ਸਦਭਾਵਨਾ ਰੈਲੀ

0
290

A A A

ਸਦਭਾਵਨਾ ਰੈਲੀ

ਹੀਰ:-      ਹੀਰ ਆਖਦੀ ਵੇ ਰਾਂਝਿਆ ਗੱਲ ਦੱਸ ਖਾਂ, ਕੀਤੀਆਂ ਕਿਧਰ ਨੂੰ ਅੱਜ ਤਿਆਰੀਆਂ ਨੇ।
             ਬੂਥਾ ਲਿਸ਼ਕਦੈ ਨਿਹੰਗਾਂ ਦੇ ਡੋਲ ਵਾਂਗੂੰ,  ਅੱਜ ਤਾਂ ਜਟੂਰੀਆਂ ਵੀ ਖ਼ੂਬ ਸੰਵਾਰੀਆਂ ਨੇ।

ਰਾਂਝਾ:-     ਰਾਂਝਾ ਆਖਦਾ ਅੱਜ ਰੈਲੀ ਏ ਬਾਦਲਾਂ ਦੀ, ਨਾਲ਼ ਸੰਗੀਆਂ ਦੇ ਮੈਂ ਉੱਥੇ ਜਾਵਣਾ ਏ।
            ਸਕੂਲ ਦੀ ਬੱਸ ਨੇ ਹੁਣੇ ਹੈ ਲੈਣ ਆਉਣਾ, ਲੰਗਰ ਪਾਣੀ ਵੀ ਉੱਥੇ ਹੀ ਖਾਵਣਾ ਏ।

ਹੀਰ:-      ਔਂਤ ਜਾਣਿਆ ਵੇ ਮੈਨੂੰ ਡਰ ਲਗਦੈ,  ਸਰਕਾਰ ਗੋਲ਼ੀ ਦਾ ਹੁਕਮ ਸੁਣਾ ਦਿੰਦੀ।
            ਲੰਗਰ ਛਕਦੀਆਂ ਛਕਾਉਂਦੀਆਂ ਸੰਗਤਾਂ ਨੂੰ, ਜਹਾਨ ਅਗਲੇ ਦੇ ਵਿਚ ਪਹੁੰਚਾ ਦਿੰਦੀ।

ਰਾਂਝਾ:-     ਸਦਭਾਵਨਾ ਦੀ ਰੈਲੀ ਆ ਇਹ ਹੀਰੇ, ਉੱਥੇ ਬੀਬੇ ਰਾਣੇ ਹੀ ਪੁਲਸੀਏ ਆਵਣੇ ਨੇ।
            ਡੱਟ ਖੋਲ੍ਹ ਕੇ ਨਸ਼ੇ ਦੀਆਂ ਬੋਤਲਾਂ ਦੇ, ਪੈੱਗ ਆਪ ਹੀ ਉਹਨੀਂ ਵਰਤਾਵਣੇ ਨੇ।

ਹੀਰ:-     ਕਿਹੜੀ ਸਦਭਾਵਨਾ ਰਾਂਝਿਆ ਲੱਭਨਾ ਏਂ, ਵੋਟ ਤੰਤਰ ਲਈ ਸਾਰਾ ਪਖੰਡ ਮੀਆਂ।
           ਵਿਸ ਘੋਲ਼ਦੇ ਇਹ ਜ਼ਹਿਰੀ ਨਾਗ ਵਾਂਗੂੰ, ਮੂੰਹ ਵਿਚ ਰੱਖਦੇ ਨੇ ਮਿਸ਼ਰੀ ਖੰਡ ਮੀਆਂ।

ਰਾਂਝਾ:-    ਨੁਕਤਾਚੀਨੀਆਂ ‘ਚੋਂ ਆਪਾਂ ਕੀ ਲੈਣੈ,  ਭੁੱਕੀ ਪਾਣੀ ਦਾ ਆਪਣਾ ਪ੍ਰਬੰਧ ਹੋ ਜਾਊ।
           ਨੋਟ ਦਿੰਦੇ ਨੇ ਖੋਤੇ ਦੇ ਕੰਨ ਵਰਗਾ, ਮੈਂ ਨਾ ਗਿਆ ਤਾਂ ਰੈਲੀ ਕਿਹੜਾ ਬੰਦ ਹੋ ਜਾਊ।

ਨਿਰਮਲ ਸਿੰਘ ਕੰਧਾਲਵੀ