ਊਚ-ਨੀਚ

0
1211

A A A

ਇਕ ਅਹਿਮ ਮਸਲਾ ਜੋ ਹਰ ਇਕ ਸਿੱਖ ਦਾ ਧਿਆਨ ਮੰਗਦਾ ਹੈ| ਕੀ ਸਿੱਖ ਵੀ ਉੱਚੀ ਜਾਂ ਨੀਵੀਂ ਜਾਤ ਦੇ ਹੁੰਦੇ ਹਨ? ਜੇਕਰ ਹੁੰਦੇ ਹਨ ਤਾਂ ਕਿਵੇਂ?
ਜਦੋਂ ਕੋਈ ਸਿੱਖ ਲੇਖਕ ਜਾਂ ਸਿੱਖ ਪ੍ਰਚਾਰਕ, ਜਾਤ-ਪਾਤ ਦੀ ਖੰਡਨਾ ਸਬੰਧੀ ਪ੍ਰਚਾਰ ਕਰਦਾ ਹੈ ਤਾਂ ਗੁਰਮਤਿਹੀਣ ਸਿੱਖ ਇਹ ਕਹਿੰਦੇ ਸੁਣੇ ਜਾ ਸਕਦੇ ਹਨ ਕਿ ਇਹ ਜ਼ਰੂਰ ਕਿਸੇ ਨੀਵੀਂ ਜਾਤ ਦਾ ਹੋਵੇਗਾ| ਸਭ ਤੋਂ ਪਹਿਲਾਂ ਸਾਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਜਿਹੜਾ ਵੀ ਸਿੱਖ, ਜਾਤੀਵੰਡ ਦੇ ਖ਼ਿਲਾਫ਼ ਪ੍ਰਚਾਰ ਕਰਦਾ ਹੈ, ਉਹ ਗੁਰਮਤਿ ਅਨੁਸਾਰ ਹੀ ਅਜਿਹਾ ਕਰਦਾ ਹੈ| ਜੇਕਰ ਗੁਰਮਤਿ ਦਾ ਪ੍ਰਚਾਰ ਕਰਨ ਵਾਲੇ, ਨੀਵੀਂ ਜਾਤ ਦੇ ਹੋ ਸਕਦੇ ਹਨ ਤਾਂ ਫਿਰ ਸਾਰੇ ਹੀ ਸਿੱਖ ਪ੍ਰਚਾਰਕ, ਨੀਵੀਂ ਜਾਤ ਦੇ ਮੰਨਣੇ ਪੈਣਗੇ|
ਹੁਣ ਸਵਾਲ ਪੈਦਾ ਹੁੰਦਾ ਹੈ ਕਿ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤਕ, ਸਾਰੇ ਸਿੱਖ-ਸਤਿਗੁਰਾਂ ਨੇ ਜਾਤੀਵੰਡ ਦੀ ਭਰਪੂਰ ਖੰਡਨਾ ਕੀਤੀ ਅਤੇ ਹਰ ਥਾਂ ਜਾ ਕੇ ਪ੍ਰਚਾਰ ਕੀਤਾ| ਸਤਿਗੁਰਾਂ ਨੇ ਜਾਤੀਵੰਡ ਦੇ ਖ਼ਿਲਾਫ਼ ਬਾਣੀ ਰਚ ਕੇ, ਗੁਰੂ ਗ੍ਰੰਥ ਸਾਹਿਬ ਵਿਚ ਦਰਜ ਕਰਵਾਈ| ਗੁਰੂ ਗੋਬਿੰਦ ਸਿੰਘ ਜੀ ਨੇ ਜਾਤੀਵੰਡ ਨੂੰ ਮੁੱਢੋਂ ਹੀ ਖ਼ਤਮ ਕਰਨ ਲਈ, ਸਭ ਨੂੰ ਖੰਡੇ-ਬਾਟੇ ਦੀ ਪਾਹੁਲ ਛਕਾਈ| ਸਾਰੇ ਸਿੱਖ-ਸਤਿਗੁਰਾਂ ਨੇ ਲੋਕਾਂ ਨੂੰ ਜਾਤੀਵੰਡ ਦੀ ਪੰਜਾਲੀ ਤੋਂ ਮੁਕਤ ਕਰਕੇ, ਸਿੱਖ ਬਣਾਇਆ ਸੀ, ਉਨ੍ਹਾਂ ਮਹਾਨ ਸਤਿਗੁਰਾਂ ਦੀ ਜਾਤ ਬਾਰੇ ਕੀ ਕਹੋਗੇ?
ਅਕਸਰ ਕਿਹਾ ਜਾਂਦਾ ਹੈ ਕਿ ਸਾਰੇ ਸਿੱਖ-ਸਤਿਗੁਰੂ ਸਾਹਿਬਾਨ ਖੱਤਰੀ ਕੁੱਲ ਵਿਚ ਪੈਦਾ ਹੋਏ ਸਨ| ਜੇਕਰ ਅਸੀਂ ਸਿੱਖ-ਸਤਿਗੁਰਾਂ ਦੀ ਅਸਲ ਜਾਤ ਬਾਰੇ ਜਾਣਕਾਰੀ ਲੈਣਾ ਚਾਹੁੰਦੇ ਹਾਂ ਤਾਂ ਸਾਨੂੰ ਗੁਰੂ ਨਾਨਕ ਸਾਹਿਬ ਦੀ ਬਾਣੀ ਪੜ੍ਹਣੀ ਅਤੇ ਸਮਝਣੀ ਪਵੇਗੀ| ਗੁਰਬਾਣੀ ਪੜ੍ਹਣ ਤੋਂ ਪਹਿਲਾਂ ਸਾਨੂੰ, ਗੁਰੂ ਨਾਨਕ ਸਾਹਿਬ ਦੇ ਆਗਮਨ ਸਮੇਂ ਜੋ ਭਾਰਤ ਦੇ ਹਾਲਾਤ ਸਨ, ਉਨ੍ਹਾਂ ਤੋਂ ਵੀ ਚੰਗੀ ਤਰ੍ਹਾਂ ਜਾਣੂ ਹੋ ਜਾਣਾ ਚਾਹੀਦਾ ਹੈ|
ਜਾਤੀਵੰਡ ਅਨੁਸਾਰ ਭਾਰਤੀ ਲੋਕਾਂ ਨੂੰ ਮੁੱਖ ਚਾਰ ਜਾਤਾਂ: ਬ੍ਰਾਹਮਣ, ਖੱਤਰੀ, ਵੈਸ, ਸੂਦਰ ਵਿਚ ਵੰਡਿਆ ਹੋਇਆ ਸੀ| ਇਸ ਜਾਤੀਵੰਡ ਨੇ ਭਾਰਤੀ ਲੋਕਾਂ ਵਿਚ ਜਿੱਥੇ ਊਚ-ਨੀਚ ਦਾ ਭੇਦ ਭਾਵ ਪੈਦਾ ਕੀਤਾ ਸੀ, ਉੱਥੇ ਨਫ਼ਰਤ ਵੀ ਪੈਦਾ ਕਰ ਦਿੱਤੀ ਸੀ| ਨਫ਼ਰਤ ਦਾ ਸ਼ਿਕਾਰ ਕੇਵਲ ਸੂਦਰ ਲੋਕਾਂ ਨੂੰ ਬਣਨਾ ਪਿਆ ਕਿਉਂਕਿ ਸੂਦਰ ਲੋਕਾਂ ਨੂੰ ਸਦੀਆਂ ਤਕ ਨੀਚ ਸਮਝ ਕੇ ਪਸ਼ੂਆਂ ਵਾਂਗ ਦੁਰਕਾਰਿਆਂ ਅਤੇ ਲਿਤਾੜਿਆ ਜਾਂਦਾ ਰਿਹਾ ਹੈ| ਭਾਰਤ ਵਿਚ ਸੂਦਰਾਂ ਦੀ ਗਿਣਤੀ ਬਹੁਤ ਜ਼ਿਆਦਾ ਸੀ| ਜੇਕਰ ਭਾਰਤ ਨੂੰ ਸੂਦਰਾਂ ਦਾ ਦੇਸ ਕਹਿ ਲਿਆ ਜਾਵੇ ਤਾਂ ਇਸ ਵਿਚ ਕੋਈ ਅਤਿ ਕਥਨੀ ਨਹੀਂ ਹੋਵੇਗੀ| ਸੂਦਰਾਂ ਦੀਆਂ ਨਕੇਲਾਂ, ਉਨ੍ਹਾਂ ਲੋਕਾਂ ਦੇ ਹੱਥ ਵਿਚ ਸੀ, ਜਿਹੜੇ ਆਪਣੇ ਅੰਦਰ ਖ਼ਾਸ ਅਤੇ ਉੱਤਮ ਹੋਣ ਦਾ ਭਰਮ ਪਾਲ ਚੁੱਕੇ ਸਨ| ਜਿਵੇਂ ਕਿਸੇ ਦਾ ਦਿਲ ਕਰਦਾ ਸੀ, ਤਿਵੇਂ ਉਹ ਸੂਦਰਾਂ ਨਾਲ ਗ਼ੁਲਾਮਾਂ ਵਾਂਗ ਭੈੜਾ ਵਰਤਾਉ ਕਰਦਾ ਸੀ| ਨਾ ਸੂਦਰ ਚੰਗਾ ਖਾ ਸਕਦਾ ਸੀ, ਨਾ ਚੰਗਾ ਪਹਿਨ ਸਕਦਾ ਸੀ, ਨਾ ਚੰਗਾ ਮਕਾਨ ਬਣਾ ਸਕਦਾ ਸੀ, ਨਾ ਹੀ ਪੜ੍ਹ ਸਕਦਾ ਸੀ|
ਜਾਤੀਵੰਡ ਅਨੁਸਾਰ ਸੂਦਰ ਲੋਕਾਂ ਨੂੰ ਨੀਚ ਸਮਝ ਕੇ, ਨਗਰਾਂ ਤੋਂ ਬਾਹਰ ਕੱਢਿਆ ਹੋਇਆ ਸੀ| ਉੱਚ ਜਾਤੀਏ ਲੋਕ, ਸੂਦਰ ਲੋਕਾਂ ਦੇ ਪ੍ਰਛਾਵੇਂ ਤੋਂ ਵੀ ਡਰਦੇ ਸਨ ਕਿਤੇ ਭਿੱਟੇ ਨਾ ਜਾਈਏ| ਸੂਦਰ ਵਰਗ ਨਾ ਤਾਂ ਮੰਦਰਾਂ ਵਿਚ ਜਾ ਸਕਦਾ ਸੀ, ਨਾ ਹੀ ਕੋਈ ਧਰਮ ਗ੍ਰੰਥ ਪੜ੍ਹ ਸਕਦਾ ਸੀ ਅਤੇ ਨਾ ਹੀ ਧਰਮ ਦੀ ਸਿੱਖਿਆ ਲੈ ਸਕਦਾ ਸੀ| ਜੇਕਰ ਕੋਈ ਸੂਦਰ, ਧਰਮ ਦੀ ਗੱਲ ਕਰਦਾ ਸੀ ਤਾਂ ਉਸ ਦੀ ਜੀਭ ਕੱਟ ਦਿੱਤੀ ਜਾਂਦੀ ਸੀ| ਜੇਕਰ ਕੋਈ ਵੇਦਾਂ ਦੀ ਸਿੱਖਿਆ ਸੁਣ ਲੈਣਾ ਸੀ ਤਾਂ ਉਸ ਦੇ ਕੰਨਾਂ ਵਿਚ ਸਿੱਕਾ ਜਾਂ ਗਰਮ ਤੇਲ ਪਾ ਦਿੱਤਾ ਜਾਂਦਾ ਸੀ|
ਕਹਿਣ ਤੋਂ ਭਾਵ ਹੈ ਕਿ  ਸੂਦਰ ਲੋਕ, ਮਨੁੱਖ ਹੋ ਕੇ ਵੀ ਪਸ਼ੂਆਂ ਵਾਲਾ  ਜੀਵਨ ਬਤੀਤ ਕਰ ਰਹੇ ਸਨ| ਰਹਿਮ ਜਾਂ ਤਰਸ ਵਾਲੀ ਕੋਈ ਗੱਲ ਨਹੀਂ ਸੀ| ਜਾਤੀਵੰਡ ਦੇ ਇਸ ਵਰਤਾਰੇ ਨੇ ਭਾਰਤੀ ਸੂਦਰ ਲੋਕਾਂ ਨਾਲ ਘੋਰ ਬੇਇਨਸਾਫ਼ੀ ਕੀਤੀ| ਇਸ ਵਰਤਾਰੇ ਕਾਰਣ ਭਾਰਤ ਵਿਚ ਚਾਰੇ ਪਾਸੇ ਗ਼ਰੀਬੀ, ਲਾਚਾਰੀ, ਅਨਪੜ੍ਹਤਾ, ਨਫ਼ਰਤ ਅਤੇ ਆਪਸੀ ਫੁੱਟ ਫੈਲ ਗਈ| ਜਿਸ ਦਾ ਲਾਭ ਮੁਗ਼ਲ ਹਕੂਮਤਾਂ ਨੇ ਲਿਆ| ਮੁਗਲ ਹੁਕਮਰਾਨਾਂ ਨੇ ਭਾਰਤੀ ਲੋਕਾਂ ਨੂੰ ਸਦੀਆਂ ਤਕ ਗ਼ੁਲਾਮ ਬਣਾ ਕੇ ਕੁੱਟਿਆ ਅਤੇ ਲੁੱਟਿਆ|
ਭਾਰਤ ਦੇ ਅਜਿਹੇ ਭਿਆਨਕ ਸਮੇਂ ਵਿਚ ਗੁਰੂ ਨਾਨਕ ਸਾਹਿਬ ਦਾ ਅਗਮਨ ਹੋਇਆ| ਉਸ ਸਮੇਂ ਭਾਰਤ ਵਿਚ ਚਾਰੇ ਪਾਸੇ ਘੋਰ ਅਤਿਆਚਾਰ, ਜ਼ੁਲਮ,  ਬੇਇਨਸਾਫ਼ੀ, ਰਿਸ਼ਵਤਖ਼ੋਰੀ, ਬੇਈਮਾਨੀ, ਧਰਮ ਦੇ ਨਾਂ ਤੇ ਝੂਠ, ਵਹਿਮ-ਭਰਮ, ਪਖੰਡ, ਕਰਮ-ਕਾਂਡ, ਅੰਧ-ਵਿਸ਼ਵਾਸ ਅਤੇ ਅਗਿਆਨਤਾ ਦਾ ਹਨੇਰਾ ਛਾਇਆ ਹੋਇਆ ਸੀ| ਇਕ ਪਾਸੇ ਮੁਗ਼ਲ ਹਕੂਮਤਾਂ ਦਾ ਜ਼ੁਲਮ ਅਤੇ ਦੂਜੇ ਪਾਸੇ ਜਾਤੀਵੰਡ ਦੇ ਨਾਂ ਤੇ ਸਮਾਜ ਦੇ ਨੀਵੇਂ ਸਮਝੇ ਜਾਂਦੇ ਲੋਕਾਂ ਨਾਲ ਅਣਮਨੁੱਖੀ ਜ਼ੁਲਮ ਹੋ ਰਿਹਾ ਸੀ| ਇਸ ਤਰ੍ਹਾਂ ਸੂਦਰ ਲੋਕ ਦੋ ਪੁੜਾਂ ਵਿਚ ਬਹੁਤ ਬੂਰੀ ਤਰ੍ਹਾਂ ਪਿਸ ਰਹੇ ਸਨ| ਬੇਸ਼ੱਕ ਕੁੱਝ ਸੱਚੇ ਭਗਤਾਂ ਨੇ ਆਪਣੇ ਆਪਣੇ ਸਮੇਂ ਅਗਿਆਨਤਾ ਦੇ ਹਨੇਰੇ ਨੂੰ ਦੂਰ ਕਰਨ ਲਈ ਆਪਣਾ ਯੋਗਦਾਨ ਜ਼ਰੂਰ ਪਾਇਆ ਸੀ, ਪਰ ਜਿਸ ਨਿਡਰਤਾ ਨਾਲ ਗੁਰੂ ਨਾਨਕ ਸਾਹਿਬ ਨੇ ਸੱਚ-ਧਰਮ ਦਾ ਪ੍ਰਚਾਰ ਕੀਤਾ, ਉਸ ਨਾਲ ਧਰਮ ਦੇ ਨਾਂ ਤੇ ਪਖੰਡ ਕਰਨ ਵਾਲਿਆਂ ਨੂੰ ਜਿੱਥੇ ਭਾਜੜਾਂ ਪੈ ਗਈਆਂ, ਉੱਥੇ ਸਮਾਜ ਵਿਚ ਸੂਦਰ ਸਮਝੇ ਜਾਂਦੇ ਲੋਕਾਂ ਨੂੰ ਸਵੈਮਾਣ ਨਾਲ ਜਿਊਣ ਦਾ ਇਕ ਨਵਾਂ ਰਾਹ ਮਿਲ ਗਿਆ|
ਜੇਕਰ ਦੇਖਿਆ ਜਾਵੇ ਭਾਰਤੀ ਲੋਕਾਂ ਦੀ ਗ਼ੁਲਾਮੀ ਦਾ ਇਕੋ-ਇਕ ਵੱਡਾ ਕਾਰਣ ਜਾਤੀਵੰਡ ਸੀ| ਜਾਤੀਵੰਡ ਨੇ ਭਾਰਤੀ ਲੋਕਾਂ ਨੂੰ ਚਾਰ ਵਰਗਾਂ ਵਿਚ ਵੰਡ ਕੇ, ਭਾਰਤ ਨੂੰ ਸ਼ਕਤੀਹੀਣ ਕਰ ਦਿੱਤਾ ਸੀ| ਜਿਸ ਦਾ ਨਤੀਜਾ ਇਹ ਹੋਇਆ ਕਿ ਭਾਰਤੀ ਲੋਕਾਂ ਨੂੰ ਮੁਗ਼ਲ ਹਕੂਮਤਾਂ ਦੇ ਅਧੀਨ ਰਹਿ ਕੇ ਸਦੀਆਂ ਤਕ ਸਜਾ ਭੁਗਤਣੀ ਪਈ| ਗੁਰੂ ਸਾਹਿਬ ਉਹ ਪਹਿਲੇ ਮਹਾਂਪੁਰਸ਼ ਸਨ, ਜਿਨ੍ਹਾਂ ਨੇ ਭਾਰਤੀ ਲੋਕਾਂ ਦੀ ਅਸਲ ਕਮਜ਼ੋਰੀ ਨੂੰ ਲੱਭ ਲਿਆ ਸੀ| ਇਹ ਕਮਜ਼ੋਰੀ ਸੀ ਜਾਤੀਵੰਡ ਅਨੁਸਾਰ ਸੂਦਰ ਲੋਕਾਂ ਨਾਲ ਬੇਇਨਸਾਫ਼ੀ| ਇਹੋ ਸਭ ਤੋਂ ਵੱਡਾ ਕਾਰਣ ਸੀ ਕਿ ਗੁਰੂ ਸਾਹਿਬ ਨੇ ਸਭ ਤੋਂ ਪਹਿਲਾਂ ਆਪਣੀ ਪਿਤਾ ਪੁਰਖੀ ਜਾਤ ਦਾ ਤਿਆਗ ਕੀਤਾ| ਉਸ ਤੋਂ ਬਾਅਦ, ਉਨ੍ਹਾਂ ਨੇ ਜਾਤੀਵੰਡ ਦੇ ਇਸ ਭਰਮਗੜ ਨੂੰ ਤੋੜਨ ਲਈ ਥਾਂ-ਥਾਂ ਤੇ ਡਟ ਕੇ ਪ੍ਰਚਾਰ ਕੀਤਾ| ਗੁਰਬਾਣੀ ਦਾ ਫ਼ੁਰਮਾਨ ਹੈ:-
ਤੂੰ ਸਾਹਿਬ ਮੇਰਾ ਹਉ ਸਾਂਗੀ ਤੇਰਾ ਪ੍ਰਣਵੈ ਨਾਨਕੁ ਜਾਤ ਕੈਸੀ||  (ਗੁ.ਗ੍ਰੰ.ਸਾ.ਪੰਨਾ-358)
ਅਰਥ:ਹੇ ਪ੍ਰਮਾਤਮਾ! ਤੂੰ ਮੇਰਾ ਸਾਹਿਬ ਹੈਂ, ਮੈਂ ਸਿਰਫ ਤੇਰਾ ਸਾਂਗੀ ਹਾਂ (ਭਾਵ ਜਿਵੇਂ ਤੂੰ ਮੈਂਨੂੰ ਚਲਾਉਂਦਾ ਹੈ ਤਿਵੇਂ ਹੀ ਚਲਦਾ ਹਾਂ), ਮੈਂਨੂੰ ਕਿਸੇ ਜਾਤਿ ਵਿਚ ਪੈਦਾ ਹੋਣ ਦਾ ਕੋਈ ਮਾਣ ਨਹੀਂ ਹੈ|
ਗੁਰੂ ਸਾਹਿਬ ਦੇ ਸਮੇਂ ਜਾਤੀਵੰਡ ਦਾ ਬਹੁਤ ਹੀ ਬੋਲਬਾਲਾ ਸੀ| ਜੇਕਰ ਕੋਈ ਗੁਰੂ ਸਾਹਿਬ ਦੀ ਜਾਤ ਬਾਰੇ ਸਵਾਲ ਕਰਦਾ ਤਾਂ ਗੁਰੂ ਸਾਹਿਬ ਭਟਕੇ ਹੋਏ ਲੋਕਾਂ ਨੂੰ ਗੁਰਬਾਣੀ ਸਿੱਖਿਆ ਦੇ ਕੇ ਸਮਝਾਉਂਦੇ:-
ਜਾਤੀ ਦੈ ਕਿਆ ਹਥਿ ਸਚ ਪਰਖੀਐ|| (ਗੁ.ਗ੍ਰੰ.ਸਾ.ਪੰਨਾ-142)
ਅਰਥ: ਜਾਤ ਦੇ ਆਪਣੇ ਹੱਥ ਵਿਚ ਕੁੱਝ ਨਹੀਂ ਹੈ ਕਿਉਂਕਿ ਇਹ ਜਾਤਾਂ ਸੱਚ ਦੇ ਸਾਹਮਣੇ ਆਪਣੇ ਆਪ ਹੀ ਰੱਦ ਹੋ ਜਾਂਦੀਆਂ ਹਨ|
ਜਾਤਿ ਜਨਮੁ ਨਹ ਪੂਛੀਐ ਸਚ ਘਰੁ ਲੇਹੁ ਬਤਾਇ||
ਸਾ ਜਾਤਿ ਸਾ ਪਤਿ ਹੈ  ਜੇਹੇ ਕਰਮ ਕਮਾਇ||  (ਗੁ.ਗ੍ਰੰ.ਸਾ.ਪੰਨਾ-1330)
ਅਰਥ: ਹੇ ਭਾਈ! ਪ੍ਰਭੂ ਹੇਰਕ ਜੀਵ ਦੇ ਅੰਦਰ ਮੌਜੂਦ ਹੈ| ਇਸ ਲਈ ਜਾਤਾਂ ਦੇ ਵਖਰੇਵਿਆਂ ਵਿਚ ਪੈ ਕੇ ਇਹ ਨਾ ਪੁੱਛੋ ਕਿ ਫ਼ਲਾਣਾ ਕਿਹੜੀ ਜਾਤ ਜਾਂ ਕੁੱਲ ਦਾ ਹੈ| ਜੇਕਰ ਕਿਸੇ ਨੂੰ ਪੁੱਛਣਾ ਹੀ ਹੈ ਤਾਂ ਇਹ ਪੁੱਛੋ ਕਿ ਪ੍ਰਮਾਤਮਾ ਕਿਸ ਹਿਰਦੇ-ਘਰ ਵਿਚ ਪ੍ਰਗਟ ਹੋਇਆ ਹੈ| ਯਾਦ ਰੱਖੋ, ਮਨੁੱਖਤਾ ਦੇ ਭਲੇਹਿਤ ਜਾਂ ਨੁਕਸਾਨਹਿਤ ਕੰਮਾਂ ਨਾਲ ਹੀ ਮਨੁੱਖ ਦਾ ਚੰਗਾਂ ਜਾਂ ਮਾੜਾ ਕਿਰਦਾਰ ਬਣਦਾ ਹੈ|
ਜਾਤੀਵੰਡ ਦੇ ਨਾਂ ਤੇ ਸੂਦਰ ਲੋਕਾਂ ਨਾਲ ਹੋ ਰਹੇ ਮਨੁੱਖਤਾਹੀਣ ਜ਼ੁਲਮਾਂ ਨੂੰ ਦੇਖ ਕੇ, ਗੁਰੂ ਨਾਨਕ ਸਾਹਿਬ ਨੇ ਇਕ ਕ੍ਰਾਂਤੀਕਾਰੀ ਅਤੇ ਦਲੇਰੀ ਭਰਿਆ ਕਾਰਨਾਮਾ ਕਰ ਦਿਖਾਇਆ, ਜਿਸ ਨੂੰ ਦੇਖ ਕੇ ਸਾਰੇ ਹੈਰਾਨ ਹੋ ਗਏ| ਇਹ ਉਹ ਕਾਰਨਾਮਾ ਸੀ ਜਿਸ ਰਾਹੀਂ ਗੁਰੂ ਸਾਹਿਬ ਨੇ ਆਪਣੀ ਪਿਤਾ-ਪੁਰਖੀ  ਜਾਤ ਅਤੇ ਪੁਜਾਰੀ ਸ੍ਰੇਣੀ ਦੀ ਪ੍ਰਵਾਹ ਨਾ ਕਰਦੇ ਹੋਏ, ਸਮਾਜ ਦੇ ਨੀਚ ਸਮਝੇ ਜਾਂਦੇ ਸੂਦਰ ਲੋਕਾਂ ਦੇ ਹਮਦਰਦ ਬਣਨਾ ਪ੍ਰਵਾਨ ਕਰ ਲਿਆ ਸੀ| ਜਿਸ ਦਾ ਹਵਾਲਾ ਗੁਰੂ ਸਾਹਿਬ ਨੇ ਇਸ ਪ੍ਰਕਾਰ ਦਿੱਤਾ ਹੈ:-
ਨੀਚਾ ਅੰਦਰਿ ਨੀਚ ਜਾਤਿ  ਨੀਚੀ ਹੂੰ ਅਤਿ ਨੀਚੁ||
ਨਾਨਕੁ ਤਿਨ ਕੈ ਸੰਗਿ ਸਾਥਿ   ਵਡਿਆ ਸਿਉ ਕਿਆ ਰੀਸ||
ਜਿਥੈ ਨੀਚ ਸਮਾਲੀਅਨਿ  ਤਿਥੈ ਨਦਰਿ ਤੇਰੀ ਬਖਸੀਸ||   (ਗੁ.ਗ੍ਰੰ.ਸਾ.ਪੰਨਾ-15)
ਅਰਥ: ਨਾਨਕ ਉਨ੍ਹਾਂ ਦਾ ਸਾਥੀ ਹੈ ਜੋ ਨੀਵੀਂ ਤੋਂ ਨੀਵੀਂ ਜਾਤ ਦੇ ਹਨ, ਨਾਨਕ ਉਨ੍ਹਾਂ ਦਾ ਸਾਥੀ ਹੈ ਜੋ ਨੀਵਿਆਂ ਤੋਂ ਵੀ ਅਤਿ ਨੀਵੇਂ ਅਖਵਾਉਂਦੇ ਹਨ| ਮੈਂਨੂੰ ਵੱਡੇ ਲੋਕਾਂ ਨਾਲ ਚਲਣ ਦੀ ਕੋਈ ਇੱਛਾ ਨਹੀਂ ਹੈ| ਹੇ ਮਾਲਕ! ਮੈਂਨੂੰ ਪਤਾ ਹੈ ਕਿ ਤੇਰੀ ਮਿਹਰ ਦੀ ਨਜ਼ਰ ਉੱਥੇ ਹੈ, ਜਿਥੇ ਗ਼ਰੀਬਾਂ ਦੀ ਸਾਰ ਲਈ ਜਾਂਦੀ ਹੈ|
ਜਿਸ ਵੇਲੇ ਉੱਚ ਜਾਤੀਏ ਲੋਕਾਂ ਨੇ, ਗੁਰੂ ਨਾਨਕ ਸਾਹਿਬ ਵੱਲੋਂ ਸਮਾਜ ਦੇ ਨੀਚ ਸਮਝੇ ਲੋਕਾਂ ਨਾਲ ਹਮਦਰਦੀ ਭਰਿਆ ਵਰਤਾਉ ਦੇਖਿਆ ਤਾਂ ਉਨ੍ਹਾਂ ਨੇ ਗੁਰੂ ਨਾਨਕ ਸਾਹਿਬ ਦੀ ਵਡਿਆਈ ਨੂੰ ਘਟਾਉਣ ਦੇ ਜਤਨ ਕਰਨੇ ਸ਼ੁਰੂ ਕਰ ਦਿੱਤੇ ਤਾਂ ਜੋ ਗੁਰੂ ਸਾਹਿਬ ਦੇ ਪ੍ਰਚਾਰ ਨੂੰ ਬੰਦ ਕੀਤਾ ਜਾ ਸਕੇ| ਲੋਕਾਂ ਵਿਚ ਇਹ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਕਿ ਗੁਰੂ ਨਾਨਕ ਨੀਵੀਂ ਜਾਤਾਂ ਦੇ ਲੋਕਾਂ ਨਾਲ ਮਿਲਣ ਕਰਕੇ ਭਿੱਟਿਆ ਗਿਆ ਹੈ ਅਤੇ ਨੀਚ ਬਣ ਗਿਆ ਹੈ| ਇਸ ਤਰ੍ਹਾਂ ਦੇ ਪ੍ਰਚਾਰ ਨੂੰ ਦੇਖ ਕੇ, ਗੁਰੂ ਸਾਹਿਬ ਆਪਣੇ ਮਾਲਕ ਪ੍ਰਭੂ ਨੂੰ ਇਸ ਪ੍ਰਕਾਰ ਬੇਨਤੀ ਕਰਦੇ ਹਨ:-
ਹਉ ਢਾਢੀਕਾ ਨੀਚ ਜਾਤਿ ਹੋਰਿ ਉਤਮ ਜਾਤਿ ਸਦਾਇਦੇ|  (ਗੁ.ਗ੍ਰੰ.ਸਾ.ਪੰਨਾ-468)
ਅਰਥ: ਹੇ ਪ੍ਰਮਾਤਮਾ! ਮੈਂ ਨੀਵੀਂ ਜਾਤ ਵਾਲਾ, ਤੇਰੇ ਦਰ ਦਾ ਮਾੜਾ ਜਿਹਾ ਢਾਢੀ ਹਾਂ, ਹੋਰ ਲੋਕ ਆਪਣੇ ਆਪ ਨੂੰ ਉੱਤਮ ਜਾਤ ਵਾਲੇ ਅਖਵਾਉਂਦੇ ਹਨ|
ਉਕਤ ਫ਼ੁਰਮਾਨ ਵਿਚ ਗੁਰੂ ਨਾਨਕ ਸਾਹਿਬ ਨੇ ਆਪਣੀ ਜਾਤ ਬਾਰੇ ਸਪੱਸ਼ਟ ਕਰ ਦਿੱਤਾ ਹੈ ਕਿ ਮੈਂ ਨੀਵੀਂ ਜਾਤ ਵਾਲਾ ਹਾਂ| ਗੁਰੂ ਨਾਨਕ ਸਾਹਿਬ ਤੋਂ ਮਗਰਲੇ ਨੌਂ ਗੁਰੂ ਸਾਹਿਬਾਨ, ਉਹ ਵੀ ਸਾਰੇ ਨਾਨਕ ਗੁਰੂ ਹੋਏ ਸਨ| ਜਿਸ ਦਾ ਸਬੂਤ ਗੁਰੂ ਗ੍ਰੰਥ ਵਿਚ ਦੇਖਿਆ ਜਾ ਸਕਦਾ ਹੈ| ਜਿਨ੍ਹਾਂ ਸਤਿਗੁਰਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੈ, ਉਨ੍ਹਾਂ ਨੇ ਆਪਣੀ ਬਾਣੀ ਵਿਚ ਆਪਣੇ ਆਪ ਨੂੰ ਨਾਨਕ ਲਿਖਿਆ ਹੈ| ਸਾਰੇ ਨਾਨਕ ਗੁਰੂ ਹੋਣ ਕਰਕੇ, ਸਾਰੇ ਸਤਿਗੁਰਾਂ ਦੀ ਜਾਤ ਨਾਨਕ ਵਾਲੀ ਹੀ ਹੈ| ਜਿਹੜਾ ਸਿੱਖ  ਕਹਿੰਦਾ ਹੈ ਕਿ ਮੈਂ ਗੁਰੂ ਦਾ ਸਿੱਖ ਹਾਂ, ਉਸ ਦੀ ਜਾਤ ਵੀ ਗੁਰੂ ਨਾਨਕ ਸਾਹਿਬ ਵਾਲੀ ਹੈ| ਇਸ ਤਰ੍ਹਾਂ ਸਮੁੱਚੇ ਸਿੱਖਾਂ ਦੀ ਜਾਤ ਵੀ ਗੁਰੂ ਨਾਨਕ ਸਾਹਿਬ ਵਾਲੀ ਹੀ ਹੋਈ| ਗੁਰਬਾਣੀ ਦਾ ਫ਼ੁਰਮਾਨ ਹੈ:-    
ਹਮਰੀ ਜਾਤਿ ਪਾਤਿ ਗੁਰੁ ਸਤਿਗੁਰੁ ਹਮ ਵੇਚਿਓ ਸਿਰੁ ਗੁਰ ਕੈ||
ਜਨ ਨਾਨਕ ਨਾਮੁ ਪਰਿਓ ਗੁਰ ਚੇਲਾ ਗੁਰ ਰਾਖਹੁ ਲਾਜ ਜਨ ਕੇ||  (ਗੁ.ਗ੍ਰੰ.ਸਾ.ਪੰਨਾ-731)
ਅਰਥ: ਹੇ ਭਾਈ! ਗੁਰੂ ਹੀ ਮੇਰੀ ਜਾਤ ਹੈ, ਗੁਰੂ ਹੀ ਮੇਰੀ ਇੱਜਤ ਹੈ, ਮੈਂ ਆਪਣਾ ਸਿਰ ਗੁਰੂ ਦੇ ਪਾਸ ਵੇਚ ਦਿੱਤਾ ਹੈ| ਹੇ ਦਾਸ ਨਾਨਕ ਆਖ ਕਿ ਹੇ ਗੁਰੂ! ਮੇਰਾ ਨਾਮ ਗੁਰੂ ਦਾ ਸਿੱਖਪੈ ਗਿਆ ਹੈ, ਹੁਣ ਤੂੰ ਆਪਣੇ ਇਸ ਸੇਵਕ ਦੀ ਇੱਜ਼ਤ ਰੱਖ ਲੈ|
ਇਕ ਕੌੜਾ ਸੱਚ ਮੰਨਣਾ ਹੀ ਪਵੇਗਾ
ਭਗਤ-ਜਨ ਜੋ ਕਿ ਸਮਾਜ ਵਿਚ ਨੀਚ ਸਮਝੇ ਜਾਂਦੇ ਸਨ, ਉਨ੍ਹਾਂ ਨੇ ਆਪਣੀ ਬਾਣੀ ਵਿਚ ਆਪਣੀ ਆਪਣੀ ਜਾਤ ਦਾ ਜ਼ਿਕਰ ਕੀਤਾ ਹੈ| ਜਿਸ ਨੂੰ ਪੜ੍ਹ ਕੇ ਅਕਸਰ ਕਿਹਾ ਜਾਂਦਾ ਹੈ ਕਿ ਭਗਤ ਰਵਿਦਾਸ ਜੀ ਚਮਾਰ ਸਨ, ਭਗਤ ਕਬੀਰ ਜੀ ਜੁਲਾਹੇ ਸਨ, ਭਗਤ ਨਾਮਦੇਵ ਜੀ ਛੀਂਬੇ ਸਨ, ਭਗਤ ਸੈਣ ਜੀ ਨਾਈ ਸਨ ਅਤੇ ਭਗਤ ਧੰਨਾ ਜੀ ਜੱਟ ਸਨ| ਭਗਤਾਂ ਦੇ ਸਮੇਂ ਤੋਂ ਹੀ ਇਨ੍ਹਾਂ ਭਗਤਾਂ ਨੂੰ ਮੰਨਣ ਵਾਲੇ ਲੋਕਾਂ ਨੇ ਆਪਣੇ ਆਪਣੇ ਭਗਤ ਦੀ ਜਾਤ ਅਨੁਸਾਰ ਆਪਣੀ ਆਪਣੀ ਜਾਤ-ਬਰਾਦਰੀ ਪ੍ਰਚਲਤ ਕੀਤੀ ਹੋਈ ਸੀ, ਜਿਹੜੀ ਹੁਣ ਵੀ ਪ੍ਰਚਲਤ ਹੈ|
ਹਉ ਢਾਢੀਕਾ ਨੀਚ ਜਾਤਿ ਹੋਰਿ ਉਤਮ ਜਾਤਿ ਸਦਾਇਦੇ|  (ਗੁ.ਗ੍ਰੰ.ਸਾ.ਪੰਨਾ-468) ਅਨੁਸਾਰ ਗੁਰੂ ਨਾਨਕ ਸਾਹਿਬ ਨੇ ਵੀ ਆਪਣੀ ਬਾਣੀ ਵਿਚ ਆਪਣੀ ਨੀਚ ਜਾਤ ਦਾ ਜ਼ਿਕਰ ਕੀਤਾ ਹੈ| ਸਿੱਖੀ ਦੀ ਬੁਨਿਆਦ ਗੁਰੂ ਨਾਨਕ ਸਾਹਿਬ ਨੇ ਰੱਖੀ ਸੀ ਅਤੇ ਸਿੱਖਾਂ ਦੀ ਪੀੜ੍ਹੀ ਵੀ ਗੁਰੂ ਨਾਨਕ ਸਾਹਿਬ ਤੋਂ ਚਲੀ ਸੀ|  ਫਿਰ ਕੀ ਕਾਰਣ ਹੈ ਕਿ ਗੁਰੂ ਨਾਨਕ ਸਾਹਿਬ ਨੂੰ ਆਪਣਾ ਗੁਰੂ ਮੰਨਣ ਵਾਲੇ ਸਿੱਖ, ਆਪਣੀ ਜਾਤ ਗੁਰੂ ਸਾਹਿਬ ਵਾਲੀ ਕਿਉਂ ਨਹੀਂ ਮੰਨਦੇ?
ਇੱਥੇ ਕੁੱਝ ਸਿੱਖ ਇਹ ਸਵਾਲ ਉਠਾ ਸਕਦੇ ਹਨ ਕਿ ਗੁਰੂ ਗ੍ਰੰਥ ਸਾਹਿਬ ਵਿਚ ਗਿਆਰਾਂ ਭੱਟਾਂ ਦੀ ਬਾਣੀ ਦਰਜ ਹੈ| ਉਸ ਵਿਚ ਭੱਟਾਂ ਨੇ ਸਿੱਖ-ਸਤਿਗੁਰਾਂ ਦੀ ਜਾਤ ਦਾ ਵਰਨਣ ਕੀਤਾ ਹੋਇਆ ਹੈ| ਸਾਨੂੰ ਇਕ ਗੱਲ ਸਮਝਣੀ ਚਾਹੀਦੀ ਹੈ ਕਿ ਭਗਤਾਂ ਜਨਾਂ ਅਤੇ ਭੱਟ ਜਨਾਂ ਨੇ ਜਿਹੜੀ ਬਾਣੀ ਉਚਾਰੀ ਸੀ, ਗੁਰੂ ਅਰਜੁਨ ਸਾਹਿਬ ਨੇ ਉਸ ਨੂੰ ਜਿਉਂ ਦਾ ਤਿਉਂ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਕਰਵਾਇਆ| ਕਿਸੇ ਦੀ ਰਚਨਾਂ ਵਿਚ ਕਾਂਟ-ਛਾਂਟ ਕਰਨਾ ਅਸੂਲਾਂ ਤੋਂ ਗਲਤ ਮੰਨਿਆ ਜਾਂਦਾ ਹੈ| ਕੇਵਲ ਭੱਟਾਂ ਨੇ ਹੀ ਆਪਣੀ ਬਾਣੀ ਵਿਚ ਸਿੱਖ-ਸਤਿਗੁਰਾਂ ਨੂੰ ਭੱਲਾ ਜਾਂ ਸੋਢੀ ਲਿਖਿਆ ਹੈ ਨਾ ਕਿ ਸਿੱਖ-ਸਤਿਗੁਰਾਂ ਨੇ ਆਪਣੇ ਆਪ ਨੂੰ ਭੱਲਾ ਜਾਂ ਸੋਢੀ ਲਿਖਿਆ| ਗੁਰੂ ਸਾਹਿਬ ਤਾਂ ਬ੍ਰਾਹਮਣੀ ਜਾਤੀਵੰਡ ਨੂੰ ਮੁਢੋਂ ਹੀ ਰੱਦ ਕਰਦੇ ਹਨ ਕਿਉਂਕਿ ਗੁਰੂ ਸਾਹਿਬ ਕਿਸੇ ਵੀ ਮਨੁੱਖ ਨੂੰ ਜਨਮ ਤੋਂ ਉੱਚਾ ਜਾਂ ਨੀਵਾਂ ਨਹੀਂ ਮੰਨਦੇ| ਗੁਰੂ ਸਾਹਿਬ ਸਾਰੀ ਮਨੁੱਖਤਾ ਦੀ ਸਰਬਸਾਂਝੀ ਇਕੋ ਜਾਤ ਮਨੁੱਖਮੰਨਦੇ ਹਨ|
ਜੇਕਰ ਸਿੱਖ, ਗੁਰੂ ਨਾਨਕ ਸਾਹਿਬ ਦੀ ਨੀਚ ਜਾਤ ਨਹੀਂ ਮੰਨਦੇ ਤਾਂ ਭਗਤਾਂ ਦੀ ਵੀ ਕੋਈ ਜਾਤ ਨਹੀਂ ਮੰਨਣੀ ਚਾਹੀਦੀ ਕਿਉਂਕਿ ਗੁਰਮਤਿ ਵਿਚ ਬ੍ਰਾਹਮਣੀ ਜਾਤੀਵੰਡ ਨੂੰ ਕੋਈ ਥਾਂ ਨਹੀਂ ਹੈ| ਇਹ ਕਿਵੇਂ ਹੋ ਸਕਦਾ ਕਿ ਗੁਰੂ ਨਾਨਕ ਸਾਹਿਬ ਆਪਣੇ ਆਪ ਨੂੰ ਨੀਚ ਜਾਤ ਦਾ ਆਖਣ ਅਤੇ ਗੁਰੂ ਦੇ ਸਿੱਖ ਆਪਣੇ ਆਪ ਨੂੰ ਉੱਚੀ ਜਾਤ ਦੇ ਆਖਣ?
ਬ੍ਰਾਹਮਣੀ ਜਾਤੀਵੰਡ ਅਨੁਸਾਰ ਜਿਹੜੇ ਸਿੱਖ ਆਪਣੀ ਉੱਚੀ ਜਾਤ ਦਾ ਮਾਣ ਕਰਦੇ ਹਨ| ਉਨ੍ਹਾਂ ਨੂੰ ਬੇਨਤੀ ਹੈ ਕਿ ਪਹਿਲਾਂ ਆਪਣੇ ਗੁਰੂ ਨੂੰ ਤਾਂ ਪੁੱਛ ਲਉ ਕਿ ਜਾਤ ਦਾ ਹੰਕਾਰ ਕਰਨ ਵਾਲਿਆਂ ਨੂੰ ਗੁਰਬਾਣੀ ਕਿਹੜਾ ਦਰਜਾ ਦਿੰਦੀ ਹੈ| ਗੁਰਬਾਣੀ ਦਾ ਫ਼ੁਰਮਾਨ ਹੈ:-
ਜਾਤਿ ਕਾ ਗਰਬੁ ਨ ਕਰਿ ਮੂਰਖ ਗਵਾਰਾ||
ਇਸੁ ਗਰਬ ਤੇ ਚਲਹਿ ਬਹੁਤੁ ਵਿਕਾਰਾ||1||ਰਹਾਉ||  (ਗੁ.ਗ੍ਰੰ..ਸਾ.ਪੰਨਾ-1127-28)
ਅਰਥ: ਹੇ ਮੂਰਖ਼! ਹੇ ਗਵਾਰ (ਅਸੱਭਿਅਕ) ਮਨੁੱਖ! ਉੱਚੀ ਜਾਤ ਦਾ ਹੰਕਾਰ ਨਾ ਕਰ| ਇਸ ਜਾਤੀ ਹੰਕਾਰ ਨਾਲ ਸਮਾਜ ਵਿਚ ਅਨੇਕਾਂ ਕਲੇਸ਼ ਪੈਦਾ ਹੋ ਜਾਂਦੇ ਹਨ|
ਯਾਦ ਰੱਖੋ, ਗੁਰੂ ਦਾ ਸਿੱਖ ਝੂਠੀ ਜਾਤ-ਗੋਤ ਦਾ ਮਾਣ ਕਰਕੇ, ਮੂਰਖ ਤੇ ਗਵਾਰ ਬਣਨਾ ਪਸੰਦ ਨਹੀਂ ਕਰਦਾ|
ਹੁਣ ਸਵਾਲ ਪੈਦਾ ਹੁੰਦਾ ਹੈ ਕਿ ਇਕ ਪਾਸੇ ਤਾਂ ਗੁਰੂ ਨਾਨਕ ਸਾਹਿਬ ਬ੍ਰਾਹਮਣੀ ਜਾਤੀਵੰਡ ਦੀ ਊਚ-ਨੀਚ ਨੂੰ ਪੂਰੀ ਤਰ੍ਹਾਂ ਰੱਦ ਕਰਦੇ ਹਨ ਅਤੇ ਦੂਜੇ ਪਾਸੇ ਆਪਣੇ ਆਪ ਨੂੰ ਨੀਚ ਮੰਨਦੇ ਹਨ, ਅਜਿਹਾ ਕਿਉਂ?
ਜੇਕਰ ਸਾਨੂੰ ਸਰੀਰ ਅਤੇ ਮਨ ਦੀ ਗੱਲ ਸਮਝ ਆ ਜਾਵੇ ਤਾਂ ਨੀਚ ਜਾਤ ਦਾ ਅਸਲ ਭੇਦ ਵੀ ਸਾਨੂੰ ਸਮਝ ਆ ਜਾਵੇਗਾ| ਯਾਦ ਰੱਖੋ, ਜਾਤੀਵੰਡ ਦਾ ਸਬੰਧ ਮਨੁੱਖ ਦੇ ਜਨਮ ਅਤੇ ਸਰੀਰ ਨਾਲ ਹੈ| ਇਸੇ ਕਰਕੇ ਹੀ ਮਨੁੱਖ ਦੇ ਸਰੀਰ ਨੂੰ ਉੱਚਾ ਜਾਂ ਨੀਵਾਂ ਮੰਨਿਆ ਜਾਂਦਾ ਸੀ| ਸਰੀਰ ਕਰਕੇ ਜਿੱਥੇ ਉੱਚੀਆਂ ਜਾਤਾਂ ਨੂੰ ਉੱਤਮ ਮੰਨਿਆ ਜਾਂਦਾ ਸੀ, ਉੱਥੇ ਸੂਦਰਾਂ ਨੂੰ ਨੀਚ ਮੰਨਿਆ ਜਾਂਦਾ ਸੀ| ਸੂਦਰਾਂ ਨੂੰ ਨੀਚ ਮੰਨਣ ਕਰਕੇ ਹੀ ਭਿੱਟਣ ਦੇ ਡਰੋਂ ਸੂਦਰਾਂ ਤੋਂ ਦੂਰ ਰਿਹਾ ਜਾਂਦਾ ਸੀ|
ਪਰ ਗੁਰੂ ਨਾਨਕ ਸਾਹਿਬ ਸਾਨੂੰ ਸਮਝਾਉਂਦੇ ਹਨ ਕਿ ਕੋਈ ਵੀ ਮਨੁੱਖ, ਜਨਮ ਜਾਂ ਸਰੀਰਕ ਜਾਤ ਕਰਕੇ, ਉੱਚਾ ਜਾਂ ਨੀਵਾਂ ਨਹੀਂ ਹੋ ਸਕਦਾ| ਕਿਸੇ ਵੀ ਮਨੁੱਖ ਦਾ ਸਰੀਰ, ਆਪਣੇ ਆਪ ਨਾ ਤਾਂ ਚੰਗੇ ਕੰਮ ਕਰ ਸਕਦਾ ਹੈ ਅਤੇ ਨਾ ਹੀ ਭੈੜੇ ਕੰਮ ਕਰ ਸਕਦਾ ਹੈ| ਮਨੁੱਖ ਤੋਂ ਚੰਗੇ ਜਾਂ ਭੈੜੇ ਕੰਮ ਕਰਾਉਣ ਵਾਲਾ, ਉਸ ਦਾ ਮਨ ਹੁੰਦਾ ਹੈ| ਜਿਸ ਮਨੁੱਖ ਦੇ ਮਨ ਵਿਚ ਚੰਗੇ ਵਿਚਾਰਾਂ ਦਾ ਸੰਗ੍ਰਹਿ ਹੁੰਦਾ ਹੈ, ਉਹ ਮਨੁੱਖਤਾ ਦੇ ਭਲੇਹਿੱਤ ਕੰਮ ਕਰਕੇ, ਨੇਕ ਇਨਸਾਨ ਅਖਵਾਉਂਦਾ ਹੈ| ਇਸ ਦੇ ਉਲਟ ਜਿਸ ਮਨੁੱਖ ਦੇ ਮਨ ਵਿਚ ਭੇੜੇ ਵਿਚਾਰਾਂ ਦਾ ਸੰਗ੍ਰਹਿ ਹੁੰਦਾ ਹੈ, ਉਹ ਮਨੁੱਖਤਾ ਦੇ ਨੁਕਸਾਨਹਿੱਤ ਕੰਮ ਕਰਕੇ, ਭੈੜਾ ਇਨਸਾਨ ਅਖਵਾਉਂਦਾ ਹੈ|
ਜਾਤੀਵੰਡ ਅਨੁਸਾਰ ਧਰਮ ਪ੍ਰਚਾਰ ਦਾ ਕੰਮ ਕੇਵਲ ਬ੍ਰਾਹਮਣ ਦਾ ਜਨਮ ਸਿੱਧ ਅਧਿਕਾਰ ਸਮਝਿਆ ਜਾਂਦਾ ਸੀ| ਹੋਰ ਕੋਈ ਧਰਮ ਪ੍ਰਚਾਰ ਨਹੀਂ ਸੀ ਕਰ ਸਕਦਾ, ਉਹ ਭਾਵੇਂ ਜਿੰਨਾ ਮਰਜ਼ੀ ਸਿਆਣਾ ਜਾਂ ਵਿਦਵਾਨ ਹੋਵੇ| ਪਰ ਗੁਰੁ ਸਾਹਿਬ ਸਮਝਾਉਂਦੇ ਹਨ ਕਿ ਕੋਈ ਵੀ ਮਨੁੱਖ ਆਪਣੇ ਮਨ ਕਰਕੇ, ਸਿਆਣਾ ਜਾਂ ਵਿਦਵਾਨ ਹੋ ਸਕਦਾ ਹੈ| ਸਰੀਰ ਕਰਕੇ ਕੋਈ ਵੀ ਮਨੁੱਖ ਸਿਆਣਾ ਜਾਂ ਵਿਦਵਾਨ ਨਹੀਂ ਹੋ ਸਕਦਾ| ਇਸੇ ਕਰਕੇ ਗੁਰੂ ਸਾਹਿਬ ਨੇ ਜਾਤੀਵੰਡ ਦੇ ਖਿਲਾਫ਼ ਅਵਾਜ਼ ਉਠਾਈ ਤਾਂ ਜੋ ਧਰਮ ਪ੍ਰਚਾਰ ਦਾ ਕੰਮ, ਸਮਾਜ ਦੇ ਮਿਹਨਤਕਸ ਅਤੇ ਸੂਝਵਾਨ ਲੋਕਾਂ ਦੇ ਹੱਥਾਂ ਵਿਚ ਦਿੱਤਾ ਜਾ ਸਕੇ|
ਜੇਕਰ ਕੋਈ ਚਿੱਕੜ ਵਿਚ ਫਸਿਆ ਹੋਵੇ, ਉਸ ਨੂੰ ਬਾਹਰ ਕੱਢਣ ਲਈ ਆਪ ਵੀ ਚਿੱਕੜ ਵਿਚ ਵੜਨਾ ਪੈਂਦਾ ਹੈ ਅਤੇ ਚਿੱਕੜ ਨਾਲ ਲਿਬੜਨਾ ਵੀ ਪੈਂਦਾ ਹੈ| ਇਸੇ ਤਰ੍ਹਾਂ ਗੁਰੂ ਨਾਨਕ ਸਾਹਿਬ ਨੇ ਸਮਾਜ ਦੇ ਨੀਚ ਸਮਝੇ ਜਾਂਦੇ ਲੋਕਾਂ ਨੂੰ ਨੀਚਤਾ ਦੇ ਚਿੱਕੜ ਵਿਚੋਂ ਬਾਹਰ ਕੱਢਣ ਲਈ, ਆਪ ਉਨ੍ਹਾਂ ਵਿਚ ਚਲੇ ਗਏ ਅਤੇ ਆਪਣੇ ਨਾਮ ਨਾਲ ਨੀਚਤਾ ਦਾ ਚਿੱਕੜ ਲਵਾਇਆ| ਜਦੋਂ ਪੁਜਾਰੀ ਸ੍ਰੇਣੀ ਨੇ ਦੇਖਿਆ ਕਿ ਗੁਰੂ ਨਾਨਕ ਸਮਾਜ ਦੇ ਨੀਚ ਲੋਕਾਂ ਨਾਲ ਰਲ ਗਿਆ ਹੈ ਤਾਂ ਉਨ੍ਹਾਂ ਨੂੰ ਭੰਡਣ ਦਾ ਮੌਕਾ ਮਿਲ ਗਿਆ| ਉਨ੍ਹਾਂ ਨੇ ਗੁਰੂ ਸਾਹਿਬ ਦੇ ਪ੍ਰਚਾਰ ਨੂੰ ਰੋਕਣ ਲਈ ਨੀਚ ਕਹਿ ਕੇ ਭੰਡਣਾ ਸ਼ੁਰੂ ਕਰ ਦਿੱਤਾ| ਪੁਜਾਰੀ ਸ੍ਰੇਣੀ ਨੇ ਭਗਤਾਂ ਦੇ ਪ੍ਰਚਾਰ ਨੂੰ ਰੋਕਣ ਲਈ ਵੀ ਭਗਤਾਂ ਨੂੰ ਚਮਾਰ ਜਾਂ ਸੂਦਰ ਕਹਿ ਕੇ ਭੰਡਣਾ ਸੂਰੂ ਕਰ ਦਿੱਤਾ ਸੀ| ਜਿਸ ਦੀ ਗਵਾਹੀ ਭਗਤ ਬਾਣੀ ਵਿਚ ਮਿਲਦੀ ਹੈ| ਗੁਰੂ ਸਾਹਿਬ ਨੂੰ ਨੀਚ ਕਹਿਣ ਦਾ ਫਤਵਾ ਵੀ ਅਸਲ ਵਿਚ ਉਸ ਸਮੇਂ ਦੀ ਪੁਜਾਰੀ ਸ਼੍ਰੇਣੀ ਨੇ ਹੀ ਦਿੱਤਾ ਸੀ|
ਗੁਰੂ ਸਾਹਿਬ ਨੇ ਅਜਿਹੇ ਲੋਕਾਂ ਨੂੰ ਕਿਹਾ, “ਜੇਕਰ ਤੁਸੀ ਮੈਂਨੂੰ ਨੀਚ ਸਮਝਦੇ ਹੋ ਤਾਂ ਮੈਂ ਨੀਚ ਹੀ ਸਹੀ|”  ਕਈਆਂ ਨੇ ਗੁਰੂ ਸਾਹਿਬ ਨੂੰ ਬੇਤਾਲਾ ਕਿਹਾ ਸੀ ਅਤੇ ਕਈਆਂ ਨੇ ਭੂਤਨਾ ਕਿਹਾ ਸੀ| ਇਹ ਸਾਰੇ ਨਾਂ ਗੁਰੂ ਸਾਹਿਬ ਦੀ ਵਡਿਆਈ ਨੂੰ ਘਟਾਉਣ ਲਈ, ਉਸ ਸਮੇਂ ਦੀ ਪੁਜਾਰੀ ਸ੍ਰੇਣੀ ਨੇ ਹੀ ਘੜੇ ਸਨ| ਗੁਰੂ ਸਾਹਿਬ ਕੋਈ ਨੀਚ, ਬੇਤਾਲਾ ਜਾਂ ਭੂਤਨਾ ਨਹੀਂ ਸਨ| ਬਲਿਹਾਰੇ ਜਾਈਏ ਗੁਰੂ ਸਾਹਿਬ ਤੋਂ ਜਿਨ੍ਹਾਂ ਨੇ ਆਪਣੇ ਆਪ ਨੂੰ ਨੀਚ, ਬੇਤਾਲਾ ਜਾਂ ਭੂਤਨਾ ਅਖਵਾ ਕੇ ਵੀ ਕਿਸੇ ਮਾਣ-ਅਪਮਾਨ ਦੀ ਪ੍ਰਵਾਨ ਨਹੀਂ ਕੀਤੀ| ਇਹੋ ਦਲੇਰੀ ਭਰਿਆ ਕਾਰਨਾਮਾ, ਸਿੱਖ ਕੌਮ ਦੀ ਸਿਰਜਣਾ ਦਾ ਕਾਰਣ ਬਣਿਆ|
ਸੂਦਰ ਲੋਕਾਂ ਨੂੰ ਗੁਰੂ ਨਾਨਕ ਸਾਹਿਬ ਤੇ ਭਰੋਸਾ ਹੋ ਗਿਆ ਕਿ ਇਹ ਮਹਾਂਪੁਰਸ਼ ਸਾਡਾ ਅਸਲ ਹਮਦਰਦ ਹੈ| ਬਸ ਇਹੋ ਕਾਰਣ ਸੀ ਕਿ ਗੁਰੂ ਸਾਹਿਬ ਦੀਆਂ ਸੱਚ-ਭਰਪੂਰ ਸਿੱਖਿਆਵਾਂ ਸੁਣਨ ਲਈ, ਅਣਗਿਣਤ ਲੋਕ ਜੁੜ ਬੈਠਦੇ| ਗੁਰੂ ਸਾਹਿਬ ਵੱਲੋਂ ਆਪਣੇ ਆਪ ਨੂੰ ਨੀਚ ਆਖਣ ਨਾਲ, ਲੋਕਾਂ ਉੱਤੇ ਅਜਿਹਾ ਅਸਰ ਹੋਇਆ ਕਿ ਸਮਾਜ ਦਾ ਸੂਦਰ ਸਮਝਿਆ ਜਾਣ ਵਾਲਾ ਲੋਕਾਂ ਦਾ ਵਰਗ, ਗੁਰੂ ਸਾਹਿਬ ਪਿੱਛੇ ਲੱਗ ਕੇ ਸਿੱਖ ਬਣ ਗਿਆ ਸੀ| ਗੁਰੂ ਸਾਹਿਬ ਨੇ ਆਪਣੀਆਂ ਸਿੱਖਿਆਵਾਂ ਰਾਹੀਂ ਸੂਦਰ ਲੋਕਾਂ ਦੇ ਜੀਵਨ ਵਿਚ ਐਸਾ ਪਲਟਾ ਲਿਆਂਦਾ ਕਿ ਉਨ੍ਹਾਂ ਦੇ ਜੀਵਨ ਅੰਦਰ ਸਵੈਮਾਨ ਜਾਗ ਪਿਆ| ਜਿਉਂ ਜਿਉਂ ਗੁਰੂ ਸਾਹਿਬ ਪ੍ਰਚਾਰ ਕਰਦੇ ਤਿਉਂ ਤਿਉਂ ਸਮਾਜ ਦੇ ਦੁਰਕਾਰੇ ਅਤੇ ਲਿਤਾੜੇ ਹੋਏ ਲੋਕ, ਗੁਰੂ ਸਾਹਿਬ ਦੇ ਪਿੱਛੇ ਲਗਦੇ ਗਏ ਅਤੇ ਕਾਫ਼ਲਾ ਹੋਰ ਵਧਦਾ ਗਿਆ| ਗੁਰੂ ਨਾਨਕ ਸਾਹਿਬ ਦੇ ਉਪਕਾਰਾਂ ਸਦਕਾ ਸਮਾਜ ਦੇ ਨੀਚ ਸਮਝੇ ਜਾਂਦੇ ਲੋਕਾਂ ਨੂੰ ਧਰਮ ਪ੍ਰਚਾਰ ਕਰਨ ਦਾ ਅਧਿਕਾਰ ਵੀ ਮਿਲ ਗਿਆ ਸੀ|
ਗੁਰੂ ਸਾਹਿਬ ਨੇ ਸਮਾਜ ਦੇ ਨੀਚ ਲੋਕਾਂ ਨੂੰ ਇਕੱਠਾ ਕਰਕੇ ਇਕ ਸ਼ਕਤੀਸ਼ਾਲੀ ਸਿੱਖ-ਕੌਮ ਦੀ ਸਿਰਜਣਾ ਕੀਤੀ, ਜਿਸ ਨੇ ਅੱਗੇ ਜਾ ਕੇ,  ਮੁਗ਼ਲ ਹਕੂਮਤ ਦੇ ਰਾਜ ਦਾ ਸਦੀਆਂ ਪੁਰਾਣਾ ਤਖ਼ਤਾ ਉਲਟਾ ਕੇ, ਇਹ ਸਾਬਤ ਕਰ ਦਿੱਤਾ ਸੀ ਕਿ ਭਾਰਤ ਵਿਚ ਇਕ ਸ਼ਕਤੀਸ਼ਾਲੀ ਅਤੇ ਬਹਾਦਰਾਂ ਦੀ ਕੌਮ ਵਸਦੀ ਹੈ|
ਇਹ ਸੀ, ਗੁਰੂ ਨਾਨਕ ਸਾਹਿਬ ਵੱਲੋਂ ਆਪਣੇ ਆਪ ਨੂੰ ਨੀਚ ਕਹਿਣ ਦਾ ਅਸਲ ਭੇਦ| ਗੁਰੂ ਨਾਨਕ ਸਾਹਿਬ ਸਿੱਖੀ ਦੇ ਮੋਢੀ ਹੋਣ ਕਰਕੇ, ਸਾਰੇ ਸਿੱਖਾਂ ਦੇ ਗੁਰ-ਪਿਤਾ ਹਨ| ਇਸ ਲਈ ਜੋ ਜਾਤ ਗੁਰੂ ਨਾਨਕ ਦੀ ਹੈ, ਉਹੀ ਜਾਤ ਗੁਰੂ ਦੇ ਸਿੱਖ ਪੁੱਤਰਾਂ ਦੀ ਹੈ| ਇਹੋ ਕਾਰਣ ਹੈ ਕਿ ਗੁਰਮਤਿ ਵਿਰੋਧੀ ਲੋਕ, ਅੱਜ ਵੀ ਸਿੱਖ-ਧਰਮ ਨੂੰ ਚੁਹੜੇ-ਚਮਾਰਾਂ ਦਾ ਧਰਮ ਆਖ ਕੇ, ਆਪਣੀ ਨਫ਼ਰਤ ਦਾ ਇਜ਼ਹਾਰ ਕਰਦੇ ਰਹਿੰਦੇ ਹਨ|
ਸਪੱਸ਼ਟ ਹੈ ਕਿ ਗੁਰੂ ਸਾਹਿਬ ਨੇ ਆਪਣੇ ਆਪ ਨੂੰ ਨੀਚ ਇਸ ਕਰਕੇ ਮੰਨਿਆ ਸੀ ਤਾਂ ਜੋ ਕੋਈ ਸਿੱਖ ਕਿਸੇ ਨਾਲ ਜਾਤੀ ਨਫ਼ਰਤ ਨਾ ਕਰੇ ਅਤੇ ਆਪਣੇ ਆਪ ਨੂੰ ਨੀਚ ਹੀ ਸਮਝੇ|
ਬੇਸ਼ੱਕ ਪੁਜਾਰੀ ਸ਼੍ਰੇਣੀ ਦੀ ਨਜ਼ਰਾਂ ਵਿਚ ਗੁਰੂ ਨਾਨਕ ਸਾਹਿਬ ਨੀਚ ਸਨ, ਪਰ ਗੁਰੂ ਨਾਨਕ ਸਾਹਿਬ ਨੇ ਇਸ ਮਨੁੱਖਤਾ ਦੇ ਭਲੇਹਿੱਤ ਜਿਹੜੇ ਪਰਉਪਕਾਰ ਕੀਤੇ, ਉਨ੍ਹਾਂ ਨੂੰ ਦੇਖ ਕੇ ਅਸੀਂ ਕਹਿ ਸਕਦੇ ਹਾਂ ਕਿ ਗੁਰੂ ਨਾਨਕ ਸਾਹਿਬ ਹੀ ਇਸ ਜਗਤ ਵਿਚ ਸੱਚ-ਧਰਮ ਦੇ ਸਭ ਤੋਂ ਵੱਡੇ ਹਾਮੀ ਅਤੇ ਸਭ ਤੋਂ ਮਹਾਨ ਸ਼ਖਸੀਅਤ ਸਨ|
ਹੁਣ ਦੇਖੋ, ਗੁਰਬਾਣੀ ਵਿਚ ਨੀਚ ਸਬਦ ਦੇ ਵੱਖ-ਵੱਖ ਅਰਥ ਭਾਵ
ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਵਿਚ ਜਿਵੇਂ ਰਾਮ ਸ਼ਬਦ ਨੂੰ ਦੋ ਅਰਥਾਂ ਵਿਚ ਲਿਆ ਗਿਆ ਹੈ, ਉਸੇ ਤਰ੍ਹਾਂ ਨੀਚ ਸ਼ਬਦ ਨੂੰ ਵੀ ਦੋ ਅਰਥਾਂ ਵਿਚ ਲਿਆ ਗਿਆ ਹੈ| ਜਿਵੇਂ ਕਿ:-
ਰੋਵੈ ਰਾਮੁ ਨਿਕਾਲਾ ਭਇਆ|| ਸੀਤਾ ਲਖਮਣੁ ਵਿਛੁੜਿ ਗਇਆ|| (ਗੁ.ਗ੍ਰੰ..ਸਾ.ਪੰਨਾ-953-54)
ਅਰਥ: ਜਦੋਂ ਰਾਮ ਚੰਦਰ ਜੀ ਨੂੰ ਦੇਸ ਨਿਕਾਲਾ ਮਿਲਿਆ ਸੀ, ਉਦੋਂ ਸੀਤਾ ਲਛਮਣ ਦੇ ਵਿਛੜ ਜਾਣ ਨਾਲ ਰੋਏ|
ਸਭੈ ਘਟ ਰਾਮੁ ਬੋਲੈ  ਰਾਮਾ ਬੋਲੈ|| ਰਾਮ ਬਿਨਾ ਕੋ ਬੋਲੈ ਰੇ|| ਰਹਾਉ|| (ਗੁ.ਗ੍ਰੰ..ਸਾ.ਪੰਨਾ-988)
ਅਰਥ: ਹੇ ਭਾਈ! ਸਾਰੇ ਸਰੀਰਾਂ ਵਿਚ ਰਾਮ (ਪ੍ਰਮਾਤਮਾ) ਬੋਲਦਾ ਹੈ, ਪ੍ਰਮਾਤਮਾ ਹੀ ਬੋਲਦਾ ਹੈ| ਪ੍ਰਮਾਤਮਾ ਤੋਂ ਬਿਨਾ ਹੋਰ ਕੋਈ ਨਹੀਂ ਬੋਲਦਾ| ਰਹਾਉ|
ਨੋਟ ਕਰਨ ਵਾਲੀ ਗੱਲ ਇਹ ਹੈ ਕਿ ਰਾਮ ਸ਼ਬਦ ਦਾ ਉਚਾਰਨ  ਇਕ ਹੈ ਅਤੇ ਅੱਖਰਾਂ ਦੀ ਬਣਤਰ ਵੀ ਇਕ ਹੈ ਪਰ ਅਰਥ ਭਾਵਾਂ ਵਿਚ ਬਹੁਤ ਫ਼ਰਕ ਹੈ|
ਹੁਣ ਦੇਖੋ ਨੀਚ ਸ਼ਬਦ ਦੀ ਭਿੰਨਤਾ| ਬੇਸ਼ੱਕ ਪੁਜਾਰੀ ਸ੍ਰੇਣੀ ਨੇ ਜਨਮ ਦੇ ਅਧਾਰ ਤੇ ਜਾਤੀਵੰਡ ਅਨੁਸਾਰ ਸਭ ਤੋਂ ਨੀਵੀਂ ਜਾਤ ਵਾਲੇ ਮਨੁੱਖ ਨੂੰ ਹੀ ਨੀਚ ਕਿਹਾ ਹੈ| ਪਰ ਗੁਰਬਾਣੀ ਵਿਚ ਨੀਚ ਸ਼ਬਦ, ਕਿਸੇ ਮਨੁੱਖ ਦੀ ਮਾਨਸਿਕ ਅਵਸਥਾ ਲਈ ਵਰਤਿਆ ਗਿਆ ਹੈ| ਜਿਹੜਾ ਮਨੁੱਖ, ਆਪਣੇ ਜੀਵਨ ਵਿਚ ਚੰਗੇ ਗੁਣਾਂ ਨੂੰ ਧਾਰਨ ਕਰਦਾ ਹੋਇਆ, ਮਨੁੱਖਤਾ ਦੇ ਭਲੇਹਿੱਤ ਕੰਮ ਕਰਦਾ ਹੈ ਅਤੇ ਆਪਣੇ ਆਪ  ਨੂੰ ਸਭ ਤੋਂ ਨੀਵਾਂ ਸਮਝਦਾ ਹੈ, ਗੁਰਬਾਣੀ ਅਜਿਹੇ ਮਨੁੱਖ ਨੂੰ ਸਭ ਤੋਂ ਉੱਤਮ ਮਨੁੱਖ ਹੋਣ ਦਾ ਦਰਜਾ ਦਿੰਦੀ ਹੈ| ਗੁਰਬਾਣੀ ਦਾ ਫ਼ੁਰਮਾਨ ਹੈ:-
ਆਪਸ ਕਉ ਜੋ ਜਾਣੇ ਨੀਚਾ|| ਸੋਊ ਗਨੀਐ ਸਭ ਤੇ ਉੂਚਾ|| (ਗੁ.ਗ੍ਰੰ..ਸਾ.ਪੰਨਾ-266)
ਅਰਥ: ਜਿਹੜਾ ਮਨੁੱਖ ਆਪਣੇ ਆਪ ਨੂੰ ਸਾਰਿਆਂ ਤੋਂ ਨੀਵਾਂ ਸਮਝਦਾ ਹੈ, ਉਸ ਮਨੁੱਖ ਨੂੰ ਸਾਰਿਆਂ ਤੋਂ ਚੰਗਾ ਭਾਵ ਸ੍ਰੇਸ਼ਟ ਸਮਝਣਾ ਚਾਹੀਦਾ ਹੈ|
ਇਸ ਦੇ ਉਲਟ ਜਿਹੜਾ ਮਨੁੱਖ, ਆਪਣੇ ਜੀਵਨ ਵਿਚ ਔਗਣਾਂ ਨੂੰ ਧਾਰਨ ਕਰਦਾ ਹੋਇਆ, ਮਨੁੱਖਤਾ ਦੇ ਨੁਕਸਾਨਹਿਤ ਕੰਮ ਕਰਦਾ ਹੈ, ਗੁਰਬਾਣੀ ਅਜਿਹੇ ਮਨੁੱਖ ਨੂੰ ਨੀਚ ਹੋਣ ਦਾ ਦਰਜਾ ਦਿੰਦੀ ਹੈ| ਗੁਰਬਾਣੀ ਦਾ ਫ਼ੁਰਮਾਨ ਹੈ:-
ਬਿਨੁ ਨਾਵੈ ਸਭ ਨੀਚ ਜਾਤਿ ਹੈ ਬਿਸਟਾ ਕਾ ਕੀੜਾ ਹੋਇ|| (ਗੁ.ਗ੍ਰੰ..ਸਾ.ਪੰਨਾ-426)
ਅਰਥ: ਪ੍ਰਭੂ ਦੇ ਨਾਮ ਤੋਂ ਬਿਨਾਂ ਸਾਰੀ ਲੋਕਾਈ ਹੀ ਨੀਵੀਂ ਜਾਤ ਵਾਲੀ ਹੈ, ਨਾਮ ਤੋਂ ਖੁੰਝ ਕੇ ਲੁਕਾਈ ਵਿਕਾਰਾਂ ਦੇ ਗੰਦ ਵਿਚ ਟਿਕੀ ਰਹਿੰਦੀ ਹੈ, ਜਿਵੇਂ ਵਿਸ਼ਟਾ (ਗੰਦਗੀ) ਦਾ ਕੀੜਾ ਵਿਸ਼ਟਾ ਵਿਚ ਮਗਨ ਰਹਿੰਦਾ ਹੈ|
ਪ੍ਰਮਾਤਮਾ ਦਾ ਨਾਮ ਸਾਰੀ ਲੋਕਾਈ ਲੈਂਦੀ ਹੈ| ਸਿੱਖ ਵੀ ਵਾਹਿਗੁਰੂ…ਵਾਹਿਗੁਰੂ ਬਹੁਤ ਕਰਦੇ ਹਨ| ਪਰ ਗੁਰਬਾਣੀ ਅਨੁਸਾਰ ਕਿਹੜਾ ਸਿੱਖ, ਗੁਰੂ ਅੱਗੇ ਮਨੁੱਖ ਪ੍ਰਵਾਨ ਹੈ? ਗੁਰਬਾਣੀ ਦਾ ਬਹੁਤ ਹੀ ਸਪੱਸ਼ਟ ਜਵਾਬ ਹੈ:-
ਮੁਖਹੁ ਹਰਿ ਹਰਿ ਸਭੋ ਕੋ ਕਰੈ  ਵਿਰਲੈ ਹਿਰਦੈ ਵਸਾਇਆ||
ਨਾਨਕ ਜਿਨ ਕੈ ਹਿਰਦੈ ਵਸਆਿ ਮੋਖ ਮੁਕਤਿ ਤਿਨ ਪਾਇਆ||   (ਗੁ.ਗ੍ਰੰ..ਸਾ.ਪੰਨਾ-565)
ਅਰਥ: ਹੇ ਭਾਈ! ਮੂੰਹ ਨਾਲ (ਬਾਹਰੋਂ ਬਾਹਰੋਂ) ਤਾਂ ਹਰੇਕ ਮਨੁੱਖ ਪ੍ਰਮਾਤਮਾ ਦਾ ਨਾਮ ਉਚਾਰ ਲੈਂਦਾ ਹੈ ਪਰ ਕਿਸੇ ਵਿਰਲੇ ਨੇ ਪ੍ਰਮਾਤਮਾ ਦੇ ਨਾਮ ਨੂੰ ਆਪਣੇ ਹਿਰਦੇ ਵਿਚ ਵਸਾਇਆ ਹੈ| ਹੇ ਨਾਨਕ! ਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿਚ ਪ੍ਰਮਾਤਮਾ ਦਾ ਨਾਮ ਆ ਵਸਦਾ ਹੈ, ਉਹ ਮਨੁੱਖ ਵਿਕਾਰਾਂ ਤੋਂ ਖ਼ਲਾਸੀ ਪ੍ਰਾਪਤ ਕਰ ਲੈਂਦੇ ਹਨ|
ਗੁਰਬਾਣੀ ਨੇ ਫ਼ੈਸਲਾ ਕਰ ਦਿੱਤਾ ਹੈ ਕਿ ਜਿਸ ਮਨੁੱਖ ਦੇ ਹਿਰਦੇ ਵਿਚ ਪ੍ਰਮਾਤਮਾ ਦਾ ਨਾਮ ਵਸਿਆ ਹੁੰਦਾ ਹੈ, ਕੇਵਲ ਉਹ ਮਨੁੱਖ ਹੀ ਵਿਕਾਰਾਂ ਤੋਂ ਬੱਚਿਆ ਹੁੰਦਾ ਹੈ| ਹੁਣ ਸਵਾਲ ਪੈਦਾ ਹੁੰਦਾ ਹੈ ਕਿ ਅਜਿਹੇ ਮਨੁੱਖ ਸੰਸਾਰ ਵਿਚ ਕਿੰਨੇ ਕੁ ਹਨ? ਗੁਰਬਾਣੀ  ਦਾ ਜਵਾਬ ਹੈ:-

ਤੇਰਾ ਜਨੁ ਏਕੁ ਆਧੁ ਕੋਈ||ਕਾਮੁ ਕ੍ਰੋਧੁ ਲੋਭੁ ਮੋਹੁ ਬਿਬਰਜਿਤ   ਹਰਿ ਪਦੁ ਚੀਨੈ ਸੋਈ||  (ਗੁ.ਗ੍ਰੰ..ਸਾ.ਪੰਨਾ-1123)

 • ਅਰਥ: ਹੇ ਪ੍ਰਭੂ! ਕੋਈ ਵਿਰਲਾ ਮਨੁੱਖ ਹੀ ਤੇਰਾ ਬਣ ਕੇ ਰਹਿੰਦਾ ਹੈ, ਜਿਹੜਾ ਕਾਮ, ਕਰੋਧ, ਲੋਭ, ਮੋਹ ਆਦਿਕ ਵਿਕਾਰਾਂ ਤੋਂ ਆਪਣੇ ਆਪ ਨੂੰ ਵਰਜ ਕੇ ਰੱਖਦਾ ਹੈ| ਜਿਹੜਾ ਮਨੁੱਖ ਇਨ੍ਹਾਂ ਵਿਕਾਰਾਂ ਤੋਂ ਦੂਰ ਰਹਿੰਦਾ ਹੈ, ਉਹੀ ਮਨੁੱਖ ਪ੍ਰਭੂ ਦੇ ਮਿਲਾਪ ਵਾਲੀ ਅਵਸਥਾ ਹਾਸਲ ਕਰਦਾ ਹੈ|
  ਗੁਰਬਾਣੀ ਦੇ ਉਕਤ ਫ਼ੁਰਮਾਨ ਦੇ ਸਨਮੁੱਖ ਕੋਈ ਵੀ ਮਨੁੱਖ ਇਹ ਦਾਅਵਾ ਨਹੀਂ ਕਰ ਸਕਦਾ ਕਿ ਮੈਂ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦੀ ਜਕੜ ਤੋਂ ਬਚਿਆ ਹੋਇਆ ਹਾਂ| ਵਿਕਾਰਾਂ ਨੂੰ ਖ਼ਤਮ ਕਰਨ ਲਈ ਨਾ ਤਾਂ ਕੋਈ ਧਾਰਮਕ ਬੁਰਕਾ ਕੰਮ ਆਉਂਦਾ ਹੈ, ਨਾ ਹੀ ਕੋਈ ਦਵਾਈ ਕੰਮ ਆਉਂਦੀ ਹੈ, ਨਾ ਹੀ ਕੋਈ ਪੜ੍ਹਾਈ ਕੰਮ ਆਉਂਦੀ ਹੈ ਅਤੇ ਨਾ ਹੀ ਕੁਈ ਹੁਸ਼ਿਆਰੀ ਕੰਮ ਆਉਂਦੀ ਹੈ| ਅੱਜ ਦੇ ਸਮੇਂ ਵਿਚ ਆਪਣੇ ਆਪ ਨੂੰ ਵੱਡੇ ਵੱਡੇ ਗੁਰੂ/ਸਾਧ/ਸੰਤ/ਬ੍ਰਹਮਗਿਆਨੀ/ਮਹਾਂਪੁਰਸ਼ ਅਖਵਾਉਣ ਦਾ ਨਾਟਕ ਕਰਨ ਵਾਲੇ ਵੀ ਵਿਕਾਰਾਂ ਤੋਂ ਆਪਣੇ ਆਪ ਨੂੰ ਬਚਾ ਨਹੀਂ ਸਕੇ|
  ਨੋਟ ਕਰਨ ਵਾਲੀ ਗੱਲ ਹੈ ਕਿ ਨੀਚ ਸ਼ਬਦ ਦਾ ਉਚਾਰਨ ਇਕ ਹੈ ਅਤੇ ਸ਼ਬਦਾਂ ਦੀ ਬਣਤਰ ਵੀ ਇਕ ਹੈ ਪਰ ਅਰਥ ਭਾਵਾਂ ਵਿਚ ਬਹੁਤ ਫ਼ਰਕ ਹੈ| ਨੀਚ ਸ਼ਬਦ ਦੇ ਅਰਥ ਭਾਵਾਂ ਨੇ ਸਾਨੂੰ ਸਮਝ ਦਿੱਤਾ ਹੈ ਕਿ ਕੋਈ ਵੀ ਸਿੱਖ ਆਪਣੇ ਆਪ ਨੂੰ ਉੱਚਾ ਨਹੀਂ ਅਖਵਾ ਸਕਦਾ| ਜੇਕਰ ਸਿੱਖ, ਮਨੁੱਖਤਾ ਦੇ ਭਲੇਹਿੱਤ ਕੰਮ ਕਰਦੇ ਹਨ ਤਾਂ ਵੀ ਉਨ੍ਹਾਂ ਨੇ ਆਪਣੇ ਅੰਦਰ ਹੰਕਾਰ ਨਹੀਂ ਕਰਨਾ ਸਗੋਂ ਆਪਣੇ ਆਪ ਨੂੰ ਨੀਵਾਂ ਹੀ ਸਮਝਣਾ ਹੈ| ਸਿੱਖੀ ਵਿਚ ਕੇਵਲ ਮਨ ਦੀ ਅਵਸਥਾ ਅਨੁਸਾਰ ਮਨੁੱਖ ਦੀ ਕਦਰ ਪੈਂਦੀ ਹੈ|
  ਅਖ਼ੀਰ ਵਿਚ ਸਾਰੇ ਸਿੱਖਾਂ ਨੂੰ ਪੁਰਜ਼ੋਰ ਬੇਨਤੀ ਹੈ ਕਿ ਜੇਕਰ ਅਸੀਂ, ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਸਿੱਖਿਆਵਾਂ ਅਤੇ ਸਿੱਖ-ਕੌਮ ਨੂੰ ਸੰਸਾਰ ਪੱਧਰ ਤੇ ਫੈਲਾਉਣਾ ਚਾਹੁੰਦੇ ਹਾਂ ਤਾਂ ਸਾਨੂੰ ਸਾਰੇ ਸਿੱਖਾਂ ਦੀ ਇਕੋ ਜਾਤ ਮਨੁੱਖਮੰਨਣੀ ਪਵੇਗੀ| ਜੇਕਰ ਅਸੀਂ ਕਿਸੇ ਸਿੱਖ ਦੀ ਉੱਚੀ ਜਾਂ ਨੀਵੀਂ ਜਾਤ ਦੇਖਣਾ ਹੀ ਚਾਹੁੰਦੇ ਹਾਂ ਤਾਂ ਉਹ ਸਿੱਖ ਦੇ ਕਿਰਦਾਰ ਵਿਚੋਂ ਨਜ਼ਰ ਆਵੇਗੀ| ਜਦੋਂ ਤਕ ਸਿੱਖ ਅਜਿਹਾ ਨਹੀਂ ਕਰਦੇ, ਉਦੋਂ ਤਕ ਸਿੱਖ-ਕੌਮ ਦੇ ਹੋ ਰਹੇ ਪਤਨ ਨੂੰ ਕੋਈ ਨਹੀਂ ਰੋਕ ਸਕੇਗਾ| ਜਿਹੜੇ ਸਿੱਖ, ਗੁਰੂ ਨਾਨਕ ਸਾਹਿਬ ਦੇ ਪਰਉਪਕਾਰਾਂ ਨੂੰ ਭੁੱਲ ਕੇ ਅਗਿਆਨਤਾਵਸ ਡੇਰਿਆਂ ਵੱਲ ਚਲੇ ਗਏ ਹਨ| ਉੱਥੇ ਜਾ ਕੇ ਉਹ ਕਿਹੜਾ ਸਵਰਨ ਜਾਤੀ ਦੇ ਬਣ ਗਏ ਹਨ, ਉੱਥੇ ਜਾ ਕੇ ਹੁਣ ਵੀ ਉਹੀ ਹਨ ਜੋ ਉਹ ਆਪਣੇ ਆਪ ਨੂੰ ਪਹਿਲਾਂ ਸਮਝਦੇ ਸਨ| ਉਨ੍ਹਾਂ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਜੋ ਸਵੈਮਾਨ, ਗੁਰੂ ਨਾਨਕ ਸਾਹਿਬ ਦੇ ਚਲਾਏ ਮਾਰਗ ਉੱਤੇ ਚਲ ਕੇ ਮਿਲ ਸਕਦਾ ਹੈ, ਉਹ ਦੁਨੀਆਂ ਦੇ ਕਿਸੇ ਹੋਰ ਮਾਰਗ ਤੇ ਚਲ ਕੇ ਨਹੀਂ ਮਿਲ ਸਕਦਾ| ਇਹ ਇਕ ਅਟੱਲ ਸਚਾਈ ਹੈ|
  ਦਵਿੰਦਰ ਸਿੰਘ, ਆਰਟਿਸਟ, ਖਰੜ
   ਮੋਬਾਇਲ: 97815-09768