ਕੈਲੰਡਰ ਵਿਵਾਦ-ਅਗਿਆਨਤਾ ਦੀ ਦੇਣ

sarvjit singh sacramento ਡਾ. ਸੁਖਦਿਆਲ ਸਿੰਘ ਜੀ, ਸਾਬਕਾ ਮੁਖੀ ਇਤਿਹਾਸ ਵਿਭਾਗ, ਪੰਜਾਬੀ ਯੂਨੀਵਰਸਿਟੀ ਪਟਿਆਲਾ ਜੀ ਦੀ ਲੇਖ ਲੜੀ, “ਬਿਕਰਮੀ ਸੰਮਤ ਅਤੇ ਨਾਨਕ ਸ਼ਾਹੀ ਸੰਮਤ ਦਾ  ਇਤਿਹਾਸਕ ਪਿਛੋਕੜ”  ਚੜਦੀ ਕਲਾ ਵਿੱਚ 26 ਦਸੰਬਰ 2015 ਈ. ਤੋਂ 8 ਜਨਵਰੀ 20।6ਈ. ਤਾਈ ਲਗਾਤਾਰ 14 ਕਿਸ਼ਤਾਂ ਵਿੱਚ ਛਪਿਆ ਸੀ। ਇਸ ਲੇਖ ਲੜੀ ਰਾਹੀ ਵਿਦਵਾਨ ਲੇਖਕ ਨੇ  ਵੱਖ-ਵੱਖ ਸਮੇਂ ਤੇ ਹੋਏ ਰਾਜਿਆਂ-ਮਹਾਰਾਜਿਆਂ ਵੱਲੋਂ ਆਪਣੇ ਨਾਮ ਤੇ ਜਾਂ ਆਪਣੇ ਰਾਜ ਸਮੇਂ ਵਾਪਰੀ ਕਿਸੇ ਇਤਿਹਾਸ ਘਟਨਾ ਨੂੰ ਮੁਖ ਰੱਖਕੇ, ਵੱਖ-ਵੱਖ ਸੰਮਤਾਂ ਦਾ ਕਿਵੇਂ ਅਰੰਭ ਕੀਤਾ, ਇਸ ਸਬੰਧੀ ਆਪਣੀ ਖੋਜ ਸਾਂਝੀ ਕੀਤੀ ਹੈ।

ਇਤਿਹਾਸਿਕ ਪੱਖੋਂ ਇਹ ਜਾਣਕਾਰੀ ਠੀਕ ਵੀ ਹੋ ਸਕਦੀ ਹੈ। ਪਰ ਸਾਡੀ ਸਮੱਸਿਆ ਇਹ ਨਹੀਂ ਹੈ ਕਿ ਕਿਹੜਾ ਸੰਮਤ ਕਿਸ ਨੇ ਅਰੰਭ ਕੀਤਾ ਸੀ। ਸਾਡੀ ਸਮੱਸਿਆ ਹੈ ਕਿ ਬਿਕ੍ਰਮੀ ਸਾਲ ਦੀ ਲੰਬਾਈ ਕਿੰਨੀ ਹੈ। ਸਾਲ ਦੀ ਲੰਬਾਈ, ਧਰਤੀ ਦੇ ਸੂਰਜ ਦੁਵਾਲੇ ਇਕ ਚੱਕਰ ਪੂਰਾ ਕਰਨ ਦੇ ਸਮੇਂ ਨੂੰ ਮੰਨਿਆ ਗਿਆ ਹੈ। ਹੁਣ ਜੇ ਕੈਲੰਡਰ  ਦੇ ਸਾਲ ਦੀ ਲੰਬਾਈ ਉਸ ਸਮੇਂ ਤੋਂ ਵੱਧ-ਘੱਟ ਹੋਵੇਗੀ ਤਾਂ ਸਮੱਸਿਆਵਾਂ ਆਉਣਗੀਆਂ।  ਇਸ ਵਿੱਚ ਕੋਈ ਸ਼ੱਕ ਨਹੀ ਹੈ ਕਿ ਇਨਸਾਨ ਨੇ ਆਪਣੀ ਸਹੂਲਤ ਲਈ ਹੀ ਕੈਲੰਡਰ ਦਾ ਅਰੰਭ ਕੀਤਾ ਸੀ। ਜਿਓ-ਜਿਓ ਇਨਸਾਨ ਦੀ ਜਾਣਕਾਰੀ `ਚ ਵਾਧਾ ਹੁੰਦਾ ਗਿਆ ਤਾਂ ਕੈਲੰਡਰ `ਚ ਸੋਧ ਵੀ ਹੁੰਦੀ ਰਹੀ। ਇਸੇ ਵਿਕਾਸ ਦੀ ਹੀ ਦੇਣ ਹੈ ‘ਨਾਨਕਸ਼ਾਹੀ ਕੈਲੰਡਰ’।

ਕੋਈ ਸਮਾਂ ਸੀ ਜਦੋਂ ਇਨਸਾਨ ਨੂੰ ਦਿਨ ਦੇ ਚਾਨਣ ਅਤੇ ਰਾਤ ਦੇ ਅੰਧੇਰੇ ਦਾ ਹੀ ਗਿਆਨ ਸੀ। ਇਸ ਪਿਛੋਂ ਇਨਸਾਨ ਨੂੰ ਚੰਦ ਦੇ ਵੱਧਣ-ਘਟਣ ਅਤੇ ਚਾਨਣੀ-ਹਨੇਰੀ ਰਾਤ ਦਾ ਵੀ ਗਿਆਨ ਹੋਇਆ ਹੋਵੇਗਾ। ਖਿਆਲ ਕਰੋ ਕਿ ਮੌਜੂਦਾ ਪ੍ਰਚੱਲਤ ਸੰਮਤਾਂ ਦੇ ਅਰੰਭ ਤੋਂ ਪਹਿਲਾ, ਜਦੋਂ ਕਿਸੇ ਸਿਆਣੇ ਨੇ ਚੰਦ ਦੇ ਮੱਸਿਆ ਤੋਂ ਪੁੰਨਿਆ ਤੱਕ ਚਾਨਣੇ ਪੱਖ (ਸੁਦੀ ਪੱਖ) ਅਤੇ ਪੁਨਿਆਂ ਤੋਂ ਮੱਸਿਆ ਦੇ ਹਨੇਰੇ ਪੱਖ (ਵਦੀ ਪੱਖ) ਦੀ ਗਿਣਤੀ ਕਰਕੇ ਕੈਲੰਡਰ ਦਾ ਮੁੱਢ ਬੰਨਿਆਂ ਹੋਵੇਗਾ ਤਾਂ ਇਨਸਾਨ ਦੇ ਜੀਵਨ ਵਿੱਚ ਕਿੰਨੀ ਤਬਦੀਲੀ ਆਈ ਹੋਵੇਗੀ। ਇਸ ਵਿਚ ਕੋਈ ਸ਼ੱਕ ਨਹੀ ਕਿ ਸਭ ਤੋਂ ਪਹਿਲਾ ਚੰਦ ਅਧਾਰਤ ਕੈਲੰਡਰ ਹੀ ਹੋਂਦ ਵਿਚ ਆਇਆ ਸੀ। ਜਿਓ-ਜਿਓ ਮਨੁੱਖ ਨੇ ਤਰੱਕੀ ਕੀਤੀ ਅਤੇ ਮੌਸਮ ਸਬੰਧੀ ਜਾਣਕਾਰੀ ਵਿਚ ਵਾਧਾ ਹੋਇਆ ਤਾਂ ਸੂਰਜੀ ਕੈਲੰਡਰ ਹੋਂਦ ਵਿਚ ਆ ਗਏ। ਅੱਜ ਵੀ ਚੰਦ ਅਧਾਰਿਤ ਕੈਲੰਡਰ ਦਾ ਸ਼ੁੱਧ ਰੂਪ ਹਿਜਰੀ ਕੈਲੰਡਰ, ਇਸਲਾਮ ਧਰਮ ਵਿਚ ਪ੍ਰਚੱਲਤ ਹੈ। ਹਿੰਦੂ ਧਰਮ ਵਿਚ ਚੰਦਰ ਸੂਰਜੀ ਬਿਕ੍ਰਮੀ ਕੈਲੰਡਰ ਅਤੇ ਸੂਰਜੀ ਬਿਕ੍ਰਮੀ ਕੈਲੰਡਰ ਪ੍ਰਚੱਲਤ ਹੈ। ਸਿੱਖ ਧਰਮ ਵਿੱਚ ਚੰਦਰ-ਸੂਰਜੀ ਬਿਕ੍ਰਮੀ, ਸੂਰਜੀ ਬਿਕ੍ਰਮੀ ਅਤੇ ਸੀ. ਈ. (ਸਾਂਝਾ ਸੰਨ) ਕੈਲੰਡਰ ਪ੍ਰਚੱਲਤ ਹੈ। ਭਾਵੇਂ ਇਹ ਕੋਈ ਧਾਰਮਿਕ ਵਿਸ਼ਾ ਨਹੀ ਹੈ ਫਿਰ ਵੀ ਇਸ ਦਾ ਧਰਮ ਨਾਲ ਗੂੜਾ ਸਬੰਧ ਹੈ।

“Today each of major religions has its own calendar which is used to programme its religious, and it is almost as true to say that each calendar has its religion.” (E. G. Richards, ‘Mapping Time’- Page 6)

ਡਾ ਸੁਖਦਿਆਲ ਸਿੰਘ ਜੀ ਆਪਣੇ ਲੇਖ ਦਾ ਅਰੰਭ, ਨਾਨਕਸ਼ਾਹੀ ਕੈਲੰਡਰ ਦੀ ਲੋੜ ਅਤੇ 2010 ਵਿੱਚ ਕੀਤੀ ਗਈ ਕਥਿਤ ਸੋਧ ਕਾਰਨ ਪੈਦਾ ਹੋਏ ਵਿਵਾਦ ਦਾ ਇਸ਼ਾਰੇ ਮਾਤਰ ਜਿਕਰ ਕਰਕੇ ਇਕ ਸਵਾਲ ਤੋਂ ਅਰੰਭ ਕਰਦੇ ਹਨ ਕਿ, “ਇਹ ਵਿਵਾਦ ਕਿਓ ਪੈਦਾ ਹੋਇਆ?” ਇਸ ਦਾ ਪਹਿਲਾ ਕਾਰਨ ਤਾਂ ਆਪ ਨੇ ਇਹ ਦੱਸਿਆ ਹੈ ਕਿ ਗੁਰਪੁਰਬਾਂ ਦੀਆਂ ਤਾਰੀਖਾਂ ਦਾ ਵੱਖ- ਵੱਖ ਹੋਣਾ, ਅੱਗੜ-ਪਿਛੜ ਹੋਣਾ ਅਤੇ ਤਿੰਨ- ਚਾਰ ਤਰ੍ਹਾਂ ਦੇ ਕੈਲੰਡਰਾਂ ਦੀ ਵਰਤੋ ਅਤੇ ਦੂਜਾ ਕਾਰਨ ਬਿਕਰਮੀ ਕੈਲੰਡਰ/ਸੰਮਤ ਦਾ ਵਿਰੋਧ। ਵਿਦਵਾਨ ਲੇਖਕ ਵੱਲੋਂ ਬਿਆਨ ਕੀਤਾ ਗਿਆ ਪਹਿਲਾ ਕਾਰਨ ਨਾਨਕ ਸ਼ਾਹੀ ਕੈਲੰਡਰ ਦੀ ਲੋੜ ਦਾ ਇਕ ਕਾਰਨ ਹੈ। ਲੇਖਕ ਵੱਲੋਂ ਦੱਸਿਆ ਗਿਆ ਦੂਜਾ ਕਾਰਨ, ਜੋ ਮੈਂ ਅੱਜ ਪਹਿਲੀ ਵਾਰੀ ਪੜ੍ਹਿਆ ਹੈ, ਲੇਖਕ ਦੀ ਆਪਣੀ ਉਪਜ ਹੈ। ਆਪ ਹੀ ਸਵਾਲ ਕਰਕੇ, ਉਸ ਦਾ ਬਹੁਤ ਹੀ ਵਿਸਥਾਰ ਨਾਲ ਜਵਾਬ ਦੇਣਾ, ਅਸਲ ਮੁੱਦੇ  ਨਾਲ ਨਿਆਂ ਨਹੀ ਮੰਨਿਆ ਜਾ ਸਕਦਾ। ਅਸਲ ਮੁੱਦਾ ਹੈ ਨਾਨਕਸ਼ਾਹੀ ਕੈਲੰਡਰ ਦੀ ਲੋੜ ਕਿਓ? ਨਾ ਕਿ ਬਿਕ੍ਰਮੀ ਸੰਮਤ ਅਤੇ ਸਾਕਾ ਸੰਮਤ ਦਾ ਅਰੰਭ ਕਿਵੇਂ ਅਤੇ ਕਦੋਂ ਹੋਇਆ ਸੀ? ਬਿਕ੍ਰਮੀ ਕੈਲੰਡਰ ਦੀ ਥਾਂ ਨਾਨਕਸ਼ਾਹੀ ਕੈਲੰਡਰ ਦੀ ਲੋੜ, ਬਿਕ੍ਰਮੀ ਕੈਲੰਡਰ ਦਾ ਵਿਰੋਧ ਨਹੀਂ ਸਗੋਂ ਬਿਕ੍ਰਮੀ ਕੈਲੰਡਰ ਦੀਆਂ ਤਕਨੀਕੀ ਖ਼ਾਮੀਆਂ ਹਨ। ਜਿਨ੍ਹਾਂ ਦਾ ਵਿਦਵਾਨ ਲੇਖਕ ਨੇ ਆਪਣੀ ਲੇਖ ਲੜੀ (14 ਕਿਸ਼ਤਾਂ) ਵਿੱਚ ਜਿਕਰ ਹੀ ਨਹੀਂ ਕੀਤਾ। ਕੀ ਇਹ ਜਿਕਰ ਨਾ ਕਰਨਾ, ਕਿਤੇ ਵਿਦਵਾਨ ਇਤਿਹਾਸਕਾਰ ਦਾ ਕੈਲੰਡਰ ਗਿਆਨ ਦੀ ਮੁੱਢਲੀ ਜਾਣਕਾਰੀ ਤੋਂ ਕੋਰਾ ਹੋਣਾ ਹੀ ਤਾਂ ਨਹੀਂ ਹੈ?

ਗੁਰੂ ਕਾਲ ਵੇਲੇ ਸੂਰਜੀ ਬਿਕ੍ਰਮੀ (Solar Bikrami) ਅਤੇ ਚੰਦਰ-ਸੂਰਜੀ ਬਿਕ੍ਰਮੀ (Luni-Solar Bikrami) ਕੈਲੰਡਰ ਪ੍ਰਚੱਲਤ ਸਨ। ਵਿਚਾਰ ਨੂੰ ਅਗੇ ਤੋਰਨ ਤੋਂ ਪਹਿਲਾ, ਆਓ ਕੈਲੰਡਰ ਦੀ ਬੁਨਿਆਦੀ ਬਣਤਰ ਨੂੰ ਸਮਝੀਏ। ਧਰਤੀ ਸੂਰਜ ਦੇ ਦੁਵਾਲੇ ਘੁੰਮਦੀ ਹੈ ਇਸ ਦਾ ਇਕ ਚੱਕਰ 365.2422 ਦਿਨਾਂ `ਚ ਪੂਰਾ ਹੁੰਦਾ ਹੈ ਇਸ ਨੂੰ ਰੁੱਤੀ ਸਾਲ (Tropical year) ਕਿਹਾ  ਜਾਂਦਾ ਹੈ। ਸੂਰਜੀ ਬਿਕ੍ਰਮੀ ਕੈਲੰਡਰ (ਸੂਰਜੀ ਸਿਧਾਂਤ) ਦੇ ਸਾਲ ਦੀ ਲੰਬਾਈ 365.2587 ਦਿਨ। ਇਹ ਲੰਬਾਈ, ਰੁੱਤੀ ਸਾਲ ਦੀ ਲੰਬਾਈ ਤੋਂ ਲੱਗ-ਭੱਗ 24 ਮਿੰਟ ਵੱਧ ਹੈ। ਜਿਸ ਕਾਰਨ 60 ਸਾਲ ਪਿਛੋਂ (1440/24=60)  ਇਕ ਦਿਨ ਦਾ ਫਰਕ ਪੈ ਜਾਂਦਾ ਹੈ। ਚੰਦ ਧਰਤੀ ਦੇ ਦੁਵਾਲੇ ਘੁੰਮਦਾ ਹੈ ਇਹ ਚੱਕਰ 29.53 ਦਿਨਾਂ ਵਿਚ ਪੂਰਾ ਹੁੰਦਾ ਹੈ। ਚੰਦ ਦੇ ਸਾਲ ਦੇ  12 ਮਹੀਨੇ ਅਤੇ 354.37 ਦਿਨ  ਹੁੰਦੇ ਹੈ। ਇਸ ਤੋਂ ਸਪੱਸ਼ਟ ਹੈ ਕੇ ਚੰਦ ਦਾ ਸਾਲ ਸੂਰਜੀ ਸਾਲ ਤੋਂ ਲੱਗ-ਭੱਗ 11 ਦਿਨ ਛੋਟਾ ਹੁੰਦਾ ਹੈ। ਹੁਣ ਜਦੋਂ ਇਕ ਸਾਲ ਵਿਚ 11 ਦਿਨ ਅਤੇ ਦੋ ਸਾਲਾ ਵਿਚ 22 ਦਿਨ, ਚੰਦ ਦਾ ਸਾਲ ਸੂਰਜੀ ਸਾਲ ਤੋਂ ਪਿਛੇ ਰਹਿ ਜਾਂਦਾ ਹੈ ਤਾ ਚੰਦ ਦੇ ਸਾਲ ਵਿਚ ਇਕ ਵਾਧੂ ਮਹੀਨਾ ਜੋੜ ਦਿੱਤਾ ਜਾਂਦਾ ਹੈ ਉਸ ਸਾਲ ਚੰਦ ਦੇ ਸਾਲ ਦੇ 13 ਮਹੀਨੇ ਅਤੇ 384/385 ਦਿਨ ਹੁੰਦੇ ਹਨ। 2015 ਈ. ਵਿਚ ਚੰਦ ਦੇ ਸਾਲ ਦੇ 13 ਮਹੀਨੇ (ਹਾੜ ਦੇ ਦੋ ਮਹੀਨੇ) ਸਨ। 2018 ਵਿੱਚ ਜੇਠ, 2020 ਵਿੱਚ ਅੱਸੂ, 2023 ਵਿੱਚ ਸਾਵਣ, 2026 ਵਿੱਚ ਜੇਠ ਅਤੇ 2029 ਵਿੱਚ ਚੇਤ, 2031 ਵਿੱਚ ਭਾਂਦੋ ਦਾ ਮਹੀਨਾ ਦੋ ਵਾਰੀ ਆਵੇਗਾ। ਤੇਰਵੇਂ ਮਹੀਨੇ ਨੂੰ ਮਲ ਮਾਸ ਕਿਹਾ ਜਾਂਦਾ ਹੈ ਇਸ `ਚ ਕੋਈ ਸ਼ੁਭ ਕੰਮ ਨਹੀ ਕੀਤਾ ਜਾਂਦਾ। ਇਸ ਮਹੀਨੇ ਜਾਂ ਇਸ ਤੋਂ ਪਿਛੋਂ ਆਉਣ ਵਾਲੇ ਦਿਹਾੜੇ ਪੱਛੜ ਜਾਂਦੇ ਹਨ। ਇਹ ਹੀ ਕਾਰਨ ਹੈ ਕਿ ਹਰ ਸਾਲ ਗੁਰਪੁਰਬਾਂ ਦੀਆਂ ਤਾਰੀਖਾਂ ਬਦਲਦੀਆਂ ਰਹਿੰਦੀਆਂ ਹੈ। ਜਿਸ ਨਾਲ ਡਾ ਸੁਖਦਿਆਲ ਸਿੰਘ ਜੀ ਵੀ ਸਹਿਮਤ ਹਨ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਜੇ ਚੰਦ ਦੇ ਕੈਲੰਡਰ ਨੂੰ ਵੀ ਖਿੱਚ-ਧੂਹ ਕੇ ਸੂਰਜੀ ਕੈਲੰਡਰ ਦੇ ਨੇੜੇ-ਤੇੜੇ  ਹੀ ਰੱਖਣਾ ਹੈ ਤਾਂ ਕਿਓ ਨਾ ਸੂਰਜੀ ਕੈਲੰਡਰ ਹੀ ਅਪਣਾਇਆ ਜਾਵੇ?

ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਦੀ ਤਾਰੀਖ ਸਬੰਧੀ ਜਿਥੇ ਉਨ੍ਹਾਂ ਇਸ ਲੇਖ ਲੜੀ ਵਿੱਚ ਕਈ ਵਾਰ ਜਿਕਰ ਕੀਤਾ ਹੈ ਉਥੇ ਹੀ ਉਹ ਆਪਣੀ ਕਿਤਾਬ (ਸ਼ਿਰੋਮਣੀ ਸਿੱਖ ਇਤਿਹਾਸ: 1469-1708) ਵਿੱਚ  ਲਿਖਦੇ ਹਨ, “ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦੀ ਸਰਬ ਪਰਮਾਣਿਤ ਮਿਤੀ ਪੋਹ ਸੁਦੀ ਸੱਤਮੀ, ਸੰਮਤ 1723 ਬਿ. ਹੈ। ਈਸਵੀ ਸੰਨ ਦੇ ਅਨੁਸਾਰ ਇਹ ਮਿਤੀ 22 ਦਸੰਬਰ 1666ਈ. ਬਣਦੀ ਹੈ। ਪਰ ਮਹੀਨੇ ਦੀ ਤਾਰੀਖ ਹਰ ਸਾਲ ਬਦਲ ਜਾਂਦੀ ਹੈ। ਇਸ ਕਰਕੇ ਈਸਵੀ ਸਾਲ ਦੇ ਮਹੀਨਿਆਂ ਦੇ ਅਨੁਸਾਰ ਗੁਰੂ ਜੀ ਦੇ ਜਨਮ ਦੀ ਇਕ ਮਿਤੀ ਨਿਸ਼ਚਿਤ ਨਹੀ ਕੀਤੀ ਜਾਂ ਸਕਦੀ।… ਹੁਣ ਨਾਨਕ ਸ਼ਾਹੀ ਕੈਲੰਡਰ ਅਨੁਸਾਰ 5 ਜਨਵਰੀ ਪੱਕੇ ਤੌਰ ਤੇ ਅਪਣਾ ਲਏ ਜਾਣ ਨਾਲ ਇਤਿਹਾਸਕ ਨਿਰਣਿਆਂ ਦਾ ਤਾਂ ਭੋਗ ਹੀ ਪਾ ਦਿੱਤਾ ਗਿਆ ਹੈ। ਇਸ ਨਾਨਕਸ਼ਾਹੀ ਕੈਲੰਡਰ ਨੇ ਇਤਹਾਸ ਨੂੰ ਪੁੱਠਾ ਗੇੜਾ ਦੇਣਾ ਸ਼ੁਰੂ ਕਰ ਦਿੱਤਾ ਹੈ।” (ਪੰਨਾ 220)

ਡਾ ਸੁਖਦਿਆਲ ਸਿੰਘ ਜੀ, ਇਹ ਠੀਕ ਹੈ ਕਿ ਜਿਸ ਦਿਨ ਗੁਰੂ ਗੋਬਿੰਦ ਸਿੰਘ ਜੀ ਜਨਮ ਹੋਇਆ ਸੀ ਉਸ ਦਿਨ ਚੰਦ ਦੇ ਕੈਲੰਡਰ ਦੀ ਪੋਹ ਸੁਦੀ 7 ਸੀ। ਇਸੇ ਤਾਰੀਖ ਨੂੰ ਜਦੋਂ ਅੰਗਰੇਜੀ ਕੈਲੰਡਰ ਵਿੱਚ ਲਿਖਿਆ ਗਿਆ ਤਾਂ ਇਹ 22 ਦਸੰਬਰ (ਜੂਲੀਅਨ) ਲਿਖੀ ਗਈ। ਪਰ ਸਵਾਲ ਪੈਦਾ ਹੁੰਦਾ ਹੈ ਕਿ ਕੀ ਜੂਲੀਅਨ ਕੈਲੰਡਰ ਕਦੇ ਆਪਣੇ ਦੇਸ਼ ਵਿਚ ਲਾਗੂ ਹੋਇਆ ਸੀ? ਜਿਹੜਾ ਕੈਲੰਡਰ ਕਦੇ ਲਾਗੂ ਹੀ ਨਹੀ ਹੋਇਆ ਉਸ ਦੀਆਂ ਤਾਰੀਖ ਤਾਂ ਲਿਖ ਰਹੇ ਹੋ ਪਰ ਜਿਹੜਾ ਕੈਲੰਡਰ ਲਾਗੂ ਸੀ ਉਸ ਦੀ ਤਾਰੀਖ ਦਾ ਜਿਕਰ ਕਰਨਾ ਵੀ ਯੋਗ ਨਹੀ ਸਮਝਿਆ; ਕਿਓ? ਕੀ ਇਹ ਸੱਚ ਨਹੀ ਹੈ ਕਿ ਉਸ ਦਿਨ ਸੂਰਜੀ ਬਿਕ੍ਰਮੀ ਕੈਲੰਡਰ ਦੀ 23 ਪੋਹ ਸੀ? ਪੋਹ ਸੁਦੀ 7 ਜਾਂ 23 ਪੋਹ, ਉਸ ਵੇਲੇ ਦੇ ਸਰਕਾਰੀ ਕੈਲੰਡਰ, ਹਿਜਰੀ ਕੈਲੰਡਰ ਦੇ ਰਜਬ ਮਹੀਨੇ ਦੀ 5 ਤਾਰੀਖ ਬਣਦੀ ਹੈ ਅਤੇ ਯੂਲੀਅਨ ਵਿੱਚ 22 ਦਸੰਬਰ। ਜੇ ਇੰਗਲੈਂਡ ਨੇ ਵੀ ਜੂਲੀਅਨ ਕੈਲੰਡਰ ਦੀ ਸੋਧ ਨੂੰ 1582 ਈ. ਵਿੱਚ ਹੀ ਮਾਨਤਾ ਦੇ ਦਿੱਤੀ ਹੁੰਦੀ ਤਾਂ ਇਹ ਤਾਰੀਖ 1 ਜਨਵਰੀ 1667 ਈ. ਹੋਣੀ ਸੀ। ਕੈਲੰਡਰ ਕਮੇਟੀ ਨੇ ਸੂਰਜੀ ਬਿਕ੍ਰਮੀ ਕੈਲੰਡਰ ਦੀਆਂ ਤਾਰੀਖਾਂ ਨੂੰ ਮੁਖ ਰੱਖਿਆ ਹੈ। 23 ਪੋਹ, ਜੋ ਸਦਾ ਵਾਸਤੇ ਹੀ ਨਾਨਕਸ਼ਾਹੀ ਕੈਲੰਡਰ ਮੁਤਾਬਕ 5 ਜਨਵਰੀ ਨੂੰ ਆਵੇਗੀ। ਹੁਣ ਤੁਸੀਂ ਆਪਣੀ ਜਿੰਮੇਵਾਰੀ ਨਿਭਾਉਂਦੇ ਹੋਏ ਇਹ ਸਪੱਸ਼ਟ ਕਰੋ ਕਿ ਨਾਨਕਸ਼ਾਹੀ ਕੈਲੰਡਰ ਨੇ ਇਤਿਹਾਸ ਨੂੰ ਪੁੱਠਾ ਗੇੜ ਕਿਵੇਂ ਦਿੱਤਾ ਹੈ?

ਡਾ ਸੁਖਦਿਆਲ ਸਿੰਘ ਜੀ ਅੱਗੇ ਲਿਖਦੇ ਹਨ, “ਨਾਨਕਸ਼ਾਹੀ ਕੈਲੰਡਰ ਬਾਰੇ ਵਿਵਾਦ ਛਿੜਨ ਦਾ ਦੂਜਾ ਵੱਡਾ ਕਾਰਨ ਹੈ ਬਿਕਰਮੀ (ਬਿਕ੍ਰਮੀ) ਸੰਮਤ ਦੀ ਵਿਰੋਧਤਾ ਕਰਨ ਦਾ। ਅਸੀਂ ਨਾਨਕਸ਼ਾਹੀ ਕੈਲੰਡਰ ਨੂੰ ਬਿਕਰਮੀ ਸੰਮਤ ਦੀ ਵਿਰੋਧਤਾ ਵਿਚ ਜਾਰੀ ਕੀਤਾ ਹੈ। ਬਿਕਰਮੀ ਸੰਮਤ ਦੀ ਵਿਰੋਧਤਾ ਵੀ ਇਸ ਦੇ ਸਿਰਜਨਹਾਰਾਂ ਦੀ ਇਤਿਹਾਸ ਤੋਂ ਅਣਜਾਣਤਾ ਹੀ ਦਰਸਾਉਂਦੀ ਹੈ। ਕਿਹਾ ਜਾਂਦਾ ਹੈ ਕਿ ਬਿਕਰਮੀ ਸੰਮਤ ਹਿੰਦੂਆਂ ਦਾ ਜਾਂ ਬ੍ਰਾਹਮਣਾਂ ਦਾ ਜਾਰੀ ਕੀਤਾ ਹੋਇਆ ਹੈ। ਇਹ ਕਿਸੇ ਉਜੈਨ (ਮੱਧ ਭਾਰਤ) ਦੇ ਰਾਜੇ ਵੱਲੋਂ ਆਪਣੇ ਨਾਂ ਤੇ ਜਾਰੀ ਕੀਤਾ ਗਿਆ ਸੰਮਤ ਹੈ ਇਸ ਲਈ ਸਿੱਖ ਇਸ ਨੂੰ ਕਿਉਂ ਮੰਨਣ?” (ਕਿਸ਼ਤ ਪਹਿਲੀ)ਦੂਜੇ ਪਾਸੇ ਆਪ ਹੀ ਲਿਖਦੇ ਹਨ, “ਬ੍ਰਾਹਮਣ ਵਰਗ ਨੇ ਬਿਕਰਮੀ ਸੰਮਤ ਨੂੰ ਬੰਦ ਨਹੀ ਕੀਤਾ ਸਗੋਂ ਇਸ ਨੂੰ ਆਪਣੇ ਹਿੱਤਾਂ ਅਨੁਸਾਰ ਢਾਲ ਲਿਆ ਹੈ। ਇਸ ਅਨੁਸਾਰ ਉਨ੍ਹਾਂ ਨੇ ਤਿੰਨ ਪੱਖਾਂ ਤੋਂ ਬਿਕਰਮੀ ਸੰਮਤ ਦਾ ਬ੍ਰਾਹਮਣੀ ਕਰਨ ਕਰ ਲਿਆ ਹੈ।

ਇਕ ਪੱਖ ਤਾਂ ਇਹ ਕਿ ਉਨ੍ਹਾਂ ਨੇ ਇਸ ਸੰਮਤ ਨੂੰ ਸ਼ੁਰੂ  ਕਰਨ ਦਾ ਸੇਹਰਾ ਉਜੈਨ ਦੇ ਹਿੰਦੂ ਰਾਜਿਆਂ ਦੇ ਸਿਰ ਬੰਨ ਦਿੱਤਾ ਹੈ। ਦੂਜਾ ਇਹ ਬਿਕਰਮੀ ਸੰਮਤ ਦੇ ਦੋਵੇਂ ਤਰ੍ਹਾਂ ਦੇ ਮਹੀਨਿਆਂ ਨੂੰ ਚੇਤ ਤੋਂ ਹੀ ਸ਼ੁਰੂ ਕਰ ਦਿੱਤਾ ਹੈ। ਤੀਜਾ ਇਹ ਕਿ ਬ੍ਰਾਹਮਣਾਂ ਨੇ ਸੰਗਰਾਂਦਾਂ ਨਾਲ ਜਾਂ ਚਾਨਣੇ ਪੱਖ ਦੀ ਪੰਚਮੀ, ਦਸਵੀਂ ਅਤੇ ਪੂਰਨਮਾਸ਼ੀ ਨਾਲ ਬ੍ਰਾਹਮਣ ਮੱਤ ਦੀਆਂ ਮਿਥਿਹਾਸਕ ਕਥਾਵਾਂ ਜੋੜ ਦਿੱਤੀਆਂ ਹਨ।” (ਕਿਸ਼ਤ ਤੀਜੀ)… “ਗੁਰੂ ਨਾਨਕ ਸਾਹਿਬ ਦਾ ਸਮਾਂ ਇਸਲਾਮੀ ਸਾਮਰਾਜ ਦਾ ਸਮਾਂ ਸੀ। ਇਸ ਸਮੇਂ ਸਰਕਾਰੀ ਤੌਰ `ਤੇ ਸਿਰਫ ਹਿਜਰੀ ਸੰਮਤ ਹੀ ਪ੍ਰਚੱਲਿਤ ਸੀ। ਬ੍ਰਾਹਮਣਵਾਦ ਵੱਲੋਂ ਬਿਕਰਮੀ ਸੰਮਤ ਨੂੰ ਪੂਰੀ ਤਰ੍ਹਾਂ ਬ੍ਰਾਹਮਣਵਾਦੀ ਰੰਗਤ ਦੇ ਕੇ ਅਪਣਾਇਆ ਹੋਇਆ ਸੀ।” (ਕਿਸ਼ਤ ਚੌਥੀ)

ਹੁਣ ਜਦੋਂ ਲੇਖਕ ਆਪ ਹੀ ਆਪਣੇ ਪਹਿਲੇ ਲਿਖਤੀ ਬਿਆਨ ਦੇ ਉਲਟ, ਇਹ ਮੰਨਦਾ ਹੈ ਕਿ ਮੌਜੂਦਾ ਬਿਕ੍ਰਮੀ ਕੈਲੰਡਰ ਦਾ ਗੁਰੂ ਨਾਨਕ ਸਾਹਿਬ ਜੀ ਦੇ ਸਮੇਂ  ਤੋਂ ਪਹਿਲਾਂ ਹੀ ਬ੍ਰਾਹਮਣੀ ਕਰਨ ਹੋ ਚੁਕਾ ਸੀ। ਤਾਂ ਸਵਾਲ ਪੈਦਾ ਹੁੰਦਾ ਹੈ ਕਿ ਸਿੱਖਾਂ ਨੂੰ ਪਿਛਲੀਆਂ ਕਈ ਸਦੀਆਂ ਦੇ ਇਤਹਾਸ ਨੂੰ ਪੁੱਠਾ ਗੇੜਾ ਦੇ ਕੇ ਬਿਕ੍ਰਮੀ ਕੈਲੰਡਰ ਦਾ ਪੰਜਾਬੀ-ਕਰਨ ਕਰਨਾ ਚਾਹੀਦਾ ਹੈ ਜਾਂ ਸਮੇਂ ਦਾ ਹਾਣੀ ਆਪਣਾ ਕੈਲੰਡਰ ਬਣਾ ਲੈਣਾ ਚਾਹੀਦਾ ਹੈ? ਮੰਨ ਲਓ, ਡਾ ਸੁਖਦਿਆਲ ਸਿੰਘ ਜੀ ਵਰਗੇ ਵਿਦਵਾਨ, ਮੌਜੂਦਾ ਬਿਕ੍ਰਮੀ ਕੈਲੰਡਰ ਦੇ ਪੂਰੀ ਤਰ੍ਹਾਂ ਹੋ ਚੁਕੇ ਬ੍ਰਾਹਮਣੀ ਕਰਨ ਨੂੰ ਰੱਦ ਕਰਕੇ ਇਸ ਨੂੰ ਪੰਜਾਬੀਅਤ ਦੀ ਪੁੱਠ ਚਾੜ੍ਹਨ ਵਿੱਚ ਸਫਲ ਵੀ ਹੋ ਜਾਂਦੇ ਹਨ ਤਾਂ ਵੀ ਬਿਕ੍ਰਮੀ ਸੰਮਤ ਦੀਆਂ, ਉਨ੍ਹਾਂ ਤਕਨੀਕੀ ਖ਼ਾਮੀਆਂ ਦਾ ਕੀ ਕੀਤਾ ਜਾਵੇਗਾ ਜਿਨ੍ਹਾਂ ਤੋਂ ਵਿਦਵਾਨ ਲੇਖਕ ਖ਼ੁਦ ਅਣਜਾਣ ਹੈ?

ਨਾਨਕਸ਼ਾਹੀ ਕੈਲੰਡਰ ਦੀ ਲੋੜ ਦਾ ਮੁਖ ਕਾਰਨ ਹੈ ਬਿਕ੍ਰਮੀ ਕੈਲੰਡਰ  ਦੇ ਸਾਲ ਦੀ ਲੰਬਾਈ ਦਾ ਰੁੱਤੀ ਸਾਲ (Tropical year) ਦੀ ਲੰਬਾਈ ਤੋਂ ਵੱਧ ਹੋਣਾ। ਜਿਸ ਕਾਰਨ ਗੁਰਬਾਣੀ ਵਿੱਚ ਦਰਜ ਮਹੀਨਿਆਂ ਦਾ  ਰੁੱਤਾ ਨਾਲੋਂ ਸਬੰਧ ਹੋਲੀ-ਹੋਲੀ ਟੁੱਟ ਰਿਹਾ ਹੈ। ਆਓ ਇਸ ਨੁਕਤੇ ਨੂੰ ਗੁਰਬਾਣੀ ਦੀ ਪਾਵਨ ਪੰਗਤੀ ਦੀ ਉਦਾਹਰਣ ਨਾਲ ਸਮਝੀਏ;

ਰਥੁ ਫਿਰੈ ਛਾਇਆ ਧਨ ਤਾਕੈ ਟੀਡੁ ਲਵੈ ਮੰਝਿ ਬਾਰੇ (ਪੰਨਾ 1108) ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਜ ਪਾਵਨ ਪੰਗਤੀ (ਬਾਰਹਮਾਹ, ਤੁਖਾਰੀ) ਦੇ ਅਰਥ ਫਰੀਦਕੋਟੀ ਟੀਕੇ ਮੁਤਾਬਕ, “ਬਹੁੜੋ ਜਬ ਅਸਾੜ ਮਹੀਨੇ ਮੈਂ ਸੂਰਜ ਕਾ ਰੱਥ ਫਿਰਤਾ ਹੈ ਅਰਥਾਤ ਉਤ੍ਰਾਇਣ ਦਖਯਾਇਣ ਕੋ ਹੋਤਾਂ ਹੈ ਤਬ ਇਸਤ੍ਰੀਆਂ ਬ੍ਰਿਛਾਦਿਕੋਂ ਕੀ ਛਾਯਾ ਕੌ ਤਕਤੀ ਹੈ ਔਰ ਉਜਾੜੋਂ ਕੇ ਬੀਚ ਬਿੰਡੇ ਬੋਲਤੇ ਹੈ”। ਉਪ੍ਰੋਕਤ ਪਾਵਨ ਪੰਗਤੀ ਦਾ ਭਾਵ ਹੈ ਕਿ ਜਦੋਂ ਸੂਰਜ ਵੱਧ ਤੋਂ ਵੱਧ ਉਤਰ ਵੱਲ ਗਿਆ ਹੁੰਦਾ ਹੈ, ਉਸ ਦਿਨ ਉਤਰੀ ਅਰਧ ਗੋਲੇ ਵਿੱਚ, ਦਿਨ  ਦੀ ਲੰਬਾਈ ਵੱਧ ਤੋਂ ਵੱਧ ਹੁੰਦੀ ਹੈ। ਇਕ ਖਾਸ ਸਮੇਂ ਤੇ ਸੂਰਜ ਵਾਪਸ ਦੱਖਣ ਨੂੰ ਮੁੜਦਾ ਹੈ ਅਤੇ ਦਿਨ ਛੋਟਾ ਹੋਣਾ ਅਰੰਭ ਹੋ ਜਾਂਦਾ ਹੈ। ਪੰਜਾਬ ਵਿਚ ਇਸ ਦਿਨ ਵਰਖਾ ਰੁਤ ਦਾ ਅਰੰਭ ਮੰਨਿਆ ਜਾਂਦਾ ਹੈ। ਇਸ ਨੂੰ ਸੂਰਜ ਦਾ ਰੱਥ ਫਿਰਨਾ ਕਹਿੰਦੇ ਹਨ। ਗਰੈਗੋਰੀਅਨ ਕੈਲੰਡਰ ਮੁਤਾਬਕ ਇਹ ਘਟਨਾ 21 ਜੂਨ ਨੂੰ ਕਿਸੇ ਵੇਲੇ ਵਾਪਰਦੀ ਹੈ। 1469 ਈ: ਵਿੱਚ ਇਹ ਘਟਨਾ 12 ਜੂਨ (ਜੂਲੀਅਨ)/ 21 ਜੂਨ (ਗਰੈਗੋਰੀਅਨ) ਨੂੰ ਵਾਪਰੀ ਸੀ ਇਸ ਮੁਤਾਬਕ ਉਸ ਦਿਨ 16 ਹਾੜ ਸੀ। 1699 ਈ: ਵਿੱਚ ਇਹ ਘਟਨਾ 11 ਜੂਨ (ਜੂਲੀਅਨ)/ 21 ਜੂਨ (ਗਰੈਗੋਰੀਅਨ) ਮੁਤਾਬਕ 13 ਹਾੜ ਨੂੰ ਵਾਪਰੀ ਸੀ। 2016 ਈ: ਵਿੱਚ 7 ਹਾੜ  ਨੂੰ ਰੱਥ ਫਿਰੇਗਾ, 2516 ਈ. ਵਿਚ 31 ਜੇਠ (ਸੂਰਜੀ ਸਿਧਾਂਤ) ਨੂੰ ਅਤੇ 3016 ਈ: ਵਿੱਚ 22 ਜੇਠ (ਸੂਰਜੀ ਸਿਧਾਂਤ) ਨੂੰ ਸੂਰਜ ਦਾ ਰੱਥ ਫਿਰੇਗਾ, ਪਰ ਇਹ ਪੰਗਤੀ ਪੜ੍ਹੀ ਜਾਵੇਗੀ ਹਾੜ ਦੇ ਮਹੀਨੇ ਵਿਚ। ਨਾਨਕਸ਼ਾਹੀ ਕੈਲੰਡਰ ਮੁਤਾਬਕ ਸੰਮਤ 535 ਨਾਨਕਸ਼ਾਹੀ ਵਿੱਚ ਰੱਥ 7 ਹਾੜ ਨੂੰ ਫਿਰਿਆਂ ਸੀ, ਸੰਮਤ 1035 ਨਾਨਕਸ਼ਾਹੀ ਵਿੱਚ ਵੀ ਰੱਥ 7 ਹਾੜ ਨੂੰ ਫਿਰੇਗਾ ਅਤੇ ਸੰਮਤ 1535 ਨਾਨਕਸ਼ਾਹੀ ਵਿੱਚ ਵੀ ਰੱਥ 7 ਹਾੜ ਨੂੰ ਹੀ ਫਿਰੇਗਾ।

ਡਾ ਸੁਖਦਿਆਲ ਸਿੰਘ ਜੀ ਅੱਗੇ ਲਿਖਦੇ ਹਨ, “ਗੁਰਪੁਰਬਾਂ ਅਤੇ ਸ਼ਹੀਦੀ ਪੁਰਬਾਂ ਦੀਆਂ ਮਿਤੀਆਂ ਕਿਸੇ ਇਕ ਸਾਲ ਨੂੰ ਸਮੁੱਚਾ ਅਧਾਰ ਬਣਾ ਕੇ ਨੀਅਤ ਨਹੀ ਕਰ ਰਹੇ। ਇਸ ਲਈ ਅਸੀਂ ਬਿਕਰਮੀ ਸੰਮਤ ਨੂੰ ਵੀ ਅਧਾਰ ਬਣਾ ਰਹੇ ਹਾਂ ਅਤੇ ਈਸਵੀ ਸੰਨ ਨੂੰ ਵੀ। ਹੋਰ ਤਾਂ ਹੋਰ ਅਸੀਂ ਸੰਗਰਾਦਾਂ ਵਾਲੇ ਮਹੀਨਿਆਂ ਨੂੰ ਵੀ ਅਧਾਰ ਬਣਾ ਰਹੇ ਹਾਂ ਅਤੇ ਚੰਦਰਮਾ ਦੀਆਂ ਤਿਥੀਆਂ ਨੂੰ ਵੀ ਅਧਾਰ ਬਣਾ ਰਹੇ ਹਾਂ। ਹਾਸੋਹੀਣੀ ਗੱਲ ਇਹ ਵੀ ਹੈ ਕਿ ਅਸੀਂ ਇਸ ਈਸਵੀ ਸੰਨ ਨੂੰ ਵੀ ਸਾਹਮਣੇ ਰੱਖ ਰਹੇ ਹਾਂ।… ਅਜਿਹੀਆਂ ਤਿੰਨ ਕਿਸ਼ਤੀਆਂ ਵਿਚ ਪੈਰ ਰੱਖ ਕੇ ਹੀ ਅਸੀਂ ਨਾਨਕਸ਼ਾਹੀ ਕੈਲੰਡਰ ਤਿਆਰ ਕੀਤਾ ਹੈ ਇਸ ਦੀ ਸਫਲਤਾ ਕਿਵੇਂ ਹੋ ਸਕਦੀ ਹੈ? ਧਰਮ ਅਤੇ ਇਤਿਹਾਸ ਦੀ ਸੁਮੇਲਤਾ ਅਸੀਂ ਕੀਤੀ ਨਹੀ ਪਰ ਚਲ ਪਏ ਹਾਂ ਨਾਨਕਸ਼ਾਹੀ ਕੈਲੰਡਰ ਨੂੰ ਜਾਰੀ ਕਰਨ। ਇਹ ਕਿਧਰ ਦੀ ਸਿਆਣਪ ਹੈ? ਨਾਨਕਸ਼ਾਹੀ ਕੈਲੰਡਰ ਨੂੰ ਤਿਆਰ ਕਰਨ ਵਾਲੇ ਜੋਤਸ਼ ਵਿੱਦਿਆ ਦੇ ਜਾਂ ਗਿਣਤ ਵਿੱਦਿਆ ਦੇ ਮਾਹਿਰ ਹੋ ਸਕਦੇ ਹਨ ਪਰ ਉਹ ਨਾ ਤਾਂ ਧਰਮ ਦੇ ਵਿਦਵਾਨ ਹਨ ਅਤੇ ਨਾ ਹੀ ਸਿੱਖ ਇਤਿਹਾਸ ਦੇ।” (ਕਿਸ਼ਤ ਪਹਿਲੀ)

ਉਪ੍ਰੋਕਤ ਸ਼ਬਦਾਂ ਵਿੱਚ ਡਾ ਸੁਖਦਿਆਲ ਸਿੰਘ ਜੀ ਦੀ, ਨਾਨਕਸ਼ਾਹੀ ਕੈਲੰਡਰ ਬਾਰੇ ਅਗਿਆਨਤਾ ਅਤੇ ਇਸ ਨੂੰ ਬਣਾਉਣ ਵਾਲਿਆਂ ਪ੍ਰਤੀ ਨਫ਼ਰਤ ਸਾਫ ਝਲਕਦੀ ਹੈ। ਇਕ ਵਿਦਵਾਨ ਵੱਲੋਂ ਦੂਜੇ ਵਿਦਵਾਨਾਂ ਪ੍ਰਤੀ ਅਜੇਹੇ ਸ਼ਬਦ ਲਿਖਣੇ ਸੋਭਦੇ ਨਹੀਂ। ਮੈਨੂੰ ਬੜੇ ਅਫ਼ਸੋਸ ਨਾਲ ਲਿਖਣਾ ਪੈ ਰਿਹਾ ਹੈ ਕਿ ਜੇ ਡਾ ਸੁਖਦਿਆਲ ਸਿੰਘ ਜੀ ਨੇ ਨਾਨਕਸ਼ਾਹੀ ਕੈਲੰਡਰ ਦੀ ਭੂਮਿਕਾ ਹੀ ਪੜ੍ਹੀ ਹੁੰਦੀ ਤਾਂ ਅਜੇਹੇ ਸ਼ਬਦਾਂ ਵਿਚ ਗਲਤ ਬਿਆਨੀ ਕਰਨ ਦੀ ਲੋੜ ਨਹੀਂ ਸੀ ਪੈਣੀ। ਵਿਦਵਾਨ ਲੇਖਕ ਵੱਲੋਂ ਉਠਾਏ ਗਏ ਬਹੁਤੇ ਇਤਰਾਜ਼ਾਂ/ਸਵਾਲਾਂ ਦੇ ਜਵਾਬ ਨਾਨਕਸ਼ਾਹੀ ਕੈਲੰਡਰ ਦੀ ਭੂਮਿਕਾ ਵਿੱਚ ਦਰਜ ਹਨ। “ਖਾਲਸੇ ਦੇ 300 ਸਾਲਾ ਸਿਰਜਨਾ ਦਿਵਸ ਭਾਵ ੫੩੧ ਨਾਨਕਸ਼ਾਹੀ ਮੁਤਾਬਕ ੧੯੯੯ ਈ. ਵਿਚ ਵੈਸਾਖੀ ਤੋਂ ਗੁਰਪੁਰਬਾਂ ਤੇ ਸਿੱਖ ਇਤਿਹਾਸ ਦੇ ਦਿਹਾੜਿਆਂ ਨੂੰ ਨਾਨਕਸ਼ਾਹੀ ਕੈਲੰਡਰ ਦੀਆਂ ਤਾਰੀਖਾਂ ਵਿਚ ਬਦਲ ਦਿੱਤਾ ਜਾਵੇਗਾ। ਤਿੱਥਾਂ ਨੂੰ ਨਾਨਕਸ਼ਾਹੀ ਕੈਲੰਡਰ ਵਿਚ ਬਦਲਣ ਲਈ ਅੰਗਰੇਜੀ ਤਾਰੀਖ ਨੂੰ ਨਹੀਂ ਬਲਕਿ ਪ੍ਰਵਿਸ਼ਟਿਆਂ ਨੂੰ ਮੁਖ ਰੱਖਿਆ ਜਾਵੇਗਾ।” (ਭੂਮਿਕਾ–ਨਾਨਕਸ਼ਾਹੀ ਕੈਲੰਡਰ)

ਆਓ ਹੁਣ ਡਾ ਸੁਖਦਿਆਲ ਸਿੰਘ ਜੀ ਦੇ ਇਕ ਹੋਰ ਨੁਕਤੇ ਤੇ ਵਿਚਾਰ ਕਰੀਏ, “ਦੁਖਾਂਤ ਇਸ ਗੱਲ ਦਾ ਹੈ ਕਿ ਅਸੀਂ ਧਰਮ ਅਤੇ ਇਤਿਹਾਸ ਦੀ ਸੁਮੇਲਤਾ ਕੀਤੇ ਬਿਨਾ ਹੀ ਨਾਨਕ ਸ਼ਾਹੀ ਕੈਲੰਡਰ ਨੂੰ ਤਿਆਰ ਕਰਕੇ ਚਾਲੂ ਕਰ ਰਹੇ ਹਾਂ। ਇਹ ਕਿਸ ਤਰ੍ਹਾਂ ਹੋ ਸਕਦਾ ਹੈ? ਗੁਰੂ ਨਾਨਕ ਦੇਵ ਜੀ ਦੇ ਜਨਮ ਦਿਨ ਦੀਆਂ ਦੋ ਰਾਵਾਂ ਹਨ, ਗੁਰੂ ਗੋਬਿੰਦ ਸਿੰਘ ਜੀ ਦੇ ਜਨਮ-ਦਿਨ ਦੀਆਂ ਦੋ ਰਾਵਾਂ ਹਨ। ਤਕਰੀਬਨ ਹਰ ਗੁਰੂ ਸਾਹਿਬ ਦੇ ਜਨਮ ਦਿਨ ਬਾਰੇ, ਅਤਿ ਭਰੋਸੇ ਯੋਗ ਸਰੋਤ ਹੋਣ ਦੇ ਬਾਵਜੂਦ ਵੀ ਦੋ ਤੋਂ ਵੱਧ ਰਾਵਾਂ ਹਨ।” ਵਿਦਵਾਨ ਜੀਓ! ਜੇ ਕਿਸੇ ਤਾਰੀਖ ਬਾਰੇ ਮੱਤ ਭੇਦ ਹੈ ਤਾਂ ਸਬੂਤਾਂ ਸਮੇਤ ਸਹੀ ਤਾਰੀਖ ਪੇਸ਼ ਕਰੋ ਤਾਂ ਜੋ ਉਸ ਤੇ ਵਿਚਾਰ ਕੀਤੀ ਜਾ ਸਕੇ। ਗੁਰੂ ਗੋਬਿੰਦ ਸਿੰਘ ਜੀ ਦੀ ਜਨਮ ਤਾਰੀਖ ਅਤੇ ਜੋਤੀ ਜੋਤ ਸਮਾਉਣ ਦੀ ਤਾਰੀਖ ਬਾਰੇ ਆਪ ਜੀ ਆਪਣੀ ਕਿਤਾਬ (ਸ਼ਿਰੋਮਣੀ ਸਿੱਖ ਇਤਿਹਾਸ, 1469-1708) ਵਿੱਚ ਲਿਖਦੇ ਹੋ, “ਗੁਰੂ ਗੋਬਿੰਦ ਸਿੰਘ ਜੀ ਪੋਹ ਸੁਦੀ ਸੱਤਵੀਂ ਸੰਮਤ 1723 ਬਿ. ਮੁਤਾਬਕ 26 ਦਸੰਬਰ 1666 ਈ. ਨੂੰ ਪਟਣਾ ਸਾਹਿਬ ਵਿਖੇ ਜਨਮੇਂ ਅਤੇ ਕੱਤਕ ਸੁਦੀ ਪੰਚਮੀ ਸੰਮਤ 1765 ਬਿ. ਮੁਤਾਬਕ 7 ਅਕਤੂਬਰ 1708 ਈ. ਵਿੱਚ ਜੋਤੀ ਜੋਤ ਸਮਾਏ। ਇਸ ਤਰ੍ਹਾਂ ਉਨ੍ਹਾਂ ਨੇ 42 ਸਾਲ ਦੇ ਕਰੀਬ ਉਮਰ ਸਰੀਰਕ ਰੂਪ ਵਿਚ ਬਤੀਤ ਕੀਤੀ।” (ਪੰਨਾ 315) ਹੁਣ ਜੇ ਆਪ ਵਰਗੇ ਇਤਹਾਸ ਦੇ ਖੋਜੀ ਵਿਦਵਾਨ ਹੀ ਸਹੀ ਤਾਰੀਖ ਬਦਲ ਕੇ, 22 ਦਸੰਬਰ ਦੀ ਥਾਂ 26 ਦਸੰਬਰ ਲਿਖ ਦੇਣ ਤਾਂ ਮੇਰੇ ਵਰਗਿਆਂ ਨੇ ਤਾਂ ਨਕਲ ਕਰਕੇ ਹਵਾਲਾ ਦੇ ਹੀ ਦੇਣਾ ਹੈ। ਵਿਦਵਾਨ ਜੀਓ, ਪੋਹ ਸੁਦੀ 7 ਸੰਮਤ 1723 ਬਿ. ਨੂੰ 26 ਦਸੰਬਰ ਨਹੀਂ ਸਗੋਂ 22 ਦਸੰਬਰ ਸੀ। ਆਪ ਜੀ ਵੱਲੋਂ ਦਰਜ ਕੀਤੀਆਂ ਦੋਵੇਂ ਤਾਰੀਖਾਂ ਚੰਦ ਦੇ ਕੈਲੰਡਰ ਦੀਆਂ ਹਨ ਉਸ ਵੇਲੇ ਸੂਰਜੀ ਬਿਕ੍ਰਮੀ ਕੈਲੰਡਰ ਵੀ ਲਾਗੂ ਸੀ ਜਿਸ ਮੁਤਾਬਕ ਪੋਹ ਸੁਦੀ 7 ਨੂੰ 23 ਪੋਹ ਅਤੇ ਕੱਤਕ ਸੁਦੀ 5 ਨੂੰ 7 ਕੱਤਕ ਸੀ। ਇਹ ਦੋਵੇਂ ਤਾਰੀਖਾਂ (23 ਪੋਹ ਅਤੇ 7 ਕੱਤਕ) ਹੀ ਨਾਨਕਸ਼ਾਹੀ ਕੈਲੰਡਰ ਵਿੱਚ ਦਰਜ ਹਨ। ਜਦੋਂ ਤੁਸੀਂ ਲਿਖਤੀ ਰੂਪ ਵਿੱਚ ਇਨ੍ਹਾਂ ਤਾਰੀਖਾਂ ਨਾਲ ਸਹਿਮਤ ਹੋ ਤਾਂ ਦੱਸੋ ਤੁਹਾਡੇ ਵੱਲੋਂ ਇਹ ਲਿਖਣ ਦਾ ਕਿ, “ਗੁਰੂ ਗੋਬਿੰਦ ਸਿੰਘ ਜੀ ਦੇ ਜਨਮ-ਦਿਨ ਦੀਆਂ ਦੋ ਰਾਵਾਂ ਹਨ” ਦਾ ਕੀ ਕਾਰਨ ਹੈ? ਕੀ ਆਪ ਜੀ ਨੂੰ ਆਪਣੀ ਲਿਖੀ ਤਾਰੀਖ ਤੇ ਵੀ ਭਰੋਸਾ ਨਹੀਂ ਹੈ?

ਡਾ ਸੁਖਦਿਆਲ ਸਿੰਘ ਜੀ ਆਪ ਜੀ ਦੀ ਕਿਤਾਬ ਦੀ ਭੂਮਿਕਾ ਦੀ ਪਹਿਲੀ ਪੰਗਤੀ, “ਸ਼ਿਰੋਮਣੀ ਸਿੱਖ ਇਤਿਹਾਸ: 1469-1708 ਨੂੰ ਪੰਜਾਬੀ ਵਿੱਚ ਖੋਜ-ਭਰਭੂਰ ਵਿਸ਼ੇ ਵਿਚ ਲਿਖੇ ਜਾਣ ਦੀ ਇਹ ਆਪਣੇ ਆਪ ਵਿਚ ਪਹਿਲੀ ਕੋਸ਼ਿਸ਼ ਹੈ।” ਪੜ੍ਹ ਕੇ ਹੀ ਮੈਂ ਇਹ ਕਿਤਾਬ ਖਰੀਦੀ ਸੀ। ਇਸ ਵਿਚ ਆਪ ਜੀ ਗੁਰੂ ਨਾਨਕ ਜੀ ਦੀ ਜਨਮ ਤਾਰੀਖ ਸਬੰਧੀ ਲਿਖਦੇ ਹੋ, “ਭਾਈ ਬਾਲੇ ਵਾਲੀ ਜਨਮ ਸਾਖੀ ਇਕੋ ਇੱਕ ਜਨਮ ਸਾਖੀ ਹੈ ਜਿਹੜੀ ਗੁਰੂ ਅੰਗਦ ਦੇਵ ਜੀ ਦੇ ਸਮੇਂ ਦੀ ਲਿਖੀ ਹੋਈ ਹੈ ਪਰ ਇਸ ਵਿਚ ਇਤਨਾ ਰਲਾ ਪੈ ਗਿਆ ਹੈ ਕਿ ਇਹ ਮੌਲਿਕ ਲਗਦੀ ਹੀ ਨਹੀ ਹੈ।” (ਪੰਨਾ29) ਆਪ ਜੀ ਨੇ ਇਹ ਕਿਹੜੀ ਨਵੀਂ ਗੱਲ ਲਿਖੀ ਹੈ? ਕੱਤਕ ਦੀ ਪੁੰਨਿਆ ਦੇ ਸਾਰੇ ਹਮਾਇਤੀ ਹੀ ਅਜੇਹਾ ਲਿਖਦੇ ਹਨ। ਇਕ ਭਾਈ ਬਾਲਾ ਸੀ, ਉਹ ਗੁਰੂ ਜੀ ਦਾ ਸਾਥੀ ਸੀ, ਬਾਲੇ ਵਾਲੀ ਅਸਲ ਜਨਮ ਸਾਖੀ ਸੀ, ਇਸ ਨੂੰ ਗੁਰੂ ਅੰਗਦ ਦੇਵ ਜੀ ਨੇ ਲਿਖਵਾਇਆ ਸੀ, ਇਸ ਨੂੰ ਮੋਖੇ ਪੈੜੇ ਨੇ ਲਿਖਿਆ ਸੀ, ਵਗੈਰਾ-ਵਗੈਰਾ! ਇਸ ਤੋਂ ਪਹਿਲਾ ਕਿ ਕੋਈ ਇਸ ਦਾ ਸਬੂਤ ਮੰਗ ਲਵੇ, ਇਸ ਦੇ ਹਮਾਇਤੀ ਵਿਦਵਾਨਾਂ ਨੇ ਜਾਂ ਤਾਂ  ਇਸ ਨੂੰ ਗੁਮ ਕਰ ਦਿੱਤਾ ਜਾਂ ਇਹ ਲਿਖ ਦਿੱਤਾ ਕਿ, “ਪਰ ਇਸ ਵਿਚ ਇਤਨਾ ਰਲਾ ਪੈ ਗਿਆ ਹੈ ਕਿ ਇਹ ਮੌਲਿਕ ਲਗਦੀ ਹੀ ਨਹੀ ਹੈ।” ਖੈਰ! ਇਹ ਗਿੱਲਾ ਪੀਹਣ ਹੈ। ਇਸ ਵਿਸ਼ੇ ਤੇ ਜੇ ਆਪ ਜੀ ਚਾਹੋਂ ਤਾਂ, ਵੱਖਰੀ ਵਿਚਾਰ ਕੀਤੀ ਜਾਂ ਸਕਦੀ ਹੈ। ਗੁਰੂ ਜੀ ਦੇ ਜੋਤੀ ਜੋਤ ਸਮਾਉਣ ਦੀ ਤਾਰੀਖ ਅੱਸੂ ਵਦੀ 10 (8 ਅੱਸੂ) ਪ੍ਰਵਾਨਿਤ ਮੰਨੀ ਗਈ ਹੈ ਜਿਸ ਨਾਲ ਆਪ ਜੀ ਵੀ ਸਹਿਮਤ ਹੋ। ਕੁਝ ਵਿਦਵਾਨ ਅੱਸੂ ਸੁਦੀ 10 ਮੰਨਦੇ ਹਨ। ਇਨ੍ਹਾਂ ਦੋ ਤਾਰੀਖਾਂ `ਚ 15 ਦਿਨਾਂ ਦਾ ਅੰਤਰ ਹੋਣਾ, ਵਿਵਾਦ ਦਾ ਵਿਸ਼ਾ ਹੋ ਸਕਦਾ ਹੈ ਪਰ ਸੰਮਤ 1596 ਬਿ. (1539 ਈ.) ਬਾਰੇ ਤਾਂ ਕੋਈ ਮੱਤ ਭੇਦ ਨਹੀਂ ਹੈ। ਜਦੋ ਕਿ ਆਪ ਜੀ ਲਿਖਦੇ ਹੋ, “ਗੁਰੂ ਨਾਨਕ ਦੇਵ ਜੀ ਨੇ ਉਨ੍ਹਾਂ ਨੂੰ ਆਪਣਾ ਅਗਲਾ ਉਤਰ ਅਧਿਕਾਰੀ ਥਾਪਿਆ ਅਤੇ ਆਪ 69 ਸਾਲ 10 ਮਹੀਨੇ 10 ਦਿਨ ਦੀ ਉਮਰ ਬਤੀਤ ਕਰਕੇ ਅੱਸੂ ਵਦੀ ਦਸਮੀ ਸੰਮਤ 1597 ਬਿ. ਮੁਤਾਬਕ 22 ਸਤੰਬਰ 1540 ਈ. ਵਿਚ ਜੋਤੀ ਜੋਤ ਸਮਾ ਗਏ ਸਨ।” (ਪੰਨਾ 40

 ਹੁਣ ਆਪ ਜੀ ਇਸ ਨੂੰ ਭੁਲੇਖੇ ਨਾਲ ਲਿਖਿਆ ਗਿਆ ਜਾਂ ਪਰੂਫ ਰੀਡਰ ਦੀ ਗਲਤੀ ਵੀ ਨਹੀ ਕਹਿ ਸਕਦੇ, ਆਪ ਨੇ ਵਾਰ-ਵਾਰ ਇਹ ਲਿਖਿਆ ਹੈ। “ਗੁਰੂ ਨਾਨਕ ਸਾਹਿਬ 22 ਸਤੰਬਰ, 1540 (1539 ਨਹੀਂ) ਵਿਚ ਜੋਤੀ ਜੋਤ ਸਮਾਏ।… ਗੁਰੂ ਨਾਨਕ ਦੇਵ ਜੀ ਆਪਣੇ ਵਾਕ “ਆਵਨਿ ਅਠਤਰੈ ਜਾਨਿ ਸਤਾਨਵੈ” ਅਨੁਸਾਰ ਗੁਰੂ ਜੀ 22 ਸਤੰਬਰ, 1540 ਵਿਚ ਜੋਤੀ-ਜੋਤ ਸਮਾਏ ਸਨ।” (ਪੰਨਾ 72) ਵਿਦਵਾਨ ਜੀਓ, ਜੇ ‘ਜਾਨਿ ਸਤਾਨਵੈ’ ਦਾ ਭਾਵ ਗੁਰੂ ਜੀ ਦੇ ਜੋਤਿ ਜੋਤ ਸਮਾਉਣ ਦਾ ਸੰਮਤ 1597 ਬਿ. ਹੈ ਤਾਂ ‘ਆਵਨਿ ਅਠਤਰੈ’ ਦਾ ਕੀ ਭਾਵ ਹੈ? ਦੂਜੇ ਪਾਸੇ ਆਪ ਜੀ ਇਸੇ ਕਿਤਾਬ ਦੇ ਪੰਨਾ 71 ਤੇ ਲਿਖਦੇ ਹੋ, “ਜਦੋਂ ਗੁਰੂ ਅੰਗਦ ਦੇਵ ਜੀ ਦੇ ਸਮੇਂ ਦੀ ਗੱਲ ਕਰਨੀ ਹੈ ਤਾਂ ਗੁਰੂ ਨਾਨਕ ਦੇਵ ਜੀ ਦੀ ਰਾਗ ਤਿਲੰਗ ਵਿਚਲੀ ਇਹ ਤੁਕ ਬੜੀ ਹੀ ਮਹੱਤਤਾ ਰੱਖਦੀ ਹੈ।; ‘ਆਵਿਨ ਅਠਤਰੈ ਜਾਨਿ ਸਤਾਨਵੈ ਹੋਰੁ ਭੀ ਉਠਸੀ ਮਰਦ ਕਾ ਚੇਲਾ’ ਇਸ ਦਾ ਸਿੱਧਾ ਤੇ ਸਪੱਸ਼ਟ ਭਾਵ ਹੈ ਕਿ ਮੁਗਲ, ਜਿਹੜੇ 1578 ਬਿ. (1521 ਈ.) ਵਿਚ ਆਏ ਸਨ ਉਹ 1597 ਬਿ. (1540 ਈ.) ਵਿਚ ਚਲੇ ਗਏ ਹਨ ਅਤੇ ਉਨ੍ਹਾਂ ਦੀ ਥਾਂ ਤੇ ਇਕ ਹੋਰ ਮਰਦ ਦਾ ਚੇਲਾ ਤਖ਼ਤ ਉਪਰ ਬੈਠ ਗਿਆ।” (ਪੰਨਾ 71 ਅਤੇ ਕਿਸ਼ਤ ਪੰਜਵੀਂ)

ਡਾ ਸੁਖਦਿਆਲ ਸਿੰਘ ਜੀ, ਗੁਰਬਾਣੀ ਦੀ ਇਕੋ ਪੰਗਤੀ ਦੇ ਅਰਥ ਆਪ ਨੇ ਆਪਣੀ ਕਿਤਾਬ ਦੇ ਪੰਨਾ 71 ਦੇ ਹੋਰ ਕੀਤੇ ਹਨ ਅਤੇ ਪੰਨਾ 72 ਤੇ ਹੋਰ । ਪਰ ਆਪ ਜੀ ਦੂਜਿਆਂ ਲਈ ਲਿਖਦੇ ਹੋ, “ਨਾਨਕਸ਼ਾਹੀ ਕੈਲੰਡਰ ਨੂੰ ਤਿਆਰ ਕਰਨ ਵਾਲੇ ਜੋਤਸ਼ ਵਿੱਦਿਆ ਦੇ ਜਾਂ ਗਿਣਤ ਵਿੱਦਿਆ ਦੇ ਮਾਹਿਰ ਹੋ ਸਕਦੇ ਹਨ ਪਰ ਉਹ ਨਾ ਤਾਂ ਧਰਮ ਦੇ ਵਿਦਵਾਨ ਹਨ ਅਤੇ ਨਾ ਹੀ ਸਿੱਖ ਇਤਿਹਾਸ ਦੇ।” (ਕਿਸ਼ਤ ਪਹਿਲੀ) ਆਪ ਨੇ ਗੁਰੂ ਜੀ ਦੀ ਜਨਮ ਤਾਰੀਖ ਕੱਤਕ ਦੀ ਪੁਨਿਆਂ 1526 ਬਿ., ਜੋਤੀ ਜੋਤ ਸਮਾਉਣ ਦੀ ਤਾਰੀਖ  ਅੱਸੂ ਵਦੀ ਦਸਮੀ ਸੰਮਤ 1597 ਬਿ. ਅਤੇ ਕੁਲ ਉਮਰ 69 ਸਾਲ 10 ਮਹੀਨੇ 10 ਦਿਨ ਦਰਜ ਕੀਤੀ ਹੈ।  ਜਨਮ ਤਾਰੀਖ, ਕੁਲ ਉਮਰ ਅਤੇ ਜੋਤੀ ਜੋਤ ਸਮਾਉਣ ਦੀ ਤਾਰੀਖ `ਚ ਜੇ ਦੋ ਤੱਥਾਂ ਦੀ ਜਾਣਕਾਰੀ ਹੋਵੇ ਤਾਂ ਸਧਾਰਨ ਜਮਾ-ਘਟਾਓ ਕਰਕੇ ਤੀਜੇ ਤੱਥ ਦਾ ਪਤਾ ਲਾਇਆ ਜਾ ਸਕਦਾ ਹੈ।  ਆਪ ਜੀ ਨੇ ਤਿੰਨੇ ਹੀ ਤੱਥ ਲਿਖ ਦਿੱਤੇ ਹਨ। ਪਰ ਇਨ੍ਹਾਂ ਦੀ ਜਮਾ-ਘਟਾਓ ਕਰਨ ਨਾਲ ਕੋਈ ਮੇਲ ਨਹੀ ਬਣਦਾ। ਕਿੰਨਾ ਚੰਗਾ ਹੁੰਦਾ ਕਿ ਆਪ ਜੀ ਕਿਤਾਬ ਵਿੱਚ ਲਿਖਣ ਤੋਂ ਪਹਿਲਾ ਜਮਾ-ਘਟਾਓ ਕਰਕੇ ਪੜਤਾਲ ਕਰ ਲੈਂਦੇ। ਇਤਿਹਾਸਕਾਰ ਜੀ, ਤੁਹਾਡੇ ਵੱਲੋਂ ਗੁਰੂ ਜੀ ਦੇ ਜੋਤੀ ਜੋਤ ਸਮਾਉਣ ਦੀ ਤਾਰੀਖ, “ਅੱਸੂ ਵਦੀ ਦਸਮੀ ਸੰਮਤ 1597 ਬਿ. ਮੁਤਾਬਕ 22 ਸਤੰਬਰ 1540 ਈ. ਵਿਚ ਜੋਤੀ ਜੋਤ ਸਮਾ ਗਏ ਸਨ” ਵੀ ਪਰਖ ਕਸਵੱਟੀ ਤੇ ਪੂਰੀ ਨਹੀ ਉਤਰੀ। ਅੱਸੂ ਵਦੀ ਦਸਮੀ ਸੰਮਤ 1597 ਬਿ. ਨੂੰ 22 ਸਤੰਬਰ ਨਹੀ ਸਗੋਂ 27 ਅਗਸਤ ਸੀ, ਦੂਜੇ ਪਾਸੇ 22 ਸਤੰਬਰ 1540 ਨੂੰ ਅੱਸੂ ਵਦੀ ਦਸਮੀ ਨਹੀ ਸਗੋਂ ਕੱਤਕ ਵਦੀ 6 ਸੀ। ਆਪ ਜੀ ਨੇ ਗੁਰੂ ਜੀ ਦੇ ਜੋਤੀ ਜੋਤ ਸਮਾਉਣ ਦੀ ਤਾਰੀਖ ਅੱਸੂ ਵਦੀ 10 ਤਾਂ ਸਹੀ ਲਿਖੀ ਹੈ (ਪੰਨਾ 40) ਪਰ ਇਸੇ ਤਾਰੀਖ ਨੂੰ ਜੂਲੀਅਨ ਵਿਚ ਲਿਖਣ ਵੇਲੇ ਆਪ ਜੀ ਟਪਲਾ ਖਾ ਗਏ। ਅੱਸੂ ਵਦੀ 10 ਨੂੰ 7 ਸਤੰਬਰ 8 ਅੱਸੂ ਸੀ ਨਾ ਕਿ 22 ਸਤੰਬਰ। 22 ਸਤੰਬਰ ਤਾਂ ਅੱਸੂ ਸੁਦੀ ਦਸਮੀ ਨੂੰ ਸੀ । ਆਪ ਜੀ ਵਦੀ-ਸੁਦੀ ਦੇ ਚੱਕਰ ਵਿੱਚ ਉਲਝ ਕੇ ਪਹਿਲਾ ਅੱਸੂ ਵਦੀ ਦਸਮੀ ਲਿਖ ਦਿੱਤਾ ਅਤੇ ਨਾਲ ਹੀ 22 ਸਤੰਬਰ ਦੇ ਰੂਪ ਵਿੱਚ ਅੱਸੂ ਸੁਦੀ ਦਸਮੀ ਲਿਖ ਦਿੱਤਾ। ਦੱਸੋ ਹੁਣ ਤੁਹਾਡੀ ਲਿਖਤ ਤੋਂ ਕੋਈ ਕੀ ਸਮਝੇ?  ਨਾਨਕਸ਼ਾਹੀ ਕੈਲੰਡਰ ਵਿੱਚ ਵੀ ਇਹ ਤਾਰੀਖ ਅੱਸੂ ਵਦੀ 10 ਮੁਤਾਬਕ 8 ਅੱਸੂ ਹੀ ਦਰਜ ਹੈ।

ਗੁਰੂ ਅੰਗਦ ਦੇਵ ਜੀ ਜਨਮ ਅਤੇ ਜੋਤੀ ਜੋਤ ਸਮਾਉਣ ਦੀ ਤਾਰੀਖ, ਗਰੂ ਅਮਰਦਾਸ ਜੀ ਦੇ ਜਨਮ ਦੀ ਤਾਰੀਖ, ਗੁਰੂ ਰਾਮ ਦਾਸ ਜੀ ਦੇ ਜਨਮ ਅਤੇ ਜੋਤੀ ਜੋਤ ਸਮਾਉਣ ਦੀ ਤਾਰੀਖ, ਗੁਰੂ ਅਰਜਨ ਦੇਵ ਜੀ ਦੇ ਜਨਮ ਦਾ ਸਾਲ (ਆਪ ਨੇ ਤਾਰੀਖ ਨਹੀਂ ਲਿਖੀ) ਅਤੇ ਸ਼ਹੀਦੀ ਦੀ ਤਾਰੀਖ ਤਾਂ ਆਪ ਜੀ ਨੇ ਆਪਣੀ ਕਿਤਾਬ ਵਿਚ ਉਹੀ ਦਰਜ ਕੀਤੀਆਂ ਹਨ ਜੋ ਨਾਨਕਸ਼ਾਹੀ ਕੈਲੰਡਰ ਵਿੱਚ ਦਰਜ ਹਨ। ਗੁਰੂ ਹਰਿਗੋਬਿੰਦ ਜੀ ਦੇ ਜਨਮ ਦੀ ਤਾਰੀਖ ਆਪ ਨੇ 9 ਜੂਨ 1595 ਈ. ਲਿਖੀ ਹੈ (ਪੰਨਾ 146) ਆਪ ਨੇ ਬਿਕ੍ਰਮੀ ਕੈਲੰਡਰ ਦੀ ਕੋਈ ਤਾਰੀਖ ਦਰਜ ਨਹੀ ਕੀਤੀ। ਉਂਝ 9 ਜੂਨ 1595 ਈ. ਮੁਤਾਬਕ 11 ਹਾੜ, ਜੇਠ ਸੁਦੀ 12, ਸੰਮਤ 1652 ਬਿ. ਦਿਨ ਸੋਮਵਾਰ ਸੀ। ਕੈਲੰਡਰ ਕਮੇਟੀ ਨੇ ਗੁਰੂ ਹਰਿਗੋਬਿੰਦ ਜੀ ਦੇ ਜਨਮ ਦੀ ਤਾਰੀਖ 21 ਹਾੜ, ਹਾੜ ਵਦੀ 7 ਸੰਮਤ 1652 ਬਿ. ਮੁਤਾਬਕ 19 ਜੂਨ 1595 ਈ. (ਜੂਲੀਅਨ) ਨੂੰ ਸਹੀ ਮੰਨਿਆ ਹੈ। ਸ਼ਾਇਦ ਤੁਹਾਡੇ ਵੱਲੋਂ ਲਿਖੀ ਗਈ ਤਾਰੀਖ `ਚ ਕੋਈ ਭੁਲ ਹੋਵੇ, 19 ਜੂਨ ਦੀ ਥਾਂ 9 ਲਿਖਿਆ ਗਿਆ ਹੋਵੇ। ਆਪ ਜੀ ਵੱਲੋਂ ਭੱਟ ਵਹੀ ਦਾ ਹਵਾਲਾ ਦਿੱਤਾ ਗਿਆ ਹੈ ਉਸ ਵਿੱਚ ਵੀ 21 ਹਾੜ ਹੀ ਦਰਜ ਹੈ ਪਰ ਸੰਮਤ ‘ਸੰਤਰਾਂ ਸੈ ਸੰਤਾਲੀਸ’ ਗਲਤ ਹੈ। ਸਪੱਸ਼ਟ ਹੈ ਕਿ ਤੁਹਾਡੇ ਵੱਲੋਂ ਲਿਖੀ ਗਈ 9 ਜੂਨ ਗਲਤ ਹੈ। ਗੁਰੂ ਹਰਿ ਰਾਏ ਜੀ ਦੇ ਜਨਮ ਦੀ ਤਾਰੀਖ ਆਪ ਨੇ 13 ਮਾਘ ਸੰਮਤ 1686 ਬਿ. ਮੁਤਾਬਕ 30 ਜਨਵਰੀ 1630 ਈ. ਲਿਖੀ ਹੈ। ਇਸ  ਤਾਰੀਖ ਦੀ ਪੜਤਾਲ ਹੋ ਸਕਦੀ ਹੈ। 13 ਮਾਘ 1686 ਬਿ. ਨੂੰ 30 ਜਨਵਰੀ ਨਹੀਂ ਸਗੋਂ 10 ਜਨਵਰੀ ਸੀ ਦੂਜੇ ਪਾਸੇ 30 ਜਨਵਰੀ 1630 ਨੂੰ 13 ਮਾਘ ਨਹੀ ਸਗੋਂ 4 ਫੱਗਣ ਸੀ। ਸਪੱਸ਼ਟ ਹੈ ਕਿ ਆਪ ਜੀ ਵੱਲੋਂ ਲਿਖੀ ਗਈ ਤਾਰੀਖ ਵਿੱਚ ਕਿਤੇ ਨਾ ਕਿਤੇ ਗਲਤੀ ਜਰੂਰ ਹੈ। ਨਾਨਕਸ਼ਾਹੀ ਕੈਲੰਡਰ ਵਿੱਚ ਇਹ ਤਾਰੀਖ 19 ਮਾਘ ਦਰਜ ਹੈ ਜਿਸ ਮੁਤਾਬਕ ਇਹ ਮਾਘ ਸੁਦੀ 13 ਸੰਮਤ 1686 ਬਿ. ਬਣਦੀ ਹੈ। ਹੁਣ ਜੇ ਆਪ ਜੀ ਸਮਝਦੇ ਹੋ ਕਿ ਨਾਨਕਸ਼ਾਹੀ ਕੈਲੰਡਰ ਦੀ ਤਾਰੀਖ ਗਲਤ ਹੈ ਤੇ ਤੁਹਾਡੇ ਵੱਲੋਂ ਲਿਖੀ ਗਈ ‘13 ਮਾਘ ਸੰਮਤ 1686 ਬਿ. ਮੁਤਾਬਕ 30 ਜਨਵਰੀ 1630 ਈ’ ਸਹੀ ਹੈ ਤਾਂ  ਆਪਣਾ ਪੱਖ ਪੇਸ਼ ਕਰੋ। ਉਂਝ, ਜੇ ਤੁਹਾਡੇ ਵੱਲੋਂ ਲਿਖੀ ਗਈ ਤਾਰੀਖ, 13 ਮਾਘ ਨੂੰ ਮਾਘ ਸੁਦੀ 13 ਕਰ ਦੇਈਏ ਤਾਂ ਇਹ ਸਮੱਸਿਆ ਆਪਣੇ ਆਪ ਹੀ ਹਲ ਹੋ ਜਾਂਦੀ ਹੈ। ਗੁਰੂ ਹਰਿ ਰਾਏ ਜੀ ਜੋਤੀ ਜੋਤ ਸਮਾਉਣ ਦੀ ਤਾਰੀਖ ਨਾਨਕਸ਼ਾਹੀ ਕੈਲੰਡਰ ਨਾਲ ਮੇਲ ਖਾਦੀ ਹੈ। “ਗੁਰੂ ਹਰਿ ਕ੍ਰਿਸ਼ਨ ਜੀ ਦਾ ਜਨਮ ਦੀ ਤਾਰੀਖ ਆਪ ਨੇ, “ਨੌਂ ਸਾਵਣ ਵਦੀ 10 ਦਿਨ ਬੁਧਵਾਰ ਸੰਮਤ 1713 ਬਿ. ਮੁਤਾਬਕ 7 ਜੁਲਾਈ 1656 ਈ” ਦਰਜ ਕੀਤੀ ਹੈ (ਪੰਨਾ 189) ਇਸ ਤਾਰੀਖ ਦੇ ਲਿਖਣ (ਨੌਂ ਸਾਵਣ ਵਦੀ 10 ਦਿਨ ਬੁਧਵਾਰ) ਵਿਚ ਗੜਬੜ ਹੈ। ਇਹ ਤਾਰੀਖ ਇਸ ਤਰ੍ਹਾਂ, “ਨੌ ਸਾਵਣ, ਸਾਵਣ ਵਦੀ 10 ਦਿਨ ਬੁਧਵਾਰ” ਹੋਣੀ ਚਾਹੀਦੀ ਹੈ। ਆਓ ਹੁਣ ਇਸ ਤਾਰੀਖ ਦੀ ਪੜਤਾਲ ਕਰੀਏ; 7 ਜੁਲਾਈ 1656 ਈ. ਮੁਤਾਬਕ ਅੱਠ ਸਾਵਣ, ਸਾਵਣ ਵਦੀ 10 ਸੀ। ਇਹ ਤਾਰੀਖ ਹੀ ਨਾਨਕਸ਼ਾਹੀ ਕੈਲੰਡਰ ਵਿੱਚ ਦਰਜ ਹੈ। ਸਪੱਸ਼ਟ ਹੈ ਕਿ ਆਪ ਜੀ ਵੱਲੋਂ ਲਿਖੀ ਗਈ ਤਾਰੀਖ (ਨੌ ਸਾਵਣ ਵਦੀ 10 ਦਿਨ ਬੁਧਵਾਰ) ਵੀ ਸਹੀ ਨਹੀਂ ਹੈ। ਗੁਰੂ ਜੀ ਦੇ ਜੋਤੀ ਜੋਤ ਸਮਾਉਣ ਦੀ ਤੁਸੀਂ ਵੀ ਨਾਨਕਸ਼ਾਹੀ ਕੈਲੰਡਰ ਵਾਲੀ ਹੀ ਲਿਖੀ ਹੈ। ਗੁਰੂ ਤੇਗ ਬਹਾਦਰ ਜੀ ਦੀ ਜਨਮ ਅਤੇ ਸ਼ਹੀਦੀ ਤਾਰੀਖ ਵੀ ਆਪ ਜੀ ਨੇ ਨਾਨਕਸ਼ਾਹੀ ਕੈਲੰਡਰ ਵਾਲੀਆਂ ਹੀ ਲਿਖੀਆਂ ਹਨ। ਗੁਰੂ ਗੋਬਿੰਦ ਸਿੰਘ ਜੀ ਨਾਲ ਸਬੰਧਿਤ ਤਾਰੀਖਾਂ ਦੀ ਵਿਚਾਰ ਉਪਰ ਹੋ ਚੁੱਕੀ ਹੈ। ਤੁਹਾਡੇ ਵੱਲੋਂ ਆਪਣੀ ਕਿਤਾਬ ਵਿੱਚ ਲਿਖੀਆਂ ਗਈਆਂ ਤਾਰੀਖਾਂ ਦੀ ਪੜਤਾਲ ਤੋਂ ਇਹ ਸਾਹਮਣੇ ਆਇਆ ਹੈ ਕਿ ਨਾਨਕਸ਼ਾਹੀ ਕੈਲੰਡਰ ਕਮੇਟੀ ਵੱਲੋਂ ਪ੍ਰਵਾਨੀਆਂ ਗਈਆਂ ਤਾਰੀਖਾਂ ਅਤੇ ਤੁਹਾਡੇ ਵੱਲੋਂ ਆਪਣੀ ਕਿਤਾਬ ਵਿੱਚ ਲਿਖੀਆਂ ਗਈਆਂ ਤਾਰੀਖਾਂ ਵਿਚ ਗੁਰੂ ਨਾਨਕ ਜੀ ਦੇ ਜਨਮ ਅਤੇ ਦੀ ਤਾਰੀਖ ਤੋਂ ਬਿਨਾ ਕੋਈ ਖਾਸ ਅੰਤਰ ਨਹੀ ਹੈ। ਤਾਂ ਆਪ ਜੀ ਵੱਲੋਂ ਵਿਰੋਧ ਦਾ ਕੀ ਕਾਰਨ ਹੈ? ਉਹ ਤਾਂ ਵਿਰੋਧ ਕਰਨ ਜਿਨ੍ਹਾਂ ਦੇ ਮਹਾਂਪੁਰਖਾਂ/ਬ੍ਰਹਮ ਗਿਆਨੀਆਂ ਵੱਲੋਂ ਦੱਸੀਆਂ ਗਈਆਂ ਤਾਰੀਖਾਂ ਜਾਂ ਜਿਨ੍ਹਾਂ ਲਿਖਾਰੀਆਂ/ਇਤਿਹਾਸਕਾਰਾਂ ਵੱਲੋਂ ਆਪਣੀਆਂ ਕਿਤਾਬਾਂ ਵਿੱਚ ਲਿਖੀਆਂ ਤਾਰੀਖਾਂ ਗਲਤ ਸਾਬਿਤ ਹੁੰਦੀਆਂ ਹਨ। ਆਪ ਜੀ ਨੇ ਇਕ-ਅੱਧ ਤਾਰੀਖ ਨੂੰ ਛੱਡ ਕੇ ਸਾਰੀਆਂ ਤਾਰੀਖਾਂ ਨਾਲ ਲਿਖਤੀ ਰੂਪ ਵਿੱਚ ਸਹਿਮਤੀ ਪ੍ਰਗਟ ਕੀਤੀ ਹੈ। ਫੇਰ ਵੀ ਆਪ ਵੱਲੋਂ ਵਿਰੋਧ…?

ਡਾ ਸੁਖਦਿਆਲ ਸਿੰਘ ਜੀ, ਆਪ ਨੂੰ ਨਾਨਕਸ਼ਾਹੀ ਕੈਲੰਡਰ ਦੀ ਵਿਰੋਧਤਾ ਕਰਨ ਦਾ ਅਧਿਕਾਰ ਹੈ, ਪਰ ਨਿਮਰਤਾ ਸਹਿਤ ਬੇਨਤੀ ਹੈ ਕਿ ਵਿਰੋਧ ਕਰਨ ਲਈ ਹੀ ਵਿਰੋਧ ਨਾ ਕਰੋ। ਜਿਹੜੇ ਵਿਸ਼ੇ ਤੇ ਲਿਖ ਰਹੇ ਜਾਂ ਅਲੋਚਨਾ ਕਰ ਰਹੇ ਹੋ, ਘੱਟੋ ਘੱਟ ਉਸ ਵਿਸ਼ੇ ਬਾਰੇ ਮੁੱਢਲੀ ਜਾਣਕਾਰੀ ਤਾਂ ਹਾਸਿਲ ਕਰੋ। ਅੱਜ ਉਹ ਜ਼ਮਾਨਾ ਨਹੀਂ ਰਿਹਾ ਕਿ ਤੁਹਾਡੇ ਨਾਮ ਨਾਲ ਲੱਗੀਆਂ ਉਪਾਧੀਆਂ (ਡਾ, ਐ ਏ, ਪੀ ਐਚ ਡੀ, ਸਾਬਕਾ ਮੁਖੀ ਇਤਿਹਾਸ ਵਿਭਾਗ, ਪ੍ਰੋਜੈਕਟ ਡਾਇਰੈਕਟਰ, ਪੰਜਾਬੀ ਯੂਨੀਵਰਸਿਟੀ ਪਟਿਆਲਾ) ਵੇਖ ਕੇ ਹੀ ਤੁਹਾਡੇ ਲਿਖੇ ਨੂੰ ਸੱਤ ਕਰਕੇ ਮੰਨ ਲਿਆ ਜਾਵੇਗਾ। ਆਪ ਜੀ ਦੇ ਬਚਨ, “ਕੀ ਅਸੀਂ ਬਿਕ੍ਰਮੀ ਸੰਮਤ ਨੂੰ ਰੱਦ ਕਰਕੇ ਆਪਣੀ ਗੁਲਾਮੀ ਪੱਕੀ ਤਾਂ ਨਹੀ ਕਰ ਰਹੇ? ਜਾਂ ਕੀ ਅਸੀਂ  ਬਿਕ੍ਰਮੀ ਸੰਮਤ ਨੂੰ ਰੱਦ ਕਰਕੇ ਆਪਣੇ ਆਪ ਹੀ ਇਤਿਹਾਸ ਨੂੰ ਮਿਟਾ ਰਹੇ ਹਾਂ? ਪਾਲ ਸਿੰਘ ਪੁਰੇਵਾਲ ਜੈਸੇ ਵਿਦੇਸ਼ਾਂ ਵਿਚ ਬੈਠੇ ਲੋਕਾਂ ਨੂੰ ਅਤੇ ਉਸ ਦੇ ਪਿੱਛਲਗ ਸਿੱਖ ਵਿਦਵਾਨਾਂ ਨੂੰ ਇਨ੍ਹਾਂ ਗੱਲਾ ਦਾ ਪਤਾ ਨਹੀ ਹੈ।” (ਕਿਸ਼ਤ ਅੱਠਵੀਂ)  ਇਥੇ ਫੇਰ ਮਜ਼ਬੂਰੀ ਵੱਸ ਮੈਨੂੰ ਇਹ ਲਿਖਣਾ ਪੈ ਰਿਹਾ ਹੈ ਕਿ ਜੇ ਤੁਸੀਂ ਨਾਨਕਸ਼ਾਹੀ ਕੈਲੰਡਰ ਦੀ ਭੂਮਿਕਾ ਪੜ੍ਹੀ ਹੁੰਦੀ ਜਾਂ ਤੁਹਾਨੂੰ ਕੈਲੰਡਰ ਦਾ ਮੁਢਲਾ ਗਿਆਨ ਹੁੰਦਾ ਤਾਂ ਅਜੇਹੇ ਹਲਕੇ ਪੱਧਰ ਦੇ ਸ਼ਬਦ ਲਿਖਣ ਦੀ ਲੋੜ ਨਹੀ ਸੀ ਪੈਣੀ। ਡਾ ਸੁਖਦਿਆਲ ਸਿੰਘ ਜੀ, ਜੇ ਤੁਹਾਡੇ `ਚ ਸਮਰੱਥਾ ਹੈ ਤਾਂ ਨਾਨਕਸ਼ਾਹੀ ਕੈਲੰਡਰ ਦੀ ਭੂਮਿਕਾ ਵਿੱਚ ਲਿਖੇ ਹੋਏ ਇਨ੍ਹਾਂ ਸ਼ਬਦਾਂ, “ਜੇਕਰ ਬਿਕ੍ਰਮੀ ਕੈਲੰਡਰ ਮੌਜੂਦਾ ਰੂਪ ਵਿੱਚ ਚਲਦਾ ਰਿਹਾ ਤਾਂ ਗੁਰਬਾਣੀ ਵਿੱਚ ਮਹੀਨਿਆਂ ਦਾ ਮੌਸਮਾਂ ਅਤੇ ਰੁੱਤਾ ਨਾਲੋਂ ਸਬੰਧ ਟੁੱਟ ਜਾਵੇਗਾ” ਨੂੰ ਗਲਤ ਸਾਬਿਤ ਕਰੋ। 

ਡਾ ਸੁਖਦਿਆਲ ਸਿੰਘ ਜੀ ਲਿਖਦੇ ਹਨ, “ਹੁਕਮਨਾਮੇ ਕਾਫੀ ਸਾਰੇ ਹਨ ਜਿਨ੍ਹਾਂ ਉਪਰ ਦੋਵੇਂ ਕਿਸਮ ਦੀਆਂ ਸੁਦੀ-ਵਦੀ ਅਤੇ ਸੰਗਰਾਂਦ ਦੀਆਂ ਮਿਤੀਆਂ ਹਨ। ਕੀ ਅਸੀਂ ਬਿਕਰਮੀ ਸੰਮਤ ਨੂੰ ਰੱਦ ਕਰਕੇ ਗੁਰੂ ਸਾਹਿਬ ਵੱਲੋਂ ਲਿਖੇ ਇਨ੍ਹਾਂ ਪਵਿੱਤਰ ਹੁਕਮਨਾਮਿਆਂ ਨੂੰ ਵੀ ਰੱਦ ਕਰ ਦੇਵਾਂਗੇ? ਮੈਨੂੰ ਇਹ ਗੱਲ ਸਮਝ ਨਹੀਂ ਆ ਰਹੀ ਕਿ ਇਹ ਸਿਖ ਵਿਦਵਾਨ ਕਰ ਰਹੇ ਹਨ ਜਾਂ ਸਿੱਖਾਂ ਦੇ ਕੋਈ ਦੋਖੀ ਵਿਅਕਤੀ ਕਰ ਰਹੇ ਹਨ?”  ਇਤਿਹਾਸ ਵਿਭਾਗ ਦੇ ਸਾਬਕਾ ਮੁਖੀ ਜੀਓ, ਇਹ ਕਿਹੜਾ ਅਲਜਬਰੇ ਦਾ ਸਵਾਲ ਹੈ ਜੋ ਤੁਹਾਨੂੰ ਸਮਝਣ `ਚ ਮੁਸ਼ਕਲ ਆ ਰਹੀ ਹੈ? ਜਦੋ ਉਸ ਵੇਲੇ ਦੋ ਕੈਲੰਡਰ ਪ੍ਰਚੱਲਤ ਸਨ ਤਾਂ  ਉਨ੍ਹਾਂ ਵਿੱਚ ਹੀ ਤਰੀਖਾਂ ਲਿਖੀਆਂ ਜਾਣੀਆਂ ਸਨ। ਮਿਸਾਲ ਵੱਜੋਂ; ਗੁਰੂ ਗੋਬਿੰਦ ਸਿੰਘ ਜੀ ਵੱਲੋਂ ਨਉਸ਼ਹਰੇ ਦੀ ਸੰਗਤ ਨੂੰ ਲਿਖੇ ਹੁਕਮਨਾਮੇ ਤੇ ਫੱਗਣ 10 ਸੰਮਤ 1758 ਬਿ. ਦੀ ਤਾਰੀਖ ਹੈ। (ਹੁਕਮਨਾਮੇ ਪੰਨਾ 176-77) ਇਸ ਦੇ ਨਾਲ ਹੀ ਜੂਲੀਅਨ ਦੀ ਤਾਰੀਖ ਵੀ ਡਾ ਗੰਡਾ ਸਿੰਘ ਨੇ 6 ਫਰਵਰੀ 1702 ਵੀ ਲਿਖੀ ਹੋਈ ਹੈ। ਜੇ ਇਹ ਤਾਰੀਖ ਨਾਨਕ ਸ਼ਾਹੀ ਕੈਲੰਡਰ ਵਿੱਚ ਦਰਜ ਕਰਨੀ ਹੋਵੇ ਤਾਂ ਇਹ 10 ਫੱਗਣ ਹੀ ਹੋਵੇਗੀ। ਜੂਲੀਅਨ ਕੈਲੰਡਰ ਵਿੱਚ ਇਹ 6 ਫਰਵਰੀ ਬਣਦੀ ਸੀ, ਅੱਜ ਨਾਨਕ ਸ਼ਾਹੀ ਮੁਤਾਬਕ ਇਹ 21 ਫਰਵਰੀ ਬਣਦੀ ਹੈ। ਹੁਣ ਆਪ ਜੀ ਇਸ ਸਵਾਲ ਦਾ ਜਵਾਬ ਦਿਓ ਕਿ ਇਹ ਹੁਕਮਨਾਮਾ ਰੱਦ ਕਿਵੇਂ ਹੋ ਗਿਆ? ਆਪ ਜੀ ਨੇ ਵੈਸਾਖੀ ਦਾ ਜਿਕਰ ਵੀ ਕੀਤਾ ਹੈ। ਵੈਸਾਖੀ 1469 ਵਿਚ 1 ਵੈਸਾਖ/27 ਮਾਰਚ (ਜੂਲੀਅਨ) ਨੂੰ ਸੀ, 1699 ਵਿੱਚ 1 ਵੈਸਾਖ/ 29 ਮਾਰਚ (ਜੂਲੀਅਨ) ਨੂੰ ਸੀ ਅਤੇ 1999 ਵਿੱਚ 1 ਵੈਸਾਖ/14 ਅਪ੍ਰੈਲ (ਗਰੈਗੋਰੀਅਨ) ਨੂੰ ਆਈ ਸੀ ਅਤੇ ਜੇ ਤੁਹਾਡਾ ਬਿਕ੍ਰਮੀ ਕੈਲੰਡਰ ਇਸੇ ਤਰ੍ਹਾਂ ਹੀ ਲਾਗੂ ਰਿਹਾ ਤਾਂ ਸੰਨ 3000 ਈ. ਵਿੱਚ 27 ਅਪ੍ਰੈਲ ਨੂੰ ਆਵੇਗੀ। ਜਦੋ ਕਿ ਨਾਨਕਸ਼ਾਹੀ ਕੈਲੰਡਰ ਮੁਤਾਬਕ ਸਦਾ ਹੀ 1 ਵੈਸਾਖ/14 ਅਪ੍ਰੈਲ ਨੂੰ ਆਵੇਗੀ। ਦੱਸੋ ਇਸ `ਚ ਆਪ ਜੀ ਨੂੰ ਕੀ ਇਤਰਾਜ਼ ਹੈ? ਦੂਜੇ ਪਾਸੇ ਆਪ ਜੀ ਸਾਲ ਦਾ ਅਰੰਭ ਵੈਸਾਖ ਤੋਂ ਕਰਨ ਦੀ ਵਕਾਲਤ ਕਰਦੇ ਹੋ। ਬੇਨਤੀ ਹੈ ਕਿ ਨਵੇਂ ਸਾਲ ਦਾ ਅਰੰਭ 1 ਵੈਸਾਖ ਤੋਂ ਕਰਕੇ ਤੁਸੀਂ ਨਵਾ ਕੈਲੰਡਰ ਪੇਸ਼ ਕਰੋ ਆਪਾਂ ਉਸ `ਤੇ ਵਿਚਾਰ ਕਰਾਂਗੇ, ਜੇ ਉਹ ਨਾਨਕਸ਼ਾਹੀ ਤੋਂ ਵਧੀਆ ਹੋਇਆ ਤਾਂ ਮੈਂ ਸਭ ਤੋਂ ਪਹਿਲਾ ਵਿਅਕਤੀ ਹੋਵਾਂਗਾ ਜੋ ਉਸ ਦਾ ਪ੍ਰਚਾਰ ਕਰੇਗਾ।

ਅਸਲ ਵਿਚ ਤੁਹਾਡੀ ਸਮੱਸਿਆ ਹੋਰ ਹੈ। ਤੁਸੀਂ ਵਦੀਆਂ-ਸੁਦੀਆਂ ਨੂੰ ਛੱਡਣਾ ਨਹੀ ਚਾਹੁੰਦੇ। ਆਪ ਜੀ ਦੇ ਬਚਨ, “ਬਿਕਰਮੀ ਸੰਮਤ ਨੂੰ ਰੱਦ ਕਰਕੇ ਜਾਂ ਚੰਦਰਮਾ ਦੀਆਂ ਸੁਦੀਆਂ-ਵਦੀਆਂ ਨੂੰ ਰੱਦ ਕਰਕੇ ਅਸੀਂ ਚਲ ਹੀ ਨਹੀ ਸਕਦੇ।” (ਕਿਸ਼ਤ ਨੌਵੀਂ) ਚਲੋ! ਤੁਹਾਡੀਆਂ ਵਦੀਆਂ-ਸੁਦੀਆਂ ਵੀ ਪ੍ਰਵਾਨ। ਪਰ ਇਕ ਸ਼ਰਤ ਤੇ! ਹੋਵੋ ਇਕ ਬੇੜੀ `ਚ ਸਵਾਰ। ਕਰੋ ਐਲਾਨ ਕਿ ਵੈਸਾਖੀ, 1 ਵੈਸਾਖ ਨੂੰ ਨਹੀਂ ਚੇਤ ਸੁਦੀ 9 ਨੂੰ ਮਨਾਈ ਜਾਵੇਗੀ। ਕੀ ਆਪ ਜੀ ਨੂੰ ਇਹ ਸ਼ਰਤ ਪ੍ਰਵਾਨ ਹੈ? ਅੱਗੇ ਆਪ ਜੀ ਲਿਖਦੇ ਹੋ, “ਨਾਨਕ ਸ਼ਾਹੀ ਕੈਲੰਡਰ ਦੇ ਅੱਜ ਦੇ ਵਿਦਵਾਨ ਵੀ, ਪੁਰੇਵਾਲ ਜੈਸੇ ਅਤੇ ਹੋਰ, ਇਸ ਕੈਲੰਡਰ ਨੂੰ ਵਿਸਾਖ ਸੁਦੀ ਤੀਜ ਤੋਂ ਹੀ ਸ਼ੁਰੂ ਕਰਨਾ ਚਾਹੁੰਦੇ ਹਨ ਪਰ ਸਿੱਖ ਜਗਤ ਦੀ ਅਵਾਜ਼ ਬਹੁਤ ਤਕੜੀ ਹੈ ਇਸ ਕਰਕੇ ਇਹ ਲੋਕ ਆਪਣੇ ਕੰਮਾਂ ਵਿਚ ਕਾਮਯਾਬ ਨਹੀਂ ਹੋ ਸਕੇ।” (ਕਿਸ਼ਤ ਨੌਵੀਂ) ਡਾ ਸੁਖਦਿਆਲ ਸਿੰਘ ਜੀ ਤੁਹਾਡਾ ਇਹ ਦਾਵਾ ਉਨ੍ਹਾਂ ਚਿਰ, 101% ਝੂਠ ਮੰਨਿਆ ਜਾਵੇਗਾ ਜਿੰਨਾ ਚਿਰ ਆਪ ਜੀ ਮੰਨਣ ਯੋਗ ਸਬੂਤ ਪੇਸ਼ ਨਹੀ ਕਰਦੇ। ਇਤਿਹਾਸਕਾਰ ਜੀਓ, ਜੇ ਇਜਾਜ਼ਤ ਦਿਓ ਤਾ ਇਕ ਹੋਰ ਸਵਾਲ ਕਰਾਂ, ਕੀ ਸ਼੍ਰੋਮਣੀ ਕਮੇਟੀ ਵੱਲੋਂ ਜਾਰੀ ਕੀਤਾ ਜਾਂਦਾ ਬਿਕ੍ਰਮੀ ਕੈਲੰਡਰ (2003 ਤੋਂ ਪਹਿਲਾ ਜਾਂ 2010 ਤੋਂ ਪਿਛੋਂ) ਉਹੀ ਹੈ, ਜੋ ਗੁਰੂ ਕਾਲ ਵੇਲੇ ਲਾਗੂ ਸੀ?

ਆਪ ਜੀ ਨੇ 1925 ਈ. ਦੇ ਕਨੂੰਨ ਮੁਤਾਬਕ ਬਣੀ ਸ਼੍ਰੋਮਣੀ ਕਮੇਟੀ ਦੇ ਪਹਿਲੇ ਇਜਲਾਸ ਵਿਚ ਪਾਸ ਕੀਤੇ ਗਏ ਇਕ ਮਤੇ ਦਾ ਜਿਕਰ ਕੀਤਾ ਹੈ। ਪਰ ਆਪ ਨੇ ਇਸ ਦਾ ਵਸੀਲਾ ਨਹੀ ਦੱਸਿਆ। ਚਲੋ! ਤੁਹਾਡੀ ਮਰਜ਼ੀ, ਤੁਹਾਨੂੰ ਤਾ ਪਤਾ ਹੀ ਹੈ, ਪਾਠਕਾਂ ਦੀ ਜਾਣਕਾਰੀ ਲਈ ਇਹ ਦੱਸਣਾ ਜਰੂਰੀ ਹੈ ਕਿ ਇਹ ਮਤਾ ‘ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪੰਜਾਹ ਸਾਲਾ ਇਤਿਹਾਸ’ ਦੇ ਪੰਨਾ 33 ਤੇ ਦਰਜ ਹੈ। ਇਸ ਕਿਤਾਬ ਵਿੱਚ ਆਮ ਤੌਰ ਤੇ ਅੰਗਰੇਜੀ ਕੈਲੰਡਰ ਦੀਆਂ ਤਾਰੀਖਾਂ ਹੀ ਦਰਜ ਹਨ। ਪਹਿਲੀ ਤਾਰੀਖ ਜੋ ਪੰਨਾ 27 ਤੇ ਦਰਜ ਹੈ ਉਹ ਇਸ ਤਰ੍ਹਾਂ ਹੈ, “ਪਹਿਲੀ ਇਕੱਤਰਤਾ ੧੭ ਅੱਸੂ, ਸੰਮਤ ੪੫੭ ਨਾ. ਸ਼ਾ. ਮੁਤਾਬਕ ੨ ਅਕਤੂਬਰ, ੧੯੨੬ ਨੂੰ ਦਿਨ ਸ਼ਨਿਚਰਵਾਰ”,  ਇਸ ਤੋਂ ਅਗਲੀ ਤਾਰੀਖ, “ ੩੦ ਫੱਗਣ ਸੰਮਤ ੪੫੮ ਗੁ. ਨਾ. ਮੁਤਾਬਿਕ  ੧੩-੩-੧੯੨੭ ਈ” (ਪੰਨਾ 35) , “ ੬-੭ ਮਾਘ ਸੰਮਤ ੪੫੮ ਨਾ. ਸ਼ਾ.” (ਪੰਨਾ 38), “੩੧ ਚੇਤ ਸੰ: ੪੫੮ ਨਾ. ਸ਼ਾ; ਮੁਤਾਬਕ ੩ ਅਪ੍ਰੈਲ ਸੰਨ ੧੯੨੭ ਨੂੰ” (ਪੰਨਾ 43), “ਮਿਤੀ ੨੨ ਅਸੂ ਸੰਮਤ ਨਾ. ਸ਼ਾ. ਮੁਤਾਬਕ ੮-੧੦-੧੯੨੭ ਨੂੰ” (ਪੰਨਾ 47), “ਜੋ ਮਿਤੀ ੧੦ ਮਾਰਚ ਸੰਨ ਮੁਤਾਬਕ ੨੮ ਫੱਗਣ ਸੰਮਤ ੪੫੮ ਨਾ. ਸ਼ਾ. ਨੂੰ” ਅਤੇ ੧੯ ਚੇਤਰ ਸੰਮਤ ੪੫੯ ਨਾ. ਸ਼ਾ ਮੁਤਾਬਕ ੩੦ ਮਾਰਚ ੧੯੨੮ ਨੂੰ” (ਪੰਨਾ 49) ਦਰਜ ਹੈ। ਮੈਂ ਇਸ ਕਿਤਾਬ ਦੇ ਪਹਿਲੇ 50 ਪੰਨਿਆਂ ਤੇ ਪੰਛੀ ਝਾਤ ਮਾਰੀ ਹੈ। ਇਨ੍ਹਾਂ ਪੰਨਿਆਂ ਤੇ ਜਿੰਨੀਆਂ ਵੀ ਤਾਰੀਖਾਂ ਦਰਜ ਹਨ, ਉਹ ਈ: ਸੰਨ ਜਾਂ ਨਾਨਕਸ਼ਾਹੀ ਸੰਮਤ ਵਿਚ ਹੀ ਲਿਖੀਆਂ ਹੋਈਆਂ ਹਨ ਮੈਨੂੰ ਤਾਂ, ਤੁਹਾਡੇ ਕਥਨ ਮੁਤਾਬਕ ਖਾਲਸਾ ਸੰਮਤ, ਜੋ ਇਨ੍ਹਾਂ ਸਾਲਾ ਵਿੱਚ 228-229 ਹੋਣਾ ਚਾਹੀਦਾ ਸੀ ਕਿਤੇ ਨਜ਼ਰ ਨਹੀਂ ਆਇਆ। ਹੋ ਸਕਦਾ ਹੈ ਮੈਂ ਕਿਤੇ ਗਲਤੀ ਕਰ ਗਿਆ ਹੋਵਾਂ। ਪਰ ਮੇਰਾਂ ਮਨ ਕਹਿੰਦਾ ਹੈ ਕਿ ਇਨ੍ਹਾਂ ਪੰਨਿਆਂ ਤੇ ਖਾਲਸਾ ਸੰਮਤ ਕਿਤੇ ਨਾ ਕਿਤੇ ਦਰਜ ਜਰੂਰ ਹੋਵੇਗਾ, ਹੋਰ ਕਿਤੇ ਇਤਿਹਾਸ ਵਿਭਾਗ ਦੇ ਮੁਖੀ ਨੇ ਐਵੇ ਥੋੜਾ ਲਿਖ ਦਿੱਤਾ!  ਡਾ ਸੁਖਦਿਆਲ ਸਿੰਘ ਜੀ, ਆਪ ਨੇ ਤਾਂ ਜਰੂਰ ਪੜ੍ਹਿਆਂ ਹੋਵੇਗਾ, ਬੇਨਤੀ ਹੈ ਕਿ ਜੇ ਆਪ ਜੀ ਨੇ ਖਾਲਸਾ ਸੰਮਤ ਵਿੱਚ ਲਿਖੀਆਂ ਹੋਈਆਂ ਤਾਰੀਖਾਂ ਪੜ੍ਹੀਆਂ/ਵੇਖੀਆਂ ਹੋਣ ਤਾਂ ਇਸ ਕਿਤਾਬ ਦਾ ਪੰਨਾ ਦੱਸ ਕੇ, ਮੇਰੀ ਜਾਣਕਾਰੀ `ਚ ਵਾਧਾ ਜਰੂਰ ਕਰਨਾ ਜੀ। ਉਂਝ; ਤੁਹਾਡਾ ਇਹ ਲਿਖਣਾ, “ਸ਼੍ਰੋਮਣੀ ਕਮੇਟੀ ਇਸ ਨੂੰ ਵਰਤਦੀ ਆ ਰਹੀ ਸੀ।” 20% ਸੱਚ ਹੈ। 100% ਸੱਚ ਇਹ ਹੈ ਕਿ ਸ਼੍ਰੋਮਣੀ ਕਮੇਟੀ ਖਾਲਸਾ ਸੰਮਤ, ਈ: ਸੰਨ, ਸਾਕਾ ਸੰਮਤ, ਨਾਨਕਸ਼ਾਹੀ ਅਤੇ ਬਿਕ੍ਰਮੀ ਸੰਮਤ ਵੀ ਲਿਖਦੀ ਰਹੀ ਹੈ। ਕਰੋ ਦਰਸ਼ਨ!

Nanakshahi ss 2

ਡਾ ਸੁਖਦਿਆਲ ਸਿੰਘ ਜੀ, ਕਈ ਕਿਸ਼ਤਾਂ ਆਪ ਨੇ ਇਹ ਸਾਬਿਤ ਕਰਨ ਲਈ ਹੀ ਲਿਖੀਆਂ ਹਨ ਕਿ ਸਿੱਖ ਇਤਹਾਸ ਵਦੀ-ਸੁਦੀ ਅਤੇ ਪ੍ਰਵਿਸ਼ਟਿਆਂ ਵਿੱਚ ਲਿਖਿਆ ਹੋਇਆ ਹੈ। ਵਿਦਵਾਨ ਜਿਓ! ਜਦੋ ਬਿਕ੍ਰਮੀ ਕੈਲੰਡਰ ਹੀ ਪ੍ਰਚਲਤ ਸੀ ਤਾਂ ਤਾਰੀਖਾਂ ਵੀ ਇਸੇ ਵਿੱਚ ਹੀ ਲਿਖੀਆਂ ਜਾਣੀਆਂ ਸਨ। ਛੇਵੀਂ ਕਿਸ਼ਤ ਵਿੱਚ ਆਪ ਨੇ ਅਖੌਤੀ ਦਸਮ ਗ੍ਰੰਥ ਵਿਚ ਦਰਜ ਤਾਰੀਖਾਂ ਦਾ ਹਵਾਲਾ  ਦਿੱਤਾ ਹੈ ਕਿ ਉਹ ਵੀ ਬਿਕ੍ਰਮੀ ਸੰਮਤ ਦੀਆ ਹੀ ਤਾਰੀਖਾਂ ਦਰਜ ਹਨ। ਦਸਮ ਗ੍ਰੰਥ ਵਿਚ ਇਕ ਤਾਰੀਖ ਹੀ ਅਜੇਹੀ ਹੈ ਜਿਸ ਦੀ ਪੜਤਾਲ ਕੀਤੀ ਜਾ ਸਕਦੀ ਹੈ। ਹੇਠ ਲਿਖੀ ਤਾਰੀਖ ਚਰਿਤ੍ਰੋਪਖਾਯਾਨ ਦੇ ਅੰਤ ਤੇ (ਪੰਨਾ 1388) ਦਰਜ ਹੈ।

ਸੰਬਤ ਸਤ੍ਰਹ ਸਹਸ ਭਣਿਜੈ ॥ਅਰਧ ਸਹਸ ਫੁਨਿ ਤੀਨਿ ਕਹਿਜੈ ॥

ਭਾਦ੍ਰਵ ਸੁਦੀ ਅਸਟਮੀ ਰਵਿ ਵਾਰਾ ॥ਤੀਰ ਸਤੁਦ੍ਰਵ ਗ੍ਰੰਥ ਸੁਧਾਰਾ ॥405॥

ਇਸ ਪੰਗਤੀ ਦਾ ਭਾਵ ਅਰਥ, ਇਹ ਗ੍ਰੰਥ ਭਾਦੋਂ ਸੁਦੀ 8, ਦਿਨ ਐਤਵਾਰ ਸੰਮਤ 1753 ਨੂੰ ਸਤਲੁਜ ਦੇ ਕੰਢੇ ਪੂਰਾ ਹੋਇਆ। ਹੁਣ ਜਦੋਂ ਅਸੀਂ ਇਸ ਤਾਰੀਖ ਦੀ ਪੜਤਾਲ ਕਰਦੇ ਹਾਂ ਤਾਂ ਇਹ ਤਾਰੀਖ ਗਲਤ ਸਾਬਤ ਹੋ ਜਾਂਦੀ ਹੈ। ਜੇ ਤਾਂ ਅਸੀਂ ‘ਭਾਦ੍ਰਵ ਸੁਦੀ ਅਸਟਮੀ’ ਨੂੰ ਠੀਕ ਮੰਨਦੇ ਹਾਂ ਤਾ ਉਸ ਦਿਨ ਐਤਵਾਰ ਨਹੀ ਮੰਗਲਵਾਰ ਸੀ। ਜੇ ਅਸੀਂ ‘ਰਵਿ ਵਾਰਾ’ ਨੂੰ ਠੀਕ ਮੰਨੀਏ ਤਾਂ ਉਸ ਦਿਨ ਭਾਦ੍ਰਵ ਸੁਦੀ ਅਸਟਮੀ ਨਹੀ ਭਾਦ੍ਰਵ ਸੁਦੀ ਖਸਟਮੀ ਸੀ। ਸੋ ਸਪੱਸ਼ਟ ਹੈ ਕਿ ਇਹ ਤਾਰੀਖ ਅੱਟੇ-ਸੱਟੇ ਨਾਲ ਹੀ ਲਿਖੀ ਹੋਈ ਹੈ। ਪਿਆਰਾ ਸਿੰਘ ਪਦਮ ਨੇ ਆਪਣੇ ਆਪ ਹੀ “1753 ਬਿ. ਭਾਂਦੋ ਸੁਦੀ 6 ਚਰਿਤ੍ਰੋਪਖਾਯਾਨ ਗ੍ਰੰਥ ਸੰਪੂਰਨ ਕੀਤਾ” ਲਿਖ ਦਿੱਤਾ ਹੈ। (ਦਸਮ ਗ੍ਰੰਥ ਦਰਸ਼ਨ ਪੰਨਾ 14) ਦਸਵੀ ਕਿਸ਼ਤ ਵਿੱਚ ਵੀ ਆਪ ਨੇ ਭੱਟ ਵਹੀਆਂ/ਗੁਰੂ ਕੀਆਂ ਸਾਖੀਆਂ ਦੇ ਹਵਾਲੇ ਨਾਲ, ਇਹੀ ਸਾਬਿਤ ਕੀਤਾ ਹੈ। ਦਸਵੀਂ ਕਿਸ਼ਤ ਤੇ ਵਿਚਾਰ ਕਰਨ ਦਾ ਕਾਰਨ ਆਪ ਜੀ ਦੇ ਇਹ ਸ਼ਬਦ ਹਨ, “ਇਹ ਸੁਦੀਆਂ-ਵਦੀਆਂ ਅਤੇ ਪਰਵਿਸ਼ਟੇ ਕਿਸੇ ਵੀ ਹਾਲਤ ਵਿਚ ਈਸਵੀ ਵਿਚ ਤਬਦੀਲੇ ਨਹੀਂ ਜਾ ਸਕਦੇ। ਤਬਦੀਲੀ ਦੀਆਂ ਮਿਤੀਆਂ ਸੰਨ ਜਿਹੜੀਆਂ ਈਸਵੀ ਵਿਚ ਕੀਤੀਆਂ ਹੋਈਆਂ ਹਨ, ਇਹ ਸਭ ਅਟਾ-ਸਟਾ ਅਤੇ ਅੰਦਾਜ਼ਨ ਹਨ। ਇਸ ਦਾ ਦੂਜਾ ਭਾਵ ਇਹ ਹੋਇਆ ਕਿ ਅਸੀਂ ਅੱਜ ਸੰਨ ਈਸਵੀ ਦੇ ਗੁਲਾਮ ਹੋ ਕੇ ਆਪਣੀਆਂ ਪੱਕੀਆਂ ਮਿਤੀਆਂ ਨੂੰ ਤਾਂ ਛੱਡ ਰਹੇ ਹਾਂ ਅਤੇ ਅਟੇ-ਸਟੇ ਅਤੇ ਅੰਦਾਜ਼ੇ ਵਾਲੀਆਂ ਮਿਤੀਆਂ ਅਪਣਾ ਰਹੇ ਹਾਂ।” (ਕਿਸ਼ਤ ਦਸਵੀ) ਅਗਿਆਨਤਾ ਦੀ ਹੱਦ! ਅਜੇਹਾ ਲਿਖ ਕੇ ਆਪ ਨੇ ਆਪਣੀ ਅਗਿਆਨਤਾ ਦਾ ਖ਼ੁਦ ਹੀ ਇਕਬਾਲ ਕਰ ਲਿਆ ਹੈ। ਹਾਂ ਇਹ ਗੱਲ ਤੁਹਾਡੇ ਤੇ ਪੂਰੀ ਢੁਕਦੀ ਹੈ। ਤੁਹਾਡੀ ਕਿਤਾਬ ਵਿੱਚ ਥਾਂ-ਥਾਂ ਤੇ ਅੱਟੇ-ਸੱਟੇ ਨਾਲ ਲਿਖੀਆਂ ਤਾਰੀਖਾਂ ਦੇ ਦਰਸ਼ਨ ਹੋ ਰਹੇ ਹਨ। ਕਿੰਨਾ ਚੰਗਾ ਹੁੰਦਾ ਜੇ ਆਪ ਜੀ ਕਿਤਾਬ ਲਿਖਣ ਤੋਂ ਪਹਿਲਾ ਸੱਜੇ-ਖੱਬੇ ਝਾਤੀ ਮਾਰ ਲੈਂਦੇ ਤਾਂ ਤੁਹਾਨੂੰ  ਲਿਖਤੀ ਰੂਪ ਵਿੱਚ ਆਪਣੀ ਅਗਿਆਨਤਾ ਦਾ ਇਜ਼ਹਾਰ ਨਹੀਂ ਸੀ ਕਰਨਾ ਪੈਣਾ। ਇਤਿਹਾਸ ਵਿਭਾਗ ਦੇ ਸਾਬਕਾ ਮੁਖੀ ਜੀਓ! ਦੱਸੋ, ਪਿਛਲੇ 500 ਸਾਲ ਦੀ ਕਿਹੜੀ ਤਾਰੀਖ ਵਦੀ-ਸੁਦੀ ਨੂੰ ਪ੍ਰਵਿਸ਼ਟੇ, ਜੂਲੀਅਨ ਜਾਂ ਗਰੈਗੋਰੀਅਨ ਵਿੱਚ ਬਦਲੀ ਕਰਨਾ ਹੈ? ਆਪ ਜੀ, ਆਪਣੀ ਕਿਤਾਬ ਵਿੱਚ ਲਿਖਦੇ ਹੋ, “ਗੁਰੂ ਅੰਗਦ ਦੇਵ ਜੀ ਅਮਰ ਦਾਸ ਨੂੰ ਆਪਣਾ ਉਤਰ ਅਧਿਕਾਰੀ ਥਾਪ ਕੇ 48 ਸਾਲ ਦੀ ਉਮਰ ਵਿਚ 29 ਮਾਰਚ 1552 ਈ ਨੂੰ ਪ੍ਰਲੋਕ ਸਿਧਾਰ ਗਏ ਸਨ।(ਪੰਨਾ 102), “ਗੁਰੂ ਜੀ ਦਾ ਜਨਮ ਪੰਜਾਬ ਦੇ ਜਿਲ੍ਹਾ ਅਮ੍ਰਿਤਸਰ ਦੇ ਪਿੰਡ ਬਾਸਰਕੇ ਵਿਚ 5 ਮਈ, 1479ਈ.  ਨੂੰ ਹੋਇਆ ਸੀ” (ਪੰਨਾ 104) ਅਤੇ ਗੁਰੂ ਤੇਗ ਬਹਾਦਰ ਜੀ ਦੇ ਸਬੰਧ ਵਿੱਚ ਲਿਖਦੇ ਹੋ,  “8 ਨਵੰਬਰ 1665 ਈ. ਦੀ ਦੀਵਾਲੀ ਨੂੰ ਗੁਰੂ ਸਾਹਿਬ ਧਮਧਾਨ ਪਹੁੰਚ ਗਏ ਸਨ ਅਤੇ ਉਥੇ ਹੀ ਦੀਵਾਲੀ ਦਾ ਤਿਉਹਾਰ ਮਨਾਇਆਂ ਸੀ” (ਪੰਨਾ 200) ਆਪ ਜੀ ਵੱਲੋਂ ਈਸਵੀ ਸੰਨ `ਚ ਲਿਖੀਆਂ ਗਈਆਂ ਤਾਰੀਖਾਂ, ਈਸਵੀ ਸੰਨ ਦੀ ਗੁਲਾਮੀ ਕਿਵੇਂ ਨਹੀ ਹੈ? ਆਪ ਜੀ ਨੇ ਆਪਣੀ ਕਿਤਾਬ ਦਾ ਨਾਮ ‘ਸਿਰੋਮਣੀ ਸਿੱਖ ਇਤਿਹਾਸ (1469-1708) ਰੱਖਿਆ ਹੈ ਅਜੇਹਾ ਕਿਓ? ਕੀ ਕਿਤਾਬ ਦਾ ਨਾਮ ‘ਸਿਰੋਮਣੀ ਸਿੱਖ ਇਤਿਹਾਸ (1526ਬਿ.-1765 ਬਿ.) ਨਹੀ ਸੀ ਰੱਖਿਆ ਜਾਣਾ ਚਾਹੀਦਾ? ਆਪਣੇ ਲਿਖੇ ਦਾ ਆਪ ਜੀ ਖੰਡਨ? ਹੁਣ ਤੁਹਾਡੀ ਲਿਖੀ ਪੰਗਤੀ, “ਅਸੀਂ ਅੱਜ ਸੰਨ ਈਸਵੀ ਦੇ ਗੁਲਾਮ ਹੋ ਕੇ ਆਪਣਿਆਂ ਪੱਕੀਆਂ ਮਿਤੀਆਂ ਨੂੰ ਤਾਂ ਛੱਡ ਰਹੇ ਹਾਂ” ਦਾ ਕੀ ਕੀਤਾ ਜਾਵੇ? ਹਾਂ ਇਸ ਪੰਗਤੀ ਦਾ ਅਗਲਾ ਹਿੱਸਾ, “ਅਟੇ-ਸਟੇ ਅਤੇ ਅੰਦਾਜ਼ੇ ਵਾਲੀਆਂ ਮਿਤੀਆਂ ਅਪਣਾ ਰਹੇ ਹਾਂ”। ਤੁਹਾਡੀ ਲਿਖਤ ਤੇ ਪੂਰਾ–ਪੂਰਾ ਲਾਗੂ ਹੁੰਦਾ ਹੈ। ਵਿਦਵਾਨ ਲੇਖਕ ਜੀਓ ਦਿਵਾਲੀ 8 ਨਵੰਬਰ ਨੂੰ ਨਹੀਂ, ਕੱਤਕ ਦੀ ਮੱਸਿਆ ਨੂੰ ਹੁੰਦੀ ਹੈ।  ਤੁਹਾਡੇ ਵੱਲੋਂ ਅੱਟੇ-ਸੱਟੇ ਨਾਲ ਲਿਖੀ ਗਈ 8 ਨਵੰਬਰ ਨੂੰ  ਕੱਤਕ ਸੁਦੀ 11 ਸੰਮਤ 1722 ਬਿਕ੍ਰਮੀ ਸੀ। ‘ਕੱਤਕ ਦੀ ਮੱਸਿਆ’ ਭਾਵ ਦਿਵਾਲੀ 28 ਕੱਤਕ  ਸੰਮਤ 1722 ਬਿਕ੍ਰਮੀ ਦਿਨ ਸ਼ਨਿਚਰਵਾਰ ਨੂੰ ਸੀ। ਜੇ ਇਸ ਨੂੰ ਜੂਲੀਅਨ ਵਿਚ ਲਿਖਣਾ ਹੋਵੇ ਤਾਂ ਇਹ 28 ਅਕਤੂਬਰ 1665 ਈ. ਅਤੇ ਗਰੈਗੋਰੀਅਨ ਵਿਚ 7 ਨਵੰਬਰ 1665 ਈ. ਲਿਖੀ ਜਾਵੇਗੀ।

 ਅੱਗੇ ਆਪ ਜੀ ਲਿਖਦੇ ਹੋ, “ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਜਨਮ ਬਾਰੇ; ਬਧਈ ਲੀ ਸ੍ਰੀ ਹਰਿਗੋਬਿੰਦ ਜੀ ਕੀ, ਬੇਟਾ ਗੁਰੂ ਅਰਜਨ ਜੀ ਮਹਲ ਪੰਚਮ ਕਾ, ਪੋਤਾ ਗੁਰੂ ਰਾਮ ਦਾਸ ਜੀ ਕਾ, …ਸੰਬਤ ਸਤਾਰਾ ਸੈ ਸੰਤਾਲੀਸ ਮਾਂਹ ਅਸਾੜ ਦਿੰਹੁ  ਇਕਸੀ ਗਿਆ (ਭਾਵ ਕਿ 21 ਹਾੜ੍ਹ ਸੰਮਤ 1747 ਬਿ.) ਸਵਾ ਪਹਿਰ ਰੈਣ ਰਹੀ ਮਾਤਾ ਗੰਗਾ ਜੀ ਕੇ ਉਦਰ ਥੀ ਗਾਮ ਬਡਾਲੀ ਪਰਗਣਾ ਗੁਰੂ ਚੱਕ ਮੇਂ ਏਕ ਚਮਤਕਾਰੀ ਬਾਲ ਪੈਦਾ ਹੂਆ, ਨਾਓ ਸ੍ਰੀ ਹਰਿਗੋਬਿੰਦ ਜੀ ਰਾਖਾ।” (ਕਿਸ਼ਤ ਦਸਵੀ) ਭੱਟ ਵਹੀ ਵਿੱਚ ਦਰਜ, ਗੁਰੂ ਹਰਿਗੋਬਿੰਦ ਜੀ ਦੇ ਜਨਮ ਦੀ ਤਾਰੀਖ, “ਸੰਬਤ ਸਤਾਰਾ ਸੈ ਸੰਤਾਲੀਸ ਮਾਂਹ ਅਸਾੜ ਦਿੰਹੁ  ਇਕਸੀ” ਪੜ੍ਹਕੇ ਤਾਂ ਮੈਂ ਇਹ ਸੋਚਿਆ ਸੀ ਕਿ ਟਾਈਪ ਕਰਨ ਵਲੇਂ ਗਲਤੀ ਹੋ ਗਈ ਹੈ। ਪਰ ਆਪ ਵੱਲੋਂ ਲਿਖੇ ਸ਼ਬਦ “ਭਾਵ ਕਿ 21 ਹਾੜ੍ਹ ਸੰਮਤ 1747 ਬਿ.” ਪੜ੍ਹ ਕੇ ਤਾਂ ਮੈਂ ਹੈਰਾਨ ਹੀ ਰਹਿ ਗਿਆ। ਆਪਣੀ ਤਸੱਲੀ ਕਰਨ ਲਈ ਜਦੋ ਮੈਂ ਤੁਹਾਡੀ ਕਿਤਾਬ (ਸ਼ਿਰੋਮਣੀ ਸਿੱਖ ਇਤਹਾਸ) ਵੇਖੀ ਤਾਂ ਉਥੇ ਤਾਂ ਹੋਰ ਹੀ ਚੰਦ ਚੜਿਆ ਹੋਇਆ ਹੈ! ਆਪ ਜੀ ਲਿਖਦੇ ਹੋ, “ਗੁਰੂ ਹਰਿਗੋਬਿੰਦ ਜੀ ਦਾ ਜਨਮ ਪ੍ਰਚੱਲਤ ਰਵਾਇਤ ਅਨੁਸਾਰ 9 ਜੂਨ 1595 ਈ.  ਨੂੰ ਹੋਇਆ ਮੰਨਿਆ ਜਾਂਦਾ ਹੈ। ਆਧੁਨਿਕ ਸਿੱਖ ਇਤਿਹਾਸਕਾਰ ਵੀ ਇਸੇ ਤਿਥੀ ਆਪਣਾ ਕੇ ਚਲਦੇ ਹਨ। ਪਰ ਭੱਟ ਵਹੀਆਂ ਵਿਚ ਗੁਰੂ ਜੀ ਦਾ ਜਨਮ ਇੱਕੀ ਹਾੜ ਸੰਮਤ ਸਤਾਰਾਂ ਸੌ ਸੰਤਾਲੀ ਬਿ. ਮੁਤਾਬਕ ਜੁਲਾਈ-ਅਗਸਤ 1690 ਈ. ਵਿਚ ਹੋਇਆ ਦੱਸਿਆ ਹੈ।…ਇਨ੍ਹਾਂ ਦੋਹਾਂ ਮਿਤੀਆਂ ਵਿਚ ਛੇ ਸਾਲ ਦਾ ਫਰਕ ਹੈ। ਭੱਟ ਵਹੀਆਂ ਵਿਚ ਦਿੱਤਿਆਂ ਗਈਆਂ ਮਿਤੀਆਂ ਆਮ ਤੌਰ `ਤੇ ਸਾਡੇ ਇਤਿਹਾਸਕਾਰਾਂ ਵੱਲੋਂ ਠੀਕ ਮੰਨਿਆਂ ਗਈਆਂ ਹਨ। ਅਗਲੀ ਕੋਈ ਹੋਰ ਭਰੋਸੇਯੋਗ ਗਵਾਹੀ ਮਿਲਣ ਦੀ ਉਡੀਕ ਵਿਚ ਇਸ ਬਾਰੇ ਫੈਸਲਾ ਖੁੱਲਾ ਰੱਖਦੇ ਹਾਂ।” (ਪੰਨਾ 146) ਆਓ, ਹੁਣ ਤੁਹਾਡੀ ਇਸ ਲਿਖਤ ਦੀ ਪੜਤਾਲ ਕਰੀਏ।

ਡਾ ਸੁਖਦਿਆਲ ਸਿੰਘ ਜੀ, ਪਹਿਲਾ ਤਾਂ ਅੱਟੇ-ਸੱਟੇ ਨਾਲ ਲਿਖੀ ਤਾਰੀਖ, “9 ਜੂਨ 1595 ਈ.” ਬਾਰੇ ਇਹ ਦੱਸੋ ਕਿ ਕਿਹੜੇ ਕੈਲੰਡਰ ਦੀ ਹੈ? ਆਪ ਜੀ ਲਿਖਦੇ ਹੋ, “ਆਧੁਨਿਕ ਸਿੱਖ ਇਤਿਹਾਸਕਾਰ ਵੀ ਇਸੇ ਤਿਥੀ ਆਪਣਾ ਕੇ ਚਲਦੇ ਹਨ”। 9 ਜੂਨ ਨੂੰ ਤਿਥੀ ਨਹੀ, ਤਾਰੀਖ ਕਹਿੰਦੇ ਹਨ।  ਭੱਟ ਵਹੀ ਦੀ ਲਿਖਤ ਨੂੰ ਆਪ ਜੀ ਨੇ ਆਪਣੇ ਸ਼ਬਦਾਂ ਵਿੱਚ, “ਇੱਕੀ ਹਾੜ ਸੰਮਤ ਸਤਾਰਾਂ ਸੌ ਸੰਤਾਲੀ ਬਿ. ਮੁਤਾਬਕ ਜੁਲਾਈ-ਅਗਸਤ 1690 ਈ.”  ਲਿਖਿਆ ਹੈ ਇਸ ਤੋਂ ਅੱਗੇ ਤੁਹਾਡੇ ਸ਼ਬਦ ਬਹੁਤ ਹੀ ਧਿਆਨ ਮੰਗਦੇ ਹਨ, “ਇਨ੍ਹਾਂ ਦੋਹਾਂ ਮਿਤੀਆਂ ਵਿਚ ਛੇ ਸਾਲ ਦਾ ਫਰਕ ਹੈ।” (1690-1595=6) ਵਾਹ ਜੀ ਵਾਹ, ਇਹ ਹੈ ਇਤਿਹਾਸ ਵਿਭਾਗ ਦੇ ਸਾਬਕਾ ਮੁਖੀ ਦਾ ਗਿਣਤ ਵਿਗਿਆਨ! ਵਿਦਵਾਨ ਜੀ, ਕੌਪੀ ਪੇਸਟ ਕਰਨ ਵੇਲੇ ਘੱਟੋ ਘੱਟ ਇਕ ਵਾਰ ਨਿਗਾਹ  ਤਾਂ ਮਾਰ ਲੈਂਦੇ ਕਿ ਕੀ ਪੇਸਟ ਕਰ ਰਹੇ ਹੋ। ਜੇ ਭੱਟ ਵਹੀ ਦੀ ਲਿਖਤ ਕੌਪੀ ਪੇਸਟ ਕਰ ਹੀ ਦਿੱਤੀ ਸੀ ਤਾ ਆਪਣੇ ਸ਼ਬਦ “ਭਾਵ ਕਿ 21 ਹਾੜ੍ਹ ਸੰਮਤ 1747 ਬਿ.” ਲਿਖਣ ਵੇਲੇ ਤਾਂ ਖਿਆਲ ਕਰਦੇ। ਜੇ ਇਹ ਵੀ ਕਿਤੋਂ ਕਾਪੀ ਹੀ ਕੀਤੇ ਹਨ ਤਾਂ, “ਇਨ੍ਹਾਂ ਦੋਹਾਂ ਮਿਤੀਆਂ ਵਿਚ ਛੇ ਸਾਲ ਦਾ ਫਰਕ ਹੈ” ਲਿਖਣ ਤੋਂ ਪਹਿਲਾ ਜਮਾ-ਘਟਾਓ ਤਾਂ ਕਰ ਲੈਂਦੇ। ਕਿਤੇ ਨਾ ਕਿਤੇ ਗਲਤੀ ਫੜੀ ਜਾਣੀ ਸੀ। ਪਰ ਹੁਣ ਤਾਂ ਤੁਹਾਡੀ ਵਿਦਵਤਾ ਦਾ ਨਮੂਨਾ ਸਦਾ ਵਾਸਤੇ ਹੀ ਤੁਹਾਡੀ ਕਿਤਾਬ ਦੇ ਪੰਨਾ 146 ਉਤੇ ਸੁਰੱਖਿਅਤ ਹੋ ਗਿਆ ਹੈ। ਇਸੇ ਪੰਨੇ ਤੇ ਆਪ ਨੇ ‘ਗੁਰੂ ਕੀਆਂ ਸਾਖੀਆਂ ਦੇ ਪੰਨਾ 26” ਦਾ ਹਵਾਲਾ ਦਿੱਤਾ ਹੈ, ਜਦੋ ਮੈਂ ਪਿਆਰਾ ਸਿੰਘ ਪਦਮ ਦੀ ਕਿਤਾਬ ਵੇਖੀ ਤਾਂ ਉਥੇ ਤਾਂ, “ਸੰਬਤ ਸੋਲਾ ਸੈ ਸੰਤਾਲੀਸ ਮਾਂਹ ਅਸਾੜ ਦਿੰਹੁ ਇਕਸੀ” ਲਿਖਿਆ ਹੋਇਆ ਹੈ। ਡਾ. ਸੁਖਦਿਆਲ ਸਿੰਘ ਜੀ, ਇਹ ਹੈ ਤੁਹਾਡੀ ਇਤਿਹਾਸਕ ਖੋਜ ਦਾ ਨਮੂਨਾ। ਜਿਸ ਦੀ ਭੂਮਿਕਾ ਦਾ ਅਰੰਭ ਆਪ ਨੇ ਇਸ ਪੰਗਤੀ, “ਸ਼ਿਰੋਮਣੀ ਸਿੱਖ ਇਤਿਹਾਸ: 1469-1708 ਨੂੰ ਪੰਜਾਬੀ ਵਿੱਚ ਖੋਜ-ਭਰਭੂਰ ਵਿਸ਼ੇ ਵਿਚ ਲਿਖੇ ਜਾਣ ਦੀ ਇਹ ਆਪਣੇ ਆਪ ਵਿਚ ਪਹਿਲੀ ਕੋਸ਼ਿਸ਼ ਹੈ” ਤੋਂ ਕੀਤਾ ਹੈ। ਆਓ ਹੁਣ ਤੁਹਾਡੀ ਅੱਟੇ ਸੱਟੇ ਨਾਲ ਲਿਖੀ ਤਾਰੀਖ ਦੀ ਵੀ ਪੜਤਾਲ ਕਰੀਏ। 21 ਹਾੜ੍ਹ ਸੰਮਤ 1747 ਬਿ. ਨੂੰ ਜੁਲਾਈ-ਅਗਸਤ 1690 ਈ. ਨਹੀਂ 19 ਜੂਨ  1690 ਈ. ਦਿਨ ਵੀਰਵਾਰ ਸੀ। ਭੱਟ ਵਹੀਆਂ `ਚ ਲਿਖਤ, “ ਸੰਬਤ ਸੋਲਾ ਸੈ ਸੰਤਾਲੀਸ ਮਾਂਹ ਅਸਾੜ ਦਿੰਹੁ  ਇਕਸੀ” ਮੁਤਾਬਕ ਇਹ 18 ਜੂਨ 1590 ਈ. ਜੂਲੀਅਨ  ਬਣਦੀ ਹੈ। ਤੁਹਾਡੇ ਵੱਲੋਂ ਲਿਖੀ ਗਈ 9 ਜੂਨ ਦੇ ਗਲਤ ਹੋਣ ਬਾਰੇ ਵਿਚਾਰ ਉਪਰ ਹੋ ਚੁਕੀ ਹੈ। ਇਹ 19 ਜੂਨ 1595 ਈ. ਮੁਤਾਬਕ 21 ਹਾੜ ਸੰਮਤ 1652 ਬਿ. ਹੈ। ਇਹ ਤਾਰੀਖ ਹੀ ਨਾਨਕਸ਼ਾਹੀ ਕੈਲੰਡਰ ਵਿੱਚ ਦਰਜ ਹੈ। ਡਾ ਸੁਖਦਿਆਲ ਸਿੰਘ ਜੀ, ਆਪ ਜੀ ਦੇ ਇਹ ਸ਼ਬਦ, “ਅਗਲੀ ਕੋਈ ਹੋਰ ਭਰੋਸੇਯੋਗ ਗਵਾਹੀ ਮਿਲਣ ਦੀ ਉਡੀਕ ਵਿਚ ਇਸ ਬਾਰੇ ਫੈਸਲਾ ਖੁੱਲਾ ਰੱਖਦੇ ਹਾਂ।” ਪੜ੍ਹ ਕੇ ਬਹੁਤ ਹੀ ਹੈਰਾਨੀ ਹੋਈ ਹੈ। ਜੇ ਯੂਨੀਵਰਸਿਟੀਆਂ ਦੇ ਵਿਦਵਾਨ ਇਕ ਤਾਰੀਖ ਬਾਰੇ ਕੋਈ ਸਪੱਸ਼ਟ ਫੈਸਲਾ ਕਰਨ ਤੋਂ ਅਸਮਰੱਥ ਹਨ ਤਾਂ ਫੇਰ ਫੈਸਲਾ ਕੋਣ ਕਰੇਗਾ? ਭਰੋਸੇਯੋਗ ਗਵਾਹੀ ਕਿਥੋਂ ਆਵੇਗੀ। ਆਪ ਜੀ ਨੇ ਆਪਣੀ ਕਿਤਾਬ ਦੇ ਅੰਤ ਤੇ ਲੱਗ ਭੱਗ 40 ਪੰਨਿਆਂ ਤੇ ਆਪਣੇ ਸਰੋਤਾਂ ਦੀ ਸੂਚੀ ਦਿੱਤੀ ਹੈ। ਜੇ ਇਨ੍ਹਾਂ `ਚ ਕੋਈ ਭਰੋਸੇਯੋਗ ਨਹੀ ਹੈ ਤਾਂ ਹੋਰ ਵਸੀਲਾ ਕਿਥੋਂ ਅਤੇ ਕਦੋਂ ਆਵੇਗਾ?

ਬਾਰਵੀਂ ਕਿਸ਼ਤ ਵਿੱਚ ਆਪ ਜੀ ਨੇ ਪੋਹ ਸੁਦੀ 7 ਦਾ ਫੇਰ ਜਿਕਰ ਕੀਤਾ ਹੈ ਇਸ ਤੇ ਪਹਿਲਾ ਹੀ ਵਿਚਾਰ ਹੋ ਚੁਕੀ ਹੈ। ਇਸ ਕਿਸ਼ਤ ਵਿੱਚ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੀ ਤਾਰੀਖ ਦਾ  ਜਿਕਰ ਕੀਤਾ ਹੈ ਆਓ ਇਸ ਤੇ ਵਿਚਾਰ ਕਰਦੇ ਹਾਂ। ਆਪ ਜੀ ਲਿਖਦੇ ਹੋ, “ਇਨ੍ਹਾਂ ਨੂੰ ਕੋਈ ਪੁੱਛੇ ਕਿ ਓ ਭਲੇਮਾਣਸੋ, ਵੱਡੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਨ ਬਿਕਰਮੀ ਸੰਮਤ ਅਨੁਸਾਰ 27 ਪੋਹ ਹੈ ਅਤੇ ਗੁਰੂ ਜੀ ਦਾ ਜਨਮ ਦਿਨ ਪੋਹ ਸੁਦੀ ਸੱਤਵੀਂ ਨੂੰ ਹੈ। ਬਿਕਰਮੀ ਸੰਮਤ ਨੂੰ ਅਪਣਾ ਕੇ ਚਲੋਗੇ ਤਾਂ  ਇਹ ਦਿਨ ਕਦੇ ਵੀ ਇਕੱਠੇ ਨਹੀ ਹੋਣਗੇ। ਗੱਲਾਂ ਤੁਸੀਂ 28 ਦਸੰਬਰ ਦਿਆਂ ਕਰ ਰਹੇ ਹੋ। ਪੋਹ ਦੀ 27 ਤਾਰੀਖ ਅਤੇ ਪੋਹ ਸੁਦੀ ਸੱਤਵੀਂ ਦੀਆਂ ਤਾਂ ਤੁਸੀਂ ਗੱਲਾਂ ਹੀ ਨਹੀਂ ਕਰ ਰਹੇ। ਅਸੀਂ ਦਸੰਬਰ ਤੋਂ ਕਿ ਲੈਣਾ ਹੈ, ਅਸੀਂ ਤਾਂ ਆਪਣੇ ਦਿਨ 27 ਪੋਹ ਨੂੰ ਅਤੇ ਸੁਦੀ ਸੱਤਵੀਂ ਨੂੰ ਮਨਾਉਣੇ ਹਨ। ਇਹ ਹਰ ਹਾਲਤ ਵਿਚ ਅਲੱਗ-ਅਲੱਗ ਹੋਣਗੇ।” (ਕਿਸ਼ਤ ਬਾਰਵੀਂ) ਡਾ ਸੁਖਦਿਆਲ ਸਿੰਘ ਜੀ, ਆਪ ਨੇ ਇਨ੍ਹਾਂ ਪੰਗਤੀਆਂ ਵਿਚ ਵੱਡੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਨ 27 ਪੋਹ ਲਿਖਿਆ ਹੈ। 27 ਪੋਹ, ਮੈਂ ਅੱਜ ਪਹਿਲੀ ਵਾਰ ਪੜੀ ਹੈ। ਹੁਣ ਤਾਈ ਤਾਂ 8 ਪੋਹ ਹੀ ਪੜਦੇ/ਸੁਣਦੇ ਰਹੇ ਹਾਂ। ਆਪ ਜੀ ਨੇ ਇਹ ਤਾਰੀਖ, ਇਨ੍ਹਾਂ ਪੰਗਤੀਆਂ ਵਿਚ ਤਿੰਨ ਵਾਰ ਲਿਖੀ ਹੈ। ਸਪੱਸ਼ਟ ਹੈ ਕਿ ਟਾਈਪ ਕਰਨ ਵੇਲੇ ਹੋਈ ਗਲਤੀ ਨਹੀ ਹੈ। ਹੁਣ ਤੁਹਾਡੀ ਜਿੰਮੇਵਾਰੀ ਬਣਦੀ ਹੈ ਕਿ 27 ਪੋਹ ਨੂੰ ਸਹੀ ਸਾਬਿਤ ਕਰੋ। ਤੁਹਾਡੇ ਵੱਲੋਂ ਲਿਖੀਆਂ ਦੋਵੇਂ ਤਾਰੀਖਾਂ, ਦੋ ਵੱਖ-ਵੱਖ ਕੈਲੰਡਰਾਂ ਦੀਆਂ ਹਨ। ਹੁਣ ਦੱਸੋ ਦੋ ਬੇੜੀਆਂ `ਚ ਸਵਾਰ ਕੌਣ ਹੈ? ਪੋਹ ਸੁਦੀ 7, ਚੰਦ ਦੇ ਕੈਲੰਡਰ ਦੀ ਤਾਰੀਖ ਹੈ (ਸਾਲ ਦੇ ਦਿਨ 354.37) ਤੁਹਾਡੀ 27 ਪੋਹ, ਸੂਰਜੀ ਕੈਲੰਡਰ ਦੀ ਤਾਰੀਖ ਹੈ (ਸਾਲ ਦੇ ਦਿਨ 365.2587) ਜਿਨ੍ਹਾਂ ਬਾਰੇ ਆਪ ਜੀ ਨੇ ਦੋ ਵਾਰ ਲਿਖਿਆ ਹੈ, “ਇਹ ਦਿਨ ਕਦੇ ਵੀ ਇਕੱਠੇ ਨਹੀ ਹੋਣਗੇ… ਇਹ ਹਰ ਹਾਲਤ ਵਿਚ ਅਲੱਗ-ਅਲੱਗ ਹੋਣਗੇ।” ਤੁਹਾਡਾ ਇਹ ਦਾਵਾ, ਤੁਹਾਡੀ ਅਗਿਆਨਤਾ ਦੀ ਪ੍ਰੋੜਤਾ ਕਰਦਾ ਹੈ। ਇਤਿਹਾਸਕਾਰ ਜੀ, ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੀ ਤਾਰੀਖ 8 ਪੋਹ ਅਤੇ ਗੁਰੂ ਗੋਬਿੰਦ ਸਿੰਘ ਜੀ ਦੀ ਜਨਮ ਤਾਰੀਖ ਪੋਹ ਸੁਦੀ 7, ਸੰਮਤ 2039 ਬਿ.  ਮੁਤਾਬਕ 22 ਦਸੰਬਰ 1982 ਈ. ਦਿਨ ਬੁਧਵਾਰ ਨੂੰ, ਭਾਵ ਇਕੋ ਦਿਨ ਹੀ ਸਨ। ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੀ ਤਾਰੀਖ 13 ਪੋਹ ਅਤੇ ਗੁਰੂ ਗੋਬਿੰਦ ਸਿੰਘ ਜੀ ਦੀ ਜਨਮ ਤਾਰੀਖ ਪੋਹ ਸੁਦੀ 7 ਸੰਮਤ 2052 ਬਿ. ਮੁਤਾਬਕ 28 ਦਸੰਬਰ 1995 ਈ. ਦਿਨ ਵੀਰਵਾਰ ਨੂੰ, ਇਕੱਠੀਆਂ ਆਈਆਂ ਸਨ। ਇਹ ਹੈ ਤੁਹਾਡੇ ਬਿਕ੍ਰਮੀ ਕੈਲੰਡਰ ਦਾ ਕਮਾਲ, ਉਦੋਂ ਤਾਂ ਨਾਨਕਸ਼ਾਹੀ ਕੈਲੰਡਰ ਲਾਗੂ ਨਹੀ ਸੀ।  ਹੁਣ ਦੱਸੋ ਤੁਹਾਡੇ ਇਸ ਦਾਵੇ “ਇਹ ਦਿਨ ਕਦੇ ਵੀ ਇਕੱਠੇ ਨਹੀ ਹੋਣਗੇ… ਇਹ ਹਰ ਹਾਲਤ ਵਿਚ ਅਲੱਗ-ਅਲੱਗ ਹੋਣਗੇ।” ਦਾ ਕੀ ਬਣਿਆ?

ਡਾ. ਸੁਖਦਿਆਲ ਸਿੰਘ ਜੀ ਤੇਰਵੀਂ ਕਿਸ਼ਤ ਦਾ ਅਰੰਭ ਆਪ ਨੇ, “ਹਿੰਦੂ ਮੁੱਢ ਤੋਂ ਹੀ ਇਕ ਬੇੜੀ ਦਾ ਸਵਾਰ ਹੋ ਕੇ ਚਲ ਰਿਹਾ ਹੈ” ਤੋਂ ਕੀਤਾ ਹੈ। ਤੁਸੀਂ ਆਪਣੀ ਪਹਿਲੀ ਕਿਸ਼ਤ ਦੇ ਅਰੰਭ `ਚ ਹੀ ਲਿਖਿਆ ਸੀ , “ਹਿੰਦੂ ਸਿੱਖਾਂ ਦਾ ਦੁਫੇੜ ਤਾ ਵੱਧ ਹੀ ਗਿਆ ਸੀ ਪਰ ਇਸ ਨਾਲ ਤਾ ਸਿੱਖਾਂ ਵਿਚ ਵੀ ਦੁਫੇੜ ਪੈ ਗਿਆ ਸੀ”। ਤੁਹਾਡੇ ਇਹ ਸ਼ਬਦ “ਹਿੰਦੂ ਸਿੱਖਾਂ ਦਾ ਦੁਫੇੜ ਤਾ ਵੱਧ ਹੀ ਗਿਆ ਸੀ” ਪੜ੍ਹ ਕੇ ਮੇਰਾ ਮੱਥਾ ਠਣਕਿਆ ਸੀ, ਪਰ ਤੇਰਵੀਂ ਕਿਸ਼ਤ `ਚ ਤਾ ਤੁਹਾਡਾ ਹਿੰਦੂ ਪ੍ਰੇਮ ਡੁੱਲ-ਡੁੱਲ ਪੈਂਦਾ ਹੈ। ਇਸੇ ਪ੍ਰੇਮਾ ਭਗਤੀ ਵਿਚ ਭਿਜੇ ਹੋਏ ਤਾ ਆਪ ਜੀ ਬਿਕਰਮੀ ਕੈਲੰਡਰ ਨੂੰ ਸਿੱਖਾਂ ਦਾ ਅਕੀਦਾ ਹੀ ਲਿਖ ਗਏ, “ਸਿੱਖ ਗੁਰੂ ਕਾਲ ਤੋਂ ਲੈ ਕੇ ਮਹਾਰਾਜਾ ਰਣਜੀਤ ਸਿੰਘ ਦੇ ਖਾਲਸਾ ਰਾਜ ਤੱਕ ਆਪਣੇ ਅਕੀਦੇ (ਬਿਕਰਮੀ ਕੈਲੰਡਰ) `ਤੇ ਕਾਇਮ ਰਹੇ। ਪਰ ਜਦੋਂ 1849 ਵਿਚ ਅੰਗਰੇਜ ਦੇ ਗੁਲਾਮ ਹੋਏ ਤਾਂ ਉਸੇ ਸਮੇਂ ਹੀ ਦਸ-ਬਾਰਾਂ ਸਾਲਾਂ ਬਾਅਦ ਸਿੱਖ ਆਪਣੇ ਅਕੀਦੇ (ਬਿਕਰਮੀ ਕੈਲੰਡਰ) ਤੋਂ ਥਿੜਕਣ ਲੱਗ ਪਏ ਸਨ”। (ਕਿਸ਼ਤ ਤੇਰਵੀਂ) ਬਿਕ੍ਰਮੀ ਕੈਲੰਡਰ ਵੀ ਕਦੇ ਸਿਖਾਂ ਦਾ ਅਕੀਦਾ ਰਿਹਾ ਹੈ? ਇਹ ਵੀ ਅੱਜ ਪਹਿਲੀ ਵਾਰੀ ਪੜ੍ਹਿਆ ਹੈ। ਕੀ ਆਪ ਜੀ ਨੂੰ ਪਤਾ ਹੈ ਕਿ 1964 ਈ. ਵਿੱਚ ਹਿੰਦੂ ਵਿਦਵਾਨਾਂ ਨੇ ਤੁਹਾਡੇ ਅਕੀਦੇ (ਬਿਕ੍ਰਮੀ ਕੈਲੰਡਰ ) ਵਿਚ ਸੋਧ ਕਰ ਦਿੱਤੀ ਸੀ? ਤੁਹਾਡਾ ਇਹ ਲਿਖਣਾ ਵੀ ਸੱਚ ਨਹੀਂ ਹੈ ਕਿ ਹਿੰਦੂ ਇਕ ਬੇੜੀ ਦੇ ਸਵਾਰ ਹਨ। ਸੂਰਜੀ ਬਿਕ੍ਰਮੀ ਅਤੇ ਚੰਦਰ ਸੂਰਜੀ ਬਿਕ੍ਰਮੀ ਭਾਵ ਦੋ ਨੂੰ ਤਾਂ ਤੁਸੀਂ ਆਪ ਹੀ ਮੰਨਿਆ ਹੈ। ਇਸ ਤੋਂ ਅੱਗੇ ਜਿਥੇ ਸੂਰਜੀ ਬਿਕ੍ਰਮੀ ਸੂਰਜੀ ਸਿਧਾਂਤ ਅਤੇ ਸੂਰਜੀ ਬਿਕ੍ਰਮੀ ਦ੍ਰਿਕ ਗਿਣਤ ਸਿਧਾਂਤ ਚਲਦਾ ਹੈ ਉਥੇ ਹੀ ਚੰਦ ਦੇ ਕੈਲੰਡਰ ਵਿੱਚ ਅੰਮਤਾ ਅਤੇ ਪੂਰਨਮੰਤਾ ਦੇ ਨਾਲ-ਨਾਲ ਸੰਮਤ ਗੱਤ ਅਤੇ ਵਰਤਮਾਨ ਵੀ ਚਲਦੇ ਹਨ। ਇਤਿਹਾਸਕਾਰ ਜੀ ਇਹ ਜਾਣਕਾਰੀ ਦਿਓ ਕਿ ਤੁਸੀਂ ਖ਼ੁਦ ਚਾਰ ਬੇੜੀਆਂ ਦੇ ਸਵਾਰ ਕਿਓ ਹੋ? ਇਸ ਲੇਖ ਲੜੀ ਵਿੱਚ ਵੀ ਅਤੇ ਆਪਣੀ ਕਿਤਾਬ (ਸ਼ਰੋਮਣੀ ਸਿੱਖ ਇਤਿਹਾਸ) ਵਿੱਚ ਵੀ ਆਪ ਨੇ ਵਦੀ-ਸੁਦੀ, ਪ੍ਰਵਿਸ਼ਟੇ, ਜੂਲੀਅਨ ਅਤੇ ਗਰੈਗੋਰੀਅਨ ਕੈਲੰਡਰ ਦੀਆਂ ਵੀ ਤਾਰੀਖਾਂ ਲਿਖੀਆਂ ਹਨ? ਕੀ ਤੁਸੀਂ ਇਕ ਬੇੜੀ `ਚ ਸਵਾਰ ਹੋਣ ਨੂੰ ਤਿਆਰ ਹੋ? ਦੱਸੋ ਕਿਸ ਬੇੜੀ `ਚ ਸਵਾਰ ਹੋਣਾ ਚਾਹੁੰਦੇ ਹੋ? ਚੰਦ ਦੀ ਬੇੜੀ ਵਿਚ ਜਾਂ ਸੂਰਜੀ ਬੇੜੀ ਵਿੱਚ? ਚੰਦ ਦੀ ਕਿਹੜੀ? ਹਿਜਰੀ ਕੈਲੰਡਰ ਵਾਂਗੂ ਚੰਦ ਦੀ  ਸ਼ੁੱਧ ਬੇੜੀ ਜਾਂ 11, 12, ਜਾਂ ੧੩ ਮਹੀਨਿਆਂ ਵਾਲੀ, ਭਾਵ ਚੰਦਰ-ਸੂਰਜੀ ਬਿਕ੍ਰਮੀ? ਜੇ ਸੂਰਜੀ ਬੇੜੀ ਨੂੰ ਪਸੰਦ ਕਰਦੇ ਹੋ ਤਾਂ ਦੱਸੋ,  ਗੁਰੂ ਕਾਲ ਵਾਲਾ ਸੂਰਜੀ ਸਿਧਾਂਤ ਜਾਂ 1964 ਈ. ਦੀ ਸੋਧ ਵਾਲਾ ਦ੍ਰਿਕ ਗਿਣਤ ਸਿਧਾਂਤ? ਸਵਾਲ ਦਾ ਜਵਾਬ ਸੰਖੇਪ ਹੀ ਰੱਖਿਓ। ਵੇਖਿਓ ਕਿਤੇ, ਇਸ ਲੇਖ ਲੜੀ ਵਾਂਗੂ ਇਸ ਸਵਾਲ  ਦੇ ਜਵਾਬ ਵਿਚ ਰਮਾਇਣ ਹੀ ਨਾ ਲਿਖਣ ਬੈਠ ਜਾਇਓ!

ਇਸੇ ਕਿਸ਼ਤ ਦਾ ਦੂਜਾ ਨੁਕਤਾ, ਜਿਸ ਤੇ ਵਿਚਾਰ ਕੀਤੀ ਜਾਣੀ ਜਰੂਰੀ ਹੈ। ਆਪ ਜੀ ਲਿਖਦੇ ਹੋ, “ਨਾਨਕਸ਼ਾਹੀ ਕੈਲੰਡਰ ਨੂੰ ਸ਼ੁਰੂ ਕਰਨ ਤੋਂ ਪਹਿਲਾ ਸਿੱਖ ਇਤਿਹਾਸ ਦੀਆਂ ਮਿਤੀਆਂ ਉਪਰ ਸਰਬਸੰਮਤੀ ਕਰੋ। ਮਿਤੀਆਂ ਉਪਰ ਸਰਬਸੰਮਤੀ ਕੀਤੇ ਬਿਨਾਂ ਕਦੇ ਵੀ ਸਿੱਖ ਇਤਿਹਾਸ ਨੂੰ ਸਹੀ ਰੂਪ ਵਿਚ ਵਰਣਨ ਨਹੀ ਕੀਤਾ ਜਾ ਸਕਦਾ।”  ਡਾ ਸੁਖਦਿਆਲ ਸਿੰਘ ਜੀ, ਕਿੰਨਾ ਚੰਗਾ ਹੁੰਦਾ ਕਿ ਜੇ ਆਪ ਜੀ ਅਜੇਹੇ ਸੁਝਾਓ 2003 ਈ. ਤੋਂ ਪਹਿਲਾ ਦਿੰਦੇ। ਚਲੋ! ਜੇ ਉਸ ਵੇਲੇ ਭਾਵ 2003 ਈ. ਤੋਂ ਪਹਿਲਾ ਆਪ ਨੂੰ ਅਜੇਹਾ ਕਰਨ ਦਾ ਮੌਕਾ ਨਹੀਂ ਮਿਲਿਆਂ ਤਾਂ ਅੱਜ ਤੁਸੀਂ ਗੁਰੂ ਇਤਿਹਾਸ ਨਾਲ ਸਬੰਧਿਤ (ਜਨਮ, ਗੁਰਗੱਦੀ ਅਤੇ ਜੋਤੀ ਜੋਤ) ਸਾਰੀਆਂ ਸਹੀ ਤਾਰੀਖਾਂ ਜਾਂ ਜਿਨ੍ਹਾਂ ਤਾਰੀਖਾਂ ਤੇ ਤੁਹਾਨੂੰ ਇਤਰਾਜ਼ ਹੈ ਉਹ ਲਿਖ ਭੇਜੋ ਤਾਂ ਜੋ ਉਨ੍ਹਾਂ ਤੇ ਵਿਚਾਰ ਕੀਤੀ ਜਾ ਸਕੇ।

ਡਾ. ਸੁਖਦਿਆਲ ਸਿੰਘ ਜੀ, ਤੁਹਾਡੀ ਲੇਖ ਲੜੀ ਦੀ ਆਖਰੀ ਕਿਸ਼ਤ ਭਾਵ ਚੌਦਵੀਂ ਕਿਸ਼ਤ ਵਿੱਚ ਆਪ ਜੀ ਨੇ ਲਿਖਿਆ ਹੈ, “ਸਾਨੂੰ ਕਿਸੇ ਵੀ ਸੂਰਤ ਵਿਚ ਬਿਕਰਮੀ ਕੈਲੰਡਰ ਛੁਟਿਆਉਣਾ ਨਹੀਂ ਚਾਹੀਦਾ।” ਤੁਸੀਂ ਆਪਣੀ ਲੇਖ ਲੜੀ ਵਿੱਚ ਕਿਤੇ ਵੀ ਕੈਲੰਡਰ ਦੀ ਅਜੇਹੀ ਵਿਆਖਿਆ/ਅਲੋਚਨਾ ਨਹੀ ਕੀਤੀ, ਜਿਸ ਤੋਂ ਤੁਹਾਡੇ ਕੈਲੰਡਰ ਵਿਗਿਆਨ ਦੀ ਮੁਢਲੀ ਜਾਣਕਾਰੀ ਹੋਣ ਦੀ ਕੋਈ ਝਲਕ ਵੀ ਮਿਲਦੀ ਹੋਵੇ। ਵਿਦਵਾਨ ਜੀਓ, ਇਹ ਤਕਨੀਕੀ ਸਮੱਸਿਆ ਹੈ ਜਿਸ ਦਾ ਉਪਰ ਜਿਕਰ ਕੀਤਾ ਜਾ ਚੁੱਕਾ ਹੈ। ਅੱਗੇ ਆਪ ਜੀ ਇਕ ਸਵਾਲ ਕਰਦੇ ਹੋ, “ਕੀ, ਕਦੇ ਤੁਸੀਂ ਇਸਾਈਆਂ ਦੀ ਕ੍ਰਿਸਮਿਸ ਨੂੰ ਬਿਕ੍ਰਮੀ ਸੰਮਤ ਮੁਤਾਬਕ ਫਿੱਟ ਕਰਨ ਦੀ ਕੋਸ਼ਿਸ਼ ਕੀਤੀ ਹੈ? ਕਰ ਕੇ ਦੇਖੋ। ਕਰ ਸਕੋਗੇ”? ਮੈਂ ਇਹ ਸਮਝਣ ਤੋਂ ਅਸਮਰੱਥ ਹਾਂ ਕਿ ਆਪ ਜੀ ਨੇ ਇਹ ਸਵਾਲ ਨਾਨਕਸ਼ਾਹੀ ਕੈਲੰਡਰ ਦੇ ਹਮਾਇਤੀਆਂ ਨੂੰ ਕਿਓ ਕੀਤਾ ਹੈ। ਜਿਹੜੇ ਕੈਲੰਡਰ ਨੂੰ ਅਸੀਂ ਖ਼ੁਦ ਛੱਡ ਚੁਕੇ ਹਾਂ ਉਸ ਕੈਲੰਡਰ ਵਿੱਚ ਅੰਗਰੇਜਾਂ ਦੇ ਦਿਹਾੜਿਆਂ ਦੀਆਂ ਤਾਰੀਖਾਂ ਕਿਓ ਬਦਲੀ ਕਰੀਏ? ਉਂਝ ਜੇ ਤੁਸੀਂ ਕਦੇ ਨਾਨਕਸ਼ਾਹੀ ਕੈਲੰਡਰ ਨੂੰ ਧਿਆਨ ਨਾਲ ਵੇਖਿਆ-ਪੜ੍ਹਿਆ  ਹੁੰਦਾ ਤਾਂ ਤੁਹਾਨੂੰ ਪਤਾ ਹੋਣਾ ਸੀ ਕਿ ਨਾਨਕਸ਼ਾਹੀ ਕੈਲੰਡਰ ਮੁਤਾਬਕ  ਕ੍ਰਿਸਮਿਸ ਹਰ ਸਾਲ 12 ਪੋਹ ਨੂੰ ਹੀ ਆਵੇਗੀ।

Nanakshahi ss 1

ਆਪ ਜੀ ਦੇ ਬਚਨ, “ਵਿਸਾਖੀ ਨੂੰ ਹਮੇਸ਼ਾ ਇਕ ਵਿਸਾਖ ਅਨੁਸਾਰ ਹੀ ਦੇਖੋ। ਫਿਰ ਦੇਖਿਓ ਤੂਹਾਨੂੰ ਕਿੰਨਾ ਸਕੂਨ ਮਿਲਦਾ ਹੈ।…ਕ੍ਰਿਪਾ ਕਰਕੇ ਗੁਰੂ ਜੀ ਦੇ ਜਨਮ ਦਿਨ ਨੂੰ ਹਮੇਸ਼ਾ ਪੋਹ ਸੁਦੀ ਸੱਤਿਓ ਅਨੁਸਾਰ ਹੀ ਦੇਖੋ।” ਇਤਿਹਾਸਕਾਰ ਜੀ ਜੇ ਵਿਸਾਖੀ, ਇਕ ਵੈਸਾਖ ਹੈ ਤਾਂ 23 ਪੋਹ ਵੀ ਤਾਂ 23 ਪੋਹ ਹੀ ਹੈ ਜੋ ਹਰ ਸਾਲ 5 ਜਨਵਰੀ ਨੂੰ ਹੀ ਆਵੇਗੀ। ਇਹ ਤੁਹਾਨੂੰ ਪ੍ਰੇਸ਼ਾਨ ਕਿਓ ਕਰਦੀ ਹੈ? ਹੁਣ ਇਹ ਜਾਣਕਾਰੀ ਸਾਂਝੀ ਕਰੋ ਕਿ ਤੁਹਾਡੀ ਕੀ ਮਜ਼ਬੂਰੀ ਹੈ ਕਿ ਤੁਸੀਂ ਦੋ ਬੇੜੀਆਂ ਦੇ ਸਵਾਰ ਹੋਣਾ ਚਾਹੁੰਦੇ ਹੋ? ਕੀ ਪਾਰ ਲੱਗ ਸਕੋਗੇ? ਪੜ੍ਹੋ ਆਪਣੀ ਪਹਿਲੀ ਕਿਸ਼ਤ, “ਪੈਰ ਤਾਂ ਦੋ ਕਿਸ਼ਤੀਆਂ ਉਪਰ ਰੱਖੇ ਹੋਏ  ਵਿਅਕਤੀ ਨੂੰ ਡਬੋ ਦਿੰਦੇ ਹਨ” ਕੀ ਇਹ ਸੁਝਾਓ ਸਿਰਫ ਦੂਜਿਆਂ ਵਾਸਤੇ ਹੀ ਹੈ? ਕੀ ਇਹ ਨਿਯਮ ਤੁਹਾਡੇ ਤੇ ਲਾਗੂ ਨਹੀਂ ਹੁੰਦਾ? ਦੱਸੋ ਪੋਹ ਸੁਦੀ 7 ਦੀ 23 ਪੋਹ ਬਣਾਉਣੀ ਹੈ ਜਾਂ 1 ਵੈਸਾਖ ਦੀ ਚੇਤ ਸੁਦੀ 9? ਜੇ ਪਾਰ ਲੱਗਣਾ ਹੈ ਤਾ ਹੋਵੋ ਇਕ ਬੇੜੀ ਦੇ ਸਵਾਰ। ਦੱਸੋ ਕਿਹੜੀ ਬੇੜੀ `ਚ ਸਵਾਰ ਹੋਣਾ ਹੈ। ਪ੍ਰਵਿਸ਼ਟਿਆਂ ਵਾਲੀ `ਚ ਜਾਂ ਵਦੀ-ਸੁਦੀ ਵਾਲੀ `ਚ? ਜਦੋਂ ਆਪ ਜੀ ਲਿਖਤੀ ਰੂਪ ਵਿੱਚ ਮੰਨਦੇ ਹੋ, “ਸਾਡੇ ਇਤਿਹਾਸ ਦੀ ਕਮਜ਼ੋਰੀ ਇਹ ਹੈ ਕਿ ਇਸ ਦੀਆਂ ਮਿਤੀਆਂ ਇਕ ਸਾਰ ਅਤੇ ਇਕੋ ਸਮਾ-ਸਾਰਨੀ ਅਨੁਸਾਰ ਨਹੀਂ ਦਰਜ ਹੋਈਆਂ। ਕਈ ਮਿਤੀਆਂ ਸੰਗਰਾਂਦੀ ਮਹੀਨਿਆਂ ਅਨੁਸਾਰ ਦਰਜ ਹੋਈਆਂ ਹਨ ਅਤੇ ਕਈ ਸੁਦੀ-ਵਦੀ ਅਨੁਸਾਰ। ਜਿਵੇ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਨ ਦੀ ਮਿਤੀ ਸੁਦੀ-ਵਦੀ ਅਨੁਸਾਰ ਹੈ। ਇਹ ਪੋਹ ਸੁਦੀ ਸੱਤ ਹੈ। ਪਰ ਸਾਹਿਬਜ਼ਾਦੇ ਅਜੀਤ ਸਿੰਘ ਅਤੇ ਜੁਝਾਰ ਸਿੰਘ ਦਾ ਸ਼ਹੀਦੀ ਦਿਨ ਸੰਗਰਾਂਦਾਂ ਅਨੁਸਾਰ ਹੈ। ਇਹ 17 ਮੱਘਰ ਹੈ। ਸਾਡੀ ਆਪਣੀ ਇਸ ਕਮਜ਼ੋਰੀ ਨੂੰ ਹੋਰ ਵੱਡੀ ਕਮਜ਼ੋਰੀ ਨਾ ਹੋਣ ਦਿਓ ਸਗੋਂ ਇਸ ਨੂੰ ਘਟਾਉਣ ਦੀ ਕੋਸ਼ਿਸ਼ ਕਰੋ।” (ਕਿਸ਼ਤ ਚੌਦਵੀਂ)

ਡਾ. ਸੁਖਦਿਆਲ ਸਿੰਘ ਜੀ, ਆਪ ਨੇ ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੀ ਤਾਰੀਖ 17 ਮੱਘਰ ਲਿਖੀ ਹੈ। ਪਰ ਬਾਰਵੀਂ ਕਿਸ਼ਤ ਵਿਚ ਆਪ ਨੇ ਲਿਖਿਆ ਸੀ, “ਇਨ੍ਹਾਂ ਨੂੰ ਕੋਈ ਪੁੱਛੇ ਕਿ ਓ ਭਲੇਮਾਣਸੋ, ਵੱਡੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਨ ਬਿਕਰਮੀ ਸੰਮਤ ਅਨੁਸਾਰ 27 ਪੋਹ ਹੈ।” ਇਨ੍ਹਾਂ ਦੋਵਾਂ ਤਾਰੀਖਾਂ ਵਿਚ ਸਵਾ ਮਹੀਨੇ ਦਾ ਫਰਕ ਹੈ। ਇਹ ਦੋਵੇਂ ਠੀਕ ਨਹੀ ਹੋ ਸਕਦੀਆਂ। ਆਪਣੀ ਕਿਤਾਬ (ਸ਼ਿਰੋਮਣੀ ਸਿੱਖ ਇਤਹਾਸ) ਵਿਚ ਆਪ ਨੇ  ਚਮਕੌਰ ਦੀ ਜੰਗ ਦਾ ਤਾਂ ਜਿਕਰ ਕੀਤਾ ਹੈ ਪਰ ਤਾਰੀਖ ਨਹੀ ਲਿਖੀ। ਹਾਂ! ਕਿਲਾ ਛੱਡਣ ਦੀ ਤਾਰੀਖ 5-6 ਪੋਹ ਸੰਮਤ 1762 ਬਿ. ਈ. ਮੁਤਾਬਕ 5-6 ਦਸੰਬਰ 1705 ਈ.  ਜਰੂਰ ਲਿਖੀ ਹੈ। ਤੁਹਾਡੇ ਵੱਲੋਂ ਲਿਖੀ ਵਾਰਤਾ (ਪੰਨਾ 273-276) ਮੁਤਾਬਕ ਇਸ ਯੁੱਧ ਦੀ ਤਾਰੀਖ 8 ਪੋਹ ਬਣਦੀ ਹੈ ਅਤੇ ਇਹ ਹੀ ਤਾਰੀਖ ਨਾਨਕਸ਼ਾਹੀ ਕੈਲੰਡਰ ਵਿੱਚ ਦਰਜ ਹੈ। ਆਪ ਨੇ ਇਤਿਹਾਸ ਵਿੱਚ ਦਰਜ ਦੋ-ਦੋ ਤਾਰੀਖਾਂ ਦਾ ਜਿਕਰ ਕੀਤਾ ਹੈ ਜੋ ਸਹੀ ਵੀ ਹੈ। ਚਲੋ! ਦੋ ਤਾਰੀਖਾਂ ਤਾਂ ਦੋ ਵੱਖ-ਵੱਖ ਲਿਖਾਰੀਆਂ ਨੇ ਲਿਖੀਆਂ ਹਨ, ਇਥੇ ਤਾਂ ਭਾਣਾ ਹੀ ਹੋਰ ਵਾਪਰ ਗਿਆ ਹੈ, ਇਕੋ ਲਿਖਾਰੀ, ਡਾ ਸੁਖਦਿਆਲ ਸਿੰਘ ਹੀ ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੀਆਂ ਤਿੰਨ-ਤਿੰਨ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦੀਆਂ ਦੋ (22 ਦਸੰਬਰ, 26 ਦਸੰਬਰ) ਤਾਰੀਖਾਂ ਲਿਖ ਰਿਹਾ ਹੈ। ਇਸ ਦਾ ਕੀ ਕੀਤਾ ਜਾਵੇ? ਪੁਰਾਤਨ ਲਿਖਾਰੀਆਂ ਵੱਲੋਂ ਤਾਰੀਖਾਂ ਲਿਖਣ ਵੇਲੇ ਵੱਖ-ਵੱਖ ਕੈਲੰਡਰ ਵਰਤੇ ਗਏ ਹਨ। ਜਿਸ ਨਾਲ ਆਪ ਜੀ ਵੀ ਸਹਿਮਤ ਹੋ। ਇਸ ਬਾਰੇ ਆਪ ਜੀ ਨੇ ਸੁਝਾਓ ਵੀ ਦਿੱਤਾ ਹੈ। “ਸਾਡੀ ਆਪਣੀ ਇਸ ਕਮਜ਼ੋਰੀ ਨੂੰ ਹੋਰ ਵੱਡੀ ਕਮਜ਼ੋਰੀ ਨਾ ਹੋਣ ਦਿਓ ਸਗੋਂ ਇਸ ਨੂੰ ਘਟਾਉਣ ਦੀ ਕੋਸ਼ਿਸ਼ ਕਰੋ।” ਡਾ ਸੁਖਦਿਆਲ ਸਿੰਘ ਜੀ ਤੁਹਾਡੇ ਇਸ ਸੁਝਾਓ, ਤੇ ਤਾਂ ਸੰਮਤ 535 ਨਾਨਕਸ਼ਾਹੀ ਵਿੱਚ ਅਮਲ ਹੋ ਚੁੱਕਾ ਹੈ। ਨਿਮਰਤਾ ਸਹਿਤ ਬੇਨਤੀ ਹੈ ਕਿ ਨਾਨਕਸ਼ਾਹੀ ਕੈਲੰਡਰ ਦੀ ਭੂਮਿਕਾ ਨੂੰ ਧਿਆਨ ਨਾਲ ਪੜ੍ਹੋ, ਯਕੀਨਨ ਤੁਹਾਡੀ ਜਾਣਕਾਰੀ `ਚ ਵਾਧਾ ਹੋਵੇਗਾ।

ਡਾ ਸੁਖਦਿਆਲ ਸਿੰਘ ਜੀ, ਆਓ ਹੁਣ, ਤਾਹਾਡੀ ਲੇਖ ਲੜੀ (14 ਕਿਸ਼ਤਾਂ) ਦੇ ਅੰਤ ਤੇ ਆਪ ਜੀ ਵੱਲੋਂ ਦਿੱਤੇ ਗਏ ਸੁਝਾਓ ਤੇ ਵਿਚਾਰ ਕਰੀਏ। ਆਪ ਜੀ ਲਿਖਦੇ ਹੋ, “ਜੇ ਕਰ ਕਿਸੇ ਕਿਸਮ ਦਾ ਸਿੱਖ ਸੰਮਤ ਸ਼ੁਰੂ ਕਰਨਾ ਹੈ ਤਾਂ, ਜਾਂ ਤਾਂ ਇਹ ਕੱਤਕ ਦੀ ਪੂਰਨਮਾਸ਼ੀ ਤੋਂ ਸ਼ੁਰੂ ਹੋਣਾ ਚਾਹੀਦਾ ਹੈ… ਜਾਂ ਫਿਰ ਖਾਲਸਾ ਸੰਮਤ ਪਹਿਲੀ ਵਿਸਾਖ, ਸੰਮਤ 1756 ਤੋਂ ਸ਼ੁਰੂ ਹੋਣਾ ਚਾਹੀਦਾ ਹੈ।” ਡਾ ਸੁਖਦਿਆਲ ਸਿੰਘ ਜੀ, ਹੁਣ ਤੁਸੀਂ ਆਪ ਹੀ ਬਿਕ੍ਰਮੀ ਸੰਮਤ ਨੂੰ ਤਿਆਗਣ ਲਈ ਤਿਆਰ ਕਿਵੇਂ ਹੋ ਗਏ? ਚਲੋ, ਦੇਰ ਆਏ ਦਰੁਸਤ ਆਏ! ਆਪ ਜੀ ਦਾ ਬਹੁਤ-ਬਹੁਤ ਧੰਨਵਾਦ।  ਆਪ ਜੀ ਵੱਲੋਂ ਦਿੱਤੇ ਗਏ ਇਸ ਸੁਝਾਓ ਤੋਂ ਇਕ ਗੱਲ ਤਾ ਸਪੱਸ਼ਟ ਹੈ ਕਿ ਆਪ ਜੀ ਅਜੇ ਦੁਬਿਧਾ ਵਿੱਚ ਹੋ। ਆਪ ਜੀ ਦੋ ਵੱਖ-ਵੱਖ ਕੈਲੰਡਰਾਂ ਦੀ ਗੱਲ ਕਰ ਰਹੇ ਹੋ। ਆਪ ਜੀ ਅਜੇ ਵੀ ਦੋ ਬੇੜੀਆਂ ਦੇ ਸਵਾਰ ਹੋ। ਇਤਿਹਾਸਕਾਰ ਜੀ, ਕਰੋ  ਹੌਸਲਾ, ਹੋਵੋ ਇਕ ਬੇੜੀ ਦੇ ਸਵਾਰ, ਕਰੋ ਆਪਣੇ ਸੁਝਾਓ ਤੇ ਅਮਲ, ਬਣਾ ਦਿਓ ਕੌਮ ਦਾ ਕੈਲੰਡਰ। ਇਹ ਦੱਸੋ, ਕਿ ਜੇ ਸਾਲ ਦਾ ਅਰੰਭ ਕੱਤਕ ਦੀ ਪੁੰਨਿਆ ਤੋਂ ਕਰੋਗੇ ਤਾਂ, ਇਸ ਕੈਲੰਡਰ ਦੇ ਸਾਲ ਵਿੱਚ ਕਿੰਨੇ ਮਹੀਨੇ ਹੋਣਗੇ, ਮਹੀਨੇ ਦੇ ਦਿਨ ਅਤੇ ਸਾਲ ਦੇ ਕਿੰਨੇ ਦਿਨ ਹੋਣਗੇ? ਪ੍ਰਵਿਸ਼ਟਿਆਂ ਵਿੱਚ ਲਿਖੇ ਹੋਏ ਇਤਿਹਾਸ ਨੂੰ ਇਸ ਵਿਚ ਕਿਵੇਂ ਦਰਜ ਕਰੋਗੇ? ਦੂਜੇ ਪਾਸੇ ਜੇ ਖਾਲਸਾ ਸੰਮਤ ਦਾ ਅਰੰਭ 1 ਵੈਸਾਖ ਤੋਂ ਕਰੋਗੇ ਤਾਂ ਇਸ ਦੇ ਸਾਲ ਦੀ ਲੰਬਾਈ ਕਿੰਨੀ ਰੱਖੋਗੇ? ਮਹੀਨੇ ਦੇ ਅਰੰਭ ਨੂੰ ਰਾਸ਼ੀਆਂ ਨਾਲ ਨੱਥੀ ਕਰੋਗੇ ਜਾਂ ਨਹੀ? ਵਦੀ-ਸੁਦੀ ਵਿਚ ਲਿਖੇ ਹੋਏ ਇਤਿਹਾਸ ਨੂੰ ਪ੍ਰਵਿਸ਼ਟਿਆਂ ਵਿੱਚ ਕਿਵੇਂ ਬਦਲੀ ਕਰੋਗੇ? ਕੀ ਇਸ ਕੈਲੰਡਰ ਵਿਚ ਅੰਗਰੇਜੀ ਤਾਰੀਖਾਂ ਵੀ ਲਿਖੋਗੇ ਜਾਂ ਨਹੀ?

ਸਤਿਕਾਰ ਯੋਗ ਡਾ ਸੁਖਦਿਆਲ ਸਿੰਘ ਜੀ, ਨਾਨਕਸ਼ਾਹੀ ਕੈਲੰਡਰ ਦਾ ਲੋੜ ਦਾ ਕਾਰਨ ਬਿਕ੍ਰਮੀ ਕੈਲੰਡਰ ਦਾ ਵਿਰੋਧ ਨਹੀ ਸਗੋਂ ਬਿਕ੍ਰਮੀ ਕੈਲੰਡਰ ਦੇ ਸਾਲ ਦੀ ਲੰਬਾਈ ਦਾ, ਰੁੱਤੀ ਸਾਲ ਦੀ ਲੰਬਾਈ ਤੋਂ ਵੱਧ ਹੋਣਾ ਹੈ। ਇਸ ਧਰਤੀ ਤੇ ਰੁੱਤਾ, ਧਰਤੀ ਦੇ ਸੂਰਜ ਦੁਵਾਲੇ ਇਕ ਚੱਕਰ ਪੂਰਾ ਕਰਨ ਦੇ ਸਮੇ ਅਨੁਸਾਰ ਬਣਦੀਆਂ/ਬਦਲਦੀਆਂ ਹਨ। ਜੋ ਸਮਾ, ਵਿਦਵਾਨਾਂ ਦੇ ਦੱਸਣ ਮੁਤਾਬਕ 365.2422 ਦਿਨ ਭਾਵ 365 ਦਿਨ 5 ਘੰਟੇ 48 ਮਿੰਟ 45 ਸੈਕਿੰਡ ਮੰਨਿਆ ਗਿਆ ਹੈ। ਇਸ ਨੂੰ ਰੁੱਤੀ ਸਾਲ (TROPICAL YEAR) ਕਹਿੰਦੇ ਹਨ। ਜੂਲੀਅਨ ਕੈਲੰਡਰ ਦੇ ਸਾਲ ਦੀ ਲੰਬਾਈ 365.25 ਦਿਨ (365 ਦਿਨ 6 ਘੰਟੇ) ਸੀ। ਇਸ ਸਾਲ ਦੀ ਲੰਬਾਈ ਮੌਸਮੀ ਸਾਲ ਤੋਂ ਲੱਗ ਭੱਗ ਸਵਾ ਗਿਆਰਾਂ ਮਿੰਟ ਵੱਧ ਹੋਣ ਕਾਰਨ 128 ਸਾਲ ਪਿਛੋਂ ਇਕ ਦਿਨ ਅੱਗੇ ਹੋ ਜਾਂਦਾ ਸੀ। ਜੂਲੀਅਨ ਕੈਲੰਡਰ ਵਿੱਚ ਅਕਤੂਬਰ 1582 ਈ. ਵਿਚ ਸੋਧ ਕੀਤੀ ਗਈ ਸੀ। ਇਸ ਸੋਧ ਕਾਰਨ 4 ਅਕਤੂਬਰ ਪਿਛੋਂ ਸਿੱਧਾ ਹੀ 15 ਅਕਤੂਬਰ ਕਰ ਦਿੱਤਾ ਗਿਆ ਸੀ। ਇੰਗਲੈਂਡ ਨੇ ਇਸ ਸੋਧ ਨੂੰ ਸਤੰਬਰ 1752 ਈ. ਵਿਚ ਪ੍ਰਵਾਨ ਕੀਤਾ ਸੀ। ਉਦੋਂ 2 ਸਤੰਬਰ ਪਿਛੋਂ 14 ਸਤੰਬਰ ਕਰ ਦਿੱਤੀ ਗਈ ਸੀ। ਹੁਣ ਇਸ ਨੂੰ ਗਰੈਗੋਰੀਅਨ ਕੈਲੰਡਰ ਜਾਂ ਸੀ ਈ ਕਹਿੰਦੇ ਹਨ। ਇਸ ਦੇ ਸਾਲ ਦੀ ਲੰਬਾਈ 365.2425 ਦਿਨ ਹੈ। ਗੁਰੂ ਕਾਲ ਵੇਲੇ ਬਿਕ੍ਰਮੀ ਕੈਲੰਡਰ ਦੇ ਸਾਲ ਦੀ ਲੰਬਾਈ 365.2587 ਦਿਨ ਸੀ। ਇਹ ਲੰਬਾਈ ਮੌਸਮੀ ਸਾਲ ਦੀ ਲੰਬਾਈ ਤੋਂ ਲੱਗ ਭੱਗ 24 ਮਿੰਟ ਵੱਧ ਹੋਣ ਕਾਰਨ ਇਹ 60 ਸਾਲ ਪਿਛੋਂ ਇਕ ਦਿਨ ਅੱਗੇ ਹੋ ਜਾਂਦਾ ਸੀ। ਨਵੰਬਰ 1964 `ਚ ਅੰਮ੍ਰਿਤਸਰ ਵਿਖੇ ਹਿੰਦੂ ਵਿਦਵਾਨਾਂ ਦੀ ਇਕੱਤਰਤਾ `ਚ ਇਸ ਕੈਲੰਡਰ `ਚ ਸੋਧ ਕੀਤੀ ਗਈ। ਸਾਲ ਦੀ ਲੰਬਾਈ 365.2587 ਤੋਂ ਘਟਾ ਕੇ 365.2563 ਕਰ ਦਿੱਤੀ ਗਈ । ਹੁਣ ਇਸ ਨੂੰ ਦ੍ਰਿਕ ਗਿਣਤ ਸਿਧਾਂਤ ਕਿਹਾ ਜਾਂਦਾ ਹੈ। ਇਹ ਲੰਬਾਈ ਵੀ ਮੌਸਮੀ ਸਾਲ ਤੋਂ ਲੱਗ ਭੱਗ 20 ਮਿੰਟ ਵੱਧ ਹੈ। ਹੁਣ ਇਹ 72 ਸਾਲ ਪਿਛੋਂ ਮੌਸਮੀ ਸਾਲ ਤੋਂ ਇਕ ਦਿਨ ਅੱਗੇ ਹੋ ਜਾਵੇਗਾ। ਨਾਨਕਸ਼ਾਹੀ ਕੈਲੰਡਰ ਦੇ ਸਾਲ ਦੀ ਲੰਬਾਈ 365.2425 ਦਿਨ ਹੈ। ਇਹ ਸੀ ਈ. ਕੈਲੰਡਰ ਦੇ ਬਰਾਬਰ ਹੈ ਅਤੇ ਰੁੱਤੀ ਸਾਲ ਦੀ ਲੰਬਾਈ ਏ ਬਹੁਤ ਨੇੜੇ ਹੈ। ਹੁਣ ਇਸ ਵਿੱਚ ਕੁਝ ਸਕਿੰਟਾਂ ਦਾ ਹੀ ਫਰਕ ਹੋਣ ਕਾਰਨ ਇਹ ਰੁੱਤੀ ਸਾਲ ਤੋਂ ਲੱਗ ਭੱਗ 3300 ਸਾਲ ਪਿਛੋਂ ਇਕ ਦਿਨ ਦਾ ਫਰਕ ਪਵੇਗਾ। ਹੈਰਾਨੀ ਦੀ ਗੱਲ ਇਹ ਹੈ ਕਿ  ਜਿਨ੍ਹਾਂ ਦੇ ਸਾਲ ਦਾ ਰੁੱਤੀ ਸਾਲ ਨਾਲੋਂ 128 ਸਾਲਾ ਪਿਛੋਂ  ਇਕ ਦਿਨ ਦਾ ਫਰਕ ਪੈਂਦਾ ਸੀ ਉਨ੍ਹਾਂ ਨੂੰ ਤਾਂ ਇਹ ਗੱਲ 1582 ਈ. ਵਿੱਚ ਸਮਝ ਆ ਗਈ ਸੀ ਪਰ ਜਿਨ੍ਹਾਂ ਦੇ ਸਾਲ ਦਾ 60 ਸਾਲ ਪਿਛੋਂ ਹੀ ਇਕ ਦਿਨ ਦਾ ਫਰਕ ਪੈ ਜਾਂਦਾ ਹੈ ਉਨ੍ਹਾਂ ਨੂੰ ਇਹ ਗੱਲ ਅੱਜ ਵੀ ਸਮਝ ਨਹੀ ਆ ਰਹੀ। ਪਤਾ ਹਿੰਦੂ ਵਿਦਵਾਨਾਂ ਨੂੰ ਵੀ ਹੈ ਕਿ ਉਨ੍ਹਾਂ ਦੇ ਸਾਲ  ਲੰਬਾਈ ਵੱਧ ਹੈ। ਇਕ ਗੱਲ ਪੱਕੀ ਹੈ ਕਿ ਹਿੰਦੂ ਵਿਦਵਾਨਾਂ ਨੇ ਜਦੋ ਸੋਧ ਕੀਤੀ, ਅਸੀਂ ਚੁਪ ਚਾਪ ਉਵੇਂ ਹੀ ਮੰਨ ਲੈਣੀ ਹੈ ਜਿਵੇ 1964 ਈ. ਵਿੱਚ ਉਨ੍ਹਾਂ ਵੱਲੋਂ ਕੀਤੀ ਹੋਈ ਸੋਧ ਨੂੰ ਪ੍ਰਵਾਨ ਕਰ ਲਿਆ ਸੀ। ਹੁਣ ਇਹ ਫੈਸਲਾ ਸਿੱਖਾਂ ਨੇ ਕਰਨਾ ਹੈ ਕਿ ਅਸੀਂ ਹਿੰਦੂ ਵਿਦਵਾਨਾਂ ਦੀ ਉਡੀਕ ਕਰਨੀ ਹੈ ਕਿ ਉਹ ਕਦੋਂ ਸਾਲ ਦੀ ਲੰਬਾਈ `ਚ ਸੋਧ ਕਰਦੇ ਹਨ ਜਾਂ ਅਸੀਂ 2003 ਈ. ਵਿੱਚ ਸਿਖ ਵਿਦਵਾਨਾਂ ਵੱਲੋਂ ਤਿਆਰ ਕੀਤੇ ਗਏ ਨਾਨਕਸ਼ਾਹੀ ਕੈਲੰਡਰ ਨੂੰ ਪ੍ਰਵਾਨ ਕਰਨਾ ਹੈ। ਹਾਂ ਜੇ ਕਿਸੇ ਵਿਦਵਾਨ ਨੂੰ ਇਸ ਵਿੱਚ ਕੋਈ ਖ਼ਾਮੀ ਨਜ਼ਰ ਆਉਂਦੀ ਹੈ ਤਾਂ ਉਸ ਤੇ ਜਰੂਰ ਵਿਚਾਰ ਹੋਣੀ ਚਾਹੀਦੀ ਹੈ। ਐਵੇ ਹੀ ਪਾਣੀ `ਚ ਮਧਾਣੀ ਪਾਉਣ ਦਾ ਹੁਣ ਕੋਈ ਫਾਇਦਾ ਨਹੀਂ ਹੋਣਾ, ਬਹੁਗਿਣਤੀ ਵਿਦੇਸ਼ੀ ਸਿੱਖ, ਸਿੱਖ ਸੰਸਥਾਵਾਂ ਅਤੇ ਗੁਰਦਵਾਰਾ ਪ੍ਰਬੰਧਕ ਕਮੇਟੀਆਂ ਇਸ ਨੂੰ ਪ੍ਰਵਾਨ ਕਰ ਚੁੱਕੀਆਂ ਹਨ ਬਾਕੀ ਬਚਦੇ ਲਗਾਤਾਰ ਕਰੀ ਜਾ ਰਹੇ ਹਨ। ਖਾਸ ਤੌਰ ਤੇ ਇਸ ਸਾਲ ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਦਿਹਾੜੇ ਨੂੰ 23 ਪੋਹ/5 ਜਨਵਰੀ ਨੂੰ ਮਨਾਉਣ ਸਬੰਧੀ ਗੁਰਦਵਾਰਾ ਪ੍ਰਬੰਧਕ ਕਮੇਟੀਆਂ ਵੱਲੋਂ ਵਿਖਾਏ ਗਏ ਉਤਸ਼ਾਹ ਤੋਂ ਲਗਦਾ ਹੈ ਕਿ ਵਿਦੇਸ਼ੀ ਸਿੱਖ, ਅਕਾਲ ਤਖਤ ਸਾਹਿਬ ਦਾ ਨਾਮ ਵਰਤ ਕੇ ਖੇਡੀ ਜਾਂ ਰਹੀ ਸਿਆਸਤ ਨੂੰ ਹੁਣ ਸਮਝ ਚੁਕੇ ਹਨ।

ਸਰਵਜੀਤ ਸਿੰਘ ਸੈਕਰਾਮੈਂਟੋ
sarbjits@gmail.com