂ ਨੂੰ ਮੂਰਖ ਬਨਾਉਣ ਦੀ ਕੋਸ਼ਿਸ਼ ਕਰਦੇ ਰਹਿੰਦੇ ਹਨ|
ਇਨ੍ਹਾਂ ਤਸਵੀਰਾਂ, ਮੂਰਤੀਆਂ, ਬੁੱਤਾਂ ਦੀ ਅਸਲੀਅਤ ਸਮਝਣ ਲਈ ਇਕ ਉਦਾਹਰਣ ਪੇਸ਼ ਹੈ ਤਾਂ ਜੋ ਸਿੱਖਾਂ ਨੂੰ ਵੀ ਕੁੱਝ ਸਮਝ ਆ ਜਾਵੇ| ਜਿਹੜੇ ਸਕੂਲਾਂ/ਕਾਲਜਾਂ/ਯੂਨੀਵਰਸਿਟੀਆਂ ਵਿਚ ਜਿਨ੍ਹਾਂ ਕੁਰਸੀਆਂ ਉੱਤੇ ਬੈਠ ਕੇ ਅਧਿਆਪਕ ਜਾਂ ਪ੍ਰੋਫ਼ੈਸਰ ਕਲਾਸਾਂ ਵਿਚ ਵਿਦਿਆਰਥੀਆਂ ਨੂੰ ਪੜ੍ਹਾਉਂਦੇ ਹਨ, ਉਨ੍ਹਾਂ ਕੁਰਸੀਆਂ ਉੱਤੇ ਅਧਿਆਪਕਾਂ ਜਾਂ ਪ੍ਰੋਫ਼ੈਸਰਾਂ ਦੀਆਂ ਵੱਡੀਆਂ ਵੱਡੀਆਂ ਤਸਵੀਰਾਂ ਜਾਂ ਬੁੱਤਾਂ ਨੂੰ ਬਿਠਾ ਦੇਣਾ ਚਾਹੀਦਾ ਹੈ ਤਾਂ ਜੋ ਉਹ ਵਿਦਿਆਰਥੀਆਂ ਨੂੰ ਪੜ੍ਹਾ ਸਕਣ| ਨਲਾਇਕ ਤੋਂ ਨਲਾਇਕ ਵਿਦਿਆਰਥੀ ਨੂੰ ਵੀ ਸਮਝ ਹੈ ਕਿ ਕੋਈ ਤਸਵੀਰ ਜਾਂ ਬੁੱਤ ਵਿਦਿਆਰਥੀਆਂ ਨੂੰ ਨਾ ਤਾਂ ਪੜ੍ਹਾ ਸਕਦੇ ਹਨ ਅਤੇ ਨਾ ਹੀ ਵਿਦਿਆਰਥੀ ਉਨ੍ਹਾਂ ਤੋਂ ਕੁੱਝ ਸਿੱਖ ਸਕਦੇ ਹਨ|
ਇਸੇ ਤਰ੍ਹਾਂ ਜਿਨ੍ਹਾਂ ਡਿਸਪੈਂਸਰੀਆਂ/ਹਸਪਤਾਲਾਂ ਵਿਚ ਜਿਹੜੀਆਂ ਕੁਰਸੀਆਂ ਉੱਤੇ ਬੈਠ ਕੇ, ਡਾਕਟਰ ਮਰੀਜ਼ਾਂ ਨੂੰ ਦੇਖ ਕੇ, ਉਨ੍ਹਾਂ ਦਾ ਇਲਾਜ ਕਰਦੇ ਹਨ, ਉਨ੍ਹਾਂ ਕੁਰਸੀਆਂ ਤੇ ਡਾਕਟਰਾਂ ਦੀਆਂ ਵੱਡੀਆਂ ਵੱਡੀਆਂ ਤਸਵੀਰਾਂ ਜਾਂ ਬੁੱਤ ਬਿਠਾ ਦੇਣੇ ਚਾਹੀਦੇ ਹਨ ਤਾਂ ਜੋ ਮਰੀਜ਼ਾਂ ਦਾ ਇਲਾਜ ਕਰ ਸਕਣ| ਅਨਪੜ ਤੋਂ ਅਨਪੜ੍ਹ ਮਰੀਜ਼ ਨੂੰ ਵੀ ਇਸ ਗੱਲ ਦੀ ਸਮਝ ਹੈ ਕਿ ਕਿਸੇ ਡਾਕਟਰ ਦੀ ਤਸਵੀਰ ਜਾਂ ਮੂਰਤੀ ਮਰੀਜ਼ਾਂ ਦਾ ਇਲਾਜ ਨਹੀਂ ਕਰ ਸਕਦੀ ਅਤੇ ਨਾ ਹੀ ਕੋਈ ਮਰੀਜ਼ ਇਨ੍ਹਾਂ ਤਸਵੀਰਾਂ, ਮੂਰਤੀਆਂ ਜਾਂ ਬੁੱਤਾਂ ਨੂੰ ਆਪਣੀ ਬਿਮਾਰੀ ਦੱਸ ਕੇ ਆਪਣਾ ਇਲਾਜ ਕਰਾ ਸਕਦੇ ਹਨ|
ਗੱਲ ਸਮਝਣ ਵਾਲੀ ਹੈ ਕਿ ਇਹ ਤਸਵੀਰਾਂ, ਮੂਰਤੀਆਂ ਜਾਂ ਬੁੱਤ ਕਿਸੇ ਵੀ ਮਨੁੱਖ ਦਾ ਕੁੱਝ ਵੀ ਨਹੀਂ  ਸੰਵਾਰ ਸਕਦੇ ਕਿਉਂਕਿ ਇਨ੍ਹਾਂ ਵਿਚ ਮਨ ਨਹੀਂ ਹੁੰਦਾ| ਜਿਸ ਵਿਚ ਮਨ ਨਾ ਹੋਵੇ, ਉਸ ਨੂੰ ਮੁਰਦਾ ਸਮਝਿਆ ਜਾਂਦਾ ਹੈ| ਮੁਰਦੇ ਦੀ ਥਾਂ ਸ਼ਮਸ਼ਾਨਘਾਟ ਵਿਚ ਹੁੰਦੀ ਹੈ| ਗੁਰੂ ਕਦੇ ਮੁਰਦਾ ਨਹੀਂ ਹੁੰਦਾ| ਸਿੱਖ ਦਾ ਗੁਰੂ ਸਦੀਵੀ ਹੈ, ਉਹ ਹੈ ਗੁਰਬਾਣੀ ਗੁਰੂ ( ਗੁਰੂ ਗ੍ਰੰਥ ਸਾਹਿਬ ਜੀ)| ਗੁਰਬਾਣੀ ਦਾ ਫ਼ੁਰਮਾਨ ਹੈ:-
ਗੁਰ ਕਾ ਸਬਦੁ ਨ ਮੇਟੈ ਕੋਇ|| ਗੁਰੁ ਨਾਨਕੁ  ਨਾਨਕੁ ਹਰਿ ਸੋਇ|| (ਗੁ.ਗ੍ਰੰ.ਸਾ.ਪੰਨਾ-864)
ਅਰਥ: ਗੁਰੂ ਨਾਨਕ, ਉਸ ਪ੍ਰਮਾਤਮਾ ਦਾ ਰੂਪ ਹੈ, ਜਿਸ ਦੀ ਗੁਰਬਾਣੀ ਨੂੰ ਕੋਈ ਮਿਟਾ ਨਹੀਂ ਸਕਦਾ|
3.  ਜਿਹੜੇ ਸਿੱਖ, ਸੰਗਰਾਂਦ, ਪੂਰਨਮਾਸੀ ਅਤੇ ਮੱਸਿਆ ਆਦਿ ਨੂੰ ਖ਼ਾਸ ਦਿਨ ਸਮਝ ਕੇ ਮਨਾਉਂਦੇ ਹਨ, ਗੁਰਬਾਣੀ ਦੀ ਨਜ਼ਰਾਂ ਵਿਚ ਉਹ  ਮੂਰਖ ਤੇ ਗਵਾਰ ਹਨ| ਗੁਰਬਾਣੀ ਦਾ ਫ਼ੁਰਮਾਨ:
ਥਿਤੀ ਵਾਰ ਸੇਵਹਿ ਮੁਗਧ ਗਵਾਰ|| (ਗੁ.ਗ੍ਰੰ.ਸਾ.ਪੰਨਾ-843)
ਅਰਥ: ਆਤਮਕ ਜੀਵਨ ਤੋਂ ਅੰਨ੍ਹੇ, ਮੂਰਖ ਤੇ ਗਵਾਰ ਹੀ ਥਿਤਾਂ ਤੇ ਵਾਰਾਂ ਨੂੰ ਖ਼ਾਸ ਦਿਨ ਸਮਝ ਕੇ ਮਨਾਉਂਦੇ ਹਨ|
4.  ਜਿਹੜੇ ਸਿੱਖ, ਜਾਤੀਵੰਡ ਦੀ ਊਚ-ਨੀਚ ਦਾ ਸ਼ਿਕਾਰ ਹੋ ਕੇ, ਸਿੱਖਾਂ ਨਾਲ ਨਫ਼ਰਤ ਕਰਦੇ ਹਨ| ਇਕ ਦੂਜੇ ਨੂੰ ਜਾਤਾਂ ਪੁੱਛਦੇ ਹਨ| ਆਪਣੀ ਆਪਣੀ ਜਾਤ ਦਾ ਹੰਕਾਰ ਕਰਦੇ ਹਨ, ਉਹ ਗੁਰਬਾਣੀ ਦੀ ਨਜ਼ਰਾਂ ਵਿਚ ਅਗਿਆਨੀ, ਮੂਰਖ ਤੇ ਗਵਾਰ ਹਨ| ਗੁਰਬਾਣੀ ਦਾ ਫ਼ੁਰਮਾਨ:
ਜਾਤਿ ਕਾ ਗਰਬੁ ਨ ਕਰਿ ਮੂਰਖ ਗਵਾਰਾ||
ਇਸੁ ਗਰਬ ਤੇ ਚਲਹਿ ਬਹੁਤੁ ਵਿਕਾਰਾ|| 1|| ਰਹਾਉ||  (ਗੁ. ਗ੍ਰੰਥ.ਸਾ.ਪੰਨਾ-1127-28)
ਅਰਥ: ਹੇ ਮੂਰਖ਼! ਹੇ ਗਵਾਰ (ਅਸੱਭਿਅਕ) ਮਨੁੱਖ! ਉੱਚੀ ਜਾਤ ਦਾ ਹੰਕਾਰ ਨਾ ਕਰ| ਇਸ ਜਾਤੀ ਹੰਕਾਰ ਨਾਲ ਸਮਾਜ ਵਿਚ ਅਨੇਕਾਂ ਕਲੇਸ਼ ਪੈਦਾ ਹੋ ਜਾਂਦੇ ਹਨ|
5.   ਜਿਹੜਾ ਸਿੱਖ, ਪੜ੍ਹ-ਲਿਖ ਕੇ ਵੀ ਆਪਣੇ ਲਾਲਚਾਂ ਅਧੀਨ ਅਗਿਆਨਤਾ ਵਾਲੇ ਕੰਮ ਕਰਦਾ ਰਹੇ, ਗੁਰਬਾਣੀ ਦੀ ਨਜ਼ਰਾਂ ਵਿਚ ਉਹ ਮੂਰਖ ਹੈ| ਗੁਰਬਾਣੀ ਦਾ ਫ਼ੁਰਮਾਨ:
ਪੜਿਆ ਮੂਰਖੁ ਆਖੀਐ ਜਿਸ ਲਬੁ ਲੋਭੁ ਅਹੰਕਾਰਾ|| (ਗੁ.ਗ੍ਰੰ.ਸਾ.ਪੰਨਾ-140)
ਅਰਥ: ਉਹ ਮਨੁੱਖ ਮੂਰਖ਼ ਹੈ ਜੋ ਪੜ੍ਹ-ਲਿਖ ਕੇ ਵੀ ਆਪਣੇ ਜੀਵਨ ਦੇ ਸਾਰੇ ਕੰਮ (ਲਾਲਚਵੱਸ ਅਤੇ ਹੰਕਾਰੱਵਸ ਹੋ ਕੇ ) ਅਗਿਆਨਤਾ ਵਾਲੇ ਕਰਦੇ ਹਨ|
6.  ਜਿਹੜੇ ਸਿੱਖ, ਗੁਰਬਾਣੀ ਹੁਕਮਾਂ ਨੂੰ ਮੰਨਣ ਦੀ ਬਜਾਏ ਮੰਤਰ-ਪਾਠਾਂ ਜਾਂ ਤੋਤਾ ਰਟਨ ਵਿਚ ਲੱਗੇ ਹੋਏ ਹਨ, ਗੁਰਬਾਣੀ ਦੀ ਨਜ਼ਰਾਂ ਵਿਚ ਉਹ ਮੂਰਖਾਂ ਸਿਰ ਮੂਰਖ ਭਾਵ ਮਹਾਂ-ਮੂਰਖ ਹਨ| ਗੁਰਬਾਣੀ ਦਾ ਫ਼ੁਰਮਾਨ:
ਮੂਰਖਾ ਸਿਰਿ ਮੂਰਖ ਹੈ ਜਿ ਮੰਨੇ ਨਾਹੀ ਨਾਉ|| (ਗੁ.ਗ੍ਰੰ.ਸਾ.ਪੰਨਾ-1015)
7.  ਜਿਹੜੇ ਸਿੱਖ, ਮਾਸ ਖਾਣ ਜਾਂ ਨਾ ਖਾਣ ਉੱਤੇ ਝਗੜਾ ਕਰਕੇ ਬੈਠ ਜਾਂਦੇ ਹਨ, ਗੁਰਬਾਣੀ ਦੀਆਂ ਨਜ਼ਰਾਂ ਵਿਚ ਉਹ ਮੂਰਖ ਹਨ:
ਮਾਸ ਮਾਸ ਕਰਿ ਮੂਰਖੁ ਝਗੜੇ ਗਿਆਨੁ ਧਿਆਨੁ ਨਹੀ ਜਾਣੈ||
ਕਉਣੁ ਮਾਸੁ ਕਉਣੁ ਸਾਗੁ ਕਹਾਵੈ ਕਿਸੁ ਮਹਿ ਪਾਪ ਸਮਾਣੇ|| (ਗੁ.ਗ੍ਰੰ.ਸਾ.ਪੰਨਾ-1289)
ਅਰਥ: ਆਤਮਕ ਗਿਆਨ ਅਤੇ ਇਕਾਗਰਤਾ ਦੀ ਘਾਟ ਕਾਰਣ ਹੀ ਮੂਰਖ ਮਨੁੱਖ, ਮਾਸ-ਮਾਸ ਆਖ ਕੇ ਝਗੜਾ ਕਰਦਾ ਹੈ| ਜੇਕਰ ਉਹ ਗਹੁ ਨਾਲ ਸਮਝੇ ਤਾਂ ਉਸ ਨੂੰ ਮਾਸ ਅਤੇ ਸਾਗ (ਹਰੀਆਂ ਸਬਜ਼ੀਆਂ) ਵਿਚ ਕੋਈ ਫ਼ਰਕ ਨਹੀਂ ਮਿਲੇਗਾ| ਜੇਕਰ ਮਾਸ ਖਾਣ ਵਾਲੇ ਮਨੁੱਖ ਵਿਚ ਕਾਮ, ਕਰੋਧ ਲੋਭ ਮੋਹ ਹੰਕਾਰ ਆਦਿ ਪੰਜ ਵਿਕਾਰ ਨਜ਼ਰ ਆਉਂਦੇ ਹਨ ਤਾਂ ਮਾਸ ਨਾ ਖਾਣ ਵਾਲਾ ਇਹ ਦਾਅਵਾ ਨਹੀਂ ਕਰ ਸਕਦਾ ਕਿ ਉਸ ਵਿਚ ਇਹ ਵਿਕਾਰ ਨਹੀਂ ਹਨ|
8.  ਜਿਹੜੇ ਸਿੱਖ, ਤੀਰਥਾਂ ਉੱਤੇ ਨਹਾ ਕੇ, ਪਵਿੱਤਰ ਹੋਣ ਦਾ ਪਖੰਡ ਕਰਦੇ ਹਨ ਅਤੇ ਮੁਰਦੇ ਦੀਆਂ ਹੱਡੀਆਂ (ਫੁੱਲ) ਤੀਰਥਾਂ ‘ਤੇ ਪਾ ਕੇ ਮੁਕਤੀ ਭਾਲਦੇ ਹਨ, ਗੁਰਬਾਣੀ ਦੀ ਨਜ਼ਰਾਂ ਵਿਚ ਉਹ ਡੱਡੂ ਹਨ| ਗੁਰਬਾਣੀ ਦਾ ਫ਼ੁਰਮਾਨ:
ਜਲ ਕੇ ਮਜਨਿ ਜੇ ਗਤਿ ਹੋਵੈ ਨਿਤ ਨਿਤ ਮੇਂਡੁਕ ਨਾਵਹਿ||
ਜੈਸੇ ਮੇਂਡੁਕ ਤੈਸੇ ਓਇ ਨਰ ਫਿਰਿ ਫਿਰਿ ਜੋਨੀ ਆਵਿਹਿ|| (ਗੁ.ਗ੍ਰੰ.ਸਾ.ਪੰਨਾ-484)
ਅਰਥ: ਜੇ ਪਾਣੀ ਵਿਚ ਚੁੱਭੀ ਲਾਇਆਂ ਮੁਕਤੀ ਮਿਲ ਸਕਦੀ ਹੈ ਤਾਂ ਡੱਡੂਆਂ ਨੂੰ ਮੁਕਤੀ ਕਿਉਂ ਨਹੀਂ ਮਿਲੀ? ਜਿਵੇਂ ਡੱਡੂ ਹਨ, ਤਿਵੇਂ ਹੀ ਉਹ ਲੋਕ ਸਮਝੋ ਜੋ ਸਦੀਵੀ ਸੱਚ ਦੀ ਪ੍ਰਾਪਤੀ ਤੋਂ ਬਿਨਾਂ ਡੱਡੂਆਂ ਵਾਂਗ ਪਾਣੀ ਵਿਚ ਛਾਲਾਂ ਮਾਰਦੇ ਫਿਰਦੇ ਹਨ|
9.  ਜਿਹੜੇ ਸਿੱਖ ਅਗਿਆਨਤਾ ਦੇ ਅੰਧਕਾਰ ਵਿਚ ਭਟਕ ਰਹੇ ਹਨ, ਗੁਰਬਾਣੀ ਦੀਆਂ ਨਜ਼ਰਾਂ ਵਿਚ ਉਹ ਭੂਤ ਅਤੇ ਭੂਤਨੀਆਂ ਹਨ|
ਕਲੀ ਅੰਦਰਿ ਨਾਨਕਾ  ਜਿੰਨਾਂ ਦਾ ਅਉਤਾਰ||
ਪੁਤੁ ਜਿਨੂਰਾ  ਧੀਅ ਜਿੰਨੂਰੀ   ਜੋਰੂ ਜਿੰਨਾ ਦਾ ਸਿਕਦਾਰੁ|| (ਗੁ.ਗ੍ਰੰ.ਸਾ.ਪੰਨਾ-556)
ਅਰਥ: ਹੇ ਨਾਨਕ! ਅਗਿਆਨਤਾ ਭਰੇ ਅੰਧਕਾਰ ਵਿਚ ਸੱਚ ਤੋਂ ਖੁੰਝ ਕੇ ਵਿਕਾਰਾਂ ਵਿਚ ਫਸੇ ਹੋਇਆਂ ਦਾ ਜਨਮ  ਮਨੁੱਖਾਂ ਦਾ ਨਹੀਂ ਸਗੋਂ ਭੂਤਨਿਆ ਦਾ ਸਮਝੋ| ਪੁੱਤ ਭੂਤਨਾ, ਧੀ ਭੂਤਨੀ ਅਤੇ ਮਾਂ ਇਨ੍ਹਾਂ ਭੂਤਨਿਆਂ ਦੀ ਸਰਦਾਰ ਹੈ|
10.  ਜਿਹੜੇ ਸਿੱਖ, ਕੇਵਲ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਹੀ ਕਰੀ ਜਾਂਦੇ ਹਨ, ਕਦੇ ਸ਼ਬਦਾਂ ਦੀ ਵਿਚਾਰ ਨਹੀਂ ਕਰਦੇ, ਗੁਰਬਾਣੀ ਹੁਕਮਾਂ ਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕਰਦੇ, ਗੁਰਬਾਣੀ ਦੀ ਨਜ਼ਰਾਂ ਵਿਚ ਉਹ ਮਰੇ ਹੋਏ ਪਸ਼ੂ ਭਾਵ ਮਹਾਂ-ਮੂਰਖ ਹਨ:-
ਜਿਨਾ ਸਤਿਗੁਰੁ ਪੁਰਖ ਨ ਸੇਵਿਓ ਸਬਦਿ ਨ ਕੀਤੋ ਵੀਚਾਰੁ||
ਓਇ ਮਾਣਸ ਜੂਨਿ ਨ ਆਖੀਅਨਿ ਪਸੂ ਢੋਰ ਗਾਵਾਰ|| (ਗੁ.ਗ੍ਰੰ.ਸਾ.ਪੰਨਾ-1418)
ਅਰਥ: ਜਿਹੜੇ ਆਪਣੇ ਗੁਰੂ ਦੀ ਸੰਗਤ ਨਹੀਂ ਕਰਦੇ ਅਤੇ ਗੁਰੂ ਦੇ ਸ਼ਬਦਾਂ ਦੀ ਕਦੇ ਵਿਚਾਰ ਨਹੀਂ ਕਰਦੇ, ਉਹ ਮਨੁੱਖਾ ਜੂਨ ਵਿਚ ਆਏ ਨਹੀਂ ਕਹੇ ਜਾ ਸਕਦੇ, ਉਹ ਤਾਂ ਮਰੇ ਹੋਏ ਪਸ਼ੂ ਹਨ, ਭਾਵ ਉਹ ਮਹਾਂ-ਮੂਰਖ ਹਨ|
11.  ਖੋਤੇ ਉੱਤੇ ਸ਼ੇਰ ਦੀ ਖੱਲ
ਸੰਸਾਰ ਵਿਚ ਅਨੇਕਾਂ ਧਰਮਾਂ ਅਤੇ ਅਨੇਕਾਂ ਕੌਮਾਂ ਦੇ ਲੋਕ ਵੱਸਦੇ ਹਨ, ਜਿਹੜੇ ਆਪਣੇ ਆਪਣੇ ਧਰਮ ਅਕੀਦਿਆਂ ਅਨੁਸਾਰ ਆਪਣਾ ਜੀਵਨ ਬਤੀਤ ਕਰਦੇ ਹਨ| ਪਰ ਸੰਸਾਰ ਵਿਚ ਸਿੱਖ ਅਜਿਹੇ ਲੋਕ ਹਨ ਜਿਹੜੇ ਪ੍ਰਚਾਰ ਤਾਂ ਇਹ ਕਰਦੇ ਹਨ ਕਿ ਸਿੱਖ ਇਕ ਵੱਖਰੀ ਕੌਮ ਹੈ| ਸਿੱਖ ਇਕ ਨਿਆਰੀ ਕੌਮ ਹੈ| ਸਿੱਖਾਂ ਦਾ ਆਪਣਾ ਨਿਆਰਾ ਧਰਮ ਹੈ| ਸਿੱਖਾਂ ਦੇ ਆਪਣੇ ਨਿਆਰੇ ਸਿਧਾਂਤ ਹਨ| ਸਿੱਖਾਂ ਦਾ ਰਹਿਣ-ਸਹਿਣ ਵੱਖਰਾ ਹੈ|  ਇਸ ਲਈ ਸਿੱਖ ਹਿੰਦੂ ਨਹੀਂ ਹਨ| ਪਰ ਜਨਮ ਤੋਂ ਲੈ ਕੇ ਮੌਤ ਤਕ ਸਾਰੀਆਂ ਰੀਤਾਂ-ਰਸਮਾਂ ਹਿੰਦੂਮਤ ਵਾਲੀਆਂ ਕਰਦੇ ਦੇਖੇ ਜਾ ਸਕਦੇ ਹਨ| ਜਿਵੇਂ ਕਿ ਸਾਧਾਂ-ਸੰਤਾਂ, ਅਨੇਕਾਂ ਦੇਵੀ-ਦੇਵਤਿਆਂ, ਅਵਤਾਰਾਂ, ਪੱਥਰਾਂ, ਸਮਾਧਾਂ, ਮੂਰਤੀਆਂ, ਬੁੱਤਾਂ, ਕਬਰਾਂ, ਮੜ੍ਹੀਆਂ, ਖੇੜਿਆਂ, ਤਸਵੀਰਾਂ, ਥਾਨਾਂ, ਦਰੱਖਤਾਂ , ਖੂਹਾਂ ਅਤੇ ਗੁੱਗਾ ਆਦਿ ਦੀ ਪੂਜਾ, ਮੁੰਡਨ ਕਰਾਉਣਾ, ਸਮਾਧੀਆਂ, ਜੋਤ, ਕੁੰਭ, ਨਾਰੀਅਲ ਰੱਖਣੇ, ਭੋਗ ਲਵਾਉਣੇ, ਦੀਵੇ ਬਾਲ ਕੇ ਆਰਤੀਆਂ ਕਰਨੀਆਂ, ਦਾਨ, ਤਿਲਕ, ਮਾਲਾ-ਫੇਰਨੀ, ਤੰਤਰ-ਮੰਤਰ, ਤਾਗੇ-ਤਾਵੀਤ, ਸੰਗਰਾਂਦ, ਪੁਰਨਮਾਸੀ, ਮੱਸਿਆ, ਕਰਵਾ-ਚੌਥ ਅਤੇ ਹੋਰ ਵਰਤ, ਵਹਿਮ-ਭਰਮ, ਪਖੰਡ, ਅੰਧ-ਵਿਸ਼ਵਾਸ, ਸੂਤਕ-ਪਾਤਕ, ਜਾਤ-ਪਾਤ, ਜਨਮੁ-ਕੁੰਡਲੀ, ਦਾਜ-ਦਹੇਜ, ਸਗਨ-ਅਪਸ਼ਗਨ, ਪੁੱਛਣਾ, ਮੁਹਰਤ, ਤਿਥਿ-ਵਾਰ, ਵਿਆਹਾਂ ਦੇ ਸਾਹੇ ਕਢਾਣੇ, ਜੈ-ਮਾਲਾ, ਸਿਹਰਾ, ਰੱਖੜੀ ਟਿੱਕਾ, ਭਾਈ-ਦੂਜ,  ਹੋਲੀ, ਕੰਜਕਾਂ, ਨਵਰਾਤਰੇ , ਦੁਸਹਿਰਾ, ਦੀਵਾਲੀ, ਲੋਹੜੀ, ਘੜਾ ਭੰਨਣਾ, ਫੁੱਲ-ਚੁਗਣੇ ਤੇ ਗੰਗਾ ਪਾਤਾਲਪੁਰੀ ਪਾਉਣੇ, ਮ੍ਰਿਤਕ ਨੂੰ ਭਾਂਡੇ ਬਿਸਤਰੇ ਦੇਣੇ, ਬਰਸੀਆਂ ਮਨਾਉਣੀਆਂ, ਪ੍ਰੇਤ-ਕਿਰਿਆ, ਸਰਾਧ, ਤੀਰਥ ਅਤੇ ਸੁਰਗ-ਨਰਕ ਦੇ ਲਾਲਚ ਅਤੇ ਡਰ  ਆਦਿ|
ਜਦੋਂ ਕੋਈ ਸਿੱਖਾਂ ਨੂੰ ਉਕਤ ਕੰਮ ਕਰਦੇ ਦੇਖ ਕੇ ਹਿੰਦੂ ਕਹਿੰਦਾ ਹੈ ਤਾਂ ਸਿੱਖ ਚਿੜ੍ਹ ਜਾਂਦੇ ਹਨ| ਜੇਕਰ ਕੋਈ ਸਿੱਖਾਂ ਨੂੰ ਉਕਤ ਕੰਮਾਂ ਤੋਂ ਹਟਾਉਂਦਾ ਹੈ ਤਾਂ ਸਿੱਖ ਉਸ ਨਾਲ ਲੜ ਪੈਂਦੇ ਹਨ ਅਤੇ ਆਖਦੇ ਹਨ ਕਿ ਤੂੰ ਕੌਣ ਹੁੰਦਾ ਹੈਂ ਸਾਨੂੰ ਇਨ੍ਹਾਂ ਕੰਮਾਂ ਤੋਂ ਰੋਕਣ ਵਾਲਾ? ਗੁਰਮਤਿਹੀਣ ਸਿੱਖ ਤਾਂ ਇਥੋਂ ਤਕ ਵੀ ਕਹਿ ਦਿੰਦੇ ਹਨ ਕਿ ਗੁਰਬਾਣੀ ਜੋ ਮਰਜ਼ੀ ਆਖੇ, ਪਰ ਅਸੀਂ ਪਿਤਾ-ਪੁਰਖੀ ਰੀਤਾਂ-ਰਸਮਾਂ ਨਹੀਂ ਛੱਡ ਸਕਦੇ| ਜਦੋਂ ਅਸੀਂ ਇਸ ਤਰ੍ਹਾਂ ਦੇ ਭੇਖੀ ਸਿੱਖ ਬਣਦੇ ਹਾਂ ਤਾਂ ਫਿਰ ਖੋਤੇ ਉਤੇ ਸ਼ੇਰ ਦੀ ਖੱਲ ਵਾਲੀ ਘਟਨਾ ਸਾਡੇ ਸਿੱਖਾਂ ਉੱਤੇ ਪੂਰੀ ਢੁਕਦੀ ਹੈ|
12. ਨਜਾਇਜ਼ ਕਬਜ਼ੇ ਕਰਨਾ
ਗੁਰਬਾਣੀ ਦਾ ਫ਼ੁਰਮਾਨ ਹੈ: ਓਇ ਹਰਿ ਕੇ ਸੰਤ ਨ ਆਖੀਅਹਿ ਬਾਨਾਰਸਿ ਕੇ ਠਗ|| (ਗੁ.ਗ੍ਰੰ.ਸਾ.ਪੰਨਾ-476) ਅਨੁਸਾਰ ਜਿਹੜੇ ਪਖੰਡੀ ਆਪਣੇ ਆਪ ਨੂੰ ਸੰਤ, ਬ੍ਰਹਮਗਿਆਨੀ, ਮਹਾਂਪੁਰਸ਼ ਆਦਿ ਨਜ਼ਾਇਜ ਗੱਦੀਆਂ ਲਾ ਕੇ, ਲੋਕਾਂ ਤੋਂ ਆਪਣੀ ਪੂਜਾ ਕਰਵਾਉਂਦੇ ਹਨ, ਗੁਰਮਤਿ ਵਿਰੋਧੀ ਕਾਰਵਾਈਆਂ ਕਰਕੇ, ਉਹ ਲੋਕਾਂ ਦੀਆਂ ਜ਼ਮੀਨਾਂ ਅਤੇ ਜਾਇਦਾਦਾਂ ਤੇ ਨਜਾਇਜ਼ ਕਬਜ਼ੇ ਵੀ ਕਰਦੇ ਰਹਿੰਦੇ ਹਨ, ਅਜਿਹੇ ਭੇਖੀ ਲੋਕ ਬਨਾਰਸ ਦੇ ਠੱਗ ਹੁੰਦੇ ਹਨ| ਇਸ ਤੋਂ ਇਲਾਵਾ ਦੂਜੇ ਧਰਮਾਂ ਦੀਆਂ ਲਿਖਤਾਂ ਉਤੇ ਆਪਣੇ ਨਜਾਇਜ਼ ਕਬਜ਼ੇ ਕਰਕੇ, ਆਪਣਾ ਹੱਕ ਜਿਤਾਉਂਦੇ ਹਨ| ਬਚਿੱਤਰ ਨਾਟਕ (ਦਸਮ ਗ੍ਰੰਥ)  ਜਿਹੜਾ ਕਿ ਹਿੰਦੂਮਤ ਦੀਆਂ ਵੱਖ-ਵੱਖ ਰਚਨਾਵਾਂ ਅਤੇ ਵਿਕਾਰੀ ਲੋਕਾਂ ਦੀਆਂ ਰਚਨਾਵਾਂ ਦਾ ਇਕ ਸੰਗ੍ਰਹਿ ਹੈ, ਉਸ ਨੂੰ ਆਪਣੇ ਗੁਰੂ ਦਾ ਗ੍ਰੰਥ ਦੱਸ ਕੇ, ਧੱਕੇ ਨਾਲ ਉਸ ਤੇ ਆਪਣਾ ਨਜਾਇਜ਼ ਕਬਜ਼ਾ ਕਰ ਰਹੇ ਹਨ|
ਗੁਰਬਾਣੀ ਦਾ ਫ਼ੁਰਮਾਨ ਹੈ: ਸਤਿਗੁਰੂ ਬਿਨਾਂ ਹੋਰ ਕਚੀ ਹੈ ਬਾਣੀ|| ਬਾਣੀ ਤਾ ਕਚੀ ਸਤਿਗੁਰੂ ਬਾਝਹੁ ਹੋਰ ਕਚੀ ਬਾਣੀ|| ਕਹਦੇ ਕਚੇ  ਸੁਣਦੇ ਕਚੇ  ਕਚੀ ਆਖਿ ਵਖਾਣੀ|| (ਗੁ.ਗ੍ਰੰ.ਸਾ.ਪੰਨਾ- 920) ਅਨੁਸਾਰ ਗੁਰਬਾਣੀ ਹੁਕਮਾਂ ਦੀ ਘੋਰ ਅਵੱਗਿਆ ਕਰਕੇ, ਗੁਰਮਤਿਹੀਣ ਅਤੇ ਗ਼ੰਦਗੀ ਭਰੇ ਗ੍ਰੰਥਾਂ ਨੂੰ ਆਪਣੇ ਗੁਰੂ ਦਾ ਗ੍ਰੰਥ ਕਹਿ ਕੇ, ਜਿੱਥੇ ਸੰਸਾਰ ਵਿਚ ਆਪਣਾ ਜਲੂਸ ਕੱਢ ਰਹੇ ਹਨ, ਉੱਥੇ ਸਰਬੰਸਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਨਾਲ ਗੰਦੇ  ਗ੍ਰੰਥਾਂ ਨੂੰ ਜੋੜ ਕੇ, ਗੁਰੂ ਸਾਹਿਬ ਦੀ ਮਹਾਨ ਸ਼ਖਸੀਅਤ ਦਾ ਵੀ ਜਲੂਸ ਕੱਢ ਰਹੇ ਹਨ|
ਸਮਾਜ ਵਿਚੋਂ ਸੂਝਵਾਨ ਅਤੇ ਇੱਜ਼ਤਦਾਰ ਮਨੁੱਖਾਂ ਦਾ ਬੀਜ ਨਾਸ ਨਹੀਂ ਹੋਇਆ| ਜਦੋਂ ਕੋਈ ਸਿਆਣਾ ਅਤੇ ਇੱਜ਼ਤਦਾਰ ਮਨੁੱਖ  ਇਸ ਗ੍ਰੰਥ ਵਿਚਲੀਆਂ ਰਚਨਾਵਾਂ ਨੂੰ ਪੜ੍ਹ ਲੈਂਦਾ ਹੈ ਤਾਂ ਉਹ ਉਸੇ ਵੱਲੇ ਆਖ ਦਿੰਦਾ ਹੈ ਕਿ ਇਹ ਗ੍ਰੰਥ ਪੜ੍ਹਣਯੋਗ ਨਹੀਂ ਹੈ| ਬਚਿੱਤਰ ਨਾਟਕ (ਦਸਮ ਗ੍ਰੰਥ) ਦੀਆਂ ਰਚਨਾਵਾਂ ਸਬੰਧੀ ਆਪਣੇ ਨਾਲ ਵਾਪਰੀ ਇਕ ਘਟਨਾ ਦਾ ਜ਼ਿਕਰ ਕਰਨਾ ਜ਼ਰੂਰੀ ਸਮਝਦਾ ਹਾਂ| ਅੱਜ ਤੋਂ 12-13 ਸਾਲ ਪੁਰਾਣੀ ਗੱਲ ਹੈ| ਮੈਂਨੂੰ ਇਕ ਹਿੰਦੂ ਸੱਜਣ ਨਾਲ ਕੰਮ ਕਰਨ ਦਾ ਮੌਕਾ ਮਿਲਿਆ| ਉਹ ਸੱਜਣ ਕਿੱਤੇ ਵਜੋਂ ਇੰਜੀਨਿਅਰ ਸੀ| ਇਕ ਦਿਨ ਉਹ ਮੈਂਨੂੰ ਕਹਿਣ ਲੱਗਾ ਕਿ ਮੈਂ ਸਵੇਰੇ ਜਪੁ ਜੀ ਸਾਹਿਬ ਦਾ ਪਾਠ ਕਰਦਾ ਹਾਂ ਅਤੇ ਰਾਤ ਵੇਲੇ ਸੁਖਮਨੀ ਸਾਹਿਬ ਦਾ ਪਾਠ ਕਰਦਾ ਹਾਂ| ਮੈਂ ਇਹ ਪਾਠ ਰੋਜ਼ਾਨਾ ਕਰਨੇ ਹੀ ਕਰਨੇ ਹਨ| ਉਸ ਨੇ ਕਿਹਾ ਕਿ ਮੇਰੀ ਸ਼ਕਲ ਵੱਲ ਨਹੀਂ ਜਾਣਾ| ਰੋਜ਼ਾਨਾ ਉਹ ਮੇਰੇ ਨਾਲ ਗੁਰਬਾਣੀ ਅਤੇ ਸਿੱਖ-ਇਤਿਹਾਸ ਬਾਰੇ ਗੱਲਾਂ ਕਰਦਾ ਰਹਿੰਦਾ ਸੀ| ਮੇਰੀ ਉਸ ਨਾਲ ਚੰਗੀ ਮਿੱਤਰਤਾ ਹੋ ਗਈ ਸੀ|
ਇਕ ਦਿਨ ਮੈਂ ਉਸ ਨੂੰ ਬਚਿੱਤਰ ਨਾਟਕ (ਦਸਮ ਗ੍ਰੰਥ) ਸਬੰਧੀ ਇਕ ਕਿਤਾਬ ਪੜ੍ਹਣ ਲਈ ਦਿੱਤੀ| ਉਹ ਕਹਿਣ ਲੱਗਾ ਘਰ ਜਾ ਕੇ ਰਾਤ ਨੂੰ ਬੈਠ ਕੇ ਅਰਾਮ ਨਾਲ ਪੜ੍ਹਾਂਗਾ| ਉਸ ਨੇ ਉਹ ਕਿਤਾਬ ਆਪਣੇ ਬੈਗ ਵਿਚ ਪਾ ਲਈ| ਅਗਲੇ ਦਿਨ ਸਵੇਰੇ ਜਦੋਂ ਆਪਣੀ ਡਿਊਟੀ ਤੇ ਆਇਆ ਤਾਂ ਆਉਂਦੇ ਸਾਰੇ ਉਸ ਨੇ ਮੈਂਨੂੰ ਤਲਖ਼ੀ ਭਰੇ ਲਹਿਜੇ ਨਾਲ ਕਿਹਾ, ਖਾਲਸਾ! ਇਹ ਕਿਤਾਬ ਸਾਂਭ ਲੈ, ਮੈਂਨੂੰ ਇਹ ਕਿਤਾਬ ਪੜ੍ਹਣ ਦੀ ਜ਼ਰੂਰਤ ਨਹੀਂ ਹੈ| ਉਹ ਕਿਤਾਬ ਜਿਹੜੀ ਮੈਂ ਉਸ ਨੂੰ ਦਿੱਤੀ ਸੀ ਉਸ ਨੇ ਲਿਫਾਫੇ ਵਿਚ ਛੁਪਾ ਕੇ ਦਿੱਤੀ ਸੀ| ਦੁਪਹਿਰ ਨੂੰ ਜਦੋਂ ਦੇਖਿਆ ਕਿ ਉਹ ਵਿਹਲਾ ਬੈਠਾ ਆਰਾਮ ਕਰ ਰਿਹਾ ਸੀ ਤਾਂ ਮੈਂ ਉਸ ਦੇ ਕਮਰੇ ਵਿਚ ਚਲਾ ਗਿਆ| ਜਿਹੜੀ ਬਚਿੱਤਰ ਨਾਟਕ (ਦਸਮ ਗ੍ਰੰਥ) ਸਬੰਧੀ ਕਿਤਾਬ ਉਸ ਨੇ ਮੈਂਨੂੰ ਵਾਪਸ ਕੀਤੀ ਸੀ, ਉਸ ਬਾਰੇ ਗੱਲ ਕਰਦੇ ਹੋਏ, ਉਸ ਨੂੰ ਪੁੱਛਿਆ ਕਿਵੇਂ ਲੱਗੀ?
ਜਦੋਂ ਮੈਂ ਇਹ ਸਵਾਲ ਕੀਤਾ ਤਾਂ ਉਹ ਫਿਰ ਤਲਖ਼ੀ ਭਰੇ ਲਹਿਜੇ ਨਾਲ ਕਹਿਣ ਲੱਗਾ ਕਿ ਇਹੋ ਜਿਹਾ ਗੰਦ ਇੱਜ਼ਤਦਾਰ ਪ੍ਰਵਾਰ ਵਿਚ ਬੈਠ ਕੇ ਪੜ੍ਹਣਯੋਗ ਨਹੀਂ ਹੁੰਦਾ| ਜਦੋਂ ਮੈਂ ਇਹ ਕਿਤਾਬ ਪੜ੍ਹੀ ਤਾਂ ਮੇਰੇ ਤੋਂ ਅੱਗੇ ਪੜ੍ਹਿਆ ਨਾ ਜਾ ਸਕਿਆ| ਇਸ ਲਈ ਮੈਂ ਇਹ ਕਿਤਾਬ ਲਿਫਾਫੇ ਵਿਚ ਛੁਪਾ ਕੇ ਰੱਖ ਦਿੱਤੀ ਤਾਂ ਜੋ ਮੇਰੇ ਜਵਾਨ ਬੱਚਿਆਂ ਦੇ ਹੱਥ ਨਾ ਲੱਗ ਜਾਵੇ| ਜੇਕਰ ਇਹ ਕਿਤਾਬ ਉਹ ਪੜ੍ਹ ਲੈਂਦੇ ਤਾਂ ਉਨ੍ਹਾਂ ਨੇ ਸੋਚਣਾ ਸੀ ਕਿ ਸਾਡਾ ਪਿਤਾ ਕਿਹੋ ਜਿਹੀਆਂ ਕਿਤਾਬਾਂ ਪੜ੍ਹਦਾ ਹੈ| ਇਸ ਲਈ ਬੱਚਿਆਂ ਤੋਂ ਦੂਰ ਰੱਖਣ ਲਈ ਹੀ ਇਸ ਕਿਤਾਬ ਨੂੰ ਛੁਪਾ ਕੇ ਰੱਖਿਆ ਸੀ| ਮੈਂ ਉਸ ਨੂੰ ਕਿਹਾ, ਮੈਂ ਤੁਹਾਨੂੰ ਇਹ ਕਿਤਾਬ ਇਸ ਲਈ ਪੜ੍ਹਣ ਨੂੰ ਦਿੱਤੀ ਸੀ ਕਿ ਤੁਹਾਨੂੰ ਇਸ ਕਿਤਾਬ ਦੀ ਅਸਲੀਅਤ ਬਾਰੇ ਪਤਾ ਹੈ ਜਾਂ ਨਹੀਂ| ਮੈਂ ਉਸ ਨੂੰ ਪੁੱਛਿਆ, ਕੀ ਤੁਸੀਂ ਇਸ ਕਿਤਾਬ ਵਿਚਲੀਆਂ ਰਚਨਾਵਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਦੀਆਂ ਰਚਨਾਂਵਾਂ ਮੰਨਦੇ ਹੋ ਜਾਂ ਨਹੀਂ?
ਮੇਰੀ ਗੱਲ ਸੁਣ ਕੇ ਕਹਿਣ ਲੱਗਾ ਕਿ ਮੈਂ ਇਸ ਤਰ੍ਹਾਂ ਦੀ ਰਚਨਾਂਵਾਂ ਨੂੰ ਗੁਰੂ ਗੋਬਿੰਦ ਸਿੱਘ ਜੀ ਦੀ ਰਚਨਾਂਵਾਂ ਹਰਗਿਜ਼ ਨਹੀਂ ਮੰਨ ਸਕਦਾ| ਮੈਂ ਉਸ ਹਿੰਦੂ ਇੰਜਨੀਅਰ ਦੀਆਂ ਗੱਲਾਂ ਸੁਣ ਕੇ ਹੈਰਾਨ ਸੀ ਕਿ ਸਾਡੇ ਸਿੱਖਾਂ ਨਾਲੋਂ ਤਾਂ ਇਕ ਹਿੰਦੂ ਹੀ ਸਿਆਣਾ ਹੈ, ਜਿਹੜਾ ਗੁਰੂ ਗੋਬਿੰਦ ਸਿੰਘ ਜੀ ਦੀ ਮਹਾਨ ਸ਼ਖਸੀਅਤ ਨੂੰ ਜਾਣਦਾ ਹੋਇਆ, ਗੁਰੂ ਸਾਹਿਬ ਦਾ ਸਬੰਧ ਅਜਿਹੀ ਰਚਨਾਂਵਾਂ ਨਾਲ ਜੋੜਣ ਦੀ ਗ਼ਲਤੀ ਨਹੀਂ ਕਰਦਾ| ਮਨ ਵਿਚ ਸੋਚਿਆ ਕਿ ਅਜਿਹੇ ਮਨੁੱਖਾਂ ਦੀ ਸਮਾਜ ਨੂੰ ਅਤਿ ਲੋੜ ਹੈ ਤਾਂ ਜੋ ਸਮਾਜ ਵਿਚ ਇਖ਼ਲਾਕੀ ਗੁਣ ਜੀਵਤ ਰਹਿ ਸਕਣ|
ਕੁੱਝ ਦੇਰ ਸੋਚਣ ਤੋਂ ਬਾਅਦ ਉਸ ਨੂੰ ਕਿਹਾ ਕਿ ਸਿੱਖ ਤਾਂ ਕਹਿੰਦੇ ਹਨ ਇਹ ਰਚਨਾਂਵਾਂ ਗੁਰੂ ਗੋਬਿੰਦ ਸਿੰਘ ਜੀ ਦੀਆਂ ਹਨ| ਮੇਰੀ ਇਹ ਗੱਲ ਸੁਣ ਕੇ ਉਹ ਕਹਿਣ ਲੱਗਾ ਕਿ ਜਿਹੜੇ ਸਿੱਖ ਇਹ ਕਹਿੰਦੇ ਹਨ ਕਿ ਇਹ ਰਚਨਾਂਵਾਂ ਗੁਰੂ ਗੋਬਿੰਦ ਸਿੰਘ ਜੀ ਦੀਆਂ ਹਨ, ਉਹ ਮਹਾਂ-ਮੂਰਖ ਹਨ| ਬੇਸ਼ੱਕ ਉਹ ਇੰਜਨੀਅਰ ਮੈਂਨੂੰ ਮੁੜ ਕੇ ਨਹੀਂ ਮਿਲਿਆ ਪਰ ਅੱਜ ਵੀ ਮੇਰੇ ਮਨ ਵਿਚ ਉਸ ਪ੍ਰਤੀ ਬਹੁਤ ਸਤਿਕਾਰ ਹੈ|
13.  ਸਿੱਖ ਹੀ ਸਿੱਖ ਦਾ ਵੈਰੀ
ਜਦੋਂ ਸਿੱਖ ਤਲਵਾਰਾਂ ਨਾਲ ਗੁਰਦੁਆਰਿਆਂ ਵਿਚ ਇਕ ਦੂਜੇ ਨਾਲ ਲੜਦੇ ਹਨ ਤਾਂ ਸਾਰੇ ਸੰਸਾਰ ਦੇ ਲੋਕ ਦੇਖਦੇ ਹਨ| ਗੁਰਦੁਆਰਿਆ ਵਿਚ ਸ਼ੋਰ-ਸ਼ਰਾਬਾ ਕਰਨਾ, ਲੜਾਈ ਦੌਰਾਨ ਕਈ ਸਿੱਖਾਂ ਦੀਆਂ ਪਗੜੀਆਂ ਉਤਾਰਨੀਆਂ, ਇਕ-ਦੂਜੇ ਨੂੰ ਗਾਲਾਂ ਕੱਢਣੀਆਂ ਆਮ ਜਿਹੀ ਗੱਲ ਬਣ ਗਈ ਹੈ| ਜਦੋਂ ਵਿਦੇਸ਼ਾਂ ਵਿਚ ਪੁਲਿਸ ਗੁਰਦੁਆਰਿਆਂ ਵਿਚ ਹੋ ਰਹੇ ਝਗੜਿਆਂ ਨੂੰ ਨਿਬੇੜਣ ਆਉਂਦੀ ਹੈ ਤਾਂ ਪੁਲਿਸ ਵਾਲੇ ਨੰਗੇ ਸਿਰ ਅਤੇ ਜੁੱਤੀਆਂ ਸਣੇ ਗੁਰੂ ਦੀ ਹਜ਼ੂਰੀ ਵਿਚ ਘੁੰਮਦੇ ਦੇਖੇ ਜਾ ਸਕਦੇ ਹਨ| ਗੁਰਦੁਆਰੇ ਜਿਹੜੇ ਸਿੱਖੀ ਦੇ ਪ੍ਰਚਾਰ ਕੇਂਦਰ ਹਨ, ਉਨ੍ਹਾਂ ਨੂੰ ਲੜਾਈ ਦੇ ਕੇਂਦਰ ਬਣਾ ਕੇ, ਸਿੱਖਾਂ ਨੇ ਆਪਣਾ ਜਲੂਸ ਆਪ ਹੀ ਕੱਢ ਲਿਆ ਹੋਇਆ ਹੈ| ਸਾਰੀ ਦੁਨੀਆਂ ਦੇਖਦੀ ਹੈ ਕਿ ਸਿੱਖਾਂ ਦੇ ਮਨਾਂ ਵਿਚ ਆਪਣੇ ਗੁਰਦੁਆਰਿਆ, ਆਪਣੇ ਗੁਰੂ ਪ੍ਰਤੀ ਅਤੇ ਦੂਜੇ ਸਿੱਖਾਂ ਦੀ ਪਗੜੀ ਪ੍ਰਤੀ ਕਿੰਨੀ ਕੁ ਇੱਜ਼ਤ ਹੈ|
ਉਕਤ ਕੰਮਾਂ ਨੂੰ ਦੇਖ ਕੇ ਅਸੀਂ ਇਹ ਕਹਿ ਸਕਦੇ ਹਾਂ ਕਿ ਅੱਜ ਸਿੱਖਾਂ ਨੇ ਸੰਸਾਰ ਵਿਚ ਆਪਣੀ ਕਦਰ ਗੁਆ ਲਈ ਹੈ| ਅੱਜ ਸਿੱਖ, ਸਿੱਖੀ ਗੁਣਾਂ ਤੋਂ ਸੱਖਣੇ ਹੋ ਕੇ ਸੰਸਾਰ ਦੇ ਲੋਕਾਂ ਕੋਲੋਂ ਆਪਣੀ ਕਦਰ ਭਾਲਦੇ ਹਨ| ਇਸ ਤੋਂ ਇਲਾਵਾ ਆਪਣੇ ਜੀਵਨ ਵਿਚ ਅਗਿਆਨਤਾ ਵਾਲੇ ਕੰਮ ਕਰਕੇ, ਆਪਣੇ ਅੰਦਰ ਸਿੱਖ ਹੋਣ ਦਾ ਝੂਠਾ ਮਾਣ ਪੈਦਾ ਕਰ ਲਿਆ ਹੋਇਆ ਹੈ| ਗੁਰਬਾਣੀ ਦਾ ਫ਼ੁਰਮਾਨ ਹੈ:
ਨਾਨਕ ਤੇ ਨਰ ਅਸਲਿ ਖਰ ਜਿ ਬਿਨੁ ਗੁਣ ਗਰਬੁ ਕਰੰਤ|| (ਗੁ.ਗ੍ਰੰ.ਸਾ.ਪੰਨਾ-1411)
ਅਰਥ: ਹੇ ਨਾਨਕ! ਜਿਹੜਾ ਮਨੁੱਖ ਗੁਣਾਂ ਤੋਂ ਬਿਨਾ ਹੀ ਆਪਣੇ ਅੰਦਰ ਹੰਕਾਰ ਕਰਦਾ ਹੈ, ਉਹ ਨਿਰਾ ਖੋਤਾ ਹੀ ਹੈ|
ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਹਰ ਇਕ ਮਨੁੱਖ ਦਾ ਭਲਾ ਲੋਚਦੀ ਹੈ| ਅਗਿਆਨਤਾ ਵਿਚ ਭਟਕੇ ਹੋਏ ਮਨੁੱਖਾਂ ਨੂੰ ਗੁਰਬਾਣੀ ਅਨੇਕਾਂ ਸਖ਼ਤ ਨਾਵਾਂ ਨਾਲ ਸੰਬੋਧਨ ਕਰਦੀ ਹੈ ਤਾਂ ਜੋ ਮਨੁੱਖ ਸਮਝ ਜਾਵੇ| ਜੇਕਰ ਸਿੱਖਾਂ ਉੱਤੇ ਫਿਰ ਵੀ ਕੋਈ ਅਸਰ ਨਹੀਂ ਹੁੰਦਾ ਤਾਂ ਗੁਰਬਾਣੀ ਦਾ ਫੁਰਮਾਨ ਹੈ:
ਕਬੀਰ ਸਾਚਾ ਸਤਿਗੁਰੁ ਕਿਆ ਕਰੈ ਜਉ ਸਿਖਾ ਮਹਿ ਚੂਕ||
ਅੰਧੇ ਏਕ ਨ ਲਾਗਈ    ਜਿਉ ਬਾਂਸੁ ਬਜਾਈਐ ਫੂਕ||          (ਗੁ. ਗ੍ਰੰ.ਸਾ.ਪੰਨਾ-1372)
ਅਰਥ: ਹੇ ਕਬੀਰ! ਜੇ ਸਿੱਖਾਂ ਵਿਚ ਹੀ ਉਕਾਈ ਹੋਵੇ ਤਾਂ ਸਤਿਗੁਰੂ ਵੀ ਕੁੱਝ ਸੰਵਾਰ ਨਹੀਂ ਸਕਦਾ| ਜਿਹੜਾ ਮਨੁੱਖ ਅਹੰਕਾਰ ਵਿਚ ਅੰਨ੍ਹਾਂ ਹੋਇਆ ਰਹੇ, ਗੁਰੂ ਦੀ ਇਕ ਵੀ ਸਿੱਖਿਆ ਦਾ ਉਸ ਤੇ ਕੋਈ ਅਸਰ ਨਾ ਹੋਵੇ ਤਾਂ ਸਮਝੋ ਜਿਵੇਂ ਬਾਂਸ ਵਿਚ ਫੂਕ ਮਾਰਿਆਂ ਹਵਾ ਇਕ ਸਿਰੇ ਤੋਂ ਦੂਜੇ ਸਿਰੇ ਬਾਹਰ ਨਿਕਲ ਜਾਂਦੀ ਹੈ, ਤਿਵੇਂ ਗੁਰੂ ਦੀ ਸਿੱਖਿਆ ਅਹੰਕਾਰੀ ਦੇ ਇਕ ਕੰਨ ਤੋਂ ਦੂਜੇ ਕੰਨ ਰਾਹੀਂ ਬੇਅਸਰ ਹੋ ਕੇ ਬਾਹਰ ਨਿਕਲ ਜਾਂਦੀ ਹੈ|
ਕੀ ਸਿੱਖ ਐਨੇ ਨਿੱਘਰ ਚੁੱਕੇ ਹਨ ਕਿ ਗੁਰੂ ਦੀ ਇਕ ਵੀ ਸਿੱਖਿਆ ਦਾ ਉਨ੍ਹਾਂ ਉੱਤੇ ਕੋਈ ਅਸਰ ਨਹੀਂ ਹੁੰਦਾ| ਆਪਣੇ ਆਪ ਨੂੰ ਸਿੱਖ ਅਖਵਾਉਣ ਵਾਲਿਆਂ ਲਈ ਇਹ ਬਹੁਤ ਹੀ ਸ਼ਰਮ ਵਾਲੀ ਗੱਲ ਹੈ| ਸਿੱਖ ਆਪਣੇ ਜੀਵਨ ਵਿਚ ਗੁਰਮਤਿ ਵਿਰੋਧੀ ਕਾਰਵਾਈਆਂ ਕਰਕੇ, ਗੁਰੂ ਗ੍ਰੰਥ ਸਾਹਿਬ ਜੀ ਦੀ ਅਮੋਲਕ ਸਿੱਖਿਆਵਾਂ ਅਤੇ ਸਿੱਖ-ਇਤਿਹਾਸ ਦੇ ਮਹਾਨ ਵਿਰਸੇ ਦਾ ਭੋਗ ਪਾ ਕੇ, ਜੈਕਾਰੇ ਛੱਡਦੇ ਹਨ: ਰਾਜ ਕਰੇਗਾ ਖਾਲਸਾ| ਸਿੱਖਾਂ ਨੂੰ ਕੌਣ ਆਖੇਗਾ ਸਿਆਣਾ ? ਫਿਰ ਸਿੱਖ ਕਹਿੰਦੇ ਹਨ ਕਿ ਲੋਕ ਸਾਡਾ ਮਜ਼ਾਕ ਉਡਾਉਂਦੇ ਹਨ|
ਸਾਨੂੰ ਇਕ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਅਮੋਲਕ ਸਿੱਖਿਆਵਾਂ ਅਤੇ ਸਿੱਖ-ਇਤਿਹਾਸ ਦੇ ਮਹਾਨ ਵਿਰਸੇ ਨੂੰ ਕੇਵਲ ਪ੍ਰਚਾਰਨ ਨਾਲ ਅਸੀਂ ਸਭ ਤੋਂ ਚੰਗੇ ਜਾਂ ਮਹਾਨ ਸਿੱਖ ਨਹੀਂ ਬਣ ਜਾਣਾ| ਚੰਗੇ ਜਾਂ ਮਹਾਨ  ਬਣਨ ਲਈ ਸਭ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਨੁਮਾਈ ਵਿਚ ਸਾਨੂੰ ਆਪਣਾ ਜੀਵਨ ਬਤੀਤ ਕਰਨਾ ਪਵੇਗਾ ਅਤੇ ਨਜਾਇਜ਼ ਗ੍ਰੰਥ ਦੀ ਰਹਿਨੁਮਾਈ ਨੂੰ ਸਦਾ ਲਈ ਤਿਆਗਣਾ ਪਵੇਗਾ| ਯਾਦ ਰੱਖੋ, ਅਜਿਹਾ ਕਰਨ ਨਾਲ ਹੀ ਸਿੱਖੀ ਕਿਰਦਾਰ ਮੁੜ ਕੇ ਸੁਰਜੀਤ ਹੋ ਸਕਦਾ ਹੈ| ਜੇਕਰ ਅਸੀਂ ਅਜਿਹਾ ਕਰਨ ਲਈ ਤਿਆਰ ਨਹੀਂ ਹਾਂ ਤਾਂ ਸਤਿਗੁਰਾਂ ਦੀਆਂ ਨਜ਼ਰਾਂ ਵਿਚ ਅਸੀਂ ਸਾਰੀ ਉਮਰ ਕਰਮਵਾਰ ਮੂਰਖ, ਗਵਾਰ, ਅਕ੍ਰਿਤਘਣ, ਮਹਾਂ-ਮੂਰਖ, ਮਰੇ ਹੋਏ ਪਸ਼ੂ, ਡੱਡੂ, ਭੂਤ-ਭੂਤਨੀਆਂ, ਅੰਨ੍ਹੇ, ਬਨਾਰਸ ਕੇ ਠੱਗ, ਖੋਤੇ ਆਦਿ ਵੱਖ ਵੱਖ ਨਾਵਾਂ ਨਾਲ ਸੰਬੋਧਨ ਹੁੰਦੇ ਰਹਾਂਗੇ| ਇਸ ਤੋਂ ਇਲਾਵਾ ਇਹ ਸਮਾਜ ਵੀ ਸਾਡੀਆਂ ਹਰਕਤਾਂ ਦੇਖ ਕੇ, ਸਾਨੂੰ ਅਸੱਭਿਅਕ, ਜੰਗਲੀ, ਗਵਾਰ, ਮੂਰਖ਼, ਝੱਲੇ, ਅਨਪੜ੍ਹ ਜਾਂ ਬੇਸਮਝ ਆਖ ਕੇ ਸਾਡਾ ਮਜ਼ਾਕ ਉਡਾਂਦਾ ਰਹੇਗਾ| ਜਿਸ ਨੂੰ ਰੋਕਿਆ ਨਹੀਂ ਜਾ ਸਕੇਗਾ ਅਤੇ ਆਪਣੇ ਆਪ ਨੂੰ ਸਿੱਖ ਅਖਵਾਉਣ ਵਾਲੇ ਲੋਕ ਸਾਰੀ ਉਮਰ ਕੇਵਲ ਰੋਸ ਹੀ ਪ੍ਰਗਟ ਕਰਦੇ ਰਹਿ ਜਾਣਗੇ|
ਮਿਤੀ: 23-04-2017

ਦਵਿੰਦਰ ਸਿੰਘ, ਆਰਟਿਸਟ, ਖਰੜ

97815-09768