ਝੂਠੀ ਸਾਖੀ ਨੂੰ ਸੱਚ ਕਿਉਂ ਮੰਨੀਏਂ ?

0
963

A A A

davinder singh artist ਪੁੱਤਰ ਪ੍ਰਾਪਤੀ ਦਾ ਵਰ

ਐ ਕੌਮ ਦੇ ਵਾਰਸੋ ! ਜਾਗੋ ! ਗੁਰਬਿਲਾਸ ਪਾ: ਛੇਵੀਂ ਦਾ ਲਿਖਾਰੀ ਸਿੱਖਾਂ ਨੂੰ ਮੂਰਖ ਬਣਾ ਰਿਹਾ ਹੈ| 

ਬਾਬਾ ਬੁੱਢਾ ਜੀ ਬਾਰੇ ਜਿਹੜੀ ਸਾਖੀ ਅਕਸਰ ਗੁਰਮਤਿਹੀਣ ਸਾਧਾਂ-ਸੰਤਾਂ ਅਤੇ ਪ੍ਰਚਾਰਕਾਂ ਵੱਲੋਂ ਸੁਣਾਈ ਜਾਂਦੀ ਹੈ, ਉਹ ਗੁਰਬਿਲਾਸ ਪਾ:6 ਦੇ ਪਹਿਲੇ ਅਧਿਆਇ ਵਿਚ ਇਸ ਪ੍ਰਕਾਰ ਦਰਜ ਹੈ :-
ਮਾਤਾ ਗੰਗਾ ਜੀ ਆਪਣੇ ਪਤੀ ਗੁਰਦੇਵ ਗੁਰੂ ਅਰਜੁਨ ਪਾਤਸ਼ਾਹ ਅੱਗੇ ਬੇਨਤੀ ਕਰਦੇ ਹਨ ਕਿ ਕਿਰਪਾ ਕਰਕੇ ਮੈਂਨੂੰ ਪੁੱਤਰ ਦੀ ਦਾਤ ਬਖਸ਼ੋ| ਮਾਤਾ ਗੰਗਾ ਜੀ ਦੀ ਗੱਲ ਸੁਣਦਿਆਂ ਸਾਰ ਕ੍ਰਿਪਾਲੂ ਪਾਤਸ਼ਾਹ ਨੇ ਆਪਣੇ ਮੁੱਖ ਤੋਂ ਫ਼ੁਰਮਾਇਆ ਕਿ ਬਾਬਾ ਬੁੱਢਾ ਜੀ ਦੀ ਸੇਵਾ ਵਿਚ ਬੀੜ ਸਾਹਿਬ ਜਾਓ, ਵਹੁ ਸੁਤ ਇੱਛਾ ਪੂਰੀ ਕਰੈ (ਭਾਵ ਤੁਹਾਡੀ ਪੁੱਤਰ ਦੀ ਇੱਛਾ ਪੂਰੀ ਕਰਨ ਦੇ ਸਮਰੱਥ ਹਨ)|67-68 |
ਮਨੀ ਸਿੰਘ ਨੇ ਕਥਾ ਨੂੰ ਅੱਗੇ ਤੋਰਦਿਆਂ ਕਿਹਾ ਕਿ ਬਾਬਾ ਬੁੱਢਾ ਜੀ ਤੋਂ ਪੁੱਤਰ ਪ੍ਰਾਪਤੀ ਦਾ ਵਰ ਮੰਗਣ ਵਾਸਤੇ ਸਤਿਗੁਰ ਜੀ ਦਾ ਬਚਨ ਮੰਨ ਕੇ ਮਾਤਾ ਗੰਗਾ ਜੀ ਤੁਰ ਪਏ| 109 |
ਬਹੁਤ ਸਾਰੇ ਦਾਸ, ਕਈ ਦਾਸੀਆਂ, ਸਿੰਗਾਰੇ ਹੋਏ ਘੋੜੇ ਤੇ ਰੱਥ, ਖੀਰ-ਖੰਡ ਅਤੇ ਕਈ ਤਰ੍ਹਾਂ ਦੇ ਪਕਵਾਨਾਂ ਨਾਲ ਲੱਦੀਆਂ ਸੁੰਦਰ ਬੈਹਿੰਗੀਆਂ ਵਾਲੇ ਸੇਵਕ (ਵੱਡੇ ਪ੍ਰਭਾਵਸ਼ਾਲੀ ਜਲੂਸ ਦੀ ਸ਼ਕਲ ਵਿਚ) ਨਾਲ ਤੁਰ ਪਏ| 110 |
ਗੁਰੂ ਜੀ ਲਈ ਬਾਬਾ ਬੁੱਢਾ ਜੀ ਤੋਂ ਮਿਲਦਾ ਵਰ ਸੁਣਨ ਲਈ ਨਗਰ ਦੀਆਂ ਅਣਗਿਣਤ ਔਰਤਾਂ ਆਈਆਂ| ਸ਼ਾਹੀ ਜਲੂਸ ਵਿਚਲੀਆਂ ਬੇਅਤ ਗੱਡੀਆਂ ਤੇ ਛੱਕੜਿਆਂ ਨਾਲ ਏਨੀ ਧੂੜ ਉੱਡੀ ਕਿ ਕੁੱਝ ਵੀ ਨਜ਼ਰ ਨਹੀਂ ਸੀ ਆਉਂਦਾ| 111 |
ਰੱਥ ਨਾਲ ਬੱਝੇ ਛੋਟੇ-ਛੋਟੇ ਘੁੰਘਰੂਆਂ ਦੇ ਵੱਜਣ ਦੀ ਆਵਾਜ਼ ਸੁਣ ਕੇ ਸਾਹਿਬ ਬੁੱਢਾ ਜੀ ਨੇ ਇਉਂ ਆਖਿਆ, ਇਹ ਰਾਮਦਾਸ ਪੁਰੇ ਨੂੰ ਕਿੰਨ੍ਹ ਭਾਜੜ ਪਾ ਦਿੱਤੀ ਹੈ? ਇਹ ਸਾਰੇ ਲੋਕ ਕਿੱਧਰ ਜਾ ਰਹੇ ਹਨ? 112 |
ਹੇ ਗੰਗਾ! (ਬਾਬਾ ਬੁੱਢਾ ਜੀ) ਵਰਗੇ ਸੰਤ (ਮਹਾਂਪੁਰਖ) ਕੋਲ ਜਾਣ ਲੱਗਿਆਂ (ਅਮੀਰੀ ਦੇ) ਵਿਖਾਵੇ ਦਾ ਅਡੰਬਰ ਧਾਰ ਕੇ ਨਹੀਂ ਜਾਣਾ ਚਾਹੀਦਾ| ਹੁਣ ਤੂੰ (ਸੰਤਾਂ ਕੋਲ ਜਾਣ ਦੀ) ਉਹ ਵਿਧੀ ਸੁਣ ਜਿਸ ਤੋਂ ਸੰਤ ਜਨ ਯਕੀਨਨ ਆਪਣੇ ਹਿਰਦੇ ਤੋਂ ਤਨੋਂ-ਮਨੋਂ ਖੁਸ਼ ਹੁੰਦੇ ਹਨ| 125 |
ਤੜਕੇ ਸਵੇਰੇ (ਉੱਠ ਕੇ ਪਹਿਲਾਂ) ਇਸ਼ਨਾਨ ਕਰਕੇ, ਫਿਰ ਛੋਲੇ ਅਤੇ ਕਣਕ ਰਲਾ ਕੇ (ਉਨ੍ਹਾਂ ਨੂੰ) ਆਪਣੇ ਹਥੀਂ ਚੱਕੀ ਵਿਚ ਪੀਸੇ ਹੋਏ ਆਟੇ ਨਾਲ ਪ੍ਰਸਾਦੇ ਪਕਾਓ| 126 |
ਸਬਜ਼ੀ ਗੰਢੇ ਨਾਲ ਰੱਖ ਲਵੋ, ਫਿਰ ਆਪਣੇ ਹੱਥੀਂ ਦਹੀ ਰਿੜਕੋ ਤੇ ਲੱਸੀ ਦੀ ਚਾਟੀ ਵਿਚ ਮੱਖਣ ਪਾ ਲਉ| ਇਹ ਸਾਰਾ ਪ੍ਰਸਾਦ ਸਿਰ ਤੇ ਚੁੱਕੋ| 127 |
(ਹਲ ਵਾਹਕ ਨੂੰ ਰੋਟੀਆਂ ਲੈ ਕੇ ਜਾਣ ਵਾਲੀ) ਭੱਤੇਹਾਰੀ ਦੇ ਪਹਿਰਾਵੇ ਵਿਚ ਨੰਗੇ ਪੈਰੀਂ ( 12 ਮੀਲ ਦੂਰ ਬੀੜ ਵਿਚ ਆਪਣੇ ਸੇਵਕ ਕੋਲ) ਇਕੱਲੇ ਪੁੱਜੋ| ਫਿਰ ਪੁੱਤਰ ਪ੍ਰਾਪਤੀ ਦੀ ਇੱਛਿਆ ਪੂਰੀ ਹੋਣ ਵਿਚ ਕੋਈ ਸ਼ੰਕਾ ਨਹੀਂ ਹੈ| 129 |
ਤੇਰੇ ਘਰ ਅਜੇਹਾ ਜੋਧਾ ਜਨਮ ਲਵੇਗਾ ਜਿਸ ਦੇ ਸਰੀਰਕ ਅਤੇ ਦੈਵੀ ਗੁਣਾਂ ਦੀ ਥਾਹ ਕੋਈ ਨਹੀਂ ਪਾ ਸਕੇਗਾ| ਜਿਵੇਂ ਮੈਂ ਗੰਢੇ ਮਰੋੜੇ (ਭੰਨੇ) ਹਨ ਉਵੇਂ ਹੀ ਉਹ ਤੁਰਕਾਂ ਦੇ ਸਿਰ ਭੰਨੇਗਾ| ਉਸ ਦਾ ਨਾਮ ਹਰਿਗੋਬਿੰਦ ਹੋਵੇਗਾ ਅਤੇ ਉਹ ਸਾਰੇ ਮਲੇਛਾਂ ਨੂੰ ਮਾਰ ਗਿਰਾਵੇਗਾ ਅਤੇ ਮੀਰੀ ਪੀਰੀ ਦੀਆਂ ਦੋ ਕ੍ਰਿਪਾਨਾਂ ਪਹਿਨ ਕੇ ਅਕਾਲ ਤਖਤ ਤੇ ਬੈਠੇਗਾ| 135 |
ਬਾਬਾ ਬੁੱਢਾ ਜੀ ਦੇ ਵਰ ਦੇਣ ਦੀ ਢਿੱਲ ਸੀ ਕਿ ਉਸੇ ਛਿਣੇ ਮਾਤਾ ਜੀ ਦੇ ਉਦਰ ਵਿਚ ਪਉਣ ਦਾ ਨਿਵਾਸ ਹੋ ਗਿਆ ਅਰਥਾਤ ਮਾਤਾ ਜੀ ਉਸੇ ਛਿਣ ਹੀ ਗਰਭਵਤੀ ਹੋਏ ਦਿੱਸਣ ਲੱਗ ਪਏ| ਮਾਤਾ ਦੇ ਮਨ ਵਿਚ ਪ੍ਰਸੰਨਤਾ ਅਤੇ ਚਿੱਤ ਵਿਚ ਖੁਸ਼ੀ ਉਮੜ ਪਈ| 138 |
ਇਕੀ (21) ਅਸੂ ਵਾਲੇ ਦਿਨ ਜਿਹੜਾ ਵੀ ਇਸ ਦਿਨ ਬੀੜ ਦੇ ਦਰਸ਼ਨ ਕਰੇਗਾ, ਉਸ ਦੀ ਪੁੱਤਰ ਦੀ ਇੱਛਿਆ ਪੂਰੀ ਹੋਵੇਗੀ ਅਤੇ ਮਨ ਦੀਆਂ ਮੁਰਾਦਾਂ ਪੂਰੀਆਂ ਹੋਣਗੀਆਂ| ਘਰ ਵਿਚ ਧਨ ਦੀ ਕੋਈ ਕਮੀ ਨਹੀਂ ਆਵੇਗੀ| ਬਾਬੇ ਬੁੱਢੇ ਦੇ ਅਸਥਾਨ ਤੇ ਜਿਹੜਾ ਮੇਲਾ ਲਾਵੇਗਾ ਸਤਿਗੁਰ ਜੀ ਉਸ ਤੋਂ ਬਲਿਹਾਰੇ ਜਾਣਗੇ| ਅਜਿਹਾ ਮਨੁੱਖ ਸਭ ਤੋਂ ਵਧੀਕ ਸ੍ਰੇਸ਼ਟ (ਪਰਮਪਦ) ਰੁਤਬੇ  ਤੇ ਸ਼ੁਭਾਇਮਾਨ ਹੋ ਜਾਵੇਗਾ| ਉਸ ਦੀ ਉਪਮਾ ਵੇਖ ਕੇ ਦੇਵਤਿਆਂ ਦਾ ਰਾਜਾ ਵੀ ਸ਼ਰਮ ਮੰਨੇਗਾ| 140-141 |

ਇਸ ਸਾਖੀ ਦੀ ਲਿਖਤ ਅਤੇ ਪਰਚਾਰ ਸਦਕਾ ਸਿੱਖ, ਗੁਰਦੁਆਰਾ ਬੀੜ ਸਾਹਿਬ ਮੱਥੇ ਟੇਕਣ ਲਈ ਜਾਂਦੇ ਹਨ| ਖ਼ਾਸ ਕਰਕੇ ਸੱਸਾਂ ਆਪਣੀਆਂ ਨਵੀਆਂ-ਵਿਆਹੀਆਂ ਨੂੰਹਾਂ ਨੂੰ ਗੁਰਦੁਆਰਾ ਬੀੜ ਸਾਹਿਬ ਮੱਥੇ ਟਿਕਾਉਣ ਲਈ ਲੈ ਕੇ ਜਾਂਦੀਆਂ ਹਨ ਤਾਂ ਜੋ ਉਨ੍ਹਾਂ ਨੂੰ ਪੁੱਤਰਾਂ ਦਾ ਵਰ ਪ੍ਰਾਪਤ ਹੋ ਸਕੇ|
ਗੁਰ-ਬਿਲਾਸ ਪਾ:-੬ ਦੇ ਲਿਖਾਰੀ ਵੱਲੋਂ ਇਸ ਸਾਖੀ ਵਿਚ ਸਿੱਖ-ਸਤਿਗੁਰਾਂ ਦੇ ਜੀਵਨ ਨੂੰ ਮਜ਼ਾਕ ਦਾ ਪਾਤਰ ਬਣਾ ਕੇ ਖਿੱਲੀ ਉਡਾਈ ਗਈ ਹੈ ਅਤੇ ਸਿੱਖਾਂ ਨੂੰ ਵੀ ਇਸ ਸਾਖੀ ਦੇ ਪਾਤਰ ਬਣਾ ਕੇ ਮਨ-ਘੜਤ ਗੱਲਾਂ ਪੇਸ਼ ਕੀਤੀਆਂ ਗਈਆਂ ਹਨ| ਇਸ ਤੋਂ ਇਲਾਵਾ ਗੁਰਬਾਣੀ ਸਿੱਖਿਆ ਅਤੇ ਸਿੱਖ-ਇਤਿਹਾਸ ਦੀਆਂ ਘਟਨਾਵਾਂ ਨੂੰ ਗ਼ਲਤ ਤਰੀਕੇ ਨਾਲ ਤਰੋੜ-ਮਰੋੜ ਕੇ ਪੇਸ਼ ਕੀਤਾ ਗਿਆ ਹੈ|

ਜੇਕਰ ਬਾਬਾ ਬੁੱਢਾ ਜੀ ਦੀ ਵਰ ਦੇਣ ਵਾਲੀ ਸਾਖੀ ਨੂੰ ਭਾਈ ਗੁਰਦਾਸ ਜੀ ਦੀਆਂ ਇਤਿਹਾਸਕ ਰਚਨਾਵਾਂ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਦੀ ਕਸਵੱਟੀ ਤੇ ਪਰਖਿਆ ਜਾਵੇ ਤਾਂ ਇਹ ਸਾਖੀ ਇਕ ਸੋਚੀ ਸਮਝੀ ਚਾਲ ਅਧੀਨ ਲਿਖੀ ਗਈ ਝੂਠੀ, ਮਨਘੜਤ ਅਤੇ ਭੁਲੇਖ਼ਾ ਪਾਊ ਨਜ਼ਰ ਆਵੇਗੀ| ਜਿਵੇਂ ਕਿ:-
ਦੇਖੋ, ਗੁਰ ਬਿਲਾਸ ਪਾ : 6 ਦਾ ਅਰੰਭ :
ੴ  ਸਤਿਗੁਰ ਪ੍ਰਸਾਦਿ|| ਸ੍ਰੀ ਭਗਉਤੀ ਜੀ ਸਹਾਇ|| ਅਬ ਗੁਰ ਬਿਲਾਸ ਗ੍ਰਿੰਥ ਲਿਖਯਤੇ||
ਨੋਟ ਕਰਨ ਵਾਲੀ ਗੱਲ ਹੈ ਕਿ ਜਿੱਥੇ ੴ  ਸਤਿਗੁਰ ਪ੍ਰਸਾਦਿ|| ਲਿਖਿਆ ਹੋਵੇ, ਉੱਥੇ ਸ੍ਰੀ ਭਗਉਤੀ ਜੀ ਸਹਾਇ|| ਲਿਖਣ ਦੀ ਲੋੜ ਹੀ ਨਹੀਂ ਹੈ, ਪਰ ਇੱਥੇ ਗੁਰ-ਬਿਲਾਸ ਪਾ:-੬ ਦੇ ਲਿਖਾਰੀ ਨੇ ਸ੍ਰੀ ਭਗਉਤੀ ਜੀ ਸਹਾਇ|| ਲਿਖਿਆ ਹੈ| ਇਸ ਦਾ ਕੀ ਕਾਰਣ ਹੈ?
ਗੱਲ ਬਿਲਕੁਲ ਸਪੱਸ਼ਟ ਹੈ ਕਿ ਗੁਰ ਬਿਲਾਸ ਦਾ ਲਿਖਾਰੀ ਕੋਈ ਦੁਰਗਾ ਦਾ ਪੁਜਾਰੀ ਹੈ, ਜਿਹੜਾ ਸ੍ਰੀ ਭਗਉਤੀ ਜੀ ਸਹਾਇ||  ਲਿਖ ਕੇ ਦੁਰਗਾ ਦੇਵੀ ਤੋਂ ਸਹਾਇਤਾ ਦਾ ਅਸ਼ੀਰਵਾਦ ਲੈ ਕੇ (ਅਬ ਗੁਰ ਬਿਲਾਸ ਗ੍ਰਿੰਥ ਲਿਖਯਤੇ|| ਭਾਵ ਗੁਰੂ ਹਰਿਗੋਬਿੰਦ ਸਾਹਿਬ ਜੀ ਬਾਰੇ ਗ੍ਰੰਥ ਲਿਖਣਾ ਅਰੰਭ ਕਰਦਾ ਹੈ)| ਇੱਥੇ ਉਨ੍ਹਾਂ ਸਿੱਖਾਂ ਦਾ ਭੁਲੇਖਾ ਦੂਰ ਹੋ ਜਾਣਾ ਚਾਹੀਦਾ ਹੈ, ਜਿਹੜੇ ਅਗਿਆਨਤਾਵਸ ਭਗਉਤੀ ਨੂੰ ਅਕਾਲਪੁਰਖ ਸਮਝ ਕੇ ਅਰਦਾਸ ਕਰਦੇ ਹਨ|
ਜਿਵੇਂ ਦਸਮ ਗ੍ਰੰਥ ਦਾ ਲਿਖਾਰੀ ਭਗਉਤੀ ਦੀ ਵਾਰ ਜਾਂ ਚੰਡੀ ਦੀ ਵਾਰ ਲਿਖਣ ਤੋਂ ਪਹਿਲਾਂ ੴ  ਸ੍ਰੀ ਵਾਹਿਗੁਰੂ ਜੀ ਕੀ ਫਤਹਿ|| ਲਿਖਣ ਉਪਰੰਤ ਸ੍ਰੀ ਭਗਉਤੀ ਜੀ ਸਹਾਇ|| ਵਾਰ ਸ੍ਰੀ ਭਗਉਤੀ ਜੀ ਕੀ || ਪਾਤਸ਼ਹੀ 10 || ਪ੍ਰਿਥਮ ਭਗਉਤੀ ਸਿਮਰ ਕੈ…..ਤੋ ਅਰੰਭ ਕਰਕੇ ਅਖ਼ੀਰ ਵਿਚ ਲਿਖਦਾ ਹੈ: ਦੁਰਗਾ ਪਾਠ ਬਣਾਇਆ ਸਭੇ ਪਉੜੀਆਂ|| ਫੇਰ ਨਾ ਜੂਨੀ ਆਇਆ ਜਿਨ ਇਹ ਗਾਇਆ|| 55|| ਲਿਖ ਕੇ ਦੁਰਗਾ ਭਗਤ ਹੋਣ ਦਾ ਸਪੱਸ਼ਟ ਸੰਕੇਤ ਕਰ ਦਿੰਦਾ ਹੈ, ਤਿਵੇਂ ਹੀ ਗੁਰ ਬਿਲਾਸ ਪਾ:6 ਦਾ ਲਿਖਾਰੀ ਇਸ ਗ੍ਰੰਥ ਦੇ ਪਹਿਲੇ ਅਧਿਆਇ ਦੇ ਪੰਨਾ-3 ਵਿਚ ਸ੍ਰੀ ਭਗਉਤੀ ਨੂੰ ਸ੍ਰੀ ਚੰਡਿਕਾ ਲਿਖ ਕੇ ਦੁਰਗਾ ਭਗਤ ਹੋਣ ਦਾ ਸੰਕੇਤ ਕਰਦਾ ਹੈ:-
ਪ੍ਰਿਥਮ ਸਿਮਰਿ ਸ੍ਰੀ ਚੰਡਿਕਾ ਵਰੁ ਦਾਤੀ ਸੁਖਦਾਨ|
ਅਰਥਾਤ ਸਭ ਤੋਂ ਪਹਿਲਾਂ ਸ੍ਰੀ ਚੰਡਿਕਾ (ਭਾਵ ਭਗਉਤੀ, ਦੁਰਗਾ) ਨੂੰ ਸਿਮਰ ਜਿਹੜੀ ਵਰਾਂ ਅਤੇ ਸੁੱਖਾਂ ਦੀ ਦਾਤੀ ਹੈ ਅਤੇ ਖੁਸ਼ੀਆਂ ਦੇਣ ਵਾਲੀ ਹੈ|
ਮਹਾਨ ਕੋਸ਼ ਦੇ ਪੰਨਾ-480 ਤੇ ਚੰਡਿਕਾ ਜਿਸ ਨੂੰ ਚੰਡੀ ਵੀ ਕਿਹਾ ਜਾਂਦਾ ਹੈ, ਦੇ ਅਰਥ ਲਿਖੇ ਹਨ: ਭਗਉਤੀ, ਕਾਲੀ ਦੇਵੀ|
ਭਗਉਤੀ ਦੀ ਵਾਰ (ਚੰਡੀ ਦੀ ਵਾਰ)  ਵਿਚ ਲਿਖਿਆ ਹੈ (ਕੜਕ ਉਠੀ ਰਣ ਚੰਡੀ ਫਉਜਾਂ ਦੇਖਿ ਕੈ|| )| ਦੇਖੋ ਗੁਰ ਬਿਲਾਸ ਦਾ ਲਿਖਾਰੀ ਵੀ ਸਿੱਖਾਂ ਨੂੰ ਉਸੇ ਤਰ੍ਹਾਂ ਦੁਰਗਾ ਦੀ ਪੂਜਾ ਕਰਨ ਦੀ ਪ੍ਰੇਰਨਾ ਦੇ ਰਿਹਾ ਹੈ, ਜਿਸ ਤਰ੍ਹਾਂ ਦਸਮ ਗ੍ਰੰਥ ਦਾ ਲਿਖਾਰੀ ਸਭ ਤੋਂ ਪਹਿਲਾਂ ਪ੍ਰਿਥਮ ਭਗਉਤੀ ਨੂੰ ਸਿਮਰਨ ਦੀ ਪ੍ਰੇਰਨਾ ਕਰ ਰਿਹਾ ਹੈ|

ਗੁਰ ਬਿਲਾਸ ਪਾ:6 ਦਾ ਲਿਖਾਰੀ ਗ੍ਰੰਥ ਲਿਖਣ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਅਤੇ ਗੁਰੂ ਗੋਬਿੰਦ ਸਿੰਘ ਜੀ ਬਾਰੇ ਹੇਠ ਲਿਖੇ ਅਨੁਸਾਰ ਲਿਖਦਾ ਹੈ :-
ਛਪੈ ਛੰਦ|| ਪ੍ਰਿਥਮ ਬੰਦੋ ਪਾਰਬ੍ਰਹਮ ਗੁਰੂ ਨਾਨਕ ਸੁਖਸਾਗਰ| ਦਸਮ ਗੁਰੂ ਕੇ ਚਰਨਕਮਲ ਬੰਦੋ ਗੁਣਆਗਰ|
ਛਪੈ ਛੰਦ (ਛੇ ਤੁੱਕਾਂ ਵਾਲੇ ਇਕ ਛੰਦ ਦਾ ਨਾਂ)| ਅਰਥਾਤ ਪਹਿਲਾਂ ਮੈਂ ਨਮਸਕਾਰ ਕਰਦਾ ਹਾਂ ਪਾਰਬ੍ਰਹਮ ਦੇ ਸਰੂਪ ਤੇ ਸੁੱਖਾਂ ਦੇ ਸਮੁੰਦਰ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਅਤੇ ਦੈਵੀ ਗੁਣਾਂ ਦੇ ਖਜਾਨੇ ਦਸਮੇਸ਼ ਪਿਤਾ ਜੀ ਦੇ ਚਰਨ ਕੰਵਲਾਂ ਉੱਤੇ ਨਮਸਕਾਰ ਕਰਦਾ ਹਾਂ|
ਨੋਟ ਕਰਨ ਵਾਲੀ ਗੱਲ ਇਹ ਹੈ ਕਿ ਇਸ ਛੰਦ ਵਿਚ ਲਿਖਾਰੀ ਦਸਮ ਗੁਰੂ ਦਾ ਵੀ ਜ਼ਿਕਰ ਕਰਦਾ ਹੈ, ਜਿਸ ਤੋਂ ਸਾਬਤ ਹੁੰਦਾ ਹੈ ਕਿ ਗੁਰ ਬਿਲਾਸ ਪਾ:6 ਨਾਲ ਸਬੰਧਤ ਇਹ ਗ੍ਰੰਥ, ਗੁਰੂ ਗੋਬਿੰਦ ਸਿੰਘ ਜੀ ਦੇ ਚਲਾਣੇ ਤੋਂ ਬਾਅਦ ਹੀ ਲਿਖਿਆ ਗਿਆ| ਦੂਜੀ ਨੋਟ ਕਰਨ ਵਾਲੀ ਗੱਲ ਇਹ ਹੈ ਕਿ ਇਸ ਗ੍ਰੰਥ ਰਾਹੀਂ ਗੁਰਬਾਣੀ ਸਿੱਖਿਆ ਦੀ ਉਲੰਘਣਾ ਅਤੇ ਸਿੱਖ-ਇਤਿਹਾਸ ਨੂੰ ਵਿਗਾੜਣ ਦੀ ਇਕ ਚਾਲ ਸਾਫ਼ ਝਲਕਦੀ ਹੈ| ਇਸ ਲਈ ਇਸ ਗ੍ਰੰਥ ਦਾ ਟਾਕਰਾ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਅਤੇ ਭਾਈ ਗੁਰਦਾਸ ਦੀਆਂ ਰਚਨਾਵਾਂ ਦੇ ਸਨਮੁਖ ਕਰਨਾ ਬਹੁਤ ਜਰੂਰੀ ਹੈ ਤਾਂ ਜੋ ਸੱਚ ਅਤੇ ਝੂਠ ਦਾ ਨਿਸਤਾਰਾ ਹੋ ਸਕੇ|

ਸਭ ਤੋਂ ਪਹਿਲਾਂ ਭਾਈ ਗੁਰਦਾਸ ਜੀ ਦੀਆਂ ਰਚਨਾਵਾਂ ਨੂੰ ਵਿਚਾਰਨਾ ਚਾਹੀਦਾ ਹੈ ਕਿਉਂਕਿ ਭਾਈ ਗੁਰਦਾਸ ਜੀ ਅਤੇ ਬਾਬਾ ਬੁੱਢਾ ਜੀ ਦੋਂਨੋਂ, ਗੁਰੂ ਅਰਜੁਨ ਪਾਤਸ਼ਾਹ ਦੇ ਸਮਕਾਲੀ ਅਤੇ ਬਹੁਤ ਹੀ ਨਿਕਟਵਰਤੀ ਸਿੱਖ ਸਨ|
ਭਾਈ ਗੁਰਦਾਸ ਜੀ ਦੀਆਂ ਵਾਰਾਂ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਹਰਿਗੋਬਿੰਦ ਸਾਹਿਬ ਤਕ ਦੇ ਸਿੱਖ-ਇਤਿਹਾਸ ਦਾ ਇਕ ਭਰੋਸੇਯੋਗ ਸਰੋਤ ਹਨ, ਪਰ ਪਹਿਲੀ ਵਾਰ ਦੀ 49ਵੀਂ ਪਉੜੀ ਅਤੇ 41ਵੀਂ ਵਾਰ, ਭਾਈ ਗੁਰਦਾਸ ਜੀ ਦੀਆਂ ਵਾਰਾਂ ਦਾ ਹਿੱਸਾ ਨਹੀਂ ਹਨ|

ਭਾਈ ਗੁਰਦਾਸ ਜੀ ਗੁਰੂ ਅਮਰਦਾਸ ਜੀ ਦੇ ਭਤੀਜੇ ਸਨ| ਉਨ੍ਹਾਂ ਦਾ ਜਨਮ 1546 ਈ: ਵਿਚ ਹੋਇਆ ਸੀ ਅਤੇ ਉਨ੍ਹਾਂ ਨੇ ਗੁਰੂ ਰਾਮਦਾਸ ਜੀ ਪਾਸੋਂ ਸਿੱਖੀ ਪ੍ਰਾਪਤ ਕੀਤੀ ਸੀ| ਭਾਈ ਗੁਰਦਾਸ ਜੀ ਸਿੱਖ-ਇਤਿਹਾਸ ਦੇ ਉਹ ਸਿੱਖ ਵਿਦਵਾਨ ਹਨ, ਜਿਨ੍ਹਾਂ ਨੂੰ ਸੰਸਕ੍ਰਿਤ, ਅਰਬੀ, ਫ਼ਾਰਸੀ, ਪੰਜਾਬੀ ਭਾਸ਼ਾਵਾਂ ਦਾ ਚੰਗਾ ਗਿਆਨ ਸੀ| ਇਸ ਤੋਂ ਇਲਾਵਾ ਸ਼ਾਸਤਰਾਂ, ਉਪਨਿਸ਼ਦਾਂ, ਪੁਰਾਣਾਂ ਆਦਿ ਤੋਂ ਵੀ ਚੰਗੀ ਤਰ੍ਹਾਂ ਜਾਣੂ ਸਨ|

ਸੰਨ 1600 ਈ: ਵਿਚ ਗੁਰੂ ਅਰਜੁਨ ਪਾਤਸ਼ਾਹ ਨੇ ਭਾਈ ਗੁਰਦਾਸ ਜੀ ਦੀ ਯੋਗਤਾ ਨੂੰ ਮੁੱਖ ਰੱਖ ਕੇ ਹੀ ਪੋਥੀ (ਗੁਰੂ ਗ੍ਰੰਥ ਸਾਹਿਬ ਜੀ) ਦੀ ਸੰਪਾਦਨਾ ਕਰਨ ਸਮੇਂ ਸਾਰੀ ਗੁਰਬਾਣੀ ਭਾਈ ਗੁਰਦਾਸ ਜੀ ਦੇ ਹੱਥੋਂ ਦਰਜ ਕਰਵਾਈ ਸੀ| ਸੰਨ 1606 ਈ: ਵਿਚ ਗੁਰੂ ਸਾਹਿਬ ਦੀ ਸ਼ਹੀਦੀ ਉਪਰੰਤ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਗੁਰਗੱਦੀ ਦੀ ਜ਼ਿੰਮੇਵਾਰੀ ਸੰਭਾਲੀ ਸੀ ਤਾਂ ਭਾਈ ਗੁਰਦਾਸ ਜੀ ਨੇ ਗੁਰੂ ਸਾਹਿਬ ਦੀ ਸੰਗਤ ਕਰਦੇ ਹੋਏ ਲੱਗ-ਭਗ 30-31 ਸਾਲ ਸਿੱਖੀ ਦਾ ਪ੍ਰਚਾਰ ਕੀਤਾ| ਇਸ ਤੋਂ ਬਾਅਦ 1637 ਈ: ਵਿਚ 91 ਸਾਲ ਦੀ ਉਮਰ ਵਿਚ ਵਿਚ ਭਾਈ ਗੁਰਦਾਸ ਜੀ ਚਲਾਣਾ ਕਰ ਗਏ|

ਭਾਈ ਗੁਰਦਾਸ ਜੀ ਦਾ ਸੰਖੇਪ ਵਿਚ ਜੀਵਨ ਬਿਰਤਾਂਤ ਇਸ ਕਰਕੇ ਲਿਖਿਆ ਹੈ ਤਾਂ ਜੋ ਸਾਨੂੰ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਜਨਮ ਸਬੰਧੀ ਗੁਰਬਿਲਾਸ ਪਾ:6 ਦੇ ਸੱਚ-ਝੂਠ ਦਾ ਪਤਾ ਲੱਗ ਸਕੇ| ਗੁਰੂ ਹਰਿਗੋਬਿੰਦ ਸਾਹਿਬ ਦਾ ਜਨਮ 14 ਜੂਨ 1595 ਈ: (ਡਾ. ਹਰਜਿੰਦਰ ਸਿੰਘ ਦਿਲਗੀਰ ਨੇ 19 ਜੂਨ 1590 ਲਿਖਿਆ ਹੈ) ਅਨੁਸਾਰ ਪਿਤਾ ਗੁਰੂ ਅਰਜੁਨ ਪਾਤਸ਼ਾਹ ਦੇ ਘਰ ਮਾਤਾ ਗੰਗਾ ਜੀ ਦੀ ਕੁੱਖ ਤੋਂ ਹੋਇਆ ਸੀ| ਬਾਲਕ ਹਰਿਗੋਬਿੰਦ ਜੀ ਦੇ ਜਨਮ ਸਮੇਂ ਭਾਈ ਗੁਰਦਾਸ ਜੀ ਦੀ ਉਮਰ 49 ਸਾਲ ਬਣਦੀ ਹੈ| ਇਹ ਕਹਿ ਸਕਦੇ ਹਾਂ ਕਿ ਭਾਈ ਗੁਰਦਾਸ ਜੀ ਨੇ ਬਾਲ ਹਰਿਗੋਬਿੰਦ ਜੀ ਨੂੰ ਆਪਣੇ ਹੱਥੀਂ ਖਿਡਾਇਆ ਹੋਵੇਗਾ|

ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿਚ ਬਾਬਾ ਬੁੱਢਾ ਜੀ ਅਤੇ ਗੁਰੂ ਹਰਿਗੋਬਿੰਦ ਸਾਹਿਬ ਦਾ ਜ਼ਿਕਰ ਤਾਂ ਮਿਲਦਾ ਹੈ ਪਰ ਬਾਬਾ ਬੁੱਢਾ ਜੀ ਵਲੋਂ ਮਾਤਾ ਗੰਗਾ ਜੀ ਨੂੰ ਪੁੱਤਰ ਦਾ ਵਰ ਦੇਣ ਵਾਲੀ ਸਾਖੀ ਦਾ ਜ਼ਿਕਰ ਕਿਤੇ ਨਹੀਂ ਮਿਲਦਾ| ਜਿਵੇਂ ਕਿ :-
(1) ਗਿਆਰਵੀਂ ਵਾਰ ਦੀ ਚੌਦਵੀਂ ਪਉੜੀ ਦੀ ਚੌਥੀ ਪੰਕਤੀ:
ਜਿਤਾ ਰੰਧਾਵਾ ਭਲਾ ਹੈ ਬੂੜਾ ਬੁਢਾ ਇਕ ਮਨਿ ਧਿਆਵੈ|
ਅਰਥਾਤ ਜਿੱਤਾ ਰੰਧਾਵਾ ਭਲਾ ਅਤੇ ਬੂੜਾ (ਬੁੱਢਾ) ਨਾਮੇ ਜੱਟ ਭਗਤ ਇਕ ਮਨ ਹੋ ਕੇ ਗੁਰੂ ਨੂੰ ਧਿਆਵਦੇਂ ਸਨ|
ਹੁਣ ਦੇਖੋ,  ਵਾਰਾਂ ਵਿਚ ਗੁਰੂ ਹਰਿਗੋਬਿੰਦ ਸਾਹਿਬ ਦਾ ਜ਼ਿਕਰ:
(2) ਪਹਿਲੀ ਵਾਰ ਦੀ 48ਵੀਂ ਪਉੜੀ ਦੀ ਦੂਜੀ ਪੰਕਤੀ:
ਅਰਜਨੁ ਕਾਇਆ ਪਲਟਿ ਕੈ ਮੂਰਤਿ ਹਰਿਗੋਬਿੰਦ ਸਵਾਰੀ|
ਅਰਥਾਤ ਗੁਰੂ ਅਰਜੁਨ ਪਾਤਸ਼ਾਹ ਨੇ ਆਪਣੀ ਕਾਇਆਂ ਪਲਟ ਕੇ ਹਰਿਗੋਬਿੰਦ ਦੀ ਮੂਰਤੀ (ਭਾਵ ਰੂਪ) ਬਣਾਇਆ|
(3) 26ਵੀਂ ਵਾਰ ਦੀ 34ਵੀ ਪਉੜੀ ਦੀ ਛੇਵੀਂ ਪੰਕਤੀ:
ਹਰਿਗੋਬਿੰਦ ਗੁਰ ਅਰਜਨਹੁਂ ਆਦਿ ਪੁਰਖ ਆਦੇਸੁ ਕਰਾਇਆ|
ਅਰਥਾਤ ਗੁਰੂ ਅਰਜੁਨ ਪਾਤਸ਼ਾਹ ਤੋਂ ਗੁਰੂ ਹਰਿਗੋਬਿੰਦ ਹੋਏ, ਆਦਿ ਪੁਰਖ ਨੂੰ ਹੀ ਇਨ੍ਹਾਂ ਨੇ ਆਦੇਸ਼ ਕਰਾਇਆ (ਭਾਵ ਇਕ ਅਕਾਲਪੁਰਖ ਦਾ ਧਿਆਨ ਦ੍ਰਿੜ ਕਰਾਇਆ)|
(4) ਵਾਰ 38ਵੀਂ ਦੀ 20ਵੀਂ ਪਉੜੀ ਦੀ ਛੇਵੀਂ ਪੰਕਤੀ:
ਹਰਿਗੋਬਿੰਦ ਗੁਰੁ ਅਰਜਨਹੁਂ ਗੁਰੁ ਗੋਬਿੰਦ ਹੋਈ|
ਅਰਥਾਤ ਗੁਰੂ ਅਰਜੁਨ ਤੋਂ ਗੁਰੂ ਹਰਿਗੋਬਿੰਦ ਦਾ ਰੂਪ ਹੋਏ|
(5) 39ਵੀਂ ਵਾਰ ਦੀ ਤੀਜੀ ਪਉੜੀ ਦੀ ਪਹਿਲੀ ਅਤੇ ਦੂਜੀ ਪੰਕਤੀ:
ਦਸਤਗੀਰ ਹੁਇ ਪੰਜ ਪੀਰ ਗੁਰੁ ਹਰਿਗੋਬਿੰਦੁ ਅਤੋਲਾ|
ਦੀਨ ਦੁਨੀ ਦਾ ਪਾਤਿਸ਼ਾਹ ਪਾਤਿਸ਼ਾਹਾਂ ਪਾਤਿਸ਼ਾਹੁ ਅਡੋਲਾ|
ਅਰਥਾਤ ਪੰਜ ਪੀਰ (ਪੰਜ ਗੁਰੂ)  ਹਰੀ ਰੂਪ ਗੁਰੂ ਹੋਏ, ਇਸੇ ਤਰ੍ਹਾਂ ਗੁਰੂ ਹਰਿਗੋਬਿੰਦ ਨੇ ਜਨਮ ਲਿਆ| ਦੀਨ ਦੁਨੀ ਦਾ ਪਾਤਿਸ਼ਾਹ ਹੋਇਆ ਅਤੇ ਪਾਤਿਸ਼ਾਹਾਂ ਦਾ ਪਾਤਿਸ਼ਾਹ ਅਡੋਲ ਅਵਸਥਾ ਦਾ ਮਾਲਕ ਹੈ|
ਗੁਰੂ ਹਰਿਗੋਬਿੰਦ ਜੀ ਬਾਰੇ ਹੋਰ ਵੀ ਵਾਰਾਂ ਹਨ ਜਿਨ੍ਹਾਂ ਵਿਚ ਸਪੱਸ਼ਟ ਹੈ ਕਿ ਗੁਰੂ ਹਰਿਗੋਬਿੰਦ ਸਾਹਿਬ, ਗੁਰੂ ਅਰਜੁਨ ਸਾਹਿਬ ਦੇ ਪੁੱਤਰ ਹਨ ਅਤੇ ਉਨ੍ਹਾਂ ਦਾ ਹੀ ਰੂਪ ਹਨ| ਭਾਈ ਗੁਰਦਾਸ ਜੀ ਨੇ ਕਿਤੇ ਵੀ ਨਹੀਂ ਲਿਖਿਆ ਕਿ ਗੁਰੂ ਹਰਿਗੋਬਿੰਦ ਸਾਹਿਬ ਦਾ ਜਨਮ ਬਾਬਾ ਬੁੱਢਾ ਜੀ ਦੇ ਵਰ ਨਾਲ ਹੋਇਆ ਸੀ| ਭਾਈ ਗੁਰਦਾਸ ਦੀਆਂ ਵਾਰਾਂ ਨੇ ਗੁਰ ਬਿਲਾਸ ਪਾ:6 ਦੇ ਵਿਚ ਲਿਖੇ ਵਰ ਵਾਲੇ ਝੂਠ ਨੂੰ ਪੂਰੀ ਤਰ੍ਹਾਂ ਝੂਠਾ ਸਾਬਤ ਕਰ ਦਿੱਤਾ ਹੈ|

ਗੁਰ ਬਿਲਾਸ ਪਾ: 6 ਦੇ ਲਿਖਾਰੀ ਨੇ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੀ ਨਕਲ ਕਰਕੇ ਆਪਣੇ ਇਸ ਗ੍ਰੰਥ ਨੂੰ ਸਹੀ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਹੈ| ਦੇਖੋ ਪਹਿਲਾਂ ਭਾਈ ਗੁਰਦਾਸ ਜੀ ਦੀ  ਪਹਿਲੀ ਵਾਰ ਦੀ 48ਵੀਂ ਪਉੜੀ :
1. ਪੰਜ ਪਿਆਲੇ ਪੰਜ ਪੀਰ ਛਠਮੁ ਪੀਰੁ ਬੈਠਾ ਗੁਰੁ ਭਾਰੀ|
2. ਅਰਜਨ ਕਾਇਆ ਪਲਟਿ ਕੈ ਮੂਰਤਿ ਹਰਿਗੋਬਿੰਦ ਸਵਾਰੀ|
3. ਚਲੀ ਪੀੜੀ ਸੋਢੀਆਂ ਰੂਪੁ ਦਿਖਾਵਣਿ ਵਾਰੋ ਵਾਰੀ|
4. ਦਲ ਭੰਜਨ ਗੁਰੁ ਸੂਰਮਾ ਵਡ ਜੋਧਾ ਬਹੁ ਪਰਉਪਕਾਰੀ|
ਹੁਣ ਦੋਖੋ, ਗੁਰਬਿਲਾਸ ਪਾ:6 ਦੇ ਪਹਿਲੇ ਅਧਿਆਇ ਦੀ ਚੌਪਈ ਨੰ:28- ਅਤੇ 29 :
ਪੰਜ ਪਿਯਾਲੇ ਪੰਜ ਪੀਰਾਰੀ| ਛਠਮ ਪੀਰ ਬੈਠਾ ਗੁਰ ਭਾਰੀ|
ਅਰਜਨ ਕਾਯਾਂ ਪਲਟਿ ਧਰਾਈ| ਮੂਰਤਿ ਹਰਿ ਗੋਬਿੰਦ ਬਨਾਈ|28|
ਚਲੀ ਪੀੜ੍ਹੀ ਸੋਢ ਬੰਸਾਰੀ| ਰੂਪ ਦਿਖਾਵਨ ਵਾਰੋ ਵਾਰੀ|
ਦਲ ਭੰਜਨ ਗੁਰ ਸੂਰ ਅਪਾਰਾ| ਬੜ ਜੋਧਾ ਬੜ ਪਰਉਪਕਾਰੀ|29|

ਗੁਰਬਿਲਾਸ ਦੇ ਲਿਖਾਰੀ ਵੱਲੋਂ  ਭਾਈ ਗੁਰਦਾਸ ਜੀ ਦੀ ਵਾਰਾਂ ਵਿਚੋਂ ਕੀਤੀ ਨਕਲ ਸਾਫ਼ ਝਲਕ ਰਹੀ ਹੈ| ਜਿਸ ਤੋਂ ਸਾਬਤ ਹੁੰਦਾ ਹੈ ਕਿ ਗੁਰ ਬਿਲਾਸ ਪਾ:6 ਦੇ ਲਿਖਾਰੀ ਕੋਲ ਸਿੱਖ ਧਰਮ ਨਾਲ ਸਬੰਧਤ ਗ੍ਰੰਥ ਮੌਜੂਦ ਸਨ, ਜਿਨ੍ਹਾਂ ਦਾ ਸਹਾਰਾ ਲੈ ਕੇ ਗੁਰਮਤਿ ਵਿਰੋਧੀ ਗ੍ਰੰਥ ਲਿਖ ਕੇ ਸਿੱਖ-ਇਤਿਹਾਸ ਨੂੰ ਵਿਗਾੜਿਆ|

ਹੁਣ ਦੋਖੋ, ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਦੀ ਕਸਵੱਟੀ ਤੇ ਗੁਰਬਿਲਾਸ ਪਾ:6 ਵਿਚ ਦਰਜ ਬਾਬਾ ਬੁੱਢਾ ਜੀ ਵੱਲੋਂ ਵਰ ਦੇਣ ਵਾਲੀ ਸਾਖੀ ਦਾ ਝੂਠ ਕਿਵੇਂ ਨੰਗਾ ਹੁੰਦਾ ਹੈ?
ਇਸ ਸਾਖੀ ਵਿਚ ਲਿਖਿਆ ਹੈ ਕਿ ਗੁਰੂ ਅਰਜੁਨ ਸਾਹਿਬ ਨੇ ਮਾਤਾ ਗੰਗਾ ਜੀ ਨੂੰ ਬਾਬਾ ਬੁੱਢਾ ਜੀ ਕੋਲ ਪੁੱਤਰ ਦਾ ਵਰ ਪ੍ਰਾਪਤ ਕਰਨ ਲਈ ਭੇਜਿਆ ਪਰ ਗੁਰਬਾਣੀ ਦੇ ਫ਼ੁਰਮਾਨ ਹਨ :-
1. ਸਭਨਾ ਦਾਤਾ  ਏਕੁ ਤੂ ਮਾਣਸ ਦਾਤਿ ਨ ਹੋਇ||  (ਗੁ. ਗ੍ਰੰ.ਸਾ. ਪੰਨਾ-595)
ਅਰਥ: ਹੇ ਪ੍ਰਮਾਤਮਾ! ਤੂੰ ਸਭ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈਂ, ਤੇਰੇ ਤੋਂ ਬਿਨਾਂ ਕੋਈ ਮਨੁੱਖ ਇਹ ਦਾਤਾਂ ਦੇਣ ਦੇ ਯੋਗ ਨਹੀਂ ਹੈ|
2. ਮਾਨੁਖ ਕੀ ਟੇਕ ਬ੍ਰਿਥੀ ਸਭ ਜਾਨੁ|| ਦੇਵਨ ਕਉ ਏਕੈ ਭਗਵਾਨੁ||  (ਗੁ. ਗ੍ਰੰ.ਸਾ. ਪੰਨਾ-281)
ਅਰਥ: ਹੇ ਮਨ! ਕਿਸੇ ਮਨੁੱਖ ਦਾ ਆਸਰਾ ਤਕਣਾ ਉੱਕਾ ਹੀ ਵਿਅਰਥ ਹੈ ਕਿਉਂਕਿ ਇਕ ਅਕਾਲਪੁਰਖ ਹੀ ਸਭ ਜੀਆਂ ਨੂੰ ਦਾਤਾਂ ਦੇਣ ਵਾਲਾ ਹੈ|
3. ਹਰਿ ਇਕੋ ਦਾਤਾ ਮੰਗੀਐ ਮਨ ਚਿੰਦਿਆ ਪਾਈਐ|| ਜੇ ਦੂਜੇ ਪਾਸਹੁ ਮੰਗੀਐ ਤਾ ਲਾਜ ਮਰਾਈਐ|| (ਗੁ. ਗ੍ਰੰ.ਸਾ. ਪੰਨਾ-590)
ਅਰਥ: ਇਕੋ ਹਰੀ ਦਾਤਾਰ ਪ੍ਰਭੂ ਪਾਸੋਂ ਦਾਤ ਮੰਗਣੀ ਚਾਹੀਦੀ ਹੈ ਜਿਸ ਪਾਸੋਂ ਮਨ-ਇੱਛਤ ਮੁਰਾਦ ਪੂਰੀ ਹੁੰਦੀ ਹੈ| ਇਕ ਹਰੀ ਨੂੰ ਛੱਡ ਕੇ, ਜੇ ਹੋਰ ਪਾਸੋਂ ਮੰਗੀਏ ਤਾਂ ਸ਼ਰਮ ਨਾਲ ਮਰ ਜਾਈਏ (ਭਾਵ ਕਿਸੇ ਹੋਰ ਪਾਸੋਂ ਮੰਗਣ ਨਾਲੋਂ ਸ਼ਰਮ ਨਾਲ ਮਰ ਜਾਣਾ ਚੰਗਾ ਹੈ)|

ਗੁਰਬਾਣੀ ਨੇ ਸਾਨੂੰ ਸਮਝਾ ਦਿੱਤਾ ਹੈ ਕਿ ਪ੍ਰਮਾਤਮਾ ਹੀ ਸਮਰੱਥ ਹੈ ਹੋਰ ਕੋਈ ਮਨੁੱਖ ਨਹੀਂ| ਜਿਹੜਾ ਮਨੁੱਖ ਪ੍ਰਮਾਤਮਾ ਨੂੰ ਛੱਡ ਕੇ ਹੋਰ ਨਕਲੀ ਭਗਵਾਨਾਂ, ਬਾਬਿਆਂ, ਸਾਧਾਂ-ਸੰਤਾਂ ਪਾਸੋਂ ਦਾਤਾਂ ਦੀ ਮੰਗ ਕਰਦੇ ਹਨ, ਉਨ੍ਹਾਂ ਨੂੰ ਸ਼ਰਮ ਨਾਲ ਮਰ ਜਾਣ ਲਈ ਕਿਹਾ ਹੈ| ਇਸ ਤੋਂ ਇਲਾਵਾ ਜਿਹੜੇ ਬਾਬਾ ਬੁੱਢਾ ਜੀ ਦੀ ਵਰ ਵਾਲੀ ਇਹ ਝੂਠੀ ਸਾਖੀ ਸੁਣਾਉਂਦੇ ਹਨ, ਉਨਾਂ ਨੂੰ ਵੀ ਸ਼ਰਮ ਨਾਲ ਮਰ ਜਾਣਾ ਚਾਹੀਦਾ ਹੈ|

ਦੇਖੋ, ਗੁਰਬਿਲਾਸ ਪਾ:6 ਦਾ ਲਿਖਾਰੀ ਗੁਰਮਤਿ ਅਤੇ ਕੁਦਰਤੀ ਨਿਯਮਾਂ ਦੀ ਘੋਰ ਉਲੰਘਣਾ ਕਿਵੇਂ ਕਰਦਾ ਹੈ :-
1. ਲਿਖਾਰੀ ਨੇ ਮਾਤਾ ਗੰਗਾ ਜੀ ਨੂੰ ਸ਼ਾਹੀ ਠਾਠ ਨਾਲ ਬੀੜ ਵਿਚ ਜਾਦਿਆਂ ਦਿਖਾਇਆ ਹੈ| ਜਦੋਂ ਕਿ ਅਸਲ ਗੱਲ ਤਾਂ ਇਹ ਹੈ ਕਿ ਗੁਰੂ ਸਾਹਿਬ ਦਾ ਪ੍ਰਵਾਰ ਸਾਦਗੀ ਭਰਿਆ ਜੀਵਨ ਬਤੀਤ ਕਰਨ ਵਾਲਾ ਸੀ|
2. ਇਸ ਸਾਖੀ ਵਿਚ ਲਿਖਿਆ ਹੈ ਕਿ ਮਾਤਾ ਗੰਗਾ ਜੀ 12 ਮੀਲ ਨੰਗੇ ਪੈਰ ਤੁਰ ਕੇ ਬੀੜ ਵਿਚ ਆਉਣ ਪਰ ਗੁਰਬਾਣੀ ਦਾ ਫ਼ੁਰਮਾਨ ਹੈ:-
ਪਗ ਉਪੇਤਾਣਾ || ਆਪਣਾ ਕੀਆ ਕਮਾਣਾ||  (ਗੁ. ਗ੍ਰੰ.ਸਾ. ਪੰਨਾ-467)
ਅਰਥ: ਪਖੰਡੀ ਮਨੁੱਖ ਧਰਮ ਦੇ ਨਾਂ ਤੇ ਨੰਗੇ ਪੈਰੀਂ ਚਲ ਕੇ ਆਪਣੇ ਕੀਤੇ ਦਾ ਦੁੱਖ ਪਾਉਂਦਾ ਹੈ (ਭਾਵ ਕੰਕਰ-ਪੱਥਰ ਦੀ ਚੋਟ ਸਹਾਰਦਾ ਹੈ)|
3. ਇਸ ਸਾਖੀ ਵਿਚ ਲਿਖਾਰੀ ਕੁਦਰਤੀ ਨਿਯਮਾਂ ਦੀ ਉਲੰਘਣਾ ਕਰਕੇ ਨਾ-ਮੰਨਣਯੋਗ ਝੂਠ ਲਿਖ ਕੇ ਸਿੱਖਾਂ ਨੂੰ ਮੂਰਖ ਬਣਾਉਂਦਾ ਹੈ| ਜਿਵੇਂ ਕਿ: ਤਿਸੀ ਛਿਨਕ ਮਾਤਾ ਉਦਰਿ ਕੀਨੋ ਪਉਨ ਨਿਵਾਸ|ਮਾਤਾ ਮਨਿ ਹਰਖਤ ਭਈ ਚਿਤ ਮੈਂ ਬਢਿਓ ਹੁਲਾਸ| 138 |
ਅਰਥਾਤ ਬਾਬਾ ਬੁੱਢਾ ਜੀ ਦੇ ਵਰ ਦੇਣ ਦੀ ਦੇਰ ਸੀ ਕਿ ਉਸੇ ਛਿਣੇ ਮਾਤਾ ਜੀ ਦੇ ਉਦਰ ਵਿਚ ਪਵਣ (ਹਵਾ) ਦਾ ਨਿਵਾਸ ਹੋ ਗਿਆ (ਭਾਵ ਮਾਤਾ ਗੰਗਾ ਜੀ ਉਸੇ ਛਿਣ ਹੀ ਗਰਭਵਤੀ ਹੋਏ ਦਿਸਣ ਲੱਗ ਪਏ)|
ਇਸ ਝੂਠ ਨੂੰ ਕੋਈ ਅਨਪੜ੍ਹ ਤੋਂ ਅਨਪੜ੍ਹ ਵਿਅਕਤੀ ਮੰਨਣ ਲਈ ਤਿਆਰ ਨਹੀਂ ਹੋ ਸਕਦਾ ਕਿ ਕੋਈ ਔਰਤ ਪਵਣ ਨਾਲ ਗਰਭਵਤੀ ਹੋ ਜਾਂਦੀ ਹੈ| ਸਾਧਾਂ-ਸੰਤਾਂ ਪਿੱਛੇ ਲੱਗੇ ਹੋਏ ਪੜ੍ਹੇ-ਲਿਖੇ ਸਿੱਖ ਵੀ ਇਸ ਗੱਪ ਨੂੰ ਸੱਚ ਮੰਨ ਕੇ ਆਪਣਾ ਅਤੇ ਆਪਣੇ ਸਤਿਗੁਰਾਂ ਦਾ ਜਲੂਸ ਕੱਢ ਰਹੇ ਹਨ| ਉਹ ਇਹ ਨਹੀਂ ਸਮਝਦੇ ਕਿ ਗੁਰਬਿਲਾਸ ਪਾ: 6 ਦਾ ਲਿਖਾਰੀ ਸਿੱਖਾਂ ਨੂੰ ਕਦਮ- ਕਦਮ ਤੇ ਮੂਰਖ ਬਣਾ ਰਿਹਾ ਹੈ|

ਹੁਣ ਦੇਖੋ, ਕਿਸੇ ਬੱਚੇ ਦੇ ਜਨਮ ਬਾਰੇ ਗੁਰਬਾਣੀ ਦਾ ਸਿਧਾਂਤ ਕੀ ਹੈ?
ਜੈਸੇ ਮਾਤ ਪਿਤਾ ਬਿਨੁ ਬਾਲੁ ਨ ਹੋਈ|| (ਗੁ. ਗ੍ਰੰ.ਸਾ. ਪੰਨਾ-872)
ਅਰਥ: ਮਾਤਾ-ਪਿਤਾ ਤੋਂ ਬਿਨਾਂ ਬੱਚੇ ਦੀ ਪੈਦਾਇਸ਼ ਨਹੀਂ ਹੋ ਸਕਦੀ| ਮਾਤਾ-ਪਿਤਾ ਤੋਂ ਬਿਨਾਂ ਲੜਕਾ ਤਾਂ ਕੀ ਲੜਕੀ ਵੀ ਪੈਦਾ ਨਹੀਂ ਹੋ ਸਕਦੀ| ਇਹ ਸਿਧਾਂਤ ਜਾਨਵਰਾਂ ਉੱਤੇ ਵੀ ਲਾਗੂ ਹੁੰਦਾ ਹੈ|
ਗੁਰਬਾਣੀ ਦਾ ਅਗਲਾ ਫੁਰਮਾਨ:-
ਮਾਤ ਪਿਤਾ ਸੰਜੋਗਿ ਉਪਾਏ ਰਕਤੁ ਬਿੰਦੁ ਮਿਲਿ ਪਿੰਡੁ ਕਰੇ|| (ਗੁ. ਗ੍ਰੰ.ਸਾ. ਪੰਨਾ-1013)
ਅਰਥ: ਮਾਤਾ ਅਤੇ ਪਿਤਾ ਦੇ ਸੰਜੋਗ ਦੀ ਰਾਹੀਂ ਪਰਮਾਤਮਾ ਜੀਵ ਪੈਦਾ ਕਰਦਾ ਹੈ (ਭਾਵ ਮਾਤਾ ਦਾ ਲਹੂ ਅਤੇ ਪਿਤਾ ਦਾ ਬਿੰਦ ਮਿਲਣ ਉਪਰੰਤ ਹੀ ਪਰਮਾਤਮਾ ਜੀਵਾਂ ਦਾ ਸਰੀਰ ਬਣਾਉਂਦਾ ਹੈ)|

ਗੁਰਬਾਣੀ ਅਤੇ ਕੁਦਰਤੀ ਨਿਯਮਾਂ ਦੇ ਸੱਚ ਅੱਗੇ ਗੁਰਬਿਲਾਸ ਪਾ:6  ਦੇ ਲਿਖਾਰੀ ਦਾ ਝੂਠ ਇੱਥੇ ਵੀ ਆਪਣੇ ਆਪ ਹੀ ਰੱਦ ਹੋ ਜਾਂਦਾ ਹੈ| ਪਰ ਲਿਖਾਰੀ ਨੇ ਗੁਰਬਾਣੀ ਅਤੇ ਕੁਦਰਤੀ ਨਿਯਮਾਂ ਦੀ ਸ਼ਰੇਆਮ ਉਲੰਘਣਾ ਕਰਕੇ ਗੁਰੂ ਹਰਿਗੋਬਿੰਦ ਸਾਹਿਬ ਨੂੰ ਗੁਰੂ ਅਰਜੁਨ ਪਾਤਸਾਹ ਦੀ ਬਿੰਦੀ ਸੰਤਾਨ ਨਾ ਲਿਖ ਕੇ ਗੁਰੂ ਹਰਿਗੋਬਿੰਦ ਸਾਹਿਬ ਨੂੰ ਪਵਨ ਪੁੱਤਰ ਦਰਸਾ ਕੇ ਗੁਰੂ ਅਰਜੁਨ ਪਾਤਸ਼ਾਹ ਅਤੇ ਮਾਤਾ ਗੰਗਾ ਦਾ ਮਜਾਕ ਉਡਾਇਆ ਹੈ| ਭੋਲੇ-ਭਾਲੇ ਅਤੇ ਸਿੱਖੀ-ਸਿਧਾਂਤਾਂ ਤੋਂ ਅਣਜਾਣ ਸਿੱਖਾਂ ਨੇ ਇਸ ਸਾਖੀ ਦੇ ਝੂਠ ਨੂੰ ਸੱਚ ਮੰਨ ਕੇ ਆਪਣੀ ਅਗਿਆਨਤਾ ਦਾ ਸਬੂਤ ਦਿੱਤਾ| ਦੇਖੋ! ਜਾਨਵਰ ਵੀ ਸਿਆਣੇ ਹਨ, ਜਿਹੜੇ ਕੁਦਰਤੀ ਨਿਯਮਾਂ ਦੀ ਪਾਲਣਾ ਕਰਕੇ ਆਪਣੇ ਬੱਚਿਆਂ ਨੂੰ ਜਨਮ ਦਿੰਦੇ ਹਨ|

ਗੁਰੂ ਅਰਜੁਨ ਪਾਤਸ਼ਾਹ, ਉਨ੍ਹਾਂ ਲੋਕਾਂ ਨੂੰ ਚੰਗੀ ਤਰ੍ਹਾਂ ਜਾਣਦੇ ਸਨ, ਜਿਹੜੇ ਧਰਮ ਦੇ ਨਾਂ ਤੇ ਪਖੰਡ ਕਰਕੇ ਆਮ ਲੋਕਾਈ ਨੂੰ ਵਰਾਂ ਜਾਂ ਸਰਾਪਾਂ ਦਾ ਲਾਲਚ ਜਾਂ ਡਰ ਦੇ ਕੇ ਲੁੱਟਦੇ ਸਨ| ਗੁਰੂ ਸਾਹਿਬ ਨੇ ਆਮ ਲੋਕਾਈ ਨੂੰ ਸਮਝਾ ਦਿੱਤਾ ਕਿ ਕੋਈ ਮਨੁੱਖ ਕਿਸੇ ਨੂੰ ਵਰਾਂ ਨਾਲ ਨਾ ਤੋਂ ਕੋਈ ਕਿਸੇ ਨੂੰ ਕੁੱਝ ਦੇ ਸਕਦਾ ਹੈ ਅਤੇ ਨਾ ਹੀ ਸ਼ਰਾਪਾਂ ਨਾਲ ਕੋਈ ਕਿਸੇ ਦਾ ਕੁੱਝ ਵਿਗਾੜ ਸਕਦਾ ਹੈ| ਜਿਹੜੇ ਆਪ ਮੰਗਦੇ ਫਿਰਦੇ ਹਨ, ਉਹ ਤੁਹਾਨੂੰ ਕੀ ਦੇ ਸਕਦੇ ਹਨ? ਇਨ੍ਹਾਂ ਦੇ ਹੱਥ ਕੁੱਝ ਵੀ ਨਹੀਂ ਹੈ| ਸਮੁੱਚੀ ਸ੍ਰਿਸ਼ਟੀ ਨੂੰ ਪਾਲਣ ਵਾਲਾ ਇਕ ਹੀ ਹੈ, ਉਹ ਹੈ ਅਕਾਲਪੁਰਖ, ਉਸ ਤੋਂ ਹੀ ਮੰਗੋ|
ਗੁਰੂ ਅਰਜੁਨ ਪਾਤਸ਼ਾਹ ਦੇ ਆਪਣੇ ਦੋ ਗੁਰਬਾਣੀ ਫ਼ੁਰਮਾਨ ਸਮਝਣੇ ਬਹੁਤ ਜ਼ਰੂਰੀ ਹਨ| ਜਿਨ੍ਹਾਂ ਵਿਚ ਆਪ ਨੇ ਅਕਾਲਪੁਰਖ ਤੋਂ ਮੰਗ ਕੇ ਇਸ ਲੋਕਾਈ ਨੂੰ ਸਬਕ ਦਿੱਤਾ ਕਿ ਜਦੋਂ ਮੈਂ ਆਪ ਉਸ ਨੂੰ ਸਮਰੱਥ ਜਾਣ ਕੇ ਮੰਗਦਾ ਹਾਂ ਤਾਂ ਤੁਹਾਨੂੰ ਵੀ ਉਸ ਤੋਂ ਹੀ ਮੰਗਣਾ ਚਾਹੀਦਾ ਹੈ| ਗੁਰਬਾਣੀ ਦੇ ਫ਼ੁਰਮਾਨ ਹਨ :-
ਐਸੀ ਮਤਿ ਦੀਜੈ ਮੇਰੇ ਠਾਕੁਰ ਸਦਾ ਸਦਾ ਤੁਧ ਧਿਆਈ|| (ਗੁ. ਗ੍ਰੰ.ਸਾ. ਪੰਨਾ-673)
ਅਰਥ: ਹੇ ਅਕਾਲਪੁਰਖ! ਮੈਂਨੂੰ ਇਹੋ ਜਿਹੀ ਅਕਲ ਬਖ਼ਸ਼ ਕਿ ਮੈਂ ਸਦਾ ਹੀ ਤੇਰਾ ਨਾਮ ਸਿਮਰਦਾ ਰਹਾਂ|
ਦੂਜਾ ਗੁਰਬਾਣੀ ਫ਼ੁਰਮਾਨ:-
ਕਾਨੜਾ ਮਹਲਾ 5||
ਜਨ ਕੋ ਪ੍ਰਭੁ ਸੰਗੇ ਅਸਨੇਹੁ||
ਸਾਜਨੋ ਤੂ ਮੀਤੁ ਮੇਰਾ ਗ੍ਰਿਹਿ ਤੇਰੈ ਸਭੁ ਕੇਹੁ||1|| ਰਹਾਉ||
ਮਾਨੁ ਮਾਂਗਉ  ਤਾਨੁ ਮਾਂਗਉ  ਧਨੁ ਲਖਮੀ  ਸੁਤ ਦੇਹ||1||
ਮੁਕਤਿ ਜੁਗਤਿ ਭੁਗਤਿ ਪੂਰਨ ਪਰਮਾਨੰਦ ਪਰਮ ਨਿਧਾਨ||
ਭੈ ਭਾਇ ਭਗਤਿ ਨਿਹਾਲ ਨਾਨਕ ਸਦਾ ਸਦਾ ਕੁਰਬਾਨ|| 2|| (ਗੁ. ਗ੍ਰੰ.ਸਾ. ਪੰਨਾ-1307)

ਅਰਥ: ਹੇ ਪ੍ਰਭੂ! (ਤੂੰ ਆਪਣੇ ਸੇਵਕ ਦੇ ਸਿਰ ਉੱਤੇ ਰਾਖਾ ਹੈਂ), (ਤੇਰੇ ਸੇਵਕ ਦਾ ਤੇਰੇ) ਨਾਲ ਪਿਆਰ ਟਿਕਿਆ ਰਹਿੰਦਾ ਹੈ| ਹੇ ਪ੍ਰਭੂ! ਤੂੰ ਹੀ ਮੇਰਾ ਸੱਜਣ ਹੈਂ, ਤੂੰ ਹੀ ਮੇਰਾ ਮਿੱਤਰ ਹੈਂ, ਤੇਰੇ ਘਰ ਵਿਚ ਹਰੇਕ ਪਦਾਰਥ ਹੈ| ਰਹਾਉ|
ਹੇ ਪ੍ਰਭੂ! ਮੈਂ ਤੇਰੇ ਦਰ ਤੋਂ ਇੱਜ਼ਤ ਮੰਗਦਾ ਹਾਂ, ਤੇਰਾ ਆਸਰਾ ਮੰਗਦਾ ਹਾਂ, ਧਨ ਪਦਾਰਥ ਮੰਗਦਾ ਹਾਂ, ਪੁੱਤਰ ਮੰਗਦਾ ਹਾਂ, ਸਰੀਰਕ ਅਰੋਗਤਾ ਮੰਗਦਾ ਹਾਂ|1|
ਹੇ ਪ੍ਰਭੂ! ਤੂੰ ਵਿਕਾਰਾਂ ਤੋਂ ਖ਼ਲਾਸੀ ਦੇਣ ਵਾਲਾ ਹੈਂ, ਤੂੰ ਹੀ ਜੀਵਨ-ਜਾਚ ਸਿਖਾਉਣ ਵਾਲਾ ਹੈਂ, ਤੂੰ ਹੀ ਭੋਜਨ ਦੇਣ ਵਾਲਾ ਹੈਂ, ਤੂੰ ਹੀ ਸਭ ਤੋਂ ਉੱਚੇ ਅਨੰਦ ਅਤੇ ਸੁੱਖਾਂ ਦਾ ਖਜਾਨਾ ਹੈਂ| ਨਾਨਕ ਆਖਦਾ ਹੈ-ਹੇ ਪ੍ਰਭੂ! ਮੈਂ ਤੈਥੋਂ ਸਦਾ ਹੀ ਸਦਕੇ ਜਾਂਦਾ ਹਾਂ, ਜਿਹੜੇ ਮਨੁੱਖ ਤੇਰੀ ਪ੍ਰੇਮਾ-ਭਾਉ ਵਿਚ ਭਗਤੀ ਕਰਦੇ ਹਨ, ਉਹ ਨਿਹਾਲ ਹੋ ਜਾਂਦੇ ਹਨ|2|

ਸਪੱਸ਼ਟ ਹੈ ਕਿ ਗੁਰੂ ਸਾਹਿਬ ਆਪ ਅਕਾਲਪੁਰਖ ਪਾਸੋਂ ਮੰਗ ਰਹੇ ਹਨ, ਉਹ ਆਪਣੇ ਪ੍ਰਵਾਰ ਨੂੰ ਦੁਜਿਆਂ ਪਾਸੋਂ ਵਰ ਪ੍ਰਾਪਤ ਕਰਨ ਲਈ ਨਹੀਂ ਭੇਜ ਸਕਦੇ| ਉਕਤ ਗੁਰਬਾਣੀ ਫ਼ੁਰਮਾਨਾਂ ਅਤੇ ਗੁਰੂ ਅਰਜੁਨ ਪਾਤਸ਼ਾਹ ਦੇ ਆਪਣੇ ਗੁਰਬਾਣੀ ਫ਼ੁਰਮਾਨਾਂ ਦੇ ਪ੍ਰਤੱਖ ਸਬੂਤਾਂ ਨੇ ਪੁੱਤਰ ਦਾ ਵਰ ਦੇਣ ਵਾਲੀ ਸਾਖੀ ਨੂੰ ਮੁੱਢੋਂ ਹੀ ਰੱਦ ਕਰ ਦਿੱਤਾ ਹੈ|

ਸੋਚਣ ਵਾਲੀ ਗੱਲ ਹੈ ਕਿ ਬਾਬਾ ਬੁੱਢਾ ਜੀ ਦੀ ਇਸ ਸਾਖੀ ਦਾ ਪ੍ਰਚਾਰ ਕਰਨ ਵਾਲਿਆਂ ਨੂੰ, ਅਖੰਡ ਪਾਠ ਕਰਨ ਵਾਲਿਆਂ ਨੂੰ, ਗੁਰਦੁਆਰਿਆਂ ਦੇ ਪ੍ਰਬੰਧਕਾਂ, ਪਰਚਾਰਕਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਫ਼ੁਰਮਾਨ ਅਤੇ ਗੁਰੂ ਅਰਜੁਨ ਸਾਹਿਬ ਦੁਆਰਾ ਉਚਾਰਨ ਕੀਤੇ ਉਪਰੋਕਤ ਸ਼ਬਦ ਨਜ਼ਰ ਕਿਉਂ ਨਹੀਂ ਆਉਂਦੇ? ਉਕਤ ਸ਼ਬਦਾਂ ਦੇ ਹੁੰਦਿਆਂ ਉਨ੍ਹਾਂ ਨੇ ਬਾਬਾ ਬੁੱਢਾ ਜੀ ਨਾਲ ਜੋੜੀ ਇਸ ਸਾਖੀ ਨੂੰ ਸੱਚ ਕਿਵੇਂ ਮੰਨ ਲਿਆ ਹੈ? ਅਕਸਰ ਕਿਹਾ ਜਾਂਦਾ ਹੈ ਕਿ ਬਾਬਾ ਬੁੱਢਾ ਜੀ ਨੂੰ ਦਰਬਾਰ ਸਾਹਿਬ ਦਾ ਪਹਿਲਾ ਮੁੱਖ ਗ੍ਰੰਥੀ ਥਾਪਿਆ ਗਿਆ ਸੀ ਤਾਂ ਫਿਰ ਕੀ ਕਾਰਣ ਹੈ ਕਿ ਬਾਬਾ ਬੁੱਢਾ ਜੀ ਇਕ ਗੁਰਮਤਿ ਦੇ ਧਾਰਨੀ ਸਿੱਖ ਦਾ ਨਾਂ ਵਰ ਦੇਣ ਵਾਲੀ ਝੂਠੀ ਸਾਖੀ ਨਾਲ ਕਿਉਂ ਮੜਿਆ ਗਿਆ ਹੈ?

ਹੋ ਸਕਦਾ ਹੈ ਕਿ ਇਸ ਸਾਖੀ ਦਾ ਪ੍ਰਚਾਰ ਕਰਨ ਵਾਲੇ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਬਾਣੀ ਹੁਕਮਾਂ ਦੀ ਸੋਝੀ ਨਾ ਹੋਣ ਕਰਕੇ ਅਗਿਆਨਤਾਵਾਸ ਅਜਿਹਾ ਕਰ ਰਹੇ ਹੋਣ ਜਾਂ ਫਿਰ ਹੋ ਸਕਦਾ ਹੈ ਕਿ ਇਸ ਸਾਖੀ ਦਾ ਪ੍ਰਚਾਰ ਕਰਨ ਵਾਲੇ  ਸਿੱਖੀ ਭੇਖ ਵਿਚ  ਗੁਰਮਤਿ ਵਿਰੋਧੀ ਲੋਕ ਹੋਣ, ਜਿਨ੍ਹਾਂ ਨੂੰ ਪਤਾ ਹੈ ਕਿ ਸਿੱਖ ਆਪ ਗੁਰਬਾਣੀ ਨਹੀਂ ਪੜ੍ਹਦੇ ਅਤੇ ਨਾ ਹੀ ਸਮਝਦੇ ਹਨ| ਉਨ੍ਹਾਂ ਨੂੰ ਇਹ ਵੀ ਪਤਾ ਹੈ ਕਿ ਸਿੱਖ ਆਪਣੀ ਅਗਿਆਨਤਾ ਕਾਰਣ ਗੁਰਬਿਲਾਸ ਪਾ:6 ਅਤੇ ਦਸਮ ਗ੍ਰੰਥ ਵਰਗੇ ਗੁਰ-ਨਿੰਦਕ ਗ੍ਰੰਥਾਂ ਨੂੰ ਆਪਣੇ ਧਰਮ ਗ੍ਰੰਥ ਹੀ ਨਹੀਂ ਮੰਨਦੇ ਸਗੋਂ ਇਨ੍ਹਾਂ ਨੂੰ ਪੂਜਦੇ ਵੀ ਹਨ| ਇਸ ਤੋਂ ਇਲਾਵਾ ਉਹ ਇਹ ਵੀ ਜਾਣਦੇ ਹਨ ਕਿ ਧਰਮ ਦੇ ਨਾਂ ਤੇ ਸਿੱਖਾਂ ਨੂੰ ਝੂਠੀਆਂ ਸਾਖੀਆਂ ਜਾਂ ਝੂਠੇ ਗ੍ਰੰਥ ਮਗਰ ਲਾ ਕੇ ਜਿਵੇਂ ਮਰਜ਼ੀ ਲੁੱਟਦੇ ਰਹੋ, ਸਿੱਖ ਆਪਣੀ ਅਗਿਆਨਤਾ ਕਰਕੇ ਕਦੇ ਨਹੀਂ ਬੋਲਣਗੇ|

ਬੇਸ਼ੱਕ ਗੁਰਬਾਣੀ ਅਤੇ ਸਿੱਖ-ਇਤਿਹਾਸ ਨੇ ਬਾਬਾ ਬੁੱਢਾ ਜੀ ਵਲੋਂ ਵਰ ਦੇਣ ਵਾਲੀ ਸਾਖੀ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਹੈ| ਪਰ ਗੁਰ ਬਿਲਾਸ ਪਾ:6 ਦਾ ਲਿਖਾਰੀ ਗੁਰਬਾਣੀ ਹੁਕਮਾਂ, ਕੁਦਰਤੀ ਨਿਯਮਾਂ ਅਤੇ ਸਿੱਖ-ਇਤਿਹਾਸ ਦੀ ਘੋਰ-ਅਵੱਗਿਆ ਕਰਕੇ, ਇਕ ਗਹਿਰੀ ਸਾਜਿਸ਼ ਰਾਹੀਂ ਸਿੱਖ-ਸਤਿਗੁਰਾਂ, ਮਾਤਾ ਗੰਗਾ ਜੀ, ਬਾਬਾ ਬੁੱਢਾ ਜੀ  ਅਤੇ ਹੋਰ ਸਿੱਖਾਂ ਦੀ ਮਹਾਨ ਸਖਸ਼ੀਅਤ ਨੂੰ ਵਿਗਾੜ ਕੇ ਸਿੱਖਾਂ ਨੂੰ ਉੱਲੂ ਬਨਾਉਣ ਵਿਚ ਸਫ਼ਲ ਹੋ ਗਿਆ ਹੈ| ਗੁਰਮਤਿ ਵਿਰੋਧੀ ਲੋਕਾਂ ਨੇ ਸਿੱਖਾਂ ਨੂੰ ਤਾਂ ਮੂਰਖ ਬਨਾਉਣਾ ਹੀ ਸੀ ਪਰ ਸਿੱਖ-ਕੌਮ ਦੇ ਧਾਰਮਕ ਆਗੂਆਂ ਨੇ ਵੀ ਸਿੱਖਾਂ ਨੂੰ ਮੂਰਖ ਬਨਾਉਣ ਵਿਚ ਕੋਈ ਕਸਰ ਨਹੀਂ ਛੱਡੀ| ਇਸ ਪੁਸਤਕ ਨੂੰ ਛਪਾਉਣ ਅਤੇ ਪਰਚਾਰਨ ਵਾਲਿਆਂ ਨੇ ਸਿੱਖ-ਸਤਿਗੁਰਾਂ, ਗੁਰਬਾਣੀ ਸਿੱਖਿਆ ਅਤੇ ਸਿੱਖ-ਕੌਮ ਨਾਲ ਧਰੋਹ ਕਮਾਇਆ ਹੈ| ਧਰਮ ਦੇ ਬੁਰਕੇ ਵਿਚ ਜਿਨ੍ਹਾਂ ਸਾਧਾਂ-ਸੰਤਾਂ ਨੂੰ ਸਿੱਖ ਆਪਣੀ ਕੌਮ ਦੇ ਹਮਦਰਦ ਸਮਝੀ ਬੈਠੇ ਹਨ, ਉਹ ਸਾਧ-ਸੰਤ ਸਿੱਖੀ ਦਾ ਭੋਗ ਪਾਉਣ ਲਈ ਉਤਾਵਲੇ ਬੈਠੇ ਹਨ| ਸਿੱਖੀ-ਸਿਧਾਂਤਾਂ ਤੋਂ ਅਣਜਾਣ ਸਿੱਖ ਆਪਣੀ ਅਗਿਆਨਤਾ ਕਰਕੇ ਇਨ੍ਹਾਂ ਸਾਧਾਂ-ਸੰਤਾਂ ਦਾ ਸਾਥ ਦੇ ਕੇ ਆਪਣੇ ਪੈਰੀਂ ਆਪ ਕੁਹਾੜਾ ਮਾਰ ਰਹੇ ਹਨ|

ਜਿਹੜੇ ਸਿੱਖ, ਪੁੱਤਰਾਂ ਦਾ ਵਰ ਲੈਣ ਲਈ ਭੱਜੇ ਫਿਰਦੇ ਹਨ ਜਾਂ ਸਾਧਾਂ-ਸੰਤਾਂ ਦੇ ਕ੍ਰਿਪਾ ਜਾਂ ਅਸ਼ੀਰਵਾਦ ਲੈ ਕੇ ਆਖਦੇ ਹਨ ਕਿ ਸਾਡਾ ਪੁੱਤਰ ਬਾਬਾ ਜੀ ਦੀ ਕ੍ਰਿਪਾ ਨਾਲ ਹੋਇਆ ਹੈ| ਸਮਾਜ ਤੋਂ ਆਪਣਾ ਮਜ਼ਾਕ ਨਾ ਕਰਾਉਣ ਸਗੋਂ ਗੁਰਬਾਣੀ ਦੇ ਇਸ ਸਿਧਾਂਤ ਨੂੰ ਸਮਝਣ ਦੀ ਕੋਸ਼ਿਸ਼ ਕਰਨ: ਮਾਤ ਪਿਤਾ ਸੰਜੋਗਿ ਉਪਾਏ ਰਕਤੁ ਬਿੰਦੁ ਮਿਲਿ ਪਿੰਡੁ ਕਰੇ|| (ਗੁ. ਗ੍ਰੰ.ਸਾ. ਪੰਨਾ-1013)| ਪੁੱਤਰਾਂ ਦੀ ਪੈਦਾਇਸ਼ ਵਿਚ ਕਿਸੇ ਬਾਬੇ ਦੀ ਕ੍ਰਿਪਾ ਜਾਂ ਵਰ ਦਾ ਕੋਈ ਰੋਲ ਨਹੀਂ ਹੈ| ਜਿਹੜਾ ਇਹ ਝੂਠੀ ਸਾਖੀ ਸੁਣਾਉਂਦਾ ਹੈ, ਉਸ ਨੂੰ ਸਵਾਲ ਕਰੋ ਕਿ ਉਹ ਆਪ  ਕਿਸ ਦੇ ਵਰ ਅਤੇ ਕਿਹੜੀ ਪਵਨ ਨਾਲ ਪੈਦਾ ਹੋਇਆ ਹੈ?

ਯਾਦ ਰੱਖੋ, ਗੁਰਬਿਲਾਸ ਪਾਤਸ਼ਾਹੀ ਛੇਵੀਂ ਦਾ ਝੂਠ ਵੀ ਉਨ੍ਹਾਂ ਗੁਰਮਤਿ ਵਿਰੋਧੀ ਲੋਕਾਂ ਨੇ ਘੜਿਆ ਹੈ ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਦੇ ਨਾਮ ਨਾਲ ਦਸਮ ਗ੍ਰੰਥ ਦਾ ਝੂਠ ਘੜਿਆ ਹੈ| ਸਿੱਖਾਂ ਨੂੰ ਜਾਗਣ ਦੀ ਸਖ਼ਤ ਲੋੜ ਹੈ| ਭਲਾ ਹੋਵੇ, ਸਿਰਦਾਰ ਗੁਰਬਖਸ਼ ਸਿੰਘ ਕਾਲਾ ਅਫ਼ਗਾਨਾ ਦਾ ਜਿਸ ਨੇ ਗੁਰ ਬਿਲਾਸ ਪਾ:6 ਅਤੇ ਦਸਮ ਗ੍ਰੰਥ ਵਰਗੀਆਂ  ਗੁਰ-ਨਿੰਦਕ ਰਚਨਾਵਾਂ ਦਾ ਖੁਲਾਸਾ ਕਰਕੇ ਸਿੱਖ-ਕੌਮ ਨੂੰ ਜਗਾ ਕੇ ਆਪਣਾ ਸਿੱਖੀ ਫ਼ਰਜ਼ ਪੂਰਾ ਕੀਤਾ|

ਯਾਦ ਰੱਖੋ, ਜਿਹੜੇ ਸਿੱਖ ਕੇਵਲ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਗੁਰੂ ਮੰਨਦੇ ਹਨ ਅਤੇ ਉਸ ਦੀ ਸਿੱਖਿਆਵਾਂ ਅਨੁਸਾਰ ਚਲਦੇ ਹਨ, ਉਹ ਆਪਣੇ ਸਤਿਗੁਰੂ ਜਾਂ ਅਕਾਲਪੁਰਖ ਅੱਗੇ ਹੀ ਦਾਤਾਂ ਦੀ ਮੰਗ ਲਈ ਬੇਨਤੀਆਂ ਕਰਦੇ ਹਨ ਪਰ ਜਿਹੜੇ ਗੁਰੂ ਗ੍ਰੰਥ ਸਾਹਿਬ ਨੂੰ ਕੇਵਲ ਮੱਥੇ ਟੇਕਣ ਤਕ ਹੀ ਸੀਮਤ ਹਨ ਅਤੇ ਆਪਣੇ ਗੁਰੂ ਦੀਆਂ ਸਿਖਿਆਵਾਂ ਤੋਂ ਉਲਟ ਚਲਦੇ ਹਨ, ਉਹ ਹੀ ਅਖੌਤੀ ਸਾਧਾਂ-ਸੰਤਾਂ, ਬ੍ਰਹਮ-ਗਿਆਨੀਆਂ ਅਤੇ ਬਾਬਿਆਂ  ਕੋਲ ਪੁੱਤਰਾਂ ਦਾ ਅਸ਼ੀਰਵਾਦ ਜਾਂ ਪੁੱਤਰਾਂ ਦਾ ਵਰ ਪ੍ਰਾਪਤ ਕਰਨ ਲਈ ਦਰ-ਦਰ ਤੇ ਭਟਕਦੇ ਫਿਰਦੇ ਹਨ|
ਇਸ ਲਈ ਸਿੱਖਾਂ ਨੂੰ ਪੁਰਜ਼ੋਰ ਬੇਨਤੀ ਹੈ ਕਿ ਗੁਰਮਤਿ ਵਿਰੋਧੀ ਲੋਕਾਂ ਦੀਆਂ ਝੂਠੀਆਂ, ਮਨਘੜਤ ਅਤੇ ਭੁਲੇਖਾ ਪਾਉੂ ਰਚਨਾਵਾਂ ਅਤੇ ਗ੍ਰੰਥਾਂ ਤੋਂ ਬਚਣ ਲਈ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਆਪ ਪੜ੍ਹਨੀ ਅਤੇ ਸਮਝਣੀ ਚਾਹੀਦੀ ਹੈ| ਜੇਕਰ ਸਿੱਖ ਅਜਿਹਾ ਨਹੀਂ ਕਰਦੇ ਤਾਂ ਯਾਦ ਰੱਖੋ, ਅਨਪੜ੍ਹ ਤਾਂ ਕੀ ਵੱਡੀਆਂ-ਵੱਡੀਆਂ ਡਿਗਰੀਆਂ ਵਾਲੇ ਸਿੱਖ ਵੀ ਗੁਰਮਤਿ ਵਿਰੋਧੀ ਲੋਕਾਂ ਦੀਆਂ ਚਾਲਾਂ ਵਿਚ ਫੱਸ ਕੇ ਆਪਣੀ ਅਕਲ ਦਾ ਜਨਾਜ਼ਾ ਹੀ ਕੱਢਣਗੇ| ਕਾਸ਼! ਸਿੱਖਾਂ ਨੂੰ ਇਹ ਸੱਚ ਜਲਦੀ ਤੋਂ ਜਲਦੀ ਸਮਝ ਆ ਜਾਵੇ|

ਦਵਿੰਦਰ ਸਿੰਘ ਆਰਟਿਸਟ, ਖਰੜ|
ਮੋਬਾਇਲ ਨੰ:97815-09768

ਖਾਲਸਾ ਅਖਬਾਰ – ਅੰਕ 6 ਵਿਚੋਂ , ਪੂਰਾ ਮੈਗਜ਼ੀਨ ਪੜ੍ਹਨ ਜਾਂ ਡਾਉਨਲੋਡ ਕਰਨ ਲਈ ਕਲਿਕ ਕਰੋ ; ਗੁਰਮਤਿ ਅਤੇ ਔਰਤ (PDF)