ਗੁਰੂ ਦਾ ਸਿੱਖ ਮੂਰਖ ਕਿਉਂ ਬਣੇ ?

0
519

A A A


ਇਕ ਦਿਨ ਦੀ ਗੱਲ ਹੈ| ਤਿੰਨ-ਚਾਰ ਸਿੱਖ-ਪ੍ਰਚਾਰਕ ਨੌਜਵਾਨ ਮੇਰੇ ਘਰ ਆਏ| ਜਦੋਂ ਉਹ ਸਾਰੇ, ਮੇਰੇ ਕਮਰੇ ਵਿਚ ਬੈਠ ਗਏ ਤਾਂ ਅਚਾਨਕ ਉਨ੍ਹਾਂ ਦੀ ਨਜ਼ਰ ਮੱਝ ਦੀ ਤਸਵੀਰ ਉੱਤੇ ਪੈ ਗਈ| ਉਨ੍ਹਾਂ ਵਿਚੋਂ ਇਕ ਲੜਕਾ ਮੈਂਨੂੰ ਪੁੱਛਣ ਲੱਗਾ, ਅੰਕਲ! ਇਹ ਤਸਵੀਰ ਤਾਂ ਮੱਝ ਦੀ ਹੈ, ਇਸ ਉੱਤੇ ਹਾਥੀ ਕਿਉਂ ਲਿਖਿਆ ਹੈ?
ਮੈਂ ਉਨ੍ਹਾਂ ਨੂੰ ਕਿਹਾ, “ਇਹ ਹਾਥੀ ਹੀ ਹੈ|” ਮੇਰਾ ਜਵਾਬ ਸੁਣ ਕੇ ਸਾਰੇ ਕਹਿਣ ਲੱਗੇ ਕਿ ਅਸੀਂ ਨਹੀਂ ਮੰਨਦੇ, ਮੱਝ ਨੂੰ ਹਾਥੀ| ਤੁਸੀਂ ਗ਼ਲਤ ਲਿਖਿਆ ਹੈ| ਮੈਂ ਉਨਾਂ ਨੂੰ ਫਿਰ ਕਿਹਾ, “ਤੁਸੀਂ ਮੰਨੋ ਚਾਹੇ ਨਾ ਮੰਨੋ, ਪਰ ਇਹ ਹਾਥੀ ਹੀ ਹੈ|” ਲੜਕਿਆਂ ਨੇ ਫਿਰ ਕਿਹਾ, “ਅੰਕਲ ਤੁਸੀ ਮੰਨੀ ਜਾਉ, ਮੱਝ ਨੂੰ ਹਾਥੀ ਪਰ ਅਸੀਂ ਨਹੀਂ ਮੰਨਦੇ| ਸਾਨੂੰ ਮੱਝ ਅਤੇ ਹਾਥੀ ਦੀ ਪਛਾਣ ਹੈ| ਤੁਸੀਂ ਹਜ਼ਾਰਾਂ ਬਾਰ ਵੀ ਮੱਝ ਨੂੰ ਹਾਥੀ ਆਖੋ, ਅਸੀਂ ਤਾਂ ਵੀ ਮੱਝ ਨੂੰ ਹਾਥੀ ਕਹਿਣ ਲਈ ਤਿਆਰ ਨਹੀਂ|” ਉਨ੍ਹਾਂ ਨੂੰ ਕਿਹਾ, “ਲਗਦਾ ਤੁਸੀਂ ਕਿਸੇ ਦੀਆਂ ਝੂਠੀਆਂ ਗੱਲਾਂ ਵਿਚ ਆਉਣ ਵਾਲੇ ਨਹੀਂ| ਪਰ ਇਕ ਗੱਲ ਦੱਸੋ, ਮੇਰੇ ਵਰਗਾ ਜਿਹੜਾ ਬਾਰ-ਬਾਰ ਮੱਝ ਨੂੰ ਹਾਥੀ ਆਖੇ, ਤੁਸੀਂ ਉਸ ਨੂੰ ਸਿਆਣਾ ਆਖੋਗੇ ਜਾਂ ਮੂਰਖ?” ਸਾਰਿਆਂ ਦਾ ਜਵਾਬ ਸੀ: ਮੂਰਖ| ਦੇਖੋ ਤੁਹਾਨੂੰ ਮੱਝ ਅਤੇ ਹਾਥੀ ਦੀ ਚੰਗੀ ਤਰ੍ਹਾਂ ਜਾਣਕਾਰੀ ਹੈ, ਜਿਸ ਕਰਕੇ ਤੁਸੀਂ ਮੱਝ ਨੂੰ ਹਾਥੀ ਕਹਿਣ ਦੀ ਗ਼ਲਤੀ ਬਿਲਕੁਲ ਨਹੀਂ ਕੀਤੀ| ਇਹ ਸਮਝਦਾਰੀ ਵਾਲੀ ਗੱਲ ਹੈ|

ਹੁਣ ਗੱਲ ਕਰਦੇ ਹਾਂ ਆਪਣੇ ਗੁਰੂ ਦੀ| ਕੀ ਤੁਹਾਨੂੰ ਆਪਣੇ ਗੁਰੂ ਦੀ ਚੰਗੀ ਤਰ੍ਹਾਂ ਜਾਣਕਾਰੀ ਹੈ ਜਾਂ ਨਹੀਂ? ਜੇਕਰ ਜਾਣਕਾਰੀ ਹੈ ਤਾਂ ਮੇਰੇ ਕੁੱਝ ਸਵਾਲਾਂ ਦੇ ਜਵਾਬ ਦੇਣ ਦੀ ਕ੍ਰਿਪਾਲਤਾ ਕਰੋ| ਜਵਾਬ ਦੇਣ ਸਮੇਂ ਗੁਰਬਾਣੀ ਦਾ ਫ਼ੁਰਮਾਨ:-ਬੋਲੀਐ ਸਚ ਧਰਮ ਝੂਠ ਨ ਬੋਲੀਐੇ|| ( ਗੁ.ਗ੍ਰੰ.ਸਾ.ਪੰਨਾ-488) ਧਿਆਨ ਵਿਚ ਰੱਖਣਾ ਹੈ| ਜਿਵੇਂ ਕਿ:-
ਪਹਿਲਾ ਸਵਾਲ: ਗੁਰੂ ਨਾਨਕ ਸਾਹਿਬ ਨੇ ਆਪਣੇ ਤੋਂ ਬਾਅਦ, ਕਿਸ ਸਿੱਖ ਨੂੰ ਗੁਰਿਆਈ ਦੇ ਕਾਬਲ ਮੰਨਿਆ ਸੀ?
ਨੌਜਵਾਨ: ਭਾਈ ਲਹਿਣਾ ਜੀ (ਗੁਰੂ ਅੰਗਦ ਜੀ) ਨੂੰ|
ਦੂਜਾ ਸਵਾਲ: ਗੁਰੂ ਨਾਨਕ ਸਾਹਿਬ ਨੇ ਆਪਣੇ ਪੁੱਤਰਾਂ ਨੂੰ ਗੁਰਗੱਦੀ ਕਿਉਂ ਨਹੀਂ ਦਿੱਤੀ ਸੀ?
ਨੌਜਵਾਨ: ਉਹ ਆਪਣੇ ਗੁਰਪਿਤਾ ਦੇ ਹੁਕਮਾਂ ਦੀ ਸਾਰੀ ਉਮਰ ਅਵੱਗਿਆ ਕਰਦੇ ਰਹੇ|
ਤੀਜਾ ਸਵਾਲ: ਗੁਰੂ ਅਰਜੁਨ ਸਾਹਿਬ ਨੇ ਪੋਥੀ (ਗੁਰੂ ਗ੍ਰੰਥ ਸਾਹਿਬ) ਦੀ ਸੰਪਾਦਨਾ ਸਮੇਂ, ਪੀਲੂ, ਕਾਹਨਾ, ਛੱਜੂ ਆਦਿ ਕਵੀਆਂ ਦੀਆਂ ਰਚਨਾਵਾਂ ਗ੍ਰੰਥ ਵਿਚ ਦਰਜ ਕਿਉਂ ਨਹੀਂ ਕੀਤੀਆਂ ਸਨ?
ਨੌਜਵਾਨ: ਇਨ੍ਹਾਂ ਕਵੀਆਂ ਦੀਆਂ ਰਚਨਾਵਾਂ ਗੁਰੂਬਾਣੀ ਦੇ ਅਨੁਕੂਲ ਨਹੀਂ ਸਨ|
ਚੌਥਾ ਸਵਾਲ: ਗੁਰੂ ਗੋਬਿੰਦ ਸਿੰਘ ਜੀ ਨੇ 1708 ਈ: ਵਿਚ  ਆਪਣੇ ਤੋਂ ਮਗਰੋਂ, ਗੁਰੂ ਨਾਨਕ ਸਾਹਿਬ ਦੀ ਗੁਰਗੱਦੀ ਦੀ ਸਦੀਵੀ ਗੁਰਿਆਈ ਕਿਸ ਨੂੰ ਦਿੱਤੀ  ਸੀ?
ਨੌਜਵਾਨ: ਗੁਰੂ ਗ੍ਰੰਥ ਸਾਹਿਬ ਜੀ |
ਪੰਜਵਾਂ ਸਵਾਲ:   ਗੁਰੂ ਗੋਬਿੰਦ ਸਿੰਘ ਜੀ ਨੇ 1708 ਈ: ਵਿਚ, ਸਿੱਖ ਕੌਮ ਨੂੰ ਕੀ ਹੁਕਮ ਕੀਤਾ ਸੀ?  
ਨੌਜਵਾਨ:  ਸਿੱਖਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਸਦੀਵੀ ਗੁਰੂ ਮੰਨਣਾ ਹੈ ਅਤੇ ਇਸ ਦੀ ਅਗਵਾਈ ਵਿਚ ਹੀ ਚਲਣਾ ਹੈ| ਆਪਣੇ ਗੁਰੂ ਤੋਂ ਬਿਨਾਂ ਹੋਰ ਕਿਸੇ ਨੂੰ ਗੁਰੂ ਨਹੀਂ ਮੰਨਣਾ|
ਛੇਵਾਂ ਸਵਾਲ:  ਸਿੱਖ, ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਗੁਰੂ ਕਿਸ ਕਾਰਣ ਮੰਨਦੇ ਹਨ?
ਨੌਜਵਾਨ: ਗੁਰੂ ਗ੍ਰੰਥ ਸਾਹਿਬ ਜੀ ਅੰਦਰ ਸਿੱਖ-ਸਤਿਗੁਰਾਂ, ਭਗਤ-ਜਨਾਂ, ਭੱਟ-ਜਨਾਂ ਅਤੇ ਗੁਰਸਿੱਖਾਂ ਦੀ ਪ੍ਰਵਾਨਿਤ ਬਾਣੀ ਦਰਜ  ਹੈ, ਜਿਸ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਪ੍ਰਵਾਨ ਕਰਦੇ ਹੋਏ, 1708 ਈ: ਵਿਚ ਸਦਾ ਲਈ ਗੁਰਿਆਈ ਦਿੱਤੀ ਸੀ|
ਸੱਤਵਾਂ ਸਵਾਲ: ਗੁਰੂ ਗ੍ਰੰਥ ਸਾਹਿਬ ਜੀ ਵਿਚ ਜਿਹੜੀ ਬਾਣੀ ਦਰਜ ਹੈ, ਉਸ ਬਾਣੀ ਨੂੰ ਗੁਰਬਾਣੀ ਦਾ ਦਰਜਾ ਦੇਣ ਦਾ ਅਧਿਕਾਰ ਗੁਰੂ ਸਾਹਿਬ ਕੋਲ ਸੀ ਜਾਂ ਕਿਸੇ ਸਿੱਖਾਂ ਕੋਲ ਵੀ ਸੀ?
ਨੌਜਵਾਨ: ਕੇਵਲ ਗੁਰੂ ਸਾਹਿਬਾਨ ਕੋਲ|
ਅੱਠਵਾਂ ਸਵਾਲ: ਕੀ ਗੁਰੂ ਗੋਬਿੰਦ ਸਿੰਘ ਜੀ ਨੇ 1708 ਈ: ਵਿਚ ਕਿਸੇ ਹੋਰ ਗ੍ਰੰਥ ਨੂੰ ਵੀ ਗੁਰਿਆਈ ਦਿੱਤੀ ਸੀ?
ਨੌਜਵਾਨ: ਬਿਲਕੁਲ ਨਹੀਂ|
ਨੌਵਾਂ ਸਵਾਲ: ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਅੰਦਰ ‘ਗੁਰੂ’ ਕਿਸ ਨੂੰ ਕਿਹਾ ਗਿਆ ਹੈ?
ਨੌਜਵਾਨ: ਸਬਦ-ਗੁਰਬਾਣੀ|  ਗੁਰਬਾਣੀ ਦਾ ਫੁਰਮਾਨ ਵੀ ਹੈ: ਬਾਣੀ ਗੁਰੂ  ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤ ਸਾਰੇ||
ਦਸਵਾਂ ਸਵਾਲ: ਗੁਰਦੁਆਰੇ ਕਿਸ ਮਨੋਰਥ ਲਈ ਬਣਾਏ ਜਾਂਦੇ ਹਨ?
ਨੌਜਵਾਨ: ਗੁਰੂ ਗ੍ਰੰਥ ਸਾਹਿਬ ਜੀ ਦੀਆਂ ਸਿੱਖਿਆਵਾਂ ਦਾ ਪ੍ਰਚਾਰ ਕਰਨ ਵਾਸਤੇ|
ਗਿਆਰਵਾਂ ਸਵਾਲ:  ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਣ ਤੋਂ ਕੀ ਭਾਵ ਹੈ?
ਨੌਜਵਾਨ: ਅਸੀਂ, ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਬਾਣੀ ਹੁਕਮਾਂ ਨੂੰ ਮੰਨਣ ਲਈ ਤਿਆਰ ਹਾਂ|
ਬਾਰ੍ਹਵਾਂ ਸਵਾਲ:   ਵਿਦਿਆਰਥੀ ਸਕੂਲਾਂ/ਕਾਲਜਾਂ/ਯੂਨੀਵਰਸਿਟੀਆਂ ਵਿਚ ਜਾ ਕੇ ਅਨੇਕਾਂ ਕਿਤਾਬਾਂ ਪੜ੍ਹ ਕੇ ਗਿਆਨ ਹਾਸਲ ਕਰਦੇ ਹਨ ਪਰ ਬਹੁਤ ਸਾਰੇ ਸਿੱਖ ਅਜਿਹੇ ਹਨ ਜਿਹੜੇ  ਗੁਰਦੁਆਰਿਆਂ ਵਿਚ ਜਾ ਕੇ ਨਾ ਤਾਂ ਗੁਰਬਾਣੀ ਪੜ੍ਹਦੇ ਹਨ ਅਤੇ ਨਾ ਹੀ ਕੋਈ ਸਿੱਖਿਆ ਹਾਸਲ ਕਰਦੇ ਹਨ, ਇਸ ਦਾ ਕੀ ਕਾਰਣ ਹੈ?
ਨੌਜਵਾਨ: ਸਿੱਖਾਂ ਨੂੰ ਆਪਣੇ ਫ਼ਰਜ਼ਾਂ ਦਾ ਪਤਾ ਨਹੀਂ ਹੈ| ਗੁਰੂ ਨੂੰ ਮੱਥੇ ਟੇਕ ਕੇ ਜਾਂ ਲੰਗਰ ਛਕ ਕੇ ਆਪਣੇ ਘਰਾਂ ਨੂੰ ਆ ਜਾਂਦੇ ਹਨ|  
ਤੇਰਵਾਂ ਸਵਾਲ:  ਕੀ ਸਿੱਖ, ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਪੜ੍ਹੇ ਬਿਨਾਂ ਗੁਰਬਾਣੀ ਸਿੱਖਿਆ ਹਾਸਲ ਕਰ ਸਕਦੇ ਹਨ?
ਨੌਜਵਾਨ: ਬਿਲਕੁਲ ਨਹੀਂ|
ਚੌਦਵਾਂ ਸਵਾਲ: ਕੀ ਤੁਸੀਂ, ਗੁਰੂ ਗ੍ਰੰਥ ਸਾਹਿਬ ਜੀ ਨੂੰ ਪੂਰਨ ਤੇ ਸਮਰੱਥ ਗੁਰੂ ਮੰਨਦੇ ਹੋ?
ਨੌਜਵਾਨ: ਹਾਂ ਜੀ! ਗੁਰੂ ਗ੍ਰੰਥ ਸਾਹਿਬ ਜੀ ਪੂਰਨ ਤੇ ਸਮਰੱਥ ਗੁਰੂ ਹਨ|
ਪੰਦਰਵਾਂ ਸਵਾਲ:  ਕੀ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਕਿਸੇ ਸਿੱਖਿਆ ਦੀ ਘਾਟ ਹੈ?
ਨੌਜਵਾਨ: ਗੁਰੂ ਗ੍ਰੰਥ ਸਾਹਿਬ ਜੀ ਵਿਚ ਕਿਸੇ ਸਿੱਖਿਆ ਦੀ ਘਾਟ ਨਹੀਂ ਹੈ|
ਸੌਲਵਾਂ ਸਵਾਲ:  ਕੀ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਕਿਸੇ ਬਾਣੀ ਦੀ ਘਾਟ ਹੈ?
ਨੌਜਵਾਨ: ਗੁਰੂ ਗ੍ਰੰਥ ਸਾਹਿਬ ਜੀ ਵਿਚ ਕਿਸੇ ਬਾਣੀ ਦੀ ਘਾਟ ਨਹੀਂ ਹੈ|
ਸਤਾਰਵਾਂ ਸਵਾਲ:  ਕੀ ਤੁਸੀਂ, ਗੁਰੂ ਗ੍ਰੰਥ ਸਾਹਿਬ ਜੀ ਉੱਤੇ ਪੂਰਨ ਭਰੋਸਾ ਕਰਦੇ ਹੋ?
ਨੌਜਵਾਨ: ਅਸੀਂ ਸਾਰੇ ਗੁਰੂ ਗ੍ਰੰਥ ਸਾਹਿਬ ਜੀ ਉੱਤੇ ਪੂਰਾ ਭਰੋਸਾ ਰੱਖਦੇ ਹਾਂ|
ਅਠਾਰਵਾਂ ਸਵਾਲ: ਜਿਹੜਾ ਮਨੁੱਖ, ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਸਿੱਖਿਆ ਨੂੰ ਵਿਸਾਰ ਕੇ, ਹੋਰ ਗ੍ਰੰਥ ਨੂੰ ਆਪਣਾ ਗੁਰੂ ਮੰਨੇ, ਕੀ ਤੁਸੀਂ ਉਸ ਨੂੰ ਗੁਰੂ ਦਾ ਸਿੱਖ ਮੰਨਦੇ ਹੋ?
ਨੌਜਵਾਨ: ਬਿਲਕੁਲ ਨਹੀਂ|
ਉਨੀਵਾਂ ਸਵਾਲ:  ਜੇਕਰ ਸੰਸਾਰ ਦਾ ਕੋਈ ਵੀ ਮਨੁੱਖ, ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਗੁਰੂ ਮੰਨਦਾ ਹੋਇਆ, ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਸਿੱਖਿਆ ਅਨੁਸਾਰ ਚਲਣ ਦਾ ਪ੍ਰਣ ਕਰੇ, ਕੀ ਤੁਸੀਂ ਅਜਿਹੇ ਮਨੁੱਖ ਨੂੰ ਗੁਰੂ ਦਾ ਸਿੱਖ ਮੰਨਦੇ ਹੋ ਜਾਂ ਨਹੀਂ?
ਨੌਜਵਾਨ: ਅਜਿਹੇ ਮਨੁੱਖ ਨੂੰ ਗੁਰੂ ਦਾ ਸਿੱਖ ਮੰਨਿਆ ਜਾ ਸਕਦਾ ਹੈ|
ਵੀਹਵਾਂ ਸਵਾਲ:  ਕੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਿਨਾਂ ਸਿੱਖਾਂ ਦਾ ਹੋਰ ਵੀ ਗੁਰੂ ਹੈ?
ਨੌਜਵਾਨ: ਨਹੀਂ|
ਇਕੀਵਾਂ ਸਵਾਲ: ਜਿਸ ਦੇਸ ਦੀ ਰਾਜਗੱਦੀ ਉੱਤੇ ਜਿਹੜਾ ਬਾਦਸ਼ਾਹ ਬੈਠਿਆ ਹੁੰਦਾ ਹੈ, ਉਸ ਦੇਸ ਅੰਦਰ ਉਸੇ ਬਾਦਸ਼ਾਹ ਦਾ ਹੁਕਮ ਚਲਦਾ ਹੈ ਜਾਂ ਕਿਸੇ ਹੋਰ ਵਿਅਕਤੀ ਦਾ ਵੀ?
ਨੌਜਵਾਨ: ਜਿਹੜਾ ਰਾਜਗੱਦੀ ਤੇ ਬੈਠਾ ਹੋਇਆ ਹੋਵੇ, ਉਸੇ ਦਾ ਉਸ ਦੇਸ ਅੰਦਰ ਹੁਕਮ ਚਲਦਾ ਹੈ|
ਬਾਈਵਾਂ ਸਵਾਲ: ਕੀ ਬਾਦਸ਼ਾਹ ਦੇ ਹੁੰਦਿਆਂ ਕਿਸੇ ਹੋਰ  ਵਿਅਕਤੀ ਦਾ ਵੀ ਹੁਕਮ ਚੱਲ ਸਕਦਾ ਹੈ?
ਨੌਜਵਾਨ: ਨਹੀਂ| ਕੇਵਲ ਬਾਦਸਾਹ ਦਾ ਹੀ ਹੁਕਮ ਚਲਦਾ ਹੈ|  
ਤੇਈਵਾਂ ਸਵਾਲ: ਕੀ ਇਕੋ ਸਮੇਂ ਰਾਜ-ਤਖ਼ਤ ਉੱਤੇ ਦੋ ਬਾਦਸਾਹ ਬੈਠ ਕੇ ਰਾਜ ਕਰ ਸਕਦੇ ਹਨ?
ਨੌਜਵਾਨ: ਨਹੀਂ| ਇਹ ਤਾਂ ਹੀ ਹੋ ਸਕਦਾ ਹੈ ਜੇਕਰ ਪਹਿਲੇ ਬਾਦਸਾਹ ਨੂੰ ਗੱਦੀ ਤੋ ਲਾਹ ਦਿੱਤਾ ਜਾਵੇ|
ਚੌਵੀਵਾਂ ਸਵਾਲ: ਗੁਰਦੁਆਰਿਆਂ ਅੰਦਰ ਗੁਰੂ ਨਾਨਕ ਸਾਹਿਬ ਦੀ ਗੁਰਗੱਦੀ ਦੇ ਮਾਲਕ, ਗੁਰੂ ਗ੍ਰੰਥ ਸਾਹਿਬ ਜੀ ਦਾ ਹੁਕਮ ਚਲਣਾ ਚਾਹੀਦਾ ਹੈ ਜਾ ਕਿਸੇ ਹੋਰ ਗ੍ਰੰਥ ਦਾ?
ਨੌਜਵਾਨ: ਗੁਰੂ ਗ੍ਰੰਥ ਸਾਹਿਬ ਜੀ ਦਾ|
ਪੱਚੀਵਾਂ ਸਵਾਲ: ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਅੰਦਰ “ਇਕ” ਦਾ ਸਿਧਾਂਤ ਬਹੁਤ ਮਹਾਨ ਹੈ| ਅਕਾਲਪੁਰਖ “ਇਕ”  ਹੈ| ਗੁਰਬਾਣੀ ਦਾ ਫ਼ੁਰਮਾਨ ਹੈ: ( ਸਾਹਿਬ ਮੇਰਾ ਏਕੋ ਹੈ|| ਏਕੋ ਹੈ ਭਾਈ ਏਕੋ ਹੈ||(ਗੁ.ਗ੍ਰੰ.ਸਾ.ਪੰਨਾ-350) ਅਤੇ ਸਿੱਖ ਦਾ ਗੁਰੂ, ਗੁਰਬਾਣੀ ਅਤੇ ਵਿਚਾਰਧਾਰਾ ਕਰਕੇ ਵੀ “ਇਕ”  ਹੈ| ਗੁਰਬਾਣੀ ਦਾ ਫ਼ੁਰਮਾਨ ਹੈ: ਇਕਾ ਬਾਣੀ  ਇਕੁ ਗੁਰੁ  ਇਕੋ ਸਬਦੁ ਵੀਚਾਰਿ|| (ਗੁ.ਗ੍ਰੰ.ਸਾ.ਪੰਨਾ- 646)| ਕੀ ਤੁਸੀਂ ਗੁਰਬਾਣੀ ਦੇ ਇਸ ਸਿਧਾਂਤ ਨੂੰ ਮੰਨਦੇ ਹੋ?
ਨੌਜਵਾਨ: ਬਿਲਕੁਲ ਮੰਨਦੇ ਹਾਂ|
ਛੱਬੀਵਾਂ ਸਵਾਲ:  ਕੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਿਨਾਂ ਆਪਣੇ ਗੁਰੂ ਦੀ ਹੋਰ ਵੀ ਬਾਣੀ ਹੈ, ਜੇਕਰ ਹੈ ਤਾਂ ਉਹ ਕਿਹੜੀ ਕਿਹੜੀ ਬਾਣੀ ਹੈ ਅਤੇ ਕਿਹੜੇ ਗ੍ਰੰਥ ਵਿਚ ਦਰਜ ਹੈ?
ਨੌਜਵਾਨ: ਕੁੱਝ ਨਾ ਬੋਲੋ| ਉਹ ਸਮਝ ਚੁੱਕੇ ਸਨ ਕਿ ਸੂਈ ਬਚਿੱਤਰ ਨਾਟਕ(ਦਸਮ ਗ੍ਰੰਥ) ਵੱਲ ਜਾ ਰਹੀ ਹੈ| ਮੈਂ ਉਨ੍ਹਾਂ ਨੂੰ ਕਿਹਾ, “ਚੁੱਪ ਕਿਉਂ ਹੋ ਗਏ ਹੋ? ਸਵਾਲ ਦਾ ਜਵਾਬ ਦਿਉ|” ਪੁੱਛਣ ਤੇ ਉਨ੍ਹਾਂ ਨੇ ਕਿਹਾ, “ਜਾਪ, ਚੌਪਈ ਅਤੇ ਸਵੱਈਏ ਦਸਮ ਗ੍ਰੰਥ ਵਿਚ ਦਰਜ ਹਨ| ਮੈਂ ਉਨ੍ਹਾਂ ਨੂੰ ਫਿਰ ਕਿਹਾ ਕਿ ਇਸ ਗੱਲ ਦੀ ਤੁਹਾਨੂੰ ਚੰਗੀ ਤਰ੍ਹਾਂ ਜਾਣਕਾਰੀ ਹੈ ਕਿ ਇਹ ਰਚਨਾਵਾਂ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਨਹੀਂ ਸਗੋਂ ਬਚਿੱਤਰ ਨਾਟਕ (ਦਸਮ ਗ੍ਰੰਥ) ਵਿਚ ਦਰਜ ਹਨ|
ਸਤਾਈਵਾਂ ਸਵਾਲ: ਸਾਰੇ ਸਿੱਖ-ਸਤਿਗੁਰਾਂ ਦੀ ਬਾਣੀ, ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੈ| ਜੇਕਰ ਗੁਰੂ ਗੋਬਿੰਦ ਸਿੰਘ ਜੀ ਦੀ ਆਪਣੀ ਕੋਈ ਬਾਣੀ ਹੁੰਦੀ, ਉਨ੍ਹਾਂ ਨੇ ਆਪਣੀ ਨਿਗਰਾਨੀ ਹੇਠ ਆਪ ਹੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਵਿਚ ਦਰਜ ਕਰਾ ਦੇਣੀ ਸੀ| ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ, ਦਰਜ ਹੋਣ ਨਾਲ ਗੁਰੂ ਗ੍ਰੰਥ ਸਾਹਿਬ ਜੀ ਦਾ ਭਾਰ ਨਹੀਂ ਸੀ ਵੱਧ ਜਾਣਾ| ਹੁਣ ਤੁਸੀਂ ਦੱਸੋ, “ਜਾਪ, ਚੌਪਈ ਅਤੇ ਸਵੱਈਏ ਜਿਨ੍ਹਾਂ ਨੂੰ ਤੁਸੀਂ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਮੰਨਦੇ ਹੋ, ਇਹ ਰਚਨਾਵਾਂ ਗੁਰੂ ਗ੍ਰੰਥ ਸਾਹਿਬ ਵਿਚ  ਕਿਉਂ ਦਰਜ ਨਹੀਂ ਹਨ?
ਨੌਜਵਾਨ: ਕੋਈ ਜਵਾਬ ਨਹੀਂ|
ਉਨ੍ਹਾਂ ਨੂੰ ਕਿਹਾ ਕਿ ਇਸ ਸਬੰਧੀ ਸਿੱਖਾਂ ਦੇ ਵੱਖ- ਵੱਖ ਮਨਘੜਤ ਵਿਚਾਰ ਹਨ| ਕੋਈ ਕਹਿੰਦਾ ਹੈ ਕਿ ਗੁਰੂ ਸਾਹਿਬ ਆਪਣੇ ਬਜ਼ੁਰਗਾਂ ਦੀ ਬਰਾਬਰੀ ਨਹੀਂ ਕਰਨਾ ਚਾਹੁੰਦੇ ਸਨ| ਕੋਈ ਕਹਿੰਦਾ ਗੁਰੂ ਸਾਹਿਬ ਆਪਣੀ ਬਾਣੀ ਨੂੰ  ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੋਂ ਵੱਖਰਾ ਰੱਖਣਾ ਚਾਹੁੰਦੇ ਸਨ| ਅਸਲ ਗੱਲ ਤਾਂ ਇਹ ਸੀ ਕਿ ਗੁਰੂ ਗ੍ਰੰਥ ਸਾਹਿਬ ਜੀ ਵਿਚ ਕੇਵਲ ਨਿਰੰਕਾਰ ਬਾਣੀ ਜਾਂ ਰੱਬੀ ਬਾਣੀ ਹੀ ਦਰਜ ਹੋ ਸਕਦੀ ਸੀ ਨਾ ਕਿ ਪੀਲੂ, ਕਾਹਨਾਂ, ਛੱਜੂ ਆਦਿ ਦੀਆਂ ਕੱਚੀਆਂ-ਪਿੱਲੀਆਂ ਰਚਨਾਵਾਂ| ਗੁਰੂ ਅਰਜੁਨ ਪਾਤਸ਼ਾਹ ਨੇ  ਆਪਣੀ ਨਿਗਰਾਨੀ ਹੇਠ ਆਪਣੇ ਬਜ਼ੁਰਗਾਂ ਦੀ ਬਾਣੀ ਨਾਲ ਆਪਣੀ ਬਾਣੀ, ਭਾਈ ਗੁਰਦਾਸ ਜੀ ਦੇ ਹੱਥੋਂ ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਜ ਕਰਵਾਈ ਸੀ|  ਇਸੇ ਤਰ੍ਹਾਂ ਗੁਰੂ ਤੇਗ ਬਹਾਦਰ ਜੀ ਨੇ ਦਿੱਲੀ ਜਾਣ ਤੋਂ ਪਹਿਲਾਂ ਆਪਣੇ ਬਜ਼ੁਰਗਾਂ ਦੀ ਬਾਣੀ ਨਾਲ  ਆਪਣੀ ਬਾਣੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਕਰਵਾਈ ਸੀ| ਜੇਕਰ ਗੁਰੂ ਗੋਬਿੰਦ ਸਿੰਘ ਜੀ ਦੀ ਆਪਣੀ ਕੋਈ ਬਾਣੀ ਹੁੰਦੀ ਤਾਂ ਉਨ੍ਹਾਂ ਨੇ ਆਪਣੀ ਨਿਗਰਾਨੀ ਵਿਚ ਗੁਰੂ ਗ੍ਰੰਥ ਸਾਹਿਬ ਜੀ ਵਿਚ ਹੀ ਦਰਜ ਕਰਾਉਣੀ ਸੀ ਨਾ ਕਿ ਸਿੱਖਾਂ ਵਿਚ ਕਲੇਸ਼ ਪਾਉਣ ਲਈ ਉਸ ਨੂੰ ਵੱਖਰਾ ਰੱਖਣਾ ਸੀ|
ਅਠਾਈਵਾਂ ਸਵਾਲ: ਹੁਣ ਦੇਖੋ, ਗੁਰੂ ਗ੍ਰੰਥ ਸਾਹਿਬ ਵਿਚ ਸਿੱਖ-ਸਤਿਗੁਰਾਂ, ਭਗਤ-ਜਨਾਂ,ਭੱਟ-ਜਨਾਂ ਅਤੇ ਗੁਰਸਿੱਖਾਂ ਦੀ ਬਾਣੀ ਦਰਜ ਹੋਣ ਕਰਕੇ, ਗੁਰੂ ਗ੍ਰੰਥ ਸਾਹਿਬ ਜੀ ਨੂੰ ਸਿੱਖ ਆਪਣਾ ਗੁਰੂ ਮੰਨਦੇ ਹਨ| ਇਸੇ ਤਰ੍ਹਾਂ ਬਚਿੱਤਰ ਨਾਟਕ (ਦਸਮ ਗ੍ਰੰਥ) ਵਿਚ ਤੁਹਾਡੇ ਗੁਰੂ ਦੀ ਬਾਣੀ ਜਾਪ, ਚੌਪਈ ਅਤੇ ਸਵੱਈਏ ਦਰਜ ਹੋਣ ਕਰਕੇ, ਤੁਹਾਨੂੰ ਦਸਮ ਗ੍ਰੰਥ ਨੂੰ ਵੀ ਆਪਣਾ ਗੁਰੂ ਮੰਨਣਾ ਪਵੇਗਾ|
ਨੌਜਵਾਨ: ਕਹਿਣ ਲੱਗੇ ਕਿ ਗੁਰੂ ਤਾਂ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਹੀ ਹਨ| ਦਸਮ ਗ੍ਰੰਥ ਵਿਚ ਦਰਜ ਕੇਵਲ ਤਿੰਨ ਰਚਨਾਵਾਂ ਨੂੰ ਹੀ ਗੁਰੂ ਸਾਹਿਬ ਦੀ ਬਾਣੀ ਮੰਨਦੇ ਹਾਂ, ਦਸਮ ਗ੍ਰੰਥ ਦੀਆਂ ਹੋਰ ਰਚਨਾਵਾਂ ਨੂੰ ਨਹੀਂ ਕਿਉਂਕਿ ਉਹ ਬਹੁਤ ਹੀ ਗ਼ਲਤ ਅਤੇ ਨਾ-ਪੜ੍ਹਨਯੋਗ ਰਚਨਾਵਾਂ ਹਨ|
ਉਨੱਤੀਵਾਂ ਸਵਾਲ: ਖੰਡੇ-ਬਾਟੇ ਦੀ ਪਾਹੁਲ ਸਮੇਂ ਦੋ ਬਾਣੀਆਂ: ਜਪੁ ਅਤੇ ਅਨੰਦੁ ਪੜ੍ਹੀਆਂ ਜਾਂਦੀਆਂ ਹਨ| ਕੀ ਤੁਸੀਂ ਕੇਵਲ ਦੋ ਬਾਣੀਆਂ ਨੂੰ ਹੀ ਆਪਣੇ ਗੁਰੂ ਦੀ ਬਾਣੀ ਮੰਨਦੇ ਹਾਂ ਜਾਂ ਸਮੁੱਚੇ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਸਾਰੀ ਬਾਣੀ ਨੂੰ ਹੀ ਆਪਣੇ ਗੁਰੂ ਦੀ ਬਾਣੀ ਮੰਨਦੇ ਹੋ?
ਨੌਜਵਾਨ: ਰਾਗ ਮਾਲਾ ਨੂੰ ਛੱਡ ਕੇ, ਗੁਰੂ ਗ੍ਰੰਥ ਸਾਹਿਬ ਅੰਦਰ ਦਰਜ ਸਾਰੀਆਂ ਬਾਣੀਆਂ ਨੂੰ ਅਸੀਂ ਗੁਰੂ ਦੀ ਬਾਣੀ ਮੰਨਦੇ ਹਾਂ|
ਤੀਹਵਾਂ ਸਵਾਲ: ਖੰਡੇ-ਬਾਟੇ ਦੀ ਪਾਹੁਲ ਸਮੇਂ ਬਚਿੱਤਰ ਨਾਟਕ (ਦਸਮ ਗ੍ਰੰਥ) ਦੀਆਂ ਪੜ੍ਹੀਆਂ ਜਾਣ ਵਾਲੀਆਂ ਤਿੰਨ ਬਾਣੀਆਂ: ਜਾਪੁ, ਚੌਪਈ ਅਤੇ ਸਵੱਈਏ ਨੂੰ ਤੁਸੀਂ ਆਪਣੇ ਗੁਰੂ ਦੀ ਬਾਣੀ ਮੰਨਦੇ ਹੋ, ਪਰ ਬਚਿੱਤਰ ਨਾਟਕ (ਦਸਮ ਗ੍ਰੰਥ) ਵਿਚ ਦਰਜ ਹੋਰ ਰਚਨਾਂਵਾਂ ਨੂੰ ਤੁਸੀਂ ਆਪਣੇ ਗੁਰੂ ਦੀ ਬਾਣੀ ਨਹੀਂ ਮੰਨਦੇ| ਇਕ ਗੱਲ ਚੰਗੀ ਤਰ੍ਹਾਂ ਸੋਚ ਲਉ, ਜੇਕਰ ਤੁਸੀਂ ਜਪੁ ਅਤੇ ਅਨੰਦੁ ਬਾਣੀ ਕਰਕੇ, ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਜ ਸਮੁੱਚੀ ਬਾਣੀ ਨੂੰ ਆਪਣੇ ਗੁਰੂ ਦੀ ਬਾਣੀ ਮੰਨਦੇ ਹੋ ਤਾਂ ਫਿਰ ਜਾਪ, ਚੌਪਈ ਅਤੇ ਸਵੱਈਏ ਨੂੰ ਗੁਰੂ ਦੀ ਬਾਣੀ ਮੰਨਣ ਕਰਕੇ ਸਮੁੱਚੇ ਬਚਿੱਤਰ ਨਾਟਕ (ਦਸਮ ਗ੍ਰੰਥ) ਵਿਚ ਦਰਜ ਹੋਰ ਰਚਨਾਵਾਂ ਨੂੰ ਵੀ ਗੁਰੂ ਦੀ ਬਾਣੀ ਹੀ ਮੰਨਣਾ ਪਵੇਗਾ| ਹੋਰ ਰਚਨਾਵਾਂ ਨੂੰ  ਅਸ਼ਲੀਲ, ਗੰਦੀਆਂ, ਕਾਮ-ਉਕਸਾਉ ਆਖ ਕੇ ਤੁਸੀਂ ਆਪਣਾ ਖਹਿੜਾ ਨਹੀਂ ਛੁਡਾ ਸਕਦੇ| ਯਾਦ ਰੱਖੋ, ਸਿੱਖਾਂ ਨੂੰ ਬਚਿੱਤਰ ਨਾਟਕ (ਦਸਮ ਗ੍ਰੰਥ)}ਦਾ ਗਲ ਪਿਆ ਢੋਲ ਬਜਾਣਾ ਹੀ ਪੈਣਾ ਹੈ|
ਨੌਜਵਾਨਾਂ ਦਾ ਸਵਾਲ:  ਜਾਪ, ਚੌਪਈ, ਸਵੱਈਏ ਵਿਚ ਮਾੜਾ ਕੀ ਹੈ?
ਮੇਰਾ ਜਵਾਬ: ਕੁਰਾਨ ਅਤੇ ਬਾਈਬਲ ਆਦਿ ਗ੍ਰੰਥਾਂ ਨੇ ਸੰਸਾਰ ਦੀ ਬਹੁਤ ਸਾਰੀ ਮਨੁੱਖਤਾ ਨੂੰ ਆਪਣੇ ਨਾਲ ਜੋੜਿਆ ਹੋਇਆ ਹੈ| ਤੁਸੀਂ ਇਨ੍ਹਾਂ ਗ੍ਰੰਥਾਂ ਦੇ ਪਾਠ ਕਿਉਂ ਨਹੀਂ ਕਰਦੇ? ਇਨ੍ਹਾਂ ਗ੍ਰੰਥਾਂ ਵਿਚ  ਮਾੜਾ ਕੀ ਹੈ? ਇਨ੍ਹਾਂ ਗ੍ਰੰਥ ਦੀ ਬਚਿੱਤਰ ਨਾਟਕ(ਦਸਮ ਗ੍ਰੰਥ) ਨਾਲ ਤੁਲਨਾ ਕਰਕੇ ਤਾਂ ਦੇਖੋ| ਕੁਰਾਨ ਅਤੇ ਬਾਈਬਲ ਆਦਿ ਗ੍ਰੰਥਾਂ ਤੋਂ ਤੁਹਾਨੂੰ ਬਹੁਤ ਚੰਗੀ ਸਿਖਿਆ ਮਿਲ ਸਕਦੀ ਹੈ ਪਰ ਇਸ ਦੇ ਉਲਟ ਬਚਿੱਤਰ ਨਾਟਕ (ਦਸਮ ਗ੍ਰੰਥ) ਵਿਚੋਂ  ਤੁਹਾਨੂੰ ਲੁੱਚ-ਪੁਣੇ ਦੀ ਹੀ ਸਿੱਖਆ ਮਿਲੇਗੀ| ਇਕ ਵਾਰ ਮਾਤਾ-ਪਿਤਾ, ਭੈਣ-ਭਰਾ, ਪਤਨੀ ਅਤੇ ਬੱਚਿਆਂ ਵਿਚ ਬੈਠ ਕੇ, ਇਸ ਗ੍ਰੰਥ ਦੇ ਰਲ ਮਿਲ ਕੇ ਅਰਥਾਂ ਸਹਿਤ ਪਾਠ ਕਰਕੇ ਤਾਂ ਦੇਖੋ, ਬੇਸ਼ਰਮੀ ਦਾ ਨੰਗਾ-ਨਾਚ ਅੱਖਾਂ ਦੇ ਸਾਹਮਣੇ ਨਜ਼ਰ ਆਵੇਗਾ| ਸਾਰੇ ਚੁੱਪ|
ਗੁਰੂ ਅਰਜੁਨ ਪਾਤਸ਼ਾਹ ਦੇ ਵੱਡੇ ਭਰਾ ਪ੍ਰਿਥੀ ਚੰਦ ਅਤੇ ਪ੍ਰਿਥੀ ਚੰਦ ਦੇ ਪੁੱਤਰ ਮੇਹਰਬਾਨ ਨੇ ਗੁਰਗੱਦੀ ਹਾਸਲ ਕਰਨ ਲਈ ਅਨੇਕਾਂ ਚਾਲਾਂ ਚਲੀਆਂ ਸਨ ਪਰ ਅਸਫਲ ਰਹੇ| ਸਿੱਖ-ਸਤਿਗੁਰਾਂ ਦੀ ਬਾਣੀ ਵਾਂਗ ਆਪਣੀਆਂ ਰਚਨਾਵਾਂ ਵਿਚ ਨਾਨਕ ਛਾਪ ਦੀ ਵਰਤੋਂ ਕਰਕੇ ਸਿੱਖਾਂ ਵਿਚ ਗੁਰਬਾਣੀ ਹੋਣ ਦਾ ਭੁਲੇਖਾ ਪਾਇਆ ਸੀ| ਉਸ ਸਮੇਂ ਅਣਜਾਣ ਸਿੱਖਾਂ ਨੂੰ ਭੁਲੇਖਾ ਵੀ  ਪੈ ਗਿਆ ਸੀ ਜਿਵੇਂ ਅੱਜ ਸਿੱਖਾਂ ਨੂੰ ਬਚਿੱਤਰ ਨਾਟਕ(ਦਸਮ ਗ੍ਰੰਥ) ਦੀਆਂ ਰਚਨਾਵਾਂ ਦਾ ਭੁਲੇਖਾ ਪਿਆ ਹੋਇਆ ਹੈ| ਜਾਪ, ਚੌਪਈ ਅਤੇ ਸਵੱਈਏ ਆਦਿ ਨੂੰ ਗੁਰੂ ਦੀ ਬਾਣੀ ਕਿਸ ਕਾਰਣ ਮੰਨਦੇ ਹੋ, ਜਿਸ ਵਿਚ ਨਾਨਕ ਛਾਪ ਵੀ ਨਹੀਂ ਹੈ ਜਦੋਂ ਕਿ ਪ੍ਰਿਥੀ ਚੰਦ ਅਤੇ ਮਿਹਰਬਾਨ ਦੀਆਂ ਰਚਨਾਵਾਂ ਵਿਚ ਨਾਨਕ ਛਾਪ ਵੀ ਹੈ ਅਤੇ ਗੁਰਮਤਿ ਦੀ ਝਲਕ ਵੀ ਪੈਂਦੀ ਹੈ? ਪ੍ਰਿਥੀ ਚੰਦ ਅਤੇ ਮੇਹਰਬਾਨ ਦੀਆਂ ਰਚਨਾਵਾਂ ਵਿਚ ਮਾੜਾ ਕੀ ਹੈ? ਉਨ੍ਹਾਂ ਰਚਨਾਵਾਂ ਨੂੰ ਤੁਸੀਂ ਗੁਰੂ ਦੀ ਬਾਣੀ ਕਿਉਂ ਨਹੀਂ ਮੰਨਦੇ? ਸਾਰੇ ਚੁੱਪ|
ਦੂਜੀ ਗੱਲ, ਬਾਬਾ ਰਾਮ ਰਾਇ ਨੇ ਔਰੰਗਜੇਬ ਦੇ ਦਰਬਾਰ ਵਿਚ ਗੁਰਬਾਣੀ: ਮਿਟੀ ਮੁਸਲਮਾਨ ਕੀ ਪੇੜੈ ਪਈ ਕੁਮਿਆਰ|| ਦੀ ਥਾਂ ਬਦਲ ਕੇ ਮਿਟੀ ਬੇਈਮਾਨ ਕੀ ਪੇੜੈ ਪਈ ਕੁਮਿਆਰ ਬੋਲਿਆ ਸੀ| ਮੁਸਲਮਾਨ ਦੀ ਥਾਂ ਬੇਈਮਾਨ ਹੋਣ ਦਾ ਝੂਠ ਬੋਲਿਆ ਸੀ| ਇਸ ਘੋਰ ਬੇਅਦਬੀ ਕਰਨ ਕਰਕੇ, ਗੁਰੂ ਹਰਿ ਰਾਇ ਸਾਹਿਬ ਨੇ ਸਿੱਖਾਂ ਦੇ ਹੱਥ ਹੁਕਮ ਭੇਜ ਦਿੱਤਾ ਸੀ ਕਿ ਬਾਬਾ ਰਾਮ ਰਾਇ ਹੁਣ ਸਾਡੇ ਮੱਥੇ ਨਾ ਲੱਗੇ| ਜੇਕਰ ਚੌਪਈ ਆਦਿ ਤੁਹਾਡੇ ਗੁਰੂ ਦੀ ਬਾਣੀ ਹੈ, ਉਸ ਨੂੰ ਬਚਿੱਤਰ ਨਾਟਕ (ਦਸਮ ਗ੍ਰੰਥ) ਨਾਲ ਮਿਲਾ ਕੇ ਤਾਂ ਦੇਖੋ, ਉਸ ਵਿਚ ਇਕ ਤਬਦੀਲੀ ਨਹੀਂ ਸਗੋਂ ਸਾਰੀ ਰਚਨਾ ਦਾ ਸਿਰ-ਮੂੰਹ ਵਿਗਾੜ ਕੇ ਰੱਖ ਦਿੱਤਾ ਹੈ ਅਤੇ ਥਾਂ ਥਾਂ ਤੇ ਤਬੀਦੀਲੀਆਂ ਹੀ ਤਬਦੀਲੀਆਂ ਨਜ਼ਰ ਆਉਣਗੀਆਂ| ਹੁਣ ਦਸੋ ਜੇਕਰ ਤੁਸੀਂ ਇਸ ਨੂੰ ਗੁਰੂ ਦੀ ਬਾਣੀ ਮੰਨਦੇ ਹੋ ਤਾਂ ਇਸ ਵਿਚ ਤਬਦੀਲੀਆਂ ਕਿਉਂ ਕੀਤੀਆਂ? ਸਾਰੇ ਚੁੱਪ|
ਹੁਣ ਦੱਸੋ| ਤੁਹਾਡੀ ਕਿਹੜੀ ਗੱਲ ਸੱਚ ਮੰਨੀ ਜਾਵੇ?
1. ਇਕ ਪਾਸੇ ਤੁਸੀਂ, ਗੁਰੂ ਗ੍ਰੰਥ ਸਾਹਿਬ ਜੀ ਦੇ “ਇਕ” ਦੇ ਸਿਧਾਂਤ:ਸਾਹਿਬ ਮੇਰਾ ਏਕੋ ਹੈ|| ਏਕੋ ਹੈ ਭਾਈ ਏਕੋ ਹੈ|| ਅਤੇ ਇਕਾ ਬਾਣੀ  ਇਕੁ ਗੁਰੁ  ਇਕੋ ਸਬਦੁ ਵੀਚਾਰਿ|| ਨੂੰ ਮੰਨੀ ਜਾਂਦੇ ਹੋ ਦੂਜੇ ਪਾਸੇ ਇਸ ਸਿਧਾਂਤ ਦੀ ਖੰਡਨਾ ਵੀ ਕਰੀ ਜਾਂਦੇ ਹੋ|
2. ਇਕ ਪਾਸੇ ਤੁਸੀਂ ਮੰਨਦੇ ਹੋ ਕਿ ਗੁਰੂ ਸਾਹਿਬ ਨੇ ਪੀਲੂ, ਕਾਹਨਾਂ, ਛੱਜੂ ਆਦਿ ਕਵੀਆਂ ਦੀਆਂ ਰਚਨਾਂਵਾਂ ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਜ ਕਰਨ ਤੋਂ ਇਨਕਾਰ ਕਰ ਦਿਤਾ ਸੀ ਕਿਉਂਕਿ ਉਨ੍ਹਾਂ ਦੀਆਂ ਰਚਨਾਵਾਂ ਗੁਰਬਾਣੀ ਦੇ ਅਨੂਕੁਲ ਨਹੀਂ ਸਨ, ਪਰ ਦੂਜੇ ਪਾਸੇ ਹੋਰ ਗ੍ਰੰਥ ਦੀ ਰਚਨਾਵਾਂ ਨੂੰ ਵੀ ਆਪਣੇ ਆਪ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਅਨੁਕੂਲ ਮੰਨੀ ਜਾਂਦੇ ਹੋ|
3. ਇਕ ਪਾਸੇ ਤੁਸੀਂ ਕਹਿੰਦੇ ਹੋ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਨਾਨਕ ਸਾਹਿਬ ਦੀ ਗੁਰਗੱਦੀ ਦੀ ਸਦੀਵੀ ਗੁਰਿਆਈ ਦਿੱਤੀ ਸੀ, ਪਰ ਦੂਜੇ ਪਾਸੇ ਬਚਿੱਤਰ ਨਾਟਕ (ਦਸਮ ਗ੍ਰੰਥ ਨੂੰ ਵੀ ਆਪਣੇ ਗੁਰੂ ਦੀ ਬਾਣੀ ਦੱਸੀ ਜਾਂਦੇ ਹੋ|
4. ਇਕ ਪਾਸੇ ਤੁਸੀਂ, ਗੁਰੂ ਗ੍ਰੰਥ ਸਾਹਿਬ ਜੀ ਨੂੰ ਦਸਾਂ ਪਾਤਸ਼ਾਹੀਆਂ ਦੀ ਜੋਤਿ ਮੰਨੀ ਜਾਂਦੇ ਹੋ, ਦੂਜੇ ਪਾਸੇ ਗੁਰੂ ਗੋਬਿੰਦ ਸਿੰਘ ਜੀ ਦੀ ਜੋਤਿ ਨੂੰ  ਦੂਜੇ ਗ੍ਰੰਥ ਵਿਚ ਵੱਖਰੀ ਮੰਨੀ ਜਾਂਦੇ ਹੋ|
5. ਇਕ ਪਾਸੇ ਤੁਸੀਂ ਕਹਿੰਦੇ ਹੋ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਹੁਕਮ ਕੀਤਾ ਸੀ ਕਿ ਸਿੱਖ ਨੇ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਗੁਰੂ ਮੰਨਣਾ ਹੈ ਅਤੇ ਉਸ ਦੀ ਅਗਵਾਈ ਵਿਚ ਚਲਣਾ ਹੈ, ਪਰ ਦੂਜੇ ਪਾਸੇ ਬਚਿੱਤਰ ਨਾਟਕ (ਦਸਮ ਗ੍ਰੰਥ) ਦੀ ਅਗਵਾਈ ਵਿਚ ਵੀ ਚਲੀ ਜਾਂਦੇ ਹੋ|
6. ਇਕ ਪਾਸੇ ਤੁਸੀਂ, ਸਿੱਖ-ਸਤਿਗੁਰਾਂ, ਭਗਤ-ਜਨਾਂ, ਭੱਟ-ਜਨਾਂ ਅਤੇ ਗੁਰਸਿੱਖਾਂ ਦੀ ਪ੍ਰਵਾਨਿਤ ਬਾਣੀ ਕਰਕੇ, ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਗੁਰੂ ਮੰਨਦੇ ਹੋ ਦੂਜੇ ਪਾਸੇ ਜਾਪ, ਚੌਪਈ ਅਤੇ ਸਵੱਈਏ ਨੂੰ ਬਚਿੱਤਰ ਨਾਟਕ(ਦਸਮ ਗ੍ਰੰਥ) ਵਿਚ ਦਰਜ ਹੋਣ ਕਰਕੇ, ਉਸ ਨੂੰ ਵੀ ਮੰਨੀ ਜਾਂਦੇ ਹੋ|
7.  ਇਕ ਪਾਸੇ ਤੁਸੀਂ ਕਹਿੰਦੇ ਹੋ ਕਿ ਗੁਰੂ ਗ੍ਰੰਥ ਸਾਹਿਬ ਜੀ ਪੂਰਨ ਤੇ ਸਮਰੱਥ ਗੁਰੂ ਹਨ ਦੂਜੇ ਪਾਸੇ ਖੰਡੇ-ਬਾਟੇ ਦੀ ਪਾਹੁਲ ਸਮੇਂ ਬਚਿੱਤਰ ਨਾਟਕ (ਦਸਮ ਗ੍ਰੰਥ) ਦੀਆਂ ਤਿੰਨ ਬਾਣੀਆਂ ਜਾਪ, ਚੌਪਈ ਅਤੇ ਸਵੱਈਏ ਪੜ੍ਹ ਕੇ, ਗੁਰੂ ਗ੍ਰੰਥ ਸਾਹਿਬ ਜੀ ਦੀ ਸਰਬ-ਉੱਚਤਾ ਨੂੰ ਚਨੌਤੀ ਦੇਈ ਜਾਂਦੇ ਹੋ?
8. ਇਕ ਪਾਸੇ ਤੁਸੀਂ ਕਹਿੰਦੇ ਹੋ ਜਿਹੜਾ ਮਨੁੱਖ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅਨੁਸਾਰ ਆਪਣਾ ਜੀਵਨ ਬਤੀਤ ਕਰਦਾ ਹੈ, ਉਸ ਨੂੰ ਗੁਰੂ ਦਾ ਸਿੱਖ ਮੰਨਿਆ ਜਾ ਸਕਦਾ ਹੈ , ਪਰ ਦੂਜੇ ਪਾਸੇ ਤੁਸੀਂ ਕਹਿੰਦੇ ਹੋ ਜਿਹੜਾ ਬਚਿੱਤਰ ਨਾਟਕ (ਦਸਮ ਗ੍ਰੰਥ) ਦੀ ਬਾਣੀ ਨਹੀਂ ਪੜ੍ਹਦਾ, ਉਹ ਗੁਰੂ ਦਾ ਸਿੱਖ ਨਹੀ ਹੋ ਸਕਦਾ|
9. ਇਕ ਪਾਸੇ ਤੁਸੀਂ ਕਹਿੰਦੇ ਹੋ ਜਿਹੜਾ ਸਿੱਖ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਬਾਣੀ ਹੁਕਮਾਂ ਨੂੰ ਨਹੀਂ ਮੰਨਦਾ, ਉਹ ਗੁਰੂ ਦਾ ਸਿੱਖ ਨਹੀਂ ਹੋ ਸਕਦਾ ਪਰ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਬਾਣੀ ਹੁਕਮਾਂ ਦੀ ਉਲੰਘਣਾ ਕਰੀ ਜਾਂਦਾ ਹੈ, ਉਸ ਨੂੰ ਗੁਰੂ ਦਾ ਸਿੱਖ ਹੋਣ ਦਾ ਦਰਜਾ ਵੀ ਦੇਈ ਜਾਂਦੇ ਹੋ|
10. ਇਕ ਪਾਸੇ ਤੁਸੀਂ ਕਹਿੰਦੇ ਹੋ ਗੁਰਦੁਆਰਿਆਂ ਵਿਚ ਕੇਵਲ ਗੁਰੂ ਨਾਨਕ ਸਾਹਿਬ ਦੀ ਗੁਰਗੱਦੀ ਦੇ ਸਦੀਵੀ ਮਾਲਕ ਗੁਰੂ ਗ੍ਰੰਥ ਸਾਹਿਬ ਜੀ ਦਾ ਹੀ ਹੁਕਮ ਚਲਣਾ ਚਾਹੀਦਾ ਹੈ ਅਤੇ ਹਰ ਇਕ ਸਿੱਖ ਨੂੰ ਉਸ ਦੀ ਪਾਲਣਾ ਕਰਨੀ ਚਾਹੀਦੀ ਹੈ, ਪਰ ਦੂਜੇ ਪਾਸੇ  ਖੰਡੇ-ਬਾਟੇ ਦੀ ਪਾਹੁਲ ਸਮੇਂ ਅਤੇ ਨਿਤਨੇਮ ਕਰਨ ਸਮੇਂ ਬਚਿੱਤਰ ਨਾਟਕ(ਦਸਮ ਗ੍ਰੰਥ) ਦਾ ਵੀ ਹੁਕਮ ਵੀ ਚਲਾਈ ਜਾਂਦੇ ਹੋ|
11. ਇਕ ਪਾਸੇ ਤੁਸੀਂ ਕਹਿੰਦੇ ਹੋ ਕਿ ਗੁਰੂ ਨਾਨਕ ਸਾਹਿਬ ਦੇ ਤਖ਼ਤ ਉਤੇ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ ਬਿਰਾਜਮਾਨ ਕੀਤਾ ਜਾ ਸਕਦਾ ਹੈ, ਪਰ  ਦੂਜੇ ਪਾਸੇ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਹੋਰ ਗ੍ਰੰਥਾਂ ਨੂੰ ਵੀ ਬਰਾਬਰ ਬਠਾਈ ਜਾਂਦੇ ਹੋ|
12. ਇਕ ਪਾਸੇ ਤੁਸੀਂ ਕਹਿੰਦੇ ਹੋ ਕਿ ਸਿੱਖ ਆਪਣੇ ਗੁਰੂ ਦੀ ਨਿੰਦਾ ਬਰਦਾਸਤ ਨਹੀਂ ਕਰ ਸਕਦੇ, ਪਰ ਦੂਜੇ ਪਾਸੇ ਸਵੇਰੇ-ਸ਼ਾਮ ਆਪ ਹੀ ਗੁਰੂ ਗ੍ਰੰਥ ਸਾਹਿਬ ਜੀ ਦੀ ਨਿੰਦਾ ਰੱਜ ਕੇ ਕਰੀ ਜਾਂਦੇ ਹੋ|
13. ਇਕ ਪਾਸੇ ਤੁਸੀਂ ਕਹਿੰਦੇ ਹੋ ਕਿ ਕਿਸੇ ਰਚਨਾ ਨੂੰ ਗੁਰਬਾਣੀ ਦਾ ਦਰਜਾ ਦੇਣ ਦਾ ਅਧਿਕਾਰ ਕੇਵਲ ਗੁਰੂ ਕੋਲ ਹੈ,ਪਰ ਦੂਜੇ ਪਾਸੇ ਆਪਣੇ ਆਪ ਹੀ ਗੁਰੂ ਗ੍ਰੰਥ ਵਿਰੋਧੀ ਰਚਨਾਵਾਂ ਨੂੰ ਗੁਰਬਾਣੀ ਦਾ ਦਰਜਾ ਦੇਈ ਜਾਂਦੇ ਹੋ|
14. ਇਕ ਪਾਸੇ ਤੁਸੀਂ, ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਨੂੰ ਨਿਰੰਕਾਰ ਦੀ ਬਾਣੀ ਮੰਨ ਕੇ ਉਤਮ ਦਰਜਾ ਦਿੰਦੇ ਹੋ ਪਰ ਦੂਜੇ ਪਾਸੇ ਹੋਰ ਗ੍ਰੰਥਾਂ ਦੀਆਂ ਰਚਨਾਵਾਂ ਨੂੰ ਵੀ ਮਾਨਤਾ ਦੇ ਕੇ ਗੁਰੂ ਗ੍ਰੰਥ ਸਾਹਿਬ ਦੀ ਸਰਬ-ਉਚਤਾ ਨੂੰ ਘਟਾਈ ਜਾਂਦੇ ਹੋ|
15. ਇਕ ਪਾਸੇ ਤੁਸੀਂ ਕਹਿੰਦੇ ਹੋ: ਗੁਰੁ ਬਾਣੀ ਕਹੈ ਸੇਵਕ ਜਨ ਮਾਨੈ ਪਰਤਖਿ ਗੁਰੂ ਨਿਸਤਾਰੇ|| (ਗੁ.ਗ੍ਰੰ.ਸਾ.ਪੰਨਾ-982) ਅਰਥਾਤ ਜਿਹੜਾ ਸਿੱਖ ਆਪਣੇ ਗੁਰੂ ਦੀ ਬਾਣੀ ਅਨੁਸਾਰ ਜੀਵਨ ਬਤੀਤ ਕਰਦਾ ਹੈ, ਗੁਰੂ ਸਾਹਿਬ ਉਸ ਸਿੱਖ ਨੂੰ ਯਕੀਨਨ ਤੌਰ ਤੇ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਦਿੰਦੇ ਹਨ, ਪਰ ਦੂਜੇ ਪਾਸੇ ਤੁਸੀਂ ਸੰਸਾਰ ਸਮੁੰਦਰ ਤੋਂ ਪਾਰ ਹੋਣ ਵਾਸਤੇ ਹੋਰ, ਗ੍ਰੰਥਾਂ ਦੀਆਂ ਰਚਨਾਵਾਂ ਦਾ ਸਹਾਰਾ ਵੀ ਲਈ ਜਾਂਦੇ ਹੋ|
16. ਇਕ ਪਾਸੇ ਤੁਸੀਂ ਕਹਿੰਦੇ ਹੋ ਕਿ ਗੁਰੂ ਗ੍ਰੰਥ ਸਾਹਿਬ ਜੀ ਵਿਚ ਕਿਸੇ ਬਾਣੀ ਜਾਂ ਸਿੱਖਿਆ ਦੀ ਘਾਟ ਨਹੀਂ, ਪਰ ਦੂਜੇ ਪਾਸੇ ਹੋਰ ਗ੍ਰੰਥਾਂ ਦੀਆਂ ਰਚਨਾਵਾਂ ਨੂੰ ਗੁਰੂ ਦੀ ਬਾਣੀ ਕਹਿ ਕੇ ਆਪਣੇ ਗੁਰੂ ਵਿਚ, ਬਾਣੀ ਅਤੇ ਸਿੱਖਿਆ ਦੀ ਘਾਟ ਕੱਢੀ ਜਾਂਦੇ ਹੋ|
17. ਇਕ ਪਾਸੇ ਤੁਸੀਂ ਕਹਿੰਦੇ ਹੋ ਕਿ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਉੱਤੇ ਪੂਰਨ ਭਰੋਸਾ ਹੈ, ਪਰ ਦੂਜੇ ਪਾਸੇ ਆਪਣਾ ਭਰੋਸਾ ਡਾਵਾਂਡੋਲ ਵੀ ਕਰੀ ਜਾਂਦੇ ਹੋ|
18. ਇਕ ਪਾਸੇ ਤੁਸੀਂ, ਗੁਰੂ ਗੋਬਿੰਦ ਸਿੰਘ ਜੀ ਦੀਆਂ ਕੁਰਬਾਨੀਆਂ ਦੀਆ ਬੇਅੰਤ ਸਿਫਤਾਂ ਕਰਦੇ ਹੋ, ਪਰ ਦੂਜੇ ਪਾਸੇ ਉਸ ਸਰਬੰਸਦਾਨੀ ਗੁਰੂ ਦਾ ਨਾਂ, ਬਚਿੱਤਰ ਨਾਟਕ (ਦਸਮ ਗ੍ਰੰਥ) ਨਾਲ ਜੋੜ ਕੇ, ਰੱਜ ਕੇ ਬਦਨਾਮ ਕਰਦੇ ਹੋ|
ਗੁਰਬਾਣੀ ਦਾ ਫੁਰਮਾਨ ਹੈ: ਝੂਠੁ ਨ ਬੋਲ ਪਾਡੇ ਸਚੁ ਕਹੀਐ|| (ਗੁ.ਗ੍ਰੰ.ਸਾ.ਪੰਨਾ-904) ਹੁਣ ਪਾਂਡੇ ਦੀ ਥਾਂ ਸਿੱਖਾਂ ਨੂੰ ਹੀ ਕਿਹਾ ਜਾ ਸਕਦਾ ਹੈ ਕਿ ਸਿੱਖੋ! ਝੂਠ ਨਾ ਬੋਲੋ, ਸੱਚ ਕਹੋ| ਹੁਣ ਦੱਸੋ, ਤੁਹਾਡਾ ਇਕ ਨੂੰ ਮੰਨਣ ਵਾਲਾ ਸਿਧਾਂਤ ਕਿੱਥੇ ਗਿਆ? ਹਰ ਥਾਂ ਦੋਹਰੀ ਨੀਤੀ ਕਿਉਂ? ਇਸ ਸੰਸਾਰ ਸਮੁੰਦਰ ਤੋ ਪਾਰ ਹੋਣ ਲਈ, ਤੁਸੀਂ ਦੋ ਗ੍ਰੰਥ ਦਾ ਸਹਾਰਾ ਕਿਉਂ ਲਿਆ ਹੋਇਆ ਹੈ? ਦੋ ਗ੍ਰੰਥਾਂ ਦੇ ਸਿੱਖ ਕਿਉਂ ਬਣੇ ਹੋ? ਤੁਸੀਂ ਸਾਰੇ ਹੀ ਜਾਣਦੇ ਹੋ ਕਿ ਦੋ ਆਪਾ ਵਿਰੋਧੀ ਬੇੜੀਆਂ ਵਿਚ ਪੈਰ ਰੱਖਣ ਵਾਲਾ ਮਨੁੱਖ ਡੁੱਬਦਾ ਹੀ ਡੁੱਬਦਾ ਹੈ| ਇਸ ਲਈ ਸਿੱਖੋ! ਹੁਣ ਡੁੱਬੇ ਹੀ ਡੁੱਬੇ| ਸਿੱਖ-ਕੌਮ ਦਾ ਭੋਗ ਪਾਉਣ ਵਾਲੇ ਬੜੀ ਬੇਸਬਰੀ ਨਾਲ ਬੈਠੇ ਹਨ|
ਇਕ ਆਮ ਕਹਾਵਤ ਹੈ ਕਿ ਸਾਰੀ ਰਾਤ ਰਮਾਇਣ ਸੁਣਦੇ ਰਹੇ, ਸਵੇਰੇ ਕਹਿੰਦੇ ਸੀਤਾ ਕੌਣ ਸੀ? ਇਹ ਕਹਾਵਤ ਸਿੱਖਾਂ ਉੱਤੇ ਪੂਰੀ ਢੁਕਦੀ ਹੈ| ਸਿੱਖਾਂ ਦੀ ਗੱਲ ਇਕ ਰਾਤ ਦੀ ਨਹੀਂ, ਇਕ ਮਹੀਨੇ ਦੀ ਨਹੀਂ ਸਗੋਂ ਸਾਰੀ ਉਮਰ ਦੀ ਹੈ ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਅਣਗਿਣਤ ਪਾਠ ਕਰਦੇ ਰਹੇ ਅਤੇ ਸੁਣਦੇ ਰਹੇ, ਫਿਰ ਵੀ ਕਹਿੰਦੇ ਹਨ, ਗੁਰੂ ਦੀ ਬਾਣੀ ਕਿਹੜੀ ਕਿਹੜੀ ਹੈ? ਸਿੱਖ ਆਪ ਤਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਸਿੱਖਿਆ ਨੂੰ ਸਮਝ ਨਹੀਂ ਸਕੇ, ਮਨੁੱਖਤਾ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਸਿੱਖਿਆ ਕੀ ਸਮਝਾਉਗੇ? ਹੁਣ ਆਪ ਹੀ ਫੈਸਲਾ ਕਰੋ| ਸਿੱਖ ਨੇ ਆਪਣੇ ਗੁਰੂ ਦੀ ਗੱਲ ਮੰਨਣੀ ਹੈ ਜਾਂ ਉਨ੍ਹਾਂ ਗ੍ਰੰਥਾਂ ਦੀ ਜਿਨ੍ਹਾਂ ਨੂੰ ਗੁਰਿਆਈ ਨਹੀਂ ਮਿਲੀ|
ਸਾਰੇ ਨੌਜਵਾਨ ਕਹਿਣ ਲੱਗੇ ਬਹੁਤ ਸਖ਼ਤ ਸਵਾਲ ਖੜਾ ਹੋ ਗਿਆ ਹੈ| ਉਨ੍ਹਾਂ ਨੂੰ ਕਿਹਾ, “ਸਵਾਲ ਸਖ਼ਤ ਨਹੀਂ ਸਗੋਂ ਸਮਝਣ ਦੀ ਲੋੜ ਹੈ| ਯਾਦ ਰੱਖੋ,  ਜਦ ਤੋਂ ਸਿੱਖਾਂ ਨੇ ਆਪਣੇ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਬਾਣੀ ਹੁਕਮਾਂ ਨੂੰ ਮੰਨਣਾ ਛੱਡ ਦਿੱਤਾ ਹੈ, ਉਦੋਂ ਤੋਂ ਹੀ ਸਿੱਖਾਂ ਨੇ ਆਪਣੇ ਲਈ ਅਨੇਕਾਂ ਉਲਝਣਾਂ ਅਤੇ ਸਮੱਸਿਆਵਾਂ ਪੈਦਾ ਕਰ ਲਈਆਂ ਹਨ| ਤੁਸੀਂ, ਲੋਕਾਂ ਦੀ ਗੱਲ ਨਹੀਂ ਮੰਨਣੀ ਜਿਵੇਂ ਤੁਸੀਂ ਮੇਰੀ ਗੱਲਾਂ ਵਿਚ ਆ ਕੇ ਮੱਝ ਨੂੰ ਹਾਥੀ ਨਹੀਂ ਮੰਨਿਆ| ਸਿੱਖ ਨੇ ਆਪਣੇ ਗੁਰੂ ਗ੍ਰੰਥ ਸਾਹਿਬ ਜੀ ਦਾ ਹੀ ਹੁਕਮ ਮੰਨਣਾ ਹੈ ਕਿਉਂਕਿ  ਗੁਰੂ ਗ੍ਰੰਥ ਸਾਹਿਬ ਤੋਂ ਉਪਰ ਕੋਈ ਹੋਰ ਗੁਰੂ ਨਹੀਂ ਹੈ, ਨਾ ਹੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੋਂ ਉਪਰ ਕੋਈ ਹੋਰ ਬਾਣੀ ਹੈ ਅਤੇ ਨਾ ਹੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਕੋਈ ਹੋਰ ਗ੍ਰੰਥ ਹੈ| ਜੇਕਰ ਸਿੱਖ ਆਪਣੇ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਬਾਣੀ ਹੁਕਮਾਂ ਨੂੰ ਮੰਨ ਲੈਣ ਤਾਂ ਸਿੱਖਾਂ ਦੀ ਸਾਰੀਆਂ ਸਮੱਸਿਆਵਾਂ ਆਪਣੇ ਆਪ ਹੱਲ ਹੋ ਜਾਣਗੀਆਂ|”
ਯਾਦ ਰੱਖੋ! ਦੁਨਿਆਵੀ ਰਾਜਗੱਦੀਆਂ ਉੱਤੇ ਬੈਠਣ ਵਾਲੇ ਬਦਲਦੇ ਰਹੇ ਹਨ ਅਤੇ ਅੱਗੋਂ ਵੀ ਬਦਲਦੇ ਰਹਿਣਗੇ ਪਰ ਅਕਾਲਪੁਰਖ ਦੀ ਜੋਤਿ ਗੁਰੂ ਨਾਨਕ ਸਾਹਿਬ ਦੀ ਗੁਰਗੱਦੀ ਦੇ ਸਦੀਵੀ ਮਾਲਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਥਾਂ, ਕਿਸੇ ਹੋਰ ਗ੍ਰੰਥ ਨੂੰ ਗੁਰਿਆਈ ਨਹੀਂ ਦਿੱਤੀ ਜਾ ਸਕਦੀ| ਜਦੋਂ ਤਕ ਸੰਸਾਰ ਹੈ, ਉਦੋਂ ਤਕ ਸਿੱਖ-ਕੌਮ ਅੰਦਰ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਹੁਕਮ ਚੱਲ ਸਕਦਾ ਹੈ, ਕਿਸੇ ਹੋਰ ਗ੍ਰੰਥ ਜਾਂ ਵਿਅਕਤੀ ਦਾ ਨਹੀਂ|