ਫਿਨਲੈਂਡ ਵਾਲੇ ਸਿੱਖ ਲੱਖਾਂ ਦੇ ਪੁਜਾਰੀ ਟੋਲੇ ਕੱਖਾਂ ਦੇ !

0
107

A A A


ਫਿਨਲੈਂਡ ਵਾਲੇ ਸਿੱਖ ਲੱਖਾਂ ਦੇ ਪੁਜਾਰੀ ਟੋਲੇ ਕੱਖਾਂ ਦੇ।

ਅਖੌਤੀ ਜੱਥੇਦਾਰੋ! ਸੱਭ ਤੋਂ ਪਹਿਲਾ ਸਵਾਲ ਇਹ ਪੈਦਾ ਹੁੰਦਾ ਹੈ ਕਿ ਆਖਰ ਸਾਨੂੰ ਇਹ ਕਦਮ ਚੁਕਣਾ ਹੀ ਕਿਉਂ ਪਿਆ? ਜੇ ਕਰ ਤੁਸੀਂ ਇਮਾਨਦਾਰੀ ਨਾਲ ਸਿੱਖੀ ਦੀ ਸੇਵਾ ਕਰ ਰਹੇ ਹੁੰਦੇ ਤਾਂ ਅੱਜ ਤਕ ਇਸ “ਸਿੱਖ ਰਹਿਤ ਮਰਯਾਦਾ” ਵਿੱਚ ਜੋ ਕਮੀਆਂ ਨਜ਼ਰ ਆਈਆਂ ਹਨ ਉਹ ਕਦੋਂ ਦੀਆਂ ਕੱਢ ਦਿੱਤੀਆਂ ਹੁੰਦੀਆਂ। 
ਪਰ ਨਹੀਂ। ਤੁਸੀਂ ਤਾਂ ਆਪਣੀ ਜ਼ਮੀਰ, ਜੇ ਕੋਈ ਤੁਹਾਡੇ ਕੋਲ ਹੈ ਵੀ ਤਾਂ, ਗਿਰਵੀ ਰੱਖ ਚੁਕੇ ਹੋ। ਇਸੇ ਕਰਕੇ ਹੀ ਅੱਜ ਕੱਲ੍ਹ ਅਖਬਾਰ ਤੁਹਾਨੂੰ ਲਿਫਾਫਾ ਜੱਥੇਦਾਰ ਲਿਖ ਰਹੇ ਹਨ। ਫਿਨਲੈਂਡ ਵਾਲਿਆਂ ਨੂੰ ਤੁਸੀਂ ਅਕਾਲ ਤੱਖਤ ਤੇ ਸੱਦਣ ਦਾ ਡਾਰਾਵਾ ਦਿੱਤਾ ਹੈ। ਇਸ ਤੋਂ ਪਹਿਲਾਂ ਕਿ
ਤੁਸੀਂ ਇਹ ਕਰਦੇ ਤੁਹਾਨੂੰ ਬੀਬੀ ਬਸੰਤ ਕੌਰ ਫਰੀਦਾਬਾਦ ਨੇ ਇਹ ਚੈਲਿੰਜ ਕੀਤਾ ਹੈ ਕਿ ਤੁਸੀਂ ਫਿਨਲੈਂਡ ਵਾਲਿਆਂ ਨੂੰ ਇਤਨੀ ਦੂਰੋਂ ਕਿਉਂ ਬਲਾਉਂਦੇ ਹੋ ਅਸੀਂ ਫਰੀਦਾਬਾਦ ਵਾਲੇ ਤੁਹਾਡੇ ਨੇੜੇ ਬੈਠੇ ਹਾਂ। ਸਾਡੇ ਨਾਲ ਵਿਚਾਰ ਲਈ ਸਾਡੇ ਸਨਮੁੱਖ ਹੋਵੋ। ਕੀ ਤੁਸੀਂ ਇਹ ਚੈਲਿੰਜ਼ ਕਬੂਲ ਕਰ ਲਿਆ ਹੈ ਜਾਂ ਨਹੀਂ? ਅਕਾਲ ਤਖਤ ਦੇ ਮੁੱਖ ਸੇਵਾਦਾਰ ਜੀ ਛੇਤੀ ਕਰੋ ਇਹ ਚੈਲਿੰਜ਼ ਕਬੂਲ ਕਰੋ ਕਿਤੇ ਲਿਫਾਫੇ ਵਿਚੋਂ ਕੱਲ੍ਹ ਨੂੰ ਕੋਈ ਹੋਰ ਜੱਥੇਦਾਰ ਨਾ ਨਿਕਲ ਆਵੇ।

ਤੁਹਾਨੂੰ ਫਰੀਦਾਬਾਦ ਵੀ ਜਾਣ ਦੀ ਲੋੜ ਨਹੀਂ। ਚੌਕ ਮਹਿਤਾ ਤੁਹਾਡੇ ਕੋਲ ਹੀ ਹੈ। ਦਮਦਮੀ ਟਕਸਾਲ ਨੂੰ ਪੁਛੋ ਕੀ ਉਹ ਤੁਹਾਡੀ “ਸਿੱਖ ਰਹਿਤ ਮਰਯਾਦਾ” ਨੂੰ ਮੰਨਦੇ ਹਨ? ਤੁਹਾਨੂੰ ਉਨ੍ਹਾਂ ਨੂੰ ਵੀ ਪੁੱਛਣ ਦੀ ਲੋੜ ਨਹੀਂ ਤੁਸੀਂ ਵੀ ਉਸੇ ਟਕਸਾਲ ਦੇ ਚੇਲੇ-ਬਾਲਕੇ ਹੋ। ਤੁਹਾਨੂੰ ਪਤਾ ਹੀ ਹੈ ਕਿ ਚੌਕ ਮਹਿਤਾ “ਸਿੱਖ ਰਹਿਤ ਮਰਯਾਦਾ” ਦੇ ਉਲਟ ‘ਦਸਮ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਪ੍ਰਕਾਸ਼ ਕੀਤਾ ਜਾਂਦਾ ਹੈ ਜਦੋਂ ਕਿ ਸਿੱਖ ਰਹਿਤ ਮਰਯਾਦਾ ਦੇ ਪੰਨਾ 11 (ਹ) ਮੁਤਾਬਕ ਇਹ ਨਹੀਂ ਹੋਣਾ ਚਾਹੀਦਾ। ਕੀ ਤੁਸੀਂ ਚੌਕ ਮਹਿਤੇ ਨੂੰ ਕਦੀ ਅਵਾਜਾ ਦੇਵੋਗੇ? ਕੀ ਤੁਸੀਂ ਕਦੀ ਟਕਸਾਲ ਨੂੰ ਪੁਛੋਗੇ ਕਿ ਬਈ ਤੁਸੀਂ ਅਕਾਲ ਤਖਤ ਦੀ ਮੋਹਰ ਲੱਗਾ ਕੇ ਸ਼੍ਰੋ. ਗੁ. ਪ੍ਰ. ਕਮੇਟੀ ਅੰਮ੍ਰਿਤਸਰ ਵਲੋਂ ਛਾਪੀ ਗਈ ਸਿੱਖ ਰਹਿਤ ਮਰਯਾਦਾ ਨੂੰ ਕਿਉਂ ਨਹੀਂ ਮੰਨਦੇ? ਕਲੇਰਾਂ ਵਾਲੇ ਚਿੱਟ ਕਪੜੀਏ ਸਾਧ ਤੁਹਾਡੇ ਕੋਲ ਹੀ ਹਨ। ਪਿਛਲੇ ਸਾਲ ਇਨ੍ਹਾਂ ਨੇ ਗੁਰੂ ਨਾਨਕ ਸਾਹਿਬ
ਦਾ ਆਦਮ ਕੱਦ ਬੁਤ ਬਣਾ ਕੇ ਨਗਰ ਕੀਰਤਨ ਕੱਢੇ। ਕੀ ਤੁਹਾਡੀਆਂ ਅੱਖਾਂ ਖੁਲੀਆਂ ਹਨ? ਕੀ ਤੁਹਾਡੇ ਕੰਨ ਸੁਣਦੇ ਨਹੀਂ? ਦਿਮਾਗ ਕੰਮ ਕਰਦਾ ਨਹੀਂ? ਕੀ ਤੁਸੀਂ ਇਸ ਬਾਰੇ ਅਖਬਾਰਾਂ ਵਿੱਚ ਪੜ੍ਹਿਆ ਨਹੀਂ? ਕੀ ਤੁਹਾਨੂੰ ਇਸ ਬਾਰੇ ਕਿਸੇ ਨੇ ਦੱਸਿਆ ਨਹੀਂ? ਚਲੋ ਜੇ ਅੱਜ ਤਕ ਤੁਹਾਨੂੰ ਇਸ ਬਾਰੇ ਪਤਾ ਨਹੀਂ ਲੱਗਿਆ ਤਾਂ ਹੁਣ ਹੀ ਸੁਣ ਲਓ, ਪੜ੍ਹ ਲਓ। ਇਨ੍ਹਾਂ ਨੇ ਆਪਣੇ ਗੁਟਕਿਆਂ ਵਿੱਚ ਗੁਰੂ ਅਰਜਨ ਪਾਤਸ਼ਾਹ ਦੀ ਲਿਖੀ ਬਾਣੀ “ਸੁਖਮਨੀ” ਦੀ ਲਿਖਣ ਵਿਧੀ ਨੂੰ ਬਦਲ ਕੇ ਆਪਣੇ ਕੋਲੋਂ ਸੰਪਟ ਲਾ ਲਾ ਕੇ ਗੁਰੂ ਨੂੰ ਇੱਕ ਸਾਧਾਰਣ ਮਨੁੱਖ ਦੇ ਦਰਜੇ ਤੋਂ ਵੀ ਥੱਲੇ ਲੈ ਆਂਦਾ ਹੈ। ਅਸੀਂ ਤੁਹਾਨੂੰ ਪੁੱਛਦੇ ਹਾਂ ਕਿ ਕੀ ਇਨ੍ਹਾਂ ਨੂੰ ਗੁਰੂ ਨਾਲੋਂ ਸਮਝ ਜ਼ਿਆਦਾ ਹੈ ਜਿਹੜੇ ਗੁਰੂ ਦੀ ਬਾਣੀ ਵਿੱਚ ਤਬਦੀਲੀਆਂ ਕਰਨ ਦੇ ਸਮਰੱਥ ਹਨ? ਬਹੰਗਮ ਹੋਣਾ ਸਿੱਖ ਧਰਮ ਦਾ ਅੰਗ ਨਹੀਂ। ਫਿਰ ਇਹ ਲੋਕ ਕਿਉਂ ਲੋਕਾਂ ਨੂੰ ਭਰਮਾ ਕੇ ਉਨ੍ਹਾਂ ਦੀ ਮਾਇਆ ਤੇ ਇਜਤ ਲੁੱਟੀ ਜਾ ਰਹੇ ਹਨ। ਇਹ ਨਾਨਕਸਰੀਏ ਬਾਹਰਲਿਆਂ ਮੁਲਕਾਂ `ਚ ਤੇ ਖਾਸ ਕਰਕੇ ਕੈਨੇਡਾ ਵਿੱਚ ਲੋਕਾਂ ਦੀਆਂ ਧੀਆਂ, ਭੈਣਾਂ ਤੇ ਘਰ ਵਾਲੀਆਂ ਦੀ ਇਜਤ ਲੁਟਦੇ ਕਈ ਵਾਰੀ ਫੜੇ ਗਏ ਹਨ। ਐਡਮੈਂਟਨ ਵਾਲਾ ਬਾਬਾ ਹਰਨੇਕ ਸਿੰਘ ਸ਼ਰਾਬੀ ਹਾਲਤ ਵਿੱਚ ਗੱਡੀ ਚਲਾਉਂਦਾ ਫੜਿਆ ਗਿਆ, ਚਾਰਜ ਵੀ ਹੋਇਆ। ਕੋਈ ਅਕਾਲ ਤਖਤ ਹਰਕਤ ਵਿੱਚ ਨਹੀਂ ਆਇਆ। ਕੀ ਤੁਹਾਨੂੰ ਇਨ੍ਹਾਂ ਤੋਂ ਡਰ ਲਗਦਾ ਹੈ? ਜੇ ਤੁਹਾਡੇ `ਚ ਹਿੰਮਤ ਹੈ ਤਾਂ ਸੱਦੋ ਇਨ੍ਹਾਂ ਨੂੰ ਅਕਾਲ ਤਖਤ ਤੇ। ਫਿਰ ਭਾਂਡੇ ਮਾਂਜਣ, ਪਾਠ ਕਰਨ, ਝਾੜੂ ਫੇਰਨ ਜਾਂ ਗੋਲਕ ਵਿੱਚ ਮਾਇਆ ਪਾਉਣ ਤੇ ਪਾਠ ਕਰਾਉਣ ਲਈ ਨਾ ਕਹਿਣਾ। ਕਿਉਂਕਿ ਜੇ ਇਹ ਸਾਰਾ ਕੁੱਝ ਸਜਾ ਹੈ ਤਾਂ ਫਿਰ ਸਿੱਖ ਧਰਮ ਮੁਤਾਬਕ ਸੇਵਾ ਕੀ ਹੈ? ਕਰੋ ਇਨ੍ਹਾਂ ਦੇ ਡੇਰੇ ਬੰਦ ਸਜਾ ਇਹ ਹੋਣੀ ਚਾਹੀਦੀ ਹੈ।

ਕੁੱਝ ਦਿਨ ਪਹਿਲਾਂ ਦੀ ਗੱਲ ਹੈ। ਆਹ ਸਾਧ ਹਰੀ ਸਿੰਘ ਰੰਧਾਵੇ ਵਾਲ ਜਿਹੜਾ ਆਪਣੇ ਨਾਮ ਨਾਲ ਸੰਤ ਵੀ ਲਾਉਂਦਾ ਹੈ ਸਾਡੇ ਨਾਲ “ਦਸਮ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਬਾਰੇ ਵਿਚਾਰ ਕਰਨ ਲਈ ਗੁਰਦਵਾਰੇ ਰਿਚਮੁੰਡ ਹਿਲ ਨਿਊਯਾਰਕ ਵਿੱਚ ਪਹੁੰਚਿਆ। ਪ੍ਰੋ. ਦਰਸ਼ਨ ਸਿੰਘ ਦੇ ਬਰਾਬਰ ਬੈਠ ਕੇ ਕਿਸੇ ਪੁਰਾਣੇ ਹੁਕਮਨਾਮੇ, 2000, ਦਾ ਵੇਰਵਾ ਦੇ ਕੇ ਇਹ ਕਹਿਕੇ ਤੁਰਦਾ ਬਣਿਆ ਕਿ ਦਸਮ ਗ੍ਰੰਥ ਬਾਰੇ ਚਰਚਾ ਕਰਨ ਤੋਂ ਅਕਾਲ ਤਖਤ ਦਾ ਹੁਕਮਨਾਮਾ ਵਰਜਿਤ ਕਰਦਾ ਹੈ ਜਦੋਂ ਕਿ ਤੁਸੀਂ ਖੁਦ ਤੇ ਵੇਦਾਂ ਦੇ ਮਾਹਰ ਵੇਦਾਂਤੀ ਜੋਗਿੰਦਰ ਸਿੰਘ ਸਾਬਕਾ ਪੁਜਾਰੀ ਫਤਹਿ ਦਿਵਸ ਮਨਾ ਕੇ 14. 06. 2000 ਦੇ ਹੁਕਮਨਾਮੇ ਦੀ ਉਲੰਙਣਾ ਕਰ ਚੁਕੇ ਹੋ ਅਤੇ 27. 11. 2006 ਵਿੱਚ ਜਾਰੀ ਹੋਇਆ ਹੁਕਮ ਨਾਮਾ ਇਹ ਹੁਕਮ ਕਰਦਾ ਹੈ ਕਿ ਦਸਮ ਗ੍ਰੰਥ ਦੇ ਉਲਟ ਪ੍ਰਚਾਰ ਕਰਨ ਵਾਲਿਆਂ ਨੂੰ ਗੁਰਮਤਿ ਮੁਤਾਬਕ ਜਵਾਬ ਦੇਓ। ਹੁਣ ਤੁਸੀਂ ਇਹ ਦੱਸਣ ਦੀ ਕ੍ਰਿਪਾਲਤਾ ਕਰਨ ਕਿ ਕੀ ਤੁਸੀਂ ਆਪਣੇ ਆਪ, ਜੋਗਿੰਦਰ ਸਿੰਘ ਵੇਦਾਂਤੀ ਅਤੇ ਭਗੌੜੇ ਹਰੀ ਸਿੰਘ ਨੂੰ ਵੀ ਕਦੀ ਸਦੋਗੇ ਜਾਂ ਅਕਾਲ ਤਖਤ ਤੁਹਾਡੀ ਮੱਤ ਨਾਲ ਮੱਤ ਦੇ ਨਾ ਮੇਲ ਖਾਣ ਵਾਲਿਆਂ ਨੂੰ ਹੀ ਸੱਦਣ ਵਾਸਤੇ ਹੈ?

ਸਾਰੇ ਦਾ ਸਰਾ ਸੰਤ ਸਮਾਜ ਵੀ ਤਨਖਾਹੀਆ ਹੈ। ਪਤਾ ਕਰੋ ਸੰਤ ਮੱਖਣ ਸਿੰਘ ਸੱਤੋ ਦੀ ਗਲੀ ਵਾਲਿਆਂ ਤੋਂ ਜਿਨ੍ਹਾਂ ਨੇ ਸੰਤ ਸਮਾਜ ਦੇ ਮੁਖੀ ਹੁੰਦਿਆਂ ‘ਸਿੱਖ ਰਹਿਤ ਮਰਯਾਦਾ’ ਵਿਚੋਂ ਕੁੱਝ ਗੱਲਾਂ ਚੋਰੀ ਕੀਤੀਆਂ ਤੇ ਬਾਕੀ ਦੇ ਸੰਤ ਸਮਾਜ ਨੂੰ ਕਬੂਲ ਨੁਕਤੇ ਆਪਣੇ ਕੋਲੋਂ ਪਾ ਕੇ ਇੱਕ ਨਵੀਂ ਸੰਤ ਸਮਾਜ ਦੀ “ਸਿੱਖ ਰਹਿਤ ਮਰਯਾਦਾ” ਤਿਆਰ ਕਰਕੇ ਅਕਾਲ ਤਖਤ ਦੀ ਪ੍ਰਵਾਨਤ ਮਰਯਾਦਾ ਦੇ ਮੁਕਾਬਲੇ ਤੇ ਹੋਰ “ਸੰਤ ਸਮਾਜ ਰਹਿਤ ਮਰਯਾਦਾ” ਖੜੀ ਕਰ ਦਿੱਤੀ। ਇਸ ਬਾਰੇ ਅਕਾਲ ਤਖਤ ਕਦੋਂ ਹਰਕਤ ਵਿੱਚ ਆਵੇਗਾ? ਕੀ ਤੁਸੀਂ ਸੰਤਾਂ ਦੇ ਸਮਾਜ ਤੋਂ ਡਰਦੇ ਉਨ੍ਹਾਂ ਨੂੰ ਅਕਾਲ ਤਖਤ ਤੇ ਨਹੀਂ ਬੁਲਾਉਂਦੇ? ਫਿਨਲੈਂਡ ਵਾਲਿਆਂ ਨੇ ਤਾਂ ਇੱਕ ਜਾਂ ਦੋ ਤਬਦੀਲੀਆਂ ਰਹਿਤ ਮਰਯਾਦਾ ਵਿੱਚ ਕਰ ਦਿੱਤੀਆਂ ਤਾਂ ਅਖੇ ਅਸੀਂ ਉਨ੍ਹਾਂ ਦੇ ਵਰੰਟ ਜਾਰੀ ਕਰਾਂਗੇ ਤੇ ਉਹ ਵੀ ਨਾਨਬੇਲਏਬਲ। ਤੁਸੀਂ ਕਦੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸ੍ਰ. ਪ੍ਰਕਾਸ਼ ਸਿੰਘ ਬਾਦਲ ਨੂੰ ਗੁਰੂ ਗ੍ਰੰਥ ਸਾਹਿਬ ਦੇ ਹੁਕਮਾਂ ਦੇ ਉਲਟ ਮੁੰਕਟ ਲਾ ਕੇ ਤਿਲਕ ਲਗਾਉਣ ਬਾਰੇ ਪੁਛੋਗੇ? ਹਵਨ ਕਰਨ ਬਾਰੇ ਪੁਛੋਗੇ? ਸਰਸਾ ਸਾਧ ਦੇ ਚਰਨਾਂ ਵਿੱਚ ਬੈਠ ਕੇ ਵੋਟਾਂ ਲਈ ਲੇਲੜੀਆਂ ਕੱਢਣ ਬਾਰੇ ਪੁਛੋਗੇ? ਉਨ੍ਹਾਂ ਦੀ ਧਰਮ ਪਤਨੀ ਦਾ ਸਾਧਾਂ ਦੇ ਡੇਰੇ ਮੱਥਾ ਟੇਕਣ ਬਾਰੇ ਪੁਛੋਗੇ? ਢੀਂਢਸੇ ਦੇ ਰਮਾਇਣ ਦੇ ਪਾਠ ਕਰਵਾਉਣ ਬਾਰੇ ਕੋਈ ਹੁਕਮ ਜਾਰੀ ਕਰੋਗੇ?

ਸਿੱਖ ਇਤਹਾਸ `ਚ ਅਕਾਲ ਤਖਤ ਦਾ ਰੋਲ ਦੇ ਪੰਨਾ 26 ਤੇ ਡਾ. ਹਰਜਿੰਦਰ ਸਿੰਘ ਦਲਗੀਰ ਸਾਬਕਾ ਮੁਖ ਪੁਜਾਰੀ ਜੋਗਿੰਦਰ ਸਿੰਘ ਵੇਦਾਂਤੀ ਤੇ ਪੈਸੇ ਲੈ ਕੇ ਮੁਲਜ਼ਮਾ ਨੂੰ ਬਰੀ ਕਰਨ ਦੇ ਦੋਸ਼ ਲਾਉਂਦੇ ਹਨ ਤੇ ਨਾਲ ਹੀ ਇਹ ਵੀ ਦੋਸ਼ ਹੈ ਕਿ ਉਨ੍ਹਾਂ ਨੇ ਕੁੱਲ ਦੋ ਕਰੋੜ ਰੁਪੈ ਗਬਨ ਕੀਤੇ ਹਨ। ਕਦੀ ਜੋਗਿੰਦਰ ਸਿੰਘ ਵੇਦਾਂਤੀ ਨੂੰ ਅਕਾਲ ਤਖਤ ਤੇ ਸੱਦੋਗੇ? ਜਵਾਬ ਹੈ ਨਹੀਂ। ਕਿਉਂਕਿ ਉਹ ਤੁਹਾਡੇ ਹੀ ਭਾਈਚਾਰੇ ਚੋਂ ਹਨ ਤੇ ਨਾਲ ਹੀ ਕੁੜਮਾਚਾਰੀ ਵੀ ਹੈ। ਕੁੱਝ ਦਿਨ ਪਹਿਲਾਂ ਸਪੋਕਸਮੈਨ ਨੇ ਛਾਪਿਆ ਸੀ ਕਿ ਮਸਤੁਆਣੇ ਅਕਾਲ ਤਖਤ ਦੇ ਹੁਕਮਾਂ ਦੇ ਉਲਟ ਪੰਜਾਬ`ਚ ਅੰਮ੍ਰਿਤਸਰ ਦਰਬਾਰ ਵਰਗਾ ਇੱਕ ਹੋਰ ਦਰਬਾਰ ਬਣ ਗਿਆ ਹੈ ਜਦੋਂ ਕਿ ਇਸ ਨੂੰ ਬਣਨ ਤੋਂ ਰੋਕਣ ਲਈ ਗੁਰਚਰਨ ਸਿੰਘ ਟੋਹੜੇ ਨੇ ਹੁਕਮ ਜਾਰੀ ਕਰਵਾਇਆ ਸੀ। ਫਿਨਲੈਂਡ ਵਾਲਿਆਂ ਤਾਂ ਕਿਸੇ ਹੁਕਮ ਦੀ ਉਲੰਙਣਾ ਵੀ ਨਹੀਂ ਕੀਤੀ। ਮੁਖ ਪੁਜਾਰੀ ਸ੍ਰ. ਗੁਰਬਚਨ ਸਿੰਘ ਜੀ ਹੁਣ ਤੁਸੀਂ ਕੀ ਕਰੋਗੇ? 

ਇਸ ਤਰ੍ਹਾਂ ਦੇ ਹੋਰ ਹਜ਼ਾਰਾਂ ਕਾਰਨਾਮੇ ਤੁਹਾਨੂੰ ਯਾਦ ਹਨ ਪਰ ਫਿਰ ਵੀ ਤੁਸੀਂ, ਬਿਨਾ ਸੋਚੇ ਸਮਝੇ, ਚੁਪ ਚਾਪ ਅਕਾਲ ਤਖਤ ਤੇ ਰਾਜ ਕਰੀ ਜਾ ਰਹੇ ਹੋ। ਇਹ ਕਿਸ ਤਰ੍ਹਾਂ ਦੀ ਜੱਥੇਦਾਰੀ ਹੈ?

ਗੁਰੂ ਪੰਥ ਦੇ ਸੇਵਕ,
ਸਿੰਘ ਸਭਾ ਇੰਟਰਨੈਸ਼ਨਲ ਕੈਨੇਡਾ ਬਰੈਂਪਟਨ, ਵਿਨੀਪੈਗ, ਐਡਮੈਂਟਨ ਅਲਬਰਟਾ,
ਸੈਕਰਾਮਿੰਟੋ ਕੈਲੇਫੋਰਨੀਆ ਅਤੇ ਵੈਨਕੂਵਰ।