ਪਾਠੰਤਰ ਵੀਚਾਰ – ਭਾਗ ੦੪

0
297

A A A

09. ਭਯਾ

ਤੀਜੈ ਭਯਾ ਭਾਭੀ ਬੇਬ  (ਪੰਨਾ 1023 ) 
ਇਸ ਪੰਗਤੀ ਵਿਚ ਆਇਆ ਸ਼ਬਦ 'ਭਯਾ' ਸ਼ਬਦ ਸੰਸਕ੍ਰਿਤ ਦੇ 'भईया' ਦਾ ਤਦਭਵ ਰੂਪ ਹੈ। ਗੁਰਬਾਣੀ ਵਿਚ ਇਸ ਬਣਤਰ 'ਭਯਾ' ਬਣੀ। ਮੂਲ ਭਾਸ਼ਾ ਵਿਚ ਦੋਨੋ ਅਖੱਰ ਦੀਰਘ-ਸ੍ਵਰ ਹੋਣ ਕਾਰਣ ਪੰਜਾਬੀ ਵਿਚ 'ਭ' ਉਪੱਰ ਅਧੱਕ ਲੱਗ ਜਾਵੇਗਾ, ਜਿਸ ਨਾਲ ਦੀਰਘ ਸ੍ਵਰ ਹੋਣ ਕਾਰਣ ਆਪਣੇ ਪਹਿਲੇ ਅਖੱਰ ਨੂੰ ਆਵਾਜ ਮਾਰੇਗਾ ਅਤੇ 'ਈ' ਨਾਲ ਆ ਕੇ ਲਗ ਜਾਵੇਗਾ। ਇਸ ਕਰਕੇ ਉਕਤ ਸ਼ਬਦ ਦਾ ਉਚਾਰਣ 'ਭੱਈਆ' ਵਾਂਗ ਹੋਵੇਗਾ। 
ਭਯਾ = ਭਰਾ (ਆਮ ਨਾਂਵ ਇਕਵਚਨ,ਸੰਸਕ੍ਰਿਤ)। ਉਚਾਰਣ = ਭੱਈਆ, ਬਲ ਧੁਨੀ ਅਧਕ ਸਹਿਤ।

ਬ੍ਰਹਮਾ ਬਿਸਨੁ ਸਿਰੇ ਤੈ ਅਗਨਤ ਤਿਨ ਕਉ ਮੋਹੁ ਭਯਾ ਮਨ ਮਦ ਕਾ ॥ (ਪੰਨਾ 1403 )
ਉਕਤ ਪੰਗਤੀ ਵਿੱਚ 'ਭਯਾ' ਸ਼ਬਦ ਹ੍ਰਸ੍ਵ-ਸ੍ਵਰ ਹੋਣ ਕਾਰਣ 'ਯ' ਸ੍ਵਰੀ ਅੱਖਰਾਂ ਨੂੰ ਆਵਾਜ ਮਾਰੇਗਾ। ਸ੍ਵਰੀ ਅਖਰ 'ਇ' ਨਾਲ ਜੁੜ ਜਾਵੇਗਾ ਕਿਉਂਕਿ ਮੂਲ ਧਾਤੂ ਅਧਕ ਵਾਲਾ ਨਹੀਂ ਇਸ ਕਰਕੇ ਲਘੂ ਸ੍ਵਰ ਹੀ ਰਹੇਗਾ। ਸੋ ਉਕਤ ਸ਼ਬਦ ਦਾ ਉਚਾਰਣ 'ਭਇਆ' ਵਾਂਗ ਹੋਵੇਗਾ।
ਭਯਾ = (ਅਪੂਰਣ ਕਿਰਿਆ) ਭਇਆ। ਉਚਾਰਣ = ਭਇਆ ।

ਨਿਯਮ ਥੋੜਾ ਗਹਿਰਾ ਹੋਣ ਕਾਰਣ ਸਧਾਰਨ ਵਿਦਿਆਰਥੀ ਅਰਥ ਦੇ ਅਧਾਰ 'ਤੇ ਵੀ ਉਪਰੋਕਤ ਸ਼ਬਦ ਦਾ ਉਚਾਰਣ ਸਮਝ ਸਕਦੇ ਹਨ ।
ਭਯਾ = (ਅਪੂਰਣ ਕਿਰਿਆ) ਭਇਆ, ਹੋਇਆ ।

ਭਯਾ = (ਆਮ ਨਾਂਵ ) ਭਰਾ। 
ਨਿਯਮ ਇਹ ਹੀ ਹੈ ਕਿ 'ਯ' ਅਖਰ ਵਾਲਾ ਸ਼ਬਦ ਜਿਹੜਾ ਆਪਣੀ ਮੂਲ ਭਾਸ਼ਾ ਵਿਚ ਦੀਰਘ ਸ੍ਵਰੀ ਹੈ ਭਾਵ ਅਧਕ ਵਾਲਾ ਹੈ ਉਸ ਦਾ ਹੋਰ ਭਾਸ਼ਾ ਵਿਚ ਰੂਪਾਂਤਰ ਹੋਣ ਤੇ ਉਚਾਰਣ 'ਈ' ਵਲ ਉਲਾਰ ਹੋਵੇਗਾ। ਜਿਹੜਾ ਸ਼ਬਦ ਲਘੂ ਸ੍ਵਰੀ ਹੈ ਉਸ ਦਾ ਉਚਾਰਣ 'ਇ' ਵਲ ਉਲਾਰ ਹੋਵੇਗਾ।

10. ਅਧੀ

ਤੁਧੁ ਭਾਵੈ ਅਧੀ ਪਰਵਾਣੁ॥ (ਪੰਨਾ 662 )
ਉਕਤ ਪੰਗਤੀ ਵਿਚ ਆਇਆ ਲਫਜ਼ ਸੰਸਕ੍ਰਿਤ ਤੋਂ ਤਤਸਮ ਰੂਪ ਹੈ। ਸੰਸਕ੍ਰਿਤ ਵਿਚ ਇਸਦਾ ਮੂਲ ਧਾਤੂ 'ਧੀ' (धीः) ਹੈ। ਜਿਸ ਦਾ ਅਰਥ ਅਕਲ ਬੁੱਧੀ(ਇਸਤਰੀ ਲਿੰਗ ਭਾਵ ਵਾਚੀ ਨਾਂਵ) ਹੈ। ਗੁਰਬਾਣੀ ਵਿਚ ਇਸ ਸ਼ਬਦ ਨੂੰ ਵਰਤਣ ਵੇਲੇ ਅਗੇਤਰ 'ਅ' ਵਿਰੋਧ ਅਰਥਕ ਅਗੇਤਰ ਲਾ ਦਿਤਾ। ਜਿਸ ਕਰਕੇ ਅਰਥ ਬਣਿਆ 'ਬੁੱਧੀ ਹੀਣ' । ਇਸ ਕਰਕੇ ਇਸ ਸ਼ਬਦ ਦਾ ਉਚਾਰਣ 'ਅ' ਅਗੇਤਰ ਕਰਕੇ ਕਰਣਾ ਹੈ 'ਅ-ਧੀ' ਵਾਂਗ। ਇਸ ਨੂੰ 'ਅੱਧੀ' ਉਚਾਰਣਾ ਅਸ਼ੁੱਧ ਹੈ। ਗੁਰਬਾਣੀ ਵਿਚ ਕੇਵਲ ਇਹ ਸ਼ਬਦ ਇਕੋ ਵਾਰ ਆਇਆ ਹੈ।
ਅਧੀ = ਅ-ਧੀ (ਭਾਵ ਵਾਚੀ ਇਸਤਰੀ ਲਿੰਗ ਨਾਂਵ, ਸੰਸਕ੍ਰਿਤ) ਮੂਰਖ, ਅਕਲਹੀਣ। ਉਚਾਰਣ = ਅਧੀ ( ਅ-ਧੀ ਵਾਂਗ )

ਦਇਆ ਦੁਆਪੁਰਿ ਅਧੀ ਹੋਈ ॥ (ਪੰਨਾ 1023 )
ਅਧੀ = ਅੱਧ (ਨਿਸ਼ਚਿਤ ਸੰਖਿਅਕ ਵਿਸ਼ੇਸ਼ਣ) ਹੈ । ਉਚਾਰਣ = ਅੱਧੀ, ਬਲ ਧੁਨੀ ਅਧਕ ਸਹਿਤ

ਭੁੱਲ-ਚੁਕ ਮੁਆਫ

ਹਰਜਿੰਦਰ ਸਿੰਘ 'ਘੜਸਾਣਾ'
khalsasingh.hs@gmail.com