ਸਿੰਘ ਸਭਾ ਇੰਟਰਨੈਸ਼ਨਲ ਕਿਵੇਂ ਹੋਂਦ ਵਿੱਚ ਆਈ ਅਤੇ ਕਾਰਗੁਜ਼ਾਰੀ

3
721

A A A

ਰੋਜਵੈਲ ਕੈਲੇਫੋਰਨੀਆਂ ਵਿਖੇ ਸੰਨ 2000 ਵਿਚ ਸ੍ਰ. ਹਰਦੇਵ ਸਿੰਘ ਸ਼ੇਰਗਿੱਲ ਹੋਰਾਂ ਦੀ ਸ੍ਰਪਰਸਤੀ ਹੇਠ ਇਕ ਸੈਮੀਨਾਰ ਹੋਇਆ। ਜਿਸ ਵਿਚ ਸਿੱਖ ਧਰਮ ਦੀ ਬਦਲ ਚੁੱਕੀ ਨੁਹਾਰ ਤੇ ਇਸ ਵਿਚ ਆ ਚੁੱਕੇ ਨਿਘਾਰ ਤੇ ਦੀਰਘ ਵਿਚਾਰ ਕਰਨ ਉਪਰੰਤ ਸਿੰਘ ਸਭਾ ਲਹਿਰ ਦੀ ਸਥਾਪਨਾ ਬਾਰੇ ਵੀ ਵਿਚਾਰ ਕੀਤੀ ਗਈ ਅਤੇ ਸੁਝਾਓ ਆਏ ਕਿ ਗਿਆਨੀ ਦਿੱਤ ਸਿੰਘ ਅਤੇ ਪ੍ਰੋ.ਗੁਰਮੁਖ ਸਿੰਘ ਵਰਗੇ ਯੋਦਿਆਂ ਨੂੰ ਹੁਣ ਅੱਗੇ ਆਉਣ ਦੀ ਲੋੜ ਹੈ।

ਜੁਲਾਈ, 2003 ਈਸਵੀ ਵਿਚ ਸ੍ਰ. ਹਰਦੇਵ ਸਿੰਘ ਸ਼ੇਰਗਿੱਲ ਹੋਰਾਂ ਨੇ ਇਕ ਕਾਨਫਰਾਂਸ ਅਯੋਜਤ ਕੀਤੀ। ਜਿਸ ਵਿਚ ਕੈਨੇਡਾ ਤੋਂ ਵੀ ਵੀਰਾਂ ਨੂੰ ਭਾਗ ਲੈਣ ਦਾ ਮੌਕਾ ਪ੍ਰਾਪਤ ਹੋਇਆ। ਸ਼ੇਰਗਿੱਲ ਜੀ ਹੋਰਾਂ ਮੁੜ ਤੋਂ ਆਪਣੇ ਵਿਚਾਰਾਂ ਨੂੰ ਦੁਹਰਾਇਆ ਕਿ ਸਿੱਖ ਧਰਮ ਵਿਚ ਆ ਚੁੱਕੀ ਗਿਰਾਵਟ ਨੂੰ ਦੂਰ ਕਿਵੇਂ ਕੀਤਾ ਜਾਵੇ। ਸਮਾਂ ਬੀਤ ਗਿਆ ਤੇ ਇਕੱਠੇ ਹੋਏ ਸਾਰੇ ਸੱਜਣ ਆਪਣੇ ਆਪਣੇ ਘਰਾਂ ਨੂੰ ਵਿਛੜ ਗਏ ਤੇ ਸਿੰਘ ਸਭਾ ਲਹਿਰ ਵਾਲਾ ਖਿਆਲ ਲੈ ਕੇ ਕੈਨੇਡਾ ਵਾਲੇ ਵੀਰ ਵੀ ਬਰੈਂਪਟਨ ਕੈਨੇਡਾ ਗਏ।

ਭਾਵੇਂ ਸਿੰਘ ਸਭਾ ਇੰਟਰਨੈਸ਼ਨਲ ਕੈਨੇਡਾ ਬਰੈਂਪਟਨ 2004-5 ਵਿਚ ਰੀਜਿਸਟਰਡ ਕਰਵਾ ਲਈ ਗਈ ਸੀ ਪਰ ਫਿਰ ਵੀ ਸਤੰਬਰ 2006 ਤਕ ਕੋਈ ਖਾਸ ਕੰਮ ਨਹੀਂ ਸੀ ਕੀਤਾ ਗਿਆ ਜਿਸ ਨਾਲ ਇਸ ਦੀ ਹੋਂਦ ਦਾ ਲੋਕਾਂ ਨੂੰ ਪਤਾ ਲੱਗ ਸਕੇ। ਅਗਸਤ 2006 ਵਿਚ ਜਦੋਂ ਪ੍ਰੋ. ਇੰਦਰ ਸਿੰਘ ਘੱਗਾ ਜੀ ਸਾਡੇ ਕੋਲ ਆਏ ਤਾਂ ਟਕਸਾਲੀਆਂ ਤੇ ਅਖੰਡ ਕੀਰਤਨੀਏ ਜੱਥੇ ਵਾਲਿਆਂ ਸਾਡਾ ਰੱਜ ਕੇ ਵਿਰੋਧ ਕੀਤਾ, ਗੁਰਦਵਾਰੇ ਵਿਚ ਲੜਾਈ ਵੀ ਹੋਈ ਤੇ ਬੈਂਕੁਇਟ ਹਾਲ ਵਾਲਿਆਂ ਨੂੰ ਵੀ ਮੁਕਰਾ ਦਿੱਤਾ ਗਿਆ ਤਾਂ ਹੁਣ ਇਸ ਲਹਿਰ ਦੀ ਕਾਰਗੁਜਾਰੀ ਦਾ ਮੁੱਢ ਬੱਝ ਗਿਆ। ਪ੍ਰੋ. ਇੰਦਰ ਸਿੰਘ ਘੱਗਾ ਤਕਰੀਬਨ ਸਾਡੇ ਕੋਲ ਦੋ ਮਹੀਨੇ ਰਹੇ। ਹਰ ਰੋਜ, ਸੈਂਕੜੇ ਸਿੱਖੀ ਪ੍ਰਤੀ ਸੁਹਿਰਦ ਸਿੱਖ ਮਿਲਣ ਆਉਂਦੇ, ਗੱਲਾਂ ਬਾਤਾ ਕਰਦੇ ਤੇ ਚਲੇ ਜਾਂਦੇ। ਇਹੋ ਖਿਆਲ ਆਉਂਦਾ ਕਿ ਮਰ ਚੁੱਕੀ ਕੌਮ ਨੂੰ ਮੁੜ ਸੁਰਜੀਤ ਕਿਵੇਂ ਕੀਤਾ ਜਾਵੇ। ਫਿਰ ਖਿਆਲ ਆਇਆ ਕਿ ਜਿਤਨਾ ਚਿਰ ਅਸੀਂ ਪਿੰਡਾਂ ਵਿਚ ਜਾ ਕੇ ਸਿੱਖੀ ਦਾ ਮੁੱਢ ਨਹੀਂ ਬੰਨਦੇ ਉਤਨਾ ਚਿਰ ਸਿੱਖ ਵਿਚਾਰਧਾਰਾ ਨੂੰ ਸੁਰਜੀਤ ਨਹੀਂ ਕੀਤਾ ਜਾ ਸਕਦਾ।

ਇਸ ਇਰਾਦੇ ਨੂੰ ਮੁੱਖ ਰੱਖ ਕੇ ਗੁਰਮਤਿ ਗਿਆਨ ਮਿਸਨਰੀ ਕਾਲਜ਼ ਲੁਧਿਆਣੇ ਵਾਲਿਆਂ ਨਾਲ ਪ੍ਰਚਾਰ ਕਰਵਾਉਣ ਸਬੰਧੀ ਗੱਲ ਬਾਤ ਕੀਤੀ ਗਈ, ਗਿਣਤੀ ਮਿਣਤੀ ਕੀਤੀ ਗਈ ਕਿ ਖਰਚਾ ਕਿਤਾਨਾ ਕੁ ਆਵੇਗਾ ਜੇ ਕਰ ਇਕ ਪ੍ਰਚਾਰਕ ਨੂੰ ਇਕ ਪਿੰਡ ਵਿਚ ਰੱਖ ਕੇ ਪ੍ਰਚਾਰ ਕਰਵਾਇਆ ਜਾਵੇ ਜਾਂ ਫਿਰ ਉਸੇ ਪ੍ਰਚਾਰਕ ਨੂੰ ਮੋਟਰਸਾਈਕਲ, ਸੈਲ-ਫੂਨ, ਲੈਪਟੌਪ ਤੇ ਪ੍ਰੋਜੈਕਟਰ ਨਾਲ ਪੂਰੀ ਤਰ੍ਹਾਂ ਲੈਸ ਕਰਕੇ ਆਸੇ ਪਾਸੇ ਦੇ ਪਿੰਡਾਂ ਵਿਚ ਵੀ ਇਸੇ ਤੋਂ ਹੀ ਪ੍ਰਚਾਰ ਕਰਵਾਇਆ ਜਾਵੇ ਤਾਂ ਖਰਚਾ ਕੀ ਆਵੇਗਾ?

ਇਸ ਖਿਆਲ ਨੂੰ ਲਾਗੂ ਕੀਤਾ ਗਿਆ ਤੇ 2007 ਵਿਚ ਤਕਰੀਬਨ 15 ਗੁਰਮਤਿ ਪ੍ਰਚਾਰ ਸੈਂਟਰ ਹੋਰ ਖ੍ਹੋਲੇ ਗਏ। ਜਿਨ੍ਹਾਂ ਦੀ ਗਿਣਤੀ 2008 ਵਿਚ 25 ਹੋ ਗਈ ਤੇ ਹੁਣ 2009 ਵਿਚ 52 ਸੈਂਟਰ ਕੰਮ ਕਰ ਰਹੇ ਹਨ। ਇਕੋ ਪ੍ਰਚਾਰਕ ਪੰਜਾਂ ਛਿਆਂ ਪਿੰਡਾਂ ਵਿਚ ਪ੍ਰਚਾਰ ਕਰਦਾ ਹੈ ਤੇ ਇਸਦਾ ਕੁੱਲ ਮਿਲਾ ਕੇ ਪਹਿਲੇ ਸਾਲ ਦਾ ਖਰਚਾ 2500 ਡਾਲਰ ਕੈਨੇਡੀਅਨ ਹੈ ਫਿਰ ਹਰ ਸਾਲ ਦਾ ਖਰਚਾ 2000 ਡਾਲਰ ਹੈ। ਪਹਿਲੇ ਸਾਲ ਮੋਟਰਸਾਈਕਲ, ਲੈਪਟੌਪ, ਪਰੋਜੈਕਟਰ ਤੇ ਮੋਬਾਇਲ ਫੂਨ ਦਾ ਖਰਚਾ ਹੀ ਕਾਫੀ ਹੋ ਜਾਂਦਾ ਹੈ ਇਸ ਕਰਕੇ ਜੇ ਕਰ ਸਿੰਘ ਸਭਾ ਨੂੰ ਕੁੱਝ ਕੋਲੋਂ ਵੀ ਪਾਉਣਾ ਪਵੇ ਤਾਂ ਗੁਰੇਜ ਨਹੀਂ ਕੀਤਾ ਜਾਂਦਾ। ਇਸ ਤਰ੍ਹਾਂ ਕਰਕੇ ਅਸੀਂ ਬਾਹਰਲੇ ਮੁਲਕਾਂ ਵਿਚੋਂ ਸਪਾਂਸਰ ਲੱਭਦੇ ਹਾਂ ਤੇ ਲੁਧਿਆਣੇ ਵਾਲੇ ਉਧਰ ਪੰਜਾਬ ਵਿਚ ਅਤੇ ਪੰਜਾਬੋਂ ਬਾਹਰਲੀਆਂ ਰਿਆਸਤਾਂ ਵਿਚ ਇਨ੍ਹਾਂ ਸੈਂਟਰਾਂ ਦੀ ਦੇਖ-ਭਾਲ ਕਰਦੇ ਹਨ।

ਇਸ ਪ੍ਰਚਾਰਕ ਦਾ ਕੰਮ ਹੈ ਕਿ ਸਵੇਰੇ ਆਏ ਹੁਕਮਨਾਮੇ ਦੀ ਗੁਰਮਤਿ ਮੁਤਾਬਕ ਪਿੰਡ ਦੇ ਗੁਰਦਵਾਰੇ ਵਿਚ ਵਿਆਖਿਆ ਕਰੇ। ਬਾਅਦ ਵਿਚ ਕਲਾਸਾਂ ਵਿਚ ਸਿੱਖ ਇਤਹਾਸ ਜੋ ਗੁਰੂ ਗ੍ਰੰਥ ਸਾਹਿਬ ਦੀ ਕਸਵੱਟੀ ਤੇ ਪੂਰਾ ਉਤਰਦਾ ਹੈ ਉਸਦਾ ਪ੍ਰਚਾਰ ਕਰੇ ਤੇ ਸ਼ਾਮ ਨੂੰ ਉਸੇ ਪਿੰਡ ਵਿਚ ਹਰ ਰੋਜ਼ ਬੱਚਿਆਂ, ਬੀਬੀਆਂ, ਤੇ ਵੀਰਾਂ ਦੀ ਕਲਾਸ ਲਾਵੇ ਜਿਸ ਵਿਚ ਗੁਰਬਾਣੀ ਦੀ ਸੰਥਿਆ, ਵਿਆਖਿਆ ਤੇ ਇਤਹਾਸ ਬਾਰੇ ਚਾਨਣਾ ਪਾਇਆ ਜਾਵੇ। ਇਸਦੇ ਨਾਲ ਨਾਲ ਵਿਸ਼ੇ ਵਿਕਾਰਾਂ ਤੇ ਨਸ਼ਿਆਂ ਬਾਰੇ ਲੋਕਾਂ ਨੂੰ ਦੱਸਿਆ ਜਾਵੇ। ਕਾਲਜ ਵਾਲੇ ਪ੍ਰਚਾਰਕ ਸਾਲ ਵਿਚ ਦੋ ਵਾਰ ਪਿੰਡ ਵਿਚ ਸੈਮੀਨਾਰ ਵੀ ਕਰਦੇ ਹਨ ਜਿਸ ਨਾਲ ਪਿੰਡਾਂ ਵਿਚ ਮਰ ਚੁੱਕੀ ਜਮੀਰ ਵਿਚ ਮੁੜ ਬਾਬੇ ਨਾਨਕ ਦੀ ਵਿਚਾਰਧਾਰਾ ਵਾਲੀ ਰੂਹ ਭਰੀ ਜਾਂਦੀ ਹੈ। ਇਸਦੇ ਨਤੀਜੇ ਕਾਫੀ ਚੰਗੇ ਤੇ ਉਤਸ਼ਾਹ ਜਨਕ ਆ ਰਹੇ ਹਨ। ਕੌਮਾਂ ਦੇ ਕੰਮ ਕੌਮਾਂ ਹੀ ਕਰਦੀਆਂ ਹੁੰਦੀਆਂ ਹਨ। ਕਿਸੇ ਕੱਲੇ-ਦੁਕੱਲੇ ਦਾ ਕੰਮ ਨਹੀਂ। ਆਓ ਰਲ ਮਿਲ ਕੇ ਸਾਰੇ ਉਪਰਾਲਾ ਕਰੀਏ ਤੇ ਸਿੱਖ ਕੌਮ ਨੂੰ ਮੁੜ ਸ਼ੇਰਾਂ ਦੀ ਕੌਮ ਬਣਾਉਣ ਦਾ ਉਪਰਾਲਾ ਕਰੀਏ।

  • RSJANDE

    this is the work we need to do and you are doing good work god bless you and thank you

    • ਆਰ.ਐਸ ਝੰਡੇ ਜੀ! ਇਹ ਤਾ ਠੀਕ ਹੈ ਕਿ ਅਸੀਂ ਜੋ ਕੰਮ ਕਰ ਰਹੇ ਹਾ ਉਹ ਠੀਕ ਹੈ। ਕੀ ਤੁਸੀਂ ਇਸ ਕੰਮ ਵਿਚ ਹੱਥ ਵਟਾਉਣ ਲਈ ਕੀ ਤਿਆਰ ਹੋ?

  • Gurminder Singh

    Please upload once every two months article titled “Apna Apna Pind Samabalo” to engage the readers