ਕਿਹੜੀ ਅਰਦਾਸ ਕਰੀਏ?

0
1224

A A A

ਅਰਦਾਸ ਦੇ ਸਿਰਲੇਖ ਅਧੀਨ ੴ  ਸ੍ਰੀ ਵਾਹਿਗੁਰੂ ਜੀ ਕੀ ਫਤਹਿ|| ਸ੍ਰੀ ਭਗਉਤੀ ਜੀ ਸਹਾਇ|| ਵਾਰ ਸ੍ਰੀ ਭਗਉਤੀ ਜੀ ਕੀ|| ਪਾ:10|| ਪ੍ਰਿਥਮ ਭਗੌਤੀ ਸਿਮਰਿ ਕੈ ਗੁਰ ਨਾਨਕ ਲਈਂ ਧਿਆਇ||… ਆਦਿ ਲਿਖ ਕੇ, ਸਿੱਖ-ਕੌਮ ਨਾਲ ਬਹੁਤ ਵੱਡਾ ਧੋਖਾ ਕੀਤਾ ਗਿਆ ਹੈ| ਇਹ ਭਗਉਤੀ ਕੌਣ ਹੈ? ਇਸ ਦਾ ਜਵਾਬ ਬਚਿੱਤਰ ਨਾਟਕ (ਦਸਮ ਗ੍ਰੰਥ) ਦੇ ਪੰਨਾ-119-127 ਤਕ ਦਰਜ ਭਗਉਤੀ ਦੀ ਵਾਰ ਦੀ ਅਖੀਰਲੀ ਪਉੜੀ ਵਿਚ ਸਪੱਸ਼ਟ ਕਰ ਦਿੱਤਾ ਗਿਆ ਹੈ: ਦੁਰਗਾ ਪਾਠ ਬਣਾਇਆ ਸਭੇ ਪਉੜੀਆਂ|| ਫੇਰ ਨ ਜੂਨੀ ਆਇਆ ਜਿਨ ਇਹ ਗਾਇਆ|| 55|| ਅਰਥਾਤ ਜਿਨ੍ਹਾਂ ਮਨੁੱਖਾਂ ਨੇ ਦੁਰਗਾ ਦੀ ਇਸ ਜਸ-ਮਈ ਵਾਰ ਨੂੰ ਗਾਇਆ ਹੈ, ਉਹ ਫਿਰ ਜਨਮ ਵਿਚ ਨਹੀਂ ਆਉਂਦੇ, ਭਾਵ ਉਹ ਇਸ ਸੰਸਾਰ ਤੋਂ ਮੁਕਤ ਹੋ ਜਾਂਦੇ ਹਨ|
ਜਿਨ੍ਹਾਂ ਸਿੱਖਾਂ ਨੂੰ ਅਰਦਾਸ ਵਿਚਲੀ ਭਗਉਤੀ (ਦੁਰਗਾ ਮਾਤਾ) ਦੀ ਅਸਲੀਅਤ ਦਾ ਪਤਾ ਲੱਗ ਗਿਆ ਹੈ, ਹੁਣ ਉਹ ਇਕ ਸਵਾਲ ਕਰਦੇ ਹਨ ਕਿ ਦੱਸੋ! ਅਸੀਂ ਕਿਹੜੀ ਅਰਦਾਸ ਕਰੀਏ? ਇਨ੍ਹਾਂ ਸਿੱਖਾਂ ਦਾ ਇਹ ਸਵਾਲ ਬਹੁਤ ਹੀ ਵਾਜਬ ਹੈ| ਇਸ ਸਵਾਲ ਦਾ ਜਵਾਬ ਦੇਣ ਤੋਂ ਪਹਿਲਾਂ, ਮੌਜੂਦਾ ਅਰਦਾਸ ਵਿਚ ਜਿਹੜੇ ਜਿਹੜੇ ਦਾਨ ਮੰਗੇ ਗਏ ਹਨ, ਉਨ੍ਹਾਂ ਦੀ ਵਿਚਾਰ ਵੀ ਕਰ ਲੈਣੀ ਚਾਹੀਦੀ ਹੈ| ਜਿਵੇਂ ਕਿ:-
1. ਸਿੱਖਾਂ ਨੂੰ ਸਿੱਖੀ ਦਾਨ:
ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤਕ, ਸਿੱਖਾਂ ਨੂੰ ਸਿੱਖੀ (ਗੁਰਮਤਿ) ਦਾਨ, ਗੁਰਬਾਣੀ ਸਿੱਖਿਆ ਦੇ ਰੂਪ ਵਿਚ  ਮਿਲਦਾ ਆਇਆ ਹੈ| ਉਸ ਤੋਂ ਬਾਅਦ ਸਿੱਖੀ ਦਾ ਇਹ ਦਾਨ, ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਤੋਂ ਲਗਾਤਾਰ ਮਿਲਦਾ ਆ ਰਿਹਾ ਹੈ| ਜਿਹੜਾ ਮਨੁੱਖ, ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਆਪ ਪੜ੍ਹਦਾ ਅਤੇ ਸਮਝਦਾ ਹੈ, ਗੁਰੂ ਪਾਸੋਂ ਸਿੱਖੀ ਦਾ ਦਾਨ ਪ੍ਰਾਪਤ ਕਰਦਾ ਹੈ| ਪਰ ਦੇਖਣ ਵਿਚ ਆਉਂਦਾ ਹੈ ਕਿ ਪੁਜਾਰੀ ਸ੍ਰੇਣੀ ਨੇ ਸਿੱਖੀ ਦੇ ਇਸ ਦਾਨ ਨੂੰ ਗੁਰਦੁਆਰਿਆਂ ਵਿਚ ਮਾਇਆ ਇਕੱਤਰ ਕਰਨ ਦੇ ਸਾਧਨ ਵੱਜੋਂ ਅਪਨਾਇਆ ਹੋਇਆ ਹੈ| ਗੁਰਬਾਣੀ ਸਿੱਖਿਆ ਦੇ ਥਾਂ-ਥਾਂ ਤੇ ਅਨੇਕਾਂ ਅਖੰਡ ਪਾਠ ਕਰਕੇ, ਗੁਰਮਤਿ ਦੀ ਬਹੁਤ ਬੇਕਦਰੀ ਕੀਤੀ ਜਾ ਰਹੀ ਹੈ| ਇਸ ਤੋਂ ਇਲਾਵਾ ਅਖੰਡ ਪਾਠਾਂ ਦੇ ਨਾਂ ਤੇ ਲੋਕਾਂ ਨੂੰ ਲੁੱਟਿਆ ਜਾ ਰਿਹਾ ਹੈ| ਪਰ ਇਹ ਪੁਜਾਰੀ ਸ਼੍ਰੇਣੀ ਜਾਂ ਸਿੱਖ, ਗੁਰਮਤਿ ਨੂੰ ਹਾਸਲ ਕਰਨ ਦੀ ਥਾਂ, ਹੋਰ ਪਤਾ ਨਹੀਂ ਕਿਹੜਾ ਸਿੱਖੀ ਦਾ ਦਾਨ ਮੰਗਦੇ ਹਨ, ਜਿਹੜਾ ਕਿ ਹੁਣ ਤਕ, ਉਨ੍ਹਾਂ ਨੂੰ ਗੁਰੂ ਗ੍ਰੰਥ ਸਾਹਿਬ ਤੋਂ ਨਹੀਂ ਮਿਲਿਆ?
ਯਾਦ ਰੱਖੋ! ਗੁਰੂ ਗ੍ਰੰਥ ਸਾਹਿਬ ਜੀ ਕੋਲ ਸਿੱਖੀ ਦਾ ਬਹੁਤ ਵੱਡਾ ਭੰਡਾਰ ਹੈ| ਜਿਹੜਾ ਪੜ੍ਹਣ ਅਤੇ ਸਮਝਣ ਉਪਰੰਤ ਹੀ ਹਰ ਇਕ ਮਨੁੱਖ ਨੂੰ ਪ੍ਰਾਪਤ ਹੁੰਦਾ ਹੈ| ਪਰ ਸਿੱਖੀ ਦਾ ਇਹ ਦਾਨ ਆਪਣੇ ਜੀਵਨ ਵਿਚ ਲਾਗੂ ਕਰਨਾ ਬਹੁਤ ਹੀ ਔਖਾ ਹੈ| ਬਹੁਤ ਵਿਰਲੇ ਸਿੱਖ ਹੋਣਗੇ, ਜਿਨ੍ਹਾਂ ਨੇ ਇਸ ਦਾਨ ਨੂੰ ਆਪਣੇ ਜੀਵਨ ਵਿਚ ਲਾਗੂ ਕਰਨ ਦੀ ਦਲੇਰੀ ਕੀਤੀ ਹੈ|  ਇਸ ਦੇ ਉਲਟ ਇਹ ਦਾਨ ਮੰਗਣਾ ਬਹੁਤ ਹੀ ਸੌਖਾ ਹੈ|
2. ਕੇਸ ਦਾਨ:
ਇਹ ਦਾਨ ਅਰਦਾਸ ਵਿਚ ਰੋਜ਼ ਮੰਗਿਆ ਜਾਂਦਾ ਹੈ| ਸਾਨੂੰ ਇਕ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਇਹ ਉਹ ਦਾਨ ਹੈ ਜਿਹੜਾ ਅਕਾਲਪੁਰਖ ਵੱਲੋਂ ਕੇਵਲ ਸਿੱਖਾਂ ਨੂੰ ਹੀ ਨਹੀਂ ਸਗੋਂ ਸੰਸਾਰ ਦੇ ਹਰ ਮਨੁੱਖ, ਜੀਵ, ਜੰਤੂ ਅਤੇ ਪੰਛੀਆਂ ਨੂੰ ਅਣਮੰਗਿਆ ਦਾਨ ਆਪੇ ਹੀ ਮਿਲਦਾ ਰਹਿੰਦਾ ਹੈ| ਇਸ ਨੂੰ ਮੰਗਣ ਦੀ ਜ਼ਰੂਰਤ ਨਹੀਂ ਹੈ| ਪਰ ਦੂਜੇ ਪਾਸੇ ਆਪਣੇ ਆਪ ਨੂੰ ਸਿੱਖ ਅਖਵਾਉਣ ਵਾਲੇ ਮਰਦ ਜਾਂ ਔਰਤਾਂ ਜਨਮ ਤੋਂ ਮਿਲੇ ਹੋਏ, ਕੇਸਾਂ/ਭਰਵਟਿਆਂ ਦੇ ਦਾਨ ਨੂੰ ਫ਼ਜ਼ੂਲ ਜਾਣ ਕੇ, ਹਜਾਮਤਾਂ ਕਰਨ ਵਾਲਿਆਂ ਨੂੰ ਅੱਗੇ ਦਾਨ ਵਿਚ ਕਟਾ ਕੇ ਦੇ ਆਉਂਦੇ ਹਨ| ਅੱਜ ਕੁੱਝ ਵਿਰਲੇ ਸਿੱਖਾਂ ਨੂੰ ਛੱਡ ਕੇ, ਸਮੁੱਚੀ ਕੌਮ, ਆਪਣੇ ਕੇਸਾਂ ਦਾ ਦਾਨ, ਹਜਾਮਤਾਂ ਕਰਨ ਵਾਲਿਆਂ ਨੂੰ ਦੇ ਕੇ ਕੇਸਹੀਣ ਹੁੰਦੀ ਨਜ਼ਰ ਆ ਰਹੀ ਹੈ| ਜੇਕਰ ਕੋਈ ਸਿਰ ਤੋਂ ਗੰਜਾ ਹੈ ਜਾਂ ਖੋਜਾ ਹੈ, ਉਸ ਨੂੰ ਆਪਣਾ ਇਲਾਜ ਕਰਾਉਣਾ ਚਾਹੀਦਾ ਹੈ| ਜਿਹੜਾ ਕੇਸਾਂ/ਭਰਵੱਟਿਆਂ ਨੂੰ ਕੱਟਦਾ ਹੈ, ਉਸ ਨੂੰ ਅਜਿਹਾ ਕਰਨਾ ਬੰਦ ਕਰ ਦੇਣਾ ਚਾਹੀਦਾ ਹੈ, ਉਸ ਨੂੰ ਕੇਸਾਂ ਦਾ ਦਾਨ ਆਪਣੇ ਆਪ ਹੀ ਮਿਲ ਜਾਵੇਗਾ| ਜਿਸ ਦੇ ਪਹਿਲਾਂ ਹੀ ਹਨ, ਉਸ ਨੂੰ  ਮੰਗਣਾ ਬੰਦ ਕਰਨਾ ਚਾਹੀਦਾ ਹੈ| ਕੁਦਰਤੀ ਨਿਯਮਾਂ ਦੀ ਉਲੰਘਣਾ ਕਰਨ ਦੀ ਥਾਂ ਸਾਨੂੰ ਉਸ ਦੀ ਪਾਲਣਾ ਕਰਨੀ ਚਾਹੀਦੀ ਹੈ|
3. ਰਹਿਤ ਦਾਨ:
ਰਹਿਤ ਤੋਂ ਭਾਵ ਹੈ ਸਲੀਕਾ, ਆਦਤ ਜਾਂ ਜ਼ਿੰਦਗੀ ਜੀਊਣਾ ਦਾ ਤਰੀਕਾ| ਇਹ ਦਾਨ ਵੀ ਰੋਜ਼ ਮੰਗਿਆ ਜਾਂਦਾ ਹੈ| ਅਕਸਰ ਦੇਖਿਆ ਜਾਂਦਾ ਹੈ ਕਿ ਅਜੇ ਤਕ ਸਿੱਖਾਂ ਨੂੰ ਗੁਰਦੁਆਰਿਆਂ ਵਿਚ ਬੈਠਣਾ ਨਹੀਂ ਆਇਆ| ਗੁਰਦੁਆਰਿਆਂ ਵਿਚ ਸ਼ਾਂਤ-ਚਿੱਤ ਬੈਠਣ ਦੀ ਬਜਾਏ, ਇਕ ਦੂਜੇ ਨਾਲ ਗੱਲਾਂ ਕਰਨੀਆਂ, ਚੁਗਲੀਆਂ ਕਰਨੀਆਂ, ਲੜਾਈਆਂ ਕਰਨੀਆਂ ਆਮ ਜਿਹੀ ਗੱਲ ਹੈ| ਇਸ ਤੋਂ ਇਲਾਵਾ ਪੱਗਾ ਲੱਥਣੀਆਂ, ਲੜਾਈ ਸਮੇਂ ਤਲਵਾਰਾਂ ਚਲਣੀਆਂ ਅਤੇ ਗੋਲਕਾਂ ਦੀ ਚੋਰੀ ਆਦਿ ਦੀ ਘਟਨਾਵਾਂ ਦੇ ਅਸੱਭਿਅਕ ਕੰਮ ਹੁੰਦੇ ਰਹਿੰਦੇ ਹਨ|
ਵਿਦਿਆਰਥੀਆਂ ਨੂੰ ਸਕੂਲਾਂ ਵਿਚ ਦਾਖਲਾ ਲੈਣ ਸਮੇਂ, ਸਕੂਲ ਦਾ ਅਨੁਸ਼ਾਸਨ ਸਮਝਾ ਦਿੱਤਾ ਜਾਂਦਾ ਹੈ| ਜਿਸ ਦੀ ਹਰ ਵਿਦਿਆਰਥੀ ਨੇ ਪਾਲਣਾ ਕਰਨੀ ਹੁੰਦੀ  ਹੈ| ਪਰ  ਵਿਦਿਆਰਥੀ ਸਕੂਲਾਂ ਵਿਚ ਆਪਣੇ ਅਧਿਆਪਕਾਂ ਨੂੰ ਹਰ ਰੋਜ਼ ਬਾਰ-ਬਾਰ ਇਹ ਨਹੀਂ ਕਹਿੰਦੇ ਕਿ ਸਾਨੂੰ ਅਨੁਸ਼ਾਸਨ (ਰਹਿਤ) ਦਾ ਦਾਨ ਦਿੱਤਾ ਜਾਵੇ| ਗੁਰੂ ਸਾਹਿਬ ਨੇ ਇਹ ਦਾਨ ਵੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਕਰਕੇ ਸਿੱਖਾਂ ਨੂੰ ਸਮਝਾ ਦਿੱਤਾ ਹੈ ਕਿ ਸਿੱਖਾਂ ਨੇ ਗੁਰਬਾਣੀ ਹੁਕਮਾਂ ਨੂੰ ਆਪਣੇ ਜੀਵਨ ਲਾਗੂ ਕਰਨਾ ਹੈ ਅਤੇ ਉਸ ਅਨੁਸਾਰ ਆਪਣਾ ਜੀਵਨ ਜੀਉਣਾ ਹੈ| ਇਹੋ ਸੱਚੀ ਰਹਿਤ ਦਾ ਦਾਨ ਹੈ|
4. ਬਿਬੇਕ ਦਾਨ:
ਸਿੱਖ ਆਪਣੀ ਜ਼ਿੰਦਗੀ ਵਿਚ ਇਕ ਵੀ ਕੰਮ ਸਿੱਖੀ ਵਾਲਾ ਨਹੀਂ ਕਰਦੇ| ਜਾਤ-ਬਰਾਦਰੀ ਦੇ ਨਾਂ ਤੇ ਗੁਰਦੁਆਰੇ ਉਸਾਰਨੇ ਅਤੇ ਜਨਮ ਤੋਂ ਲੈ ਕੇ ਮੌਤ ਤਕ ਦੇ ਸਾਰੇ ਕੰਮ ਹਿੰਦੂਮਤ ਦੀਆਂ ਰੀਤਾਂ-ਰਸਮਾਂ ਵਾਲੇ ਕਰ ਕੇ, ਸਿੱਖੀ-ਸਿਧਾਂਤਾਂ ਦਾ ਭੋਗ ਪਾ ਰਹੇ ਹੁੰਦੇ ਹਨ| ਗੁਰਦੁਆਰਿਆਂ ਜਾਂ ਘਰਾਂ ਵਿਚ ਸਿੱਖੀ-ਸਿਧਾਂਤਾਂ ਨੂੰ ਲਾਗੂ ਕਰਨ ਸਮੇਂ, ਇਨ੍ਹਾਂ ਦਾ ਵਿਰੋਧ ਕਰਦੇ ਜ਼ਰੂਰ ਦੇਖੇ ਜਾ ਸਕਦੇ ਹਨ| ਇਸ ਦੇ ਉਲਟ ਦਾਨ ਮੰਗਦੇ ਹਨ ਚੰਗੀ ਅਕਲ ਦਾ| ਅਕਲ ਦਾ ਦਾਨ ਕੋਈ ਅਸਮਾਨ ਵਿਚੋਂ ਨਹੀਂ ਡਿੱਗ ਪੈਣਾ ਜਿਹੜਾ ਸਿੱਖਾਂ ਨੂੰ ਮਿਲ ਜਾਵੇਗਾ| ਗੁਰੂ ਸਾਹਿਬ ਨੇ ਰਹਿੰਦੀ ਦੁਨੀਆਂ ਤਕ, ਸਾਨੂੰ ਅਕਲ ਦਾ ਦਾਨ, ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਜ ਕਰਕੇ ਦਿੱਤਾ ਹੋਇਆ ਹੈ| ਗੁਰੂ ਗ੍ਰੰਥ ਸਾਹਿਬ ਜੀ ਦੀ ਸਿੱਖਿਆ ਨਾਲ ਹੀ ਸਿੱਖ ਦੀ ਬੁੱਧੀ ਬਣਨੀ ਹੈ| ਕੇਵਲ ਮੱਥੇ ਟੇਕਣ ਨਾਲ ਬਿਬੇਕ ਨਹੀਂ ਆਉਣੀ ਹੈ ਅਤੇ ਨਾ ਹੀ ਅਰਦਾਸ ਵਿਚ ਮੰਗ ਕੇ ਮਿਲਣੀ ਹੈ| ਸਭ ਤੋਂ ਪਹਿਲਾਂ ਸਾਨੂੰ ਆਪਣੇ ਗੁਰੂ ਪ੍ਰਤੀ ਇਮਾਨਦਾਰ ਹੋਣਾ ਪਵੇਗਾ| ਦੂਜਾ ਹਰ ਪ੍ਰਕਾਰ ਦੀ ਮਨਮਤ ਦਾ ਦ੍ਰਿੜਤਾ ਨਾਲ ਤਿਆਗ ਕਰਨਾ ਹੋਵੇਗਾ ਅਤੇ ਦ੍ਰਿੜਤਾ ਨਾਲ ਹੀ ਗੁਰਮਤਿ ਨੂੰ ਗੁਰਦੁਆਰਿਆਂ ਜਾਂ ਘਰਾਂ ਵਿਚ ਲਾਗੂ ਕਰਨਾ ਹੋਵੇਗਾ|
5.  ਭਰੋਸਾ ਦਾਨ:
ਭਰੋਸੇ ਦਾ ਦਾਨ ਵੀ ਅਕਾਲਪੁਰਖ ਨੇ ਕੋਈ ਅਸਮਾਨ ਵਿਚੋਂ ਨਹੀਂ ਸੁੱਟਣਾ| ਅੱਜ ਧਰਮ ਦੇ ਨਾਂ ਤੇ, ਸਿੱਖ ਜਿਹੜੇ ਕੰਮ ਕਰ ਰਹੇ ਹਨ, ਉਹ ਸੰਸਾਰ ਵਿਚ ਛੁਪੇ ਨਹੀਂ ਰਹਿ ਸਕੇ| ਸਿੱਖਾਂ ਨੇ ਆਪਣੇ ਗੁਰਮਤਿਹੀਣ ਕੰਮਾਂ ਕਾਰਣ ਸੰਸਾਰ ਵਿਚ ਆਪਣਾ ਭਰੋਸਾ ਗੁਆ ਲਿਆ ਹੋਇਆ ਹੈ| ਸਿੱਖਾਂ ਨੂੰ ਅਕਾਲਪੁਰਖ ਤੇ ਕੋਈ ਭਰੋਸਾ ਨਹੀਂ ਅਤੇ ਨਾ ਹੀ ਗੁਰੂ ਗ੍ਰੰਥ ਸਾਹਿਬ ਤੇ ਹੈ| ਭਰੋਸਾ ਕੇਵਲ ਭਗਉਤੀ (ਦੁਰਗਾ ਮਾਤਾ) ਤੇ ਹੈ| ਝੂਠ, ਹੇਰਾਫੇਰੀ, ਬੇਈਮਾਨੀ, ਰਿਸ਼ਵਤਖੋਰੀ ਅਤੇ ਲੁੱਟ-ਘਸੁੱਟ ਕਰਕੇ, ਦਾਨ ਮੰਗਦੇ ਹਨ ਭਰੋਸੇ ਦਾ| ਭਰੋਸਾ ਕੋਈ ਦੁਨਿਆਵੀ ਪਦਾਰਥ ਨਹੀਂ ਜਿਹੜਾ ਸਾਨੂੰ ਦਾਨ ਵੱਜੋਂ ਮਿਲ ਜਾਣਾ ਹੈ| ਸੱਚ ਅਤੇ ਇਮਾਨਦਾਰੀ ਨਾਲ ਭਰੋਸਾ ਪੈਦਾ ਹੁੰਦਾ ਹੈ| ਜਦੋਂ ਤਕ ਅਸੀਂ, ਗੁਰੂ ਗ੍ਰੰਥ ਸਾਹਿਬ ਜੀ ਦੀ ਸਿੱਖਿਆਵਾਂ ਨੂੰ ਆਪਣੇ ਜੀਵਨ ਵਿਚ ਲਾਗੂ ਨਹੀਂ ਕਰਦੇ, ਉਦੋਂ ਤਕ ਸੰਸਾਰ ਵਿਚ ਅਸੀਂ ਆਪਣਾ ਭਰੋਸਾ ਬਰਕਰਾਰ ਨਹੀਂ ਰੱਖ ਸਕਦੇ|
6. ਦਾਨਾਂ ਸਿਰ ਦਾਨ ਨਾਮ ਦਾਨ:
ਗੁਰੂ ਨਾਨਕ ਸਾਹਿਬ, ਇਹ ਦਾਨ ਸਭ ਤੋਂ ਪਹਿਲਾਂ ਮੰਗਦੇ ਹਨ ਪਰ ਸਿੱਖ, ਇਹ ਦਾਨ ਸਭ ਤੋਂ ਬਾਅਦ ਵਿਚ ਮੰਗਦੇ ਹਨ| ਅਜਿਹਾ ਕਿਉ? ਸਿੱਖ ਅੱਜ ਨਾਮ ਦਾਨ ਲੈਣ ਲਈ ਡੇਰਿਆਂ ਉੱਤੇ ਭਟਕਦੇ ਫਿਰਦੇ ਹਨ| ਗੁਰੂ ਸਾਹਿਬ ਨੇ ਇਹ ਦਾਨ ਪਹਿਲਾਂ ਹੀ ਦੇ ਰੱਖਿਆ ਹੈ| ਸਿੱਖੋ! ਜੇਕਰ ਨਾਮ ਦਾਨ ਚਾਹੀਦਾ ਹੈ ਤਾਂ ਡੇਰਿਆਂ ਉੱਤੇ ਭਟਕਣਾ ਛੱਡ ਕੇ, ਗੁਰੂ ਗ੍ਰੰਥ ਸਾਹਿਬ ਦੀ ਸ਼ਰਣ ਪ੍ਰਾਪਤ ਕਰੋ| ਗੁਰਬਾਣੀ ਆਪ ਪੜ੍ਹੋ ਅਤੇ ਸਮਝੋ| ਨਾਮ ਦਾਨ ਪ੍ਰਾਪਤ ਹੋ ਜਾਵੇਗਾ| ਜਦੋਂ ਤਕ ਸਿੱਖ, ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਪ੍ਰਤੀ ਇਮਾਨਦਾਰ ਨਹੀਂ ਹੁੰਦੇ, ਉਦੋਂ ਤਕ ਨਾਮ ਬਾਣੀ ਦੀ ਸਿੱਖਿਆ ਹਾਸਲ ਨਹੀਂ ਕਰ ਸਕਦੇ|
7. ਅੰਮ੍ਰਿਤਸਰ ਜੀ ਦੇ ਇਸ਼ਨਾਨ:
ਅੰਮ੍ਰਿਤਸਰ ਸਰੋਵਰ ਵਿਚ ਲੱਖਾਂ ਲੋਕ ਰੋਜ਼ ਇਸ਼ਨਾਨ ਕਰਦੇ ਹਨ ਪਰ ਫਿਰ ਵੀ ਦਾਨ ਮੰਗੀ ਜਾਂਦੇ ਹਨ ਅੰਮ੍ਰਿਤਸਰ ਜੀ ਦੇ ਇਸ਼ਨਾਨ| ਸਰੋਵਰਾਂ ਵਿਚ ਅਣਗਿਣਤ ਇਸ਼ਨਾਨ ਕਰਕੇ ਨਾ ਤਾਂ ਸਿੱਖਾਂ ਵਿਚੋਂ ਊਚ-ਨੀਚ ਦਾ ਭਰਮ ਹੁਣ ਤਕ ਦੂਰ ਹੋਇਆ ਹੈ ਅਤੇ ਨਾ ਹੀ ਜੀਵਨ ਵਿਚ ਕੋਈ ਤਬਦੀਲੀ ਆਈ ਹੈ| ਜਿਹੜਾ ਗੁਰਬਾਣੀ ਦੇ ਸਰੋਵਰ ਵਿਚ ਇਸ਼ਨਾਨ ਕਰਨਾ ਹੈ, ਉਸ ਵੱਲ ਕੋਈ ਧਿਆਨ ਨਹੀਂ ਹੁੰਦਾ| ਸਾਨੂੰ ਇਕ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਉਸੇ ਮਨੁੱਖ ਦਾ ਇਸ਼ਨਾਨ ਕੀਤਾ ਪ੍ਰਵਾਨ ਹੈ, ਜਿਸ ਨੇ ਆਪਣੇ ਜੀਵਨ ਵਿਚ ਸੱਚ-ਧਰਮ ਨੂੰ ਲਾਗੂ ਕੀਤਾ ਹੈ| ਗੁਰਬਾਣੀ ਦਾ ਫ਼ੁਰਮਾਨ ਹੈ: ਨਾਤਾ ਸੋ ਪਰਵਾਣੁ ਸਚ ਕਮਾਈਐ|| (ਗੁ.ਗ੍ਰੰ.ਸਾ.ਪੰਨਾ- 565)
8. ਚੋਕੀਆਂ, ਝੰਡੇ, ਬੁੰਗੇ, ਜੁੱਗੋ ਜੁੱਗ ਅਟੱਲ, ਧਰਮ ਕਾ ਜੈਕਾਰਾ:
ਸਾਨੂੰ ਇਕ ਗੱਲ ਯਾਦ ਰੱਖਣੀ ਚਾਹੀਦੀ ਹੈ ਸੰਸਾਰ ਦੀ ਕੋਈ ਵੀ ਇਮਾਰਤ ਜਾਂ ਤਖ਼ਤ ਉਦੋਂ ਤਕ ਹੀ ਬਚ ਸਕਦਾ ਹੈ ਜਦ ਤਕ ਉਸ ਦੀ ਦੇਖ-ਭਾਲ ਹੁੰਦੀ ਰਹੇ| ਧਰਮ ਦਾ ਪ੍ਰਸਾਰਾ, ਜੈਕਾਰਾ, ਰਾਜ ਕਰੇਗਾ ਖਾਲਸਾ, ਪੰਥ ਕੀ ਜੀਤ, ਝੂਲਤੇ ਨਿਸ਼ਾਨ ਰਹੈਂ ਪੰਥ ਮਹਾਰਾਜ ਕੇ ਆਦਿ ਕਹਿਣ ਨਾਲ ਕੁੱਝ ਨਹੀਂ ਹੋਣਾ| ਮਨਮਤ ਦੇ ਕੰਮ ਕਰਨ ਨਾਲ ਕਦੇ ਵੀ ਗੁਰਮਤਿ ਪ੍ਰਫੁਲਤ ਨਹੀਂ ਹੋ ਸਕਦੀ|  ਇਸ ਲਈ ਜ਼ਰੂਰੀ ਹੈ ਕਿ ਜੇਕਰ ਸੰਸਾਰ ਵਿਚ ਗੁਰਮਤਿ ਅਨੁਸਾਰ ਕੰਮ ਕੀਤੇ ਜਾਣਗੇ ਤਾਂ ਹੀ ਚੋਕੀਆਂ, ਝੰਡੇ, ਬੁੰਗੇ, ਜੁੱਗੋ ਜੁੱਗ ਅਟੱਲ, ਧਰਮ ਦਾ ਪ੍ਰਸਾਰ ਅਤੇ ਜੈਕਾਰਾ ਹੋਵੇਗਾ|
9. ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ-ਪੱਤ ਦਾ ਰਾਖਾ ਆਪ ਵਾਹਿਗੁਰੂ:
ਸੰਸਾਰ ਦਾ ਹਰ ਮਨੁੱਖ, ਆਪਣੀ ਮਤ ਦੇ ਅਧੀਨ ਚੰਗੇ ਜਾਂ ਮਾੜੇ ਕੰਮ ਕਰਦਾ ਹੈ| ਜਿਹੜੀ ਮਤ ਕਿਸੇ ਨੇ ਆਪਣੇ ਮਨ ਵਿਚ ਟਿਕਾਈ ਹੋਈ ਹੈ, ਉਸ ਅਨੁਸਾਰ ਆਪਣੇ ਜੀਵਨ ਦੇ ਕੰਮ ਕਰੀ ਜਾਂਦਾ ਹੈ| ਚੰਗੇ ਕੰਮ ਕਰਨ ਨਾਲ ਚੰਗਿਆਈ ਅਤੇ ਬੁਰੇ ਕੰਮ ਕਰਨ ਨਾਲ ਬੁਰਿਆਈ ਪੈਦਾ ਹੁੰਦੀ ਹੈ| ਸਿੱਖਾਂ ਦਾ ਮਨ ਕਿੰਨਾ ਕੁ ਨੀਵਾਂ ਅਤੇ ਮਤ ਕਿੰਨੀ ਕੁ ਉੱਚੀ ਹੈ| ਇਸ ਦਾ ਸਬੂਤ ਟੀ.ਵੀ.ਚੈਨਲਾਂ ਜਾਂ ਫੇਸ-ਬੁੱਕ ਉੱਤੇ ਗਾਲਾਂ ਕੱਢਦੇ, ਤਲਵਾਰਾਂ ਮਾਰਦੇ, ਪਗੜੀਆਂ ਲਹਿੰਦੀਆਂ ਸਾਰੀ ਦੁਨੀਆਂ ਦੇਖਦੀ ਰਹਿੰਦੀ ਹੈ| ਬਚਿੱਤਰ ਨਾਟਕ (ਦਸਮ ਗ੍ਰੰਥ) ਵਰਗੇ ਅਸੱਭਿਅਕ ਗ੍ਰੰਥਾਂ ਨੂੰ ਆਪਣੇ ਗੁਰੂ ਦਾ ਗ੍ਰੰਥ ਕਹਿ ਕੇ, ਜਿੱਥੇ ਸਿੱਖ ਆਪਣਾ ਜਲੂਸ ਕੱਢ ਰਹੇ ਹਨ, ਉੱਥੇ ਸਰਬੰਸਦਾਨੀ ਗੁਰੂ ਗੋਬਿੰਦ ਸਿੰਘ ਜੀ ਦੀ ਮਹਾਨ ਸਖਸ਼ੀਅਤ ਅਤੇ ਕੁਰਬਾਨੀਆਂ ਉੱਤੇ ਕਾਲਖ ਮਲ ਰਹੇ ਹਨ| ਉਦੋਂ ਸਾਰੀ ਦੁਨੀਆਂ, ਸਿੱਖਾਂ ਦਾ ਨਿਕਲ ਰਿਹਾ ਜਲੂਸ ਜ਼ਰੂਰ ਦੇਖਦੀ ਹੈ ਜਦੋਂ ਉਹ ਸਿੱਖੀ ਕਿਰਦਾਰ ਤੋਂ ਗਿਰੇ ਹੋਏ ਕੰਮ ਕਰਦੇ ਹਨ|
ਸੰਸਾਰ ਦਾ ਮਨੁੱਖ, ਧਰਮ ਦੇ ਨਾਂ ਤੇ ਜਿਹੜਾ ਮਰਜ਼ੀ ਬੁਰਕਾ ਪਹਿਨ ਲਏ, ਉਸ ਦੇ ਅੰਦਰਲੇ ਵਿਕਾਰ, ਉਸ ਦਾ ਬੁਰਕਾ ਫਾੜ ਕੇ ਪ੍ਰਗਟ ਹੋ ਹੀ ਜਾਂਦੇ ਹਨ| ਕੋਈ ਮਨੁੱਖ ਆਪਣੇ ਮਾੜੇ ਕੰਮਾਂ ਨੂੰ ਛੁਪਾ ਨਹੀਂ ਸਕਦਾ| ਇਹ ਵਿਕਾਰ ਸੰਸਾਰ ਵਿਚ ਆਪਣੇ ਆਪ ਹੀ ਖਿੰਨ ਵਿਚ ਪ੍ਰਗਟ ਹੋ ਜਾਂਦੇ ਹਨ| ਗੁਰਬਾਣੀ ਦਾ ਫ਼ੁਰਮਾਨ ਹੈ:
ਅਨਿਕ ਪੜਦੇ ਮਹਿ ਕਮਾਵੈ ਵਿਕਾਰ|| ਖਿਨ ਮਹਿ ਪ੍ਰਗਟ ਹੋਹਿ ਸੰਸਾਰ|| (ਗੁ.ਗ੍ਰੰ.ਸਾ.ਪੰਨਾ-194)
ਸ਼ੁੱਭ ਅਮਲਾਂ ਤੋਂ ਬਿਨਾਂ ਨਾ ਤਾਂ ਸਿੱਖਾਂ ਦਾ ਮਨ ਨੀਵਾਂ ਹੋ ਸਕਦਾ ਹੈ ਅਤੇ ਨਾ ਹੀ ਮਤ ਉੱਚੀ ਹੋ ਸਕਦੀ ਹੈ|
10. ਗੁਰਦੁਆਰਿਆਂ ਦੀ ਸੰਭਾਲ ਦਾ ਦਾਨ:
ਜਿਹੜੇ ਗੁਰਦੁਆਰੇ ਪਾਕਿਸਤਾਨ ਵਿਚ ਹਨ, ਉਨ੍ਹਾਂ ਦੀ ਸੰਭਾਲ ਅਤੇ ਦਰਸ਼ਨ ਦੀਦਾਰੇ ਦਾ ਦਾਨ ਮੰਗਿਆ ਜਾਂਦਾ ਹੈ| ਗੁਰਦੁਆਰਿਆਂ ਦੀਆਂ ਗੋਲਕਾਂ ਨੱਕੋ-ਨੱਕ ਭਰਦੀਆਂ ਰਹਿੰਦੀ ਹਨ| ਇਸ ਦੇ ਉਲਟ ਗੁਰਦੁਆਰਿਆਂ ਵਿਚ ਸਿੱਖੀ-ਸਿਧਾਂਤਾਂ ਦੇ ਪ੍ਰਚਾਰ ਨੂੰ ਦਬਾਇਆ ਜਾਂਦਾ ਹੈ|  ਅਸਲ ਵਿਚ ਦੇਖਿਆ ਜਾਵੇ, ਪੁਜਾਰੀ ਸ਼੍ਰੇਣੀ ਨੂੰ ਗੋਲਕਾਂ ਦੀ ਸੰਭਾਲ ਦਾ ਜ਼ਿਆਦਾ ਫ਼ਿਕਰ ਹੈ ਕਿਉਂਕਿ ਅੱਜ ਗੁਰਦੁਆਰੇ ਮਾਇਆ ਇਕੱਤਰ ਕਰਨ ਦੇ ਸਾਧਨ ਬਣ ਕੇ ਰਹਿ ਗਏ ਹਨ| ਗੁਰਦੁਆਰਿਆਂ ਦੀ ਸੰਭਾਲ ਸਬੰਧੀ ਹਾਲਾਤ ਸਭ ਦੇ ਸਾਹਮਣੇ ਹਨ| ਗੁਰਦੁਆਰਿਆਂ ਵਿਚ, ਗੁਰੂ ਗ੍ਰੰਥ ਸਾਹਿਬ ਜੀ ਦੀ ਅਨੇਕਾਂ ਬਾਰ ਹੋਈ ਬੇਅਦਬੀ ਦਾ ਮੁੱਖ ਕਾਰਣ, ਸਿੱਖਾਂ ਦੀ ਆਪਣੀ ਅਣਗਹਿਲੀ ਹੀ ਕਹੀ ਜਾ ਸਕਦੀ ਹੈ| ਗੁਰਦੁਆਰਿਆਂ ਵਿਚ ਮਾਇਆ ਵਾਲੀਆਂ ਗੋਲਕਾਂ ਨੂੰ ਦੋ-ਦੋ ਅਤੇ ਵੱਡੇ-ਵੱਡੇ ਤਾਲੇ ਲਾਉਣਾ ਕੋਈ ਨਹੀਂ ਭੁੱਲਦਾ| ਗੋਲਕਾਂ ਦੀ ਸੰਭਾਲ ਕਰਨ ਤੋਂ ਪਹਿਲਾਂ, ਗੁਰੂ ਗ੍ਰੰਥ ਸਾਹਿਬ ਜੀ ਦੀ ਸੰਭਾਲ ਕਰਨੀ ਬਹੁਤ ਹੀ ਜ਼ਰੂਰੀ ਹੈ ਕਿਉਂਕਿ ਇਸ ਤੋਂ ਉਪਰ ਹੋਰ ਕੋਈ ਅਮੋਲਕ ਨਹੀਂ| ਜੇਕਰ ਅਨੇਕਾਂ ਗੁਰਦੁਆਰੇ ਉਸਾਰੇ ਹਨ ਤਾਂ ਉੱਥੇ ਦਿਨ-ਰਾਤ ਪਹਿਰਾ ਦੇਣ ਦਾ ਪ੍ਰਬੰਧ ਵੀ ਕਰਨਾ ਚਾਹੀਦਾ ਹੈ|
ਅਕਾਲਪੁਰਖ ਜਾਂ ਗੁਰੂ ਪਾਸੋਂ ਮੰਗਣ ਤੋਂ ਪਹਿਲਾਂ, ਸਾਨੂੰ ਹੇਠ ਲਿਖੇ ਗੁਰਬਾਣੀ ਹੁਕਮਾਂ ਤੋਂ ਸਿੱਖਿਆ ਜ਼ਰੂਰ ਲੈ ਲੈਣੀ ਚਾਹੀਦੀ ਹੈ ਤਾਂ ਜੋ ਸਾਨੂੰ ਦਾਤਾਰ ਪ੍ਰਭੂ ਤੋਂ ਮੰਗਣ ਦੀ ਜਾਚ ਆ ਜਾਵੇ ਅਤੇ ਇਹ ਵੀ ਪਤਾ ਲੱਗ ਜਾਵੇ ਕਿ ਸਾਨੂੰ ਮੰਗਣਾ ਕੀ ਚਾਹੀਦਾ ਹੈ?:-
ਤੂ ਅਣਮੰਗਿਆ ਦਾਨੁ ਦੇਵਣਾ  ਸਭਨਾਹਾ ਜੀਆ|| (ਗੁ.ਗ੍ਰੰ.ਸਾ.ਪੰਨਾ-585)
ਅਰਥ: ਹੇ ਸ੍ਰਿਸ਼ਟੀ ਦੇ ਕਰਤਾ ਅਕਾਲਪੁਰਖ! ਤੂੰ ਸਾਰੇ ਜੀਵਾਂ ਨੂੰ ਉਨ੍ਹਾਂ ਦੇ ਮੰਗਣ ਤੋਂ ਬਿਨਾਂ ਹੀ ਸਭ ਦਾਤਾਂ ਦੇ ਰਿਹਾ ਹੈਂ|
ਜੋ ਮਾਗੈ ਸੋ ਭੂਖਾ ਰਹੈ|| ਇਸੁ ਸੰਗਿ ਰਾਚੈ ਸੁ ਕਛੂ ਨ ਲਹੈ||
ਇਸਹਿ ਤਿਆਗਿ ਸਤਸੰਗਤਿ ਕਰੈ|| ਵਡਭਾਗੀ ਨਾਨਕ ਓਹੁ ਤਰੈ|| (ਗੁ.ਗ੍ਰੰ.ਸਾ.ਪੰਨਾ-892)
ਅਰਥ: ਹੇ ਭਾਈ! ਜਿਹੜਾ ਮਨੁੱਖ ਹਰ ਵੇਲੇ ਮਾਇਆ ਹੀ ਮੰਗਦਾ ਰਹਿੰਦਾ ਹੈ, ਉਹ ਕਦੇ ਨਹੀਂ ਰੱਜਦਾ, ਉਸ ਦੀ ਤ੍ਰਿਸ਼ਨਾ ਕਦੇ ਨਹੀਂ ਮੁਕਦੀ, ਜਿਹੜਾ ਇਸ ਮਾਇਆ ਦੇ ਮੋਹ ਵਿਚ ਹੀ ਮਸਤ ਰਹਿੰਦਾ ਹੈ, ਉਸ ਨੂੰ ਆਤਮਕ ਜੀਵਨ ਦੇ ਧਨ ਵਿਚੋਂ ਕੁੱਝ ਨਹੀਂ ਮਿਲਦਾ| ਪਰ ਹੇ ਨਾਨਕ! ਇਸ ਮਾਇਆ ਦੇ ਮੋਹ ਨੂੰ ਛੱਡ ਕੇ, ਜਿਹੜਾ ਮਨੁੱਖ ਭਲਿਆਂ ਦੀ ਸੰਗਤ ਕਰਦਾ ਹੈ, ਉੁਹ ਵੱਡੇ ਭਾਗਾਂ ਵਾਲਾ ਮਨੁੱਖ (ਮਾਇਆ ਦੇ ਮੋਹ ਦੀਆਂ ਛੱਲਾਂ ਤੋਂ ਪਾਰ ਲੰਘ ਜਾਂਦਾ ਹੈ)|
ਵਿਣੁ ਤੁਧੁ ਹੋਰੁ ਜਿ ਮੰਗਣਾ ਸਿਰਿ ਦੁਖਾ ਕੈ ਦੁਖ||
ਦੇਹਿ ਨਾਮੁ ਸੰਤੋਖੀਆ ਉਤਰੈ ਮਨ ਦੀ ਭੁਖ|| (ਗੁ.ਗ੍ਰੰ.ਸਾ.ਪੰਨਾ-958)
ਅਰਥ: ਹੇ ਪ੍ਰਭੂ! ਤੇਰੇ ਨਾਮ ਤੋਂ ਬਿਨਾਂ ਤੈਥੋਂ ਕੁੱਝ ਹੋਰ ਮੰਗਣਾ, ਹੋਰ ਭਾਰੇ ਦੁਖਾਂ ਨੂੰ ਸਹੇੜਨ ਵਾਲੀ ਗੱਲ ਹੈ, ਹੇ ਪ੍ਰਭੂ! ਮੈਂਨੂੰ ਆਪਣਾ ਨਾਮ ਦੇਹ ਤਾਂ ਜੋ ਮੈਂਨੂੰ ਸੰਤੋਖ ਆ ਜਾਵੇ ਅਤੇ ਮੇਰੇ ਮਨ ਦੀ ਤ੍ਰਿਸਨਾ ਮੁੱਕ ਜਾਵੇ|
ਉਕਤ ਗੁਰਬਾਣੀ ਵਿਚਾਰ ਤੋਂ ਸਪੱਸ਼ਟ ਹੈ ਕਿ ਸਾਨੂੰ ਕੇਵਲ ਨਾਮ ਹੀ ਮੰਗਣਾ ਚਾਹੀਦਾ ਹੈ| ਜੇਕਰ ਅਸੀਂ ਹੋਰ ਚੀਜ਼ਾਂ ਮੰਗਦੇ ਹਾਂ ਤਾਂ ਉਹ ਸਾਡੇ ਲਈ ਦੁੱਖਾਂ ਦਾ ਕਾਰਣ ਬਣਦੀਆਂ ਹਨ| ਨਾਮ ਦਾਨ ਗੁਰੂ ਗ੍ਰੰਥ ਸਾਹਿਬ ਜੀ ਦੀ ਸਮੁੱਚੀ ਸਿੱਖਿਆ ਹੈ, ਜਿਹੜੀ ਸਰਬੰਸਦਾਨੀ ਗੁਰੂ ਗੋਬਿੰਦ ਸਿੰਘ ਜੀ ਨੇ ਸਾਨੂੰ ਰਹਿੰਦੀ ਦੁਨੀਆਂ ਤਕ ਦੇ ਦਿੱਤੀ ਹੈ| ਜ਼ਰੂਰਤ ਇਸ ਦਾਨ ਨੂੰ ਆਪਣੇ ਜੀਵਨ ਵਿਚ ਲਾਗੂ ਕਰਨ ਦੀ ਹੈ|
ਜੇਕਰ ਸਿੱਖ, ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਸਿੱਖਿਆ (ਨਾਮ) ਨੂੰ ਗੁਰਦੁਆਰਿਆਂ, ਘਰਾਂ ਅਤੇ ਆਪਣੇ ਜੀਵਨ ਵਿਚ ਲਾਗੂ ਕਰ ਲੈਣ ਤਾਂ ਹਰ ਇਕ ਸਿੱਖੀ ਕਿਰਤੀ ਹੋਵੇਗਾ, ਹਰ ਥਾਂ ਸੁੱਖ ਹੋਵੇਗਾ, ਖਾਲਸੇ ਦੀ ਹਰ ਥਾਂ ਰੱਖਿਆ ਹੋਵੇਗੀ, ਦੇਗ਼, ਤੇਗ਼, ਫ਼ਤਹਿ ਹੋਵੇਗੀ, ਪੰਥ ਕੀ ਜੀਤ ਹੋਵੇਗੀ, ਖਾਲਸਾ ਜੀ ਕੇ ਬੋਲ-ਬਾਲੇ ਹੋਣਗੇ, ਚੌਕੀਆਂ, ਝੰਡੇ, ਬੁੰਗੇ ਜੁੱਗੋ ਜੁੱਗ ਅਟੱਲ ਹੋਣਗੇ, ਧਰਮ ਦਾ ਪ੍ਰਸਾਰ ਅਤੇ ਧਰਮ ਦਾ ਜੈਕਾਰਾ  ਹੋਵੇਗੇ| ਸਿੱਖਾਂ ਦਾ ਮਨ ਨੀਵਾਂ ਹੋਵੇਗਾ, ਮਤ ਉੱਚੀ ਹੋਵੇਗੀ ਅਤੇ ਸਿੱਖ, ਆਪਣੇ ਗੁਰਧਾਮਾਂ ਦੀ ਸੰਭਾਲ ਸਵੈਮਾਨ ਨਾਲ ਕਰਨਗੇ|
ਹੁਣ ਗੱਲ ਕਰਦੇ ਹਾਂ ਸਾਨੂੰ ਕਿਹੜੀ ਅਰਦਾਸ ਕਰਨੀ ਚਾਹੀਦੀ ਹੈ? ਸਭ ਤੋਂ ਪਹਿਲਾਂ ਸਾਨੂੰ ਇਕ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਅਰਦਾਸ, ਪੁਜਾਰੀ ਬਣ ਕੇ ਨਹੀਂ ਸਗੋਂ ਇਕ ਸੇਵਕ ਬਣ ਕੇ ਕਰਨੀ ਚਾਹੀਦੀ ਹੈ| ਹਰ ਇਕ ਸਿੱਖ ਦੀ ਅਰਦਾਸ, ਉਸ ਦੀ ਮਾਨਸਿਕ ਅਵਸਥਾ ਨਾਲ ਜੁੜੀ ਹੋਈ ਹੈ|
ਜਿਨ੍ਹਾਂ ਨੇ ਭਗਉਤੀ ਅੱਗੇ ਅਰਦਾਸ ਕਰਨੀ ਛੱਡ ਦਿੱਤੀ ਹੈ, ਉਹ ਇਸ ਦਾ ਬਦਲ ਚਾਹੁਦੇ ਹਨ| ਅਰਦਾਸ ਕਰਨ ਤੋਂ ਪਹਿਲਾਂ, ਸਾਨੂੰ ਇਕ ਜ਼ਰੂਰੀ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਅਕਾਲਪੁਰਖ ਦੀ ਸਰਬ-ਵਿਆਪਕਤਾ, ਗੁਰੂ ਗ੍ਰੰਥ ਸਾਹਿਬ ਜੀ ਦੀ ਸਰਬ-ਉੱਚਤਾ ਅਤੇ ਸਿੱਖ-ਇਤਿਹਾਸ ਦੀ ਵਿਲੱਖਣਤਾ ਉੱਤੇ ਬਚਿੱਤਰ ਨਾਟਕ (ਦਸਮ ਗ੍ਰੰਥ) ਜਾਂ ਹੋਰ ਗੁਰਮਤਿ ਵਿਰੋਧੀ ਗ੍ਰੰਥਾਂ ਦਾ ਪ੍ਰਛਾਵਾਂ ਬਿਲਕੁਲ ਨਹੀਂ ਪੈਣ ਦੇਣਾ ਚਾਹੀਦਾ| ਇਸ ਤੋਂ ਇਲਾਵਾਂ ਨਾ ਹੀ ਬਚਿੱਤਰ ਨਾਟਕ (ਦਸਮ ਗ੍ਰੰਥ) ਵਿਚ ਦਰਜ, ਭਗਉਤੀ ਦੀ ਵਾਰ ਦੀ ਨਕਲ ਜਾਂ ਤਰਜ ਤੇ ਕੋਈ ਤੁੱਕਬੰਦੀ ਕਰਕੇ, ਅਰਦਾਸ ਘੜਨੀ ਚਾਹੀਦੀ ਹੈ| ਸਿੱਖ-ਕੌਮ ਦੇ ਨਿਆਰੇਪਨ ਨੂੰ ਬਰਕਰਾਰ ਰੱਖਣ ਲਈ ਅਤੇ ਆਪਣੇ ਕਾਰਜਾਂ ਦੀ ਪੂਰਤੀ ਲਈ, ਅਰਦਾਸ ਕਰਨ ਸਮੇਂ ਸਾਨੂੰ ਹੇਠ ਲਿਖੀਆਂ ਗੱਲਾਂ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ:-
1. ਸਭ ਤੋਂ ਪਹਿਲਾਂ ਸਾਰੀਆਂ ਸ਼ਕਤੀਆਂ ਦੇ ਮਾਲਕ,  ਅਕਾਲਪੁਰਖ ਦੀ ਸਰਬ-ਵਿਆਪਕਤਾ ਨੂੰ ਸੰਸਾਰ ਵਿਚ ਹਰ ਥਾਂ ਪ੍ਰਵਾਨ ਕਰਦੇ ਹੋਏ, ਉਸ ਦੀ ਸਹਾਇਤਾ ਲਈ ਜੋਦੜੀ|
2. ਇਕਾ ਬਾਣੀ  ਇਕੁ ਗੁਰੁ  ਇਕੋ ਸਬਦੁ ਵੀਚਾਰਿ|| (ਗੁ.ਗ੍ਰੰ.ਸਾ.ਪੰਨਾ- 646) ਅਨੁਸਾਰ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਬ-ਉੱਚਤਾ ਨੂੰ ਪ੍ਰਵਾਨ ਕਰਦੇ ਹੋਏ, ਸੰਸਾਰ ਵਿਚ ਹਰ ਥਾਂ, ਕੇਵਲ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਸਿੱਖਿਆ ਨੂੰ ਆਪਣੇ ਜੀਵਨ ਦੀ ਰਹਿਨੁਮਾਈ ਦੇ ਸਮਰੱਥ ਅਤੇ ਮਦਦਗਾਰ ਸਮਝਣਾ|
3. ਗੁਰਬਾਣੀ ਦਾ ਫ਼ੁਰਮਾਨ ਹੈ: ਸਚੈ ਮਾਰਗਿ ਚਲਦਿਆ ਉਸਤਤਿ ਕਰੇ ਜਹਾਨੁ|| (ਗੁ.ਗ੍ਰੰ.ਸਾ.ਪੰਨਾ-136) ਅਨੁਸਾਰ ਉਹ ਮਹਾਨ ਆਤਮਾਵਾਂ, ਜਿਨ੍ਹਾਂ ਨੇ ਸੱਚ-ਧਰਮ ਨੂੰ ਜਗਦਾ ਰੱਖਣ ਲਈ ਅਣਥੱਕ ਜਦੋ-ਜਹਿਦ ਕੀਤੀ ਅਤੇ ਅਨੇਕਾਂ ਕੁਰਬਾਨੀਆਂ ਦਿੱਤੀਆਂ| ਜਿਨ੍ਹਾਂ ਦੇ ਜਤਨਾਂ ਸਦਕਾ, ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਿਆਈ ਮਿਲੀ ਅਤੇ ਲਾਸਾਨੀ ਸਿੱਖ-ਇਤਿਹਾਸ ਪ੍ਰਾਪਤ ਹੋਇਆ| ਉਨ੍ਹਾਂ ਸਾਰਿਆਂ ਦੀ ਕੁਰਬਾਨੀਆਂ ਨੂੰ ਪ੍ਰਨਾਮ ਕਰਨਾ, ਹਰ ਸਿੱਖ ਦਾ ਜ਼ਰੂਰੀ ਫ਼ਰਜ਼ ਬਣਦਾ ਹੈ|
4. ਜਿਹੜਾ ਕਾਰਜ ਕੀਤਾ ਗਿਆ ਹੈ, ਉਸ ਨੂੰ ਮੁੱਖ ਰੱਖ ਕੇ, ਅਕਾਲਪੁਰਖ ਜਾਂ ਗੁਰੂ ਅੱਗੇ ਅਰਦਾਸ ਕਰਨੀ ਹੈ| ਗੁਰਸਿੱਖੀ ਜੀਵਨ  ਅਤੇ ਧਰਮ ਪ੍ਰਚਾਰ ਕਰਨ ਲਈ ਬਲ-ਬੁੱਧੀ ਪ੍ਰਾਪਤ ਕਰਨੀ ਤਾਂ ਜੋ ਸੰਸਾਰ ਵਿਚ ਮਨੁੱਖਤਾ ਦੇ ਭਲੇਹਿਤ ਕੰਮ ਕੀਤੇ ਜਾ ਸਕਣ|
5. ਆਪਣੇ ਜੀਵਨ ਦੀ ਸਫ਼ਲਤਾ ਲਈ ਇਕ ਤਾਂਘ|
þ ਅਰਦਾਸ þ
ੴ ਸਤਿ ਗੁਰ ਪ੍ਰਸਾਦਿ||
ਤੂ ਠਾਕੁਰੁ ਤੁਮ ਪਹਿ ਅਰਦਾਸਿ||
ਜੀਉ ਪਿੰਡੁ ਸਭੁ ਤੇਰੀ ਰਾਸਿ||
ਤੁਮ ਮਾਤ ਪਿਤਾ ਹਮ ਬਾਰਿਕ ਤੇਰੇ||
ਤੁਮਰੀ ਕ੍ਰਿਪਾ ਮਹਿ ਸੂਖ ਘਨੇਰੇ||
ਕੋਇ ਨ ਜਾਨੈ ਤੁਮਰਾ ਅੰਤੁ||
ਊਚੇ ਤੇ ਊਚਾ ਭਗਵੰਤ||
ਸਗਲ ਸਮਗ੍ਰੀ ਤੁਮਰੈ ਸੂਤ੍ਰਿ ਧਾਰੀ||
ਤੁਮ ਤੇ ਹੋਇ ਸੁ ਆਗਿਆਕਾਰੀ||
ਤੁਮਰੀ ਗਤਿ ਮਿਤਿ ਤੁਮ ਹੀ ਜਾਨੀ||
ਨਾਨਕ ਦਾਸ ਸਦਾ ਕੁਰਬਾਨੀ|| 8||4||
(ਗੁ.ਗ੍ਰੰ.ਸਾ.ਪੰਨਾ-268)
*****
ਹੇ ਸਰਬ-ਵਿਆਪਕ! ਸਰਬ-ਸ਼ਕਤੀਮਾਨ! ਅਕਾਲਪੁਰਖ ਜੀਉ! ਸਭ ਥਾਂਈ ਹੋਣਾ ਜੀ ਸਹਾਇ|
ਇਕਾ ਬਾਣੀ  ਇਕੁ ਗੁਰੁ  ਇਕੋ ਸਬਦੁ ਵੀਚਾਰਿ|| (ਗੁ.ਗ੍ਰੰ.ਸਾ.ਪੰਨਾ- 646) ਅਨੁਸਾਰ ਨਾਨਕ ਜੋਤਿ ਸਤਿਗੁਰਾਂ, ਭਗਤ-ਜਨਾਂ, ਭੱਟ-ਜਨਾਂ ਅਤੇ ਸੇਵਕ-ਜਨਾਂ ਦੀ ਬਾਣੀ ਦੇ ਬੋਹਿਥ! ਪੂਰਨ ਤੇ ਸਮਰੱਥ ਗੁਰੂ! ਸਦੀਵੀ ਤਖ਼ਤ ਦੇ ਮਾਲਕ! ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀਉ! ਸਭ ਥਾਈਂ ਹੋਣਾ ਜੀ ਸਹਾਇ|
ਨਾਨਕ ਜੋਤਿ ਸਤਿਗੁਰਾਂ, ਗੁਰਸਿੱਖਾਂ, ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਸਿੰਘਾਂ-ਸਿੰਘਣੀਆਂ, ਜਿਨ੍ਹਾਂ ਨੇ ਸੱਚ-ਧਰਮ ਲਈ ਸੀਸ ਦਿੱਤੇ, ਆਰਿਆਂ ਨਾਲ ਚੀਰੇ ਗਏ, ਉਬਲਦੀਆਂ ਦੇਗਾਂ ਵਿਚ ਬਿਠਾਏ ਗਏ, ਅੱਗਾਂ ਵਿਚ ਸਾੜੇ ਗਏ, ਬੰਦ-ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜ੍ਹੇ, ਨਿੱਕੇ ਨਿੱਕੇ ਬੱਚਿਆਂ ਨੂੰ ਨੇਜ਼ਿਆਂ ਤੇ ਟੰਗਾਇਆ, ਬੱਚਿਆਂ  ਦੇ ਟੁਕੜੇ-ਟੁਕੜੇ ਕਰਾ ਕੇ ਗਲਾਂ ਵਿਚ ਹਾਰ ਪੁਆਏ, ਅਨੇਕਾਂ ਅਕਹਿ ਅਤੇ ਅਸਹਿ ਕਸ਼ਟ ਸਹਾਰੇ, ਸਿੱਖੀ ਕੇਸਾਂ-ਸੁਆਸਾਂ ਨਾਲ ਨਿਬਾਹੀ, ਤਿੰਨਾਂ ਦੀਆਂ ਕੁਰਬਾਨੀਆਂ ਨੂੰ ਕੋਟਿ ਕੋਟਿ ਪ੍ਰਨਾਮ|
ਹੇ ਨਿਮਾਣਿਆਂ ਦੇ ਮਾਣ! ਨਿਤਾਣਿਆਂ ਦੇ ਤਾਣ! ਨਿਓਟਿਆਂ ਦੀ ਓਟ! ਸੱਚੇ ਪਿਤਾ!  ਆਪ ਜੀ ਦੇ ਹਜ਼ੂਰ ਅਰਦਾਸ ਹੈ (…….ਜਿਹੜਾ ਕਾਰਜ ਕੀਤਾ ਗਿਆ ਹੈ, ਉਸ ਦਾ ਢੁਕਵਾਂ ਵਰਨਣ ਕੀਤਾ ਜਾਵੇ…….)| ਬਾਣੀ ਪੜ੍ਹਦਿਆਂ, ਵਿਚਾਰਾਂ ਕਰਦਿਆਂ, ਸੇਵਾ ਕਰਦਿਆਂ, ਆਪ ਜੀ ਦੇ ਬੱਚਿਆਂ ਪਾਸੋਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਹੋ ਗਈਆਂ ਹੋਣਗੀਆਂ| ਅਣਜਾਣ ਬੱਚੇ ਸਮਝ ਕੇ ਮਾਫ਼ ਕਰਨਾ| ਅੱਗੋਂ ਲਈ ਇਕ ਮਨ ਸ਼ੁੱਧ-ਤੇ ਸਪੱਸ਼ਟ, ਬਾਣੀ ਪੜ੍ਹਣ ਅਤੇ ਸਮਝਣ ਦੀ ਸੁਮੱਤਿ ਬਖਸ਼ਣਾ| ਨਾਮ ਬਾਣੀ ਨਾਲ ਪ੍ਰੇਮ ਬਖਸ਼ਣਾ| ਨਿਮਰਤਾ, ਧੀਰਜ, ਹੌਂਸਲਾ, ਬਲ-ਬੁੱਧੀ ਬਖਸ਼ਣਾ| ਵਿਸ਼ੇ-ਵਿਕਾਰਾਂ ਤੋਂ ਬਚਾਈ ਰੱਖਣਾ| ਗੁਰਸਿੱਖੀ ਚੜ੍ਹਦੀਕਲਾ ਦਾ ਜੀਵਨ ਬਖਸ਼ ਕੇ, ਸਭ ਦਾ ਭਲਾ ਕਰਨਾ|
ਇਹ ਲੋਕ ਸੁਖੀਏ ਪਰਲੋਕ ਸੁਹੇਲੇ||
ਨਾਨਕ ਹਰਿ ਪ੍ਰਭਿ ਆਪਹਿ ਮੇਲੇ||
(ਗੁ.ਗ੍ਰੰ.ਸਾ.ਪੰਨਾ- 292-93)
*****
ਬੋਲੇ ਸੋ ਨਿਹਾਲ| ਸਤਿ ਸ੍ਰੀ ਅਕਾਲ|
*****
ਵਾਹਿਗੁਰੂ ਜੀ ਕਾ ਖਾਲਸਾ| ਵਾਹਿਗੁਰੂ ਜੀ ਕੀ ਫ਼ਤਹਿ

 ਦਵਿੰਦਰ ਸਿੰਘ, ਆਰਟਿਸਟ, ਖਰੜ
 ਮੋਬਾਇਲ ਨੰ:97815-09768